ਸ਼ਿਵਕਾਂਤ ਸ਼ਰਮਾ
ਜਦ ਇਹ ਪਤਾ ਲੱਗਾ ਕੀ ਡੀਪਸੀਕ ਦਾ ਵਿਕਾਸ ਜੇਜੀਯਾਂਗ ਯੂਨੀਵਰਿਸਟੀ ਦੇ ਇੰਜੀਨੀਅਰਿੰਗ ਦੇ ਗ੍ਰੈਜੂਏਟ ਨੇ 60 ਲੱਖ ਡਾਲਰ ਤੋਂ ਵੀ ਘੱਟ ਦੀ ਲਾਗਤ ਨਾਲ ਸਾਲ ’ਚ ਹੀ ਕਰ ਦਿਖਾਇਆ ਹੈ ਤਾਂ ਅਮਰੀਕੀ ਬਾਜ਼ਾਰਾਂ ’ਚ ਹੜਕੰਪ ਮਚ ਗਿਆ। ਚੀਨੀ ਕੰਪਨੀ ਦੇ ਤਕਨੀਕੀ ਵਿਕਾਸ ਤੋਂ ਅਜਿਹੀ ਘਬਰਾਹਟ ਪਹਿਲੀ ਵਾਰ ਫੈਲੀ।
ਜਿਸ ਦਿਨ ਡੋਨਾਲਡ ਟਰੰਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਲੈ ਕੇ ਅਮਰੀਕਾ ਨੂੰ ਮੁੜ ਤੋਂ ਮਹਾਨ ਬਣਾਉਣ ਦਾ ਸੰਕਲਪ ਲੈ ਰਹੇ ਸਨ, ਉਸੇ ਦਿਨ ਚੀਨ ਦੇ 40 ਸਾਲਾ ਨੌਜਵਾਨ ਲਿਆਂਗ ਵੇਨਫੇਂਗ ਨੇ ਆਪਣਾ ਜੇਨਰੇਟਿਵ ਏਆਈ ਦਾ ਚੈਟਬਾਟ ਡੀਪਸੀਕ ਲਾਂਚ ਕੀਤਾ। ਉਸ ਨੇ ਅਮਰੀਕਾ ਦੇ ਸੈਂਕੜੇ ਕਰੋੜ ਡਾਲਰ ਦੀ ਲਾਗਤ ਤੇ ਸਾਲਾਂ ਦੀ ਸਿਖਲਾਈ ਤੋਂ ਬਾਅਦ ਬਣੇ ਚੈਟਜੀਪੀਟੀ, ਜੈਮਿਨੀ, ਲਾਮਾ ਤੇ ਕਲੋਦ ਵਰਗੇ ਚੈਟਬਾਟ ਨੂੰ ਧੂੜ ਚਟਾ ਦਿੱਤੀ ਤੇ ਹਫ਼ਤੇ ’ਚ ਅਮਰੀਕਾ ਦਾ ਸਭ ਤੋਂ ਹਰਮਨਪਿਆਰਾ ਚੈਟਬਾਟ ਬਣ ਗਿਆ।
ਜਦ ਇਹ ਪਤਾ ਲੱਗਾ ਕੀ ਡੀਪਸੀਕ ਦਾ ਵਿਕਾਸ ਜੇਜੀਯਾਂਗ ਯੂਨੀਵਰਿਸਟੀ ਦੇ ਇੰਜੀਨੀਅਰਿੰਗ ਦੇ ਗ੍ਰੈਜੂਏਟ ਨੇ 60 ਲੱਖ ਡਾਲਰ ਤੋਂ ਵੀ ਘੱਟ ਦੀ ਲਾਗਤ ਨਾਲ ਸਾਲ ’ਚ ਹੀ ਕਰ ਦਿਖਾਇਆ ਹੈ ਤਾਂ ਅਮਰੀਕੀ ਬਾਜ਼ਾਰਾਂ ’ਚ ਹੜਕੰਪ ਮਚ ਗਿਆ। ਚੀਨੀ ਕੰਪਨੀ ਦੇ ਤਕਨੀਕੀ ਵਿਕਾਸ ਤੋਂ ਅਜਿਹੀ ਘਬਰਾਹਟ ਪਹਿਲੀ ਵਾਰ ਫੈਲੀ। ਅਜਿਹਾ ਨਹੀਂ ਹੈ ਕਿ ਡੀਪਸੀਕ ਅਮਰੀਕਾ ਦੇ ਚੈਟਜੀਪੀਟੀ ਵਾਂਗ ਜੇਨਰੇਟਿਵ ਏਆਈ ਮਾਡਲਾਂ ਤੋਂ ਅੱਗੇ ਨਿਕਲਿਆ ਹੋਵੇ। ਗਣਿਤ, ਕੋਡਿੰਗ ਤੇ ਸਹਿਜ ਭਾਸ਼ਾ ਤਰਕ ’ਚ ਉਹ ਅਮਰੀਕੀ ਮਾਡਲਾਂ ਦੀ ਬਰਾਬਰੀ ’ਤੇ ਹੀ ਹੈ, ਪਰ ਅਮਰੀਕਾ ਤੇ ਯੂਰਪ ’ਚ ਹੜਕੰਪ ਇਸ ਲਈ ਮਚਿਆ ਕਿ ਚੀਨ ਦੇ ਇੰਜੀਨੀਅਰ ਨੇ ਕੁਝ ਲੋਕਾਂ ਤੇ ਬਹੁਤ ਘੱਟ ਲਾਗਤ ਨਾਲ ਸਾਲ ਭਰ ’ਚ ਅਜਿਹਾ ਮਾਡਲ ਤਿਆਰ ਕਰ ਦਿਖਾਇਆ, ਜੋ ਉੱਚੀ ਲਾਗਤ ਤੇ ਸਾਲਾਂ ਦੀ ਖੋਜ ਤੋਂ ਬਾਅਦ ਬਣੇ ਮਾਡਲਾਂ ਨੂੰ ਟੱਕਰ ਦੇ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਡੀਪਸੀਕ ਓਪਨ ਸੋਰਸ ਮਾਡਲ ਹੈ ਭਾਵ ਇਸ ਨੂੰ ਮੁਫ਼ਤ ’ਚ ਵਰਤਿਆ, ਸੋਧਿਆ ਤੇ ਵੰਡਿਆ ਜਾ ਰਿਹਾ ਹੈ। ਇਹ ਉਮੀਦ ਮੁਤਾਬਕ ਘੱਟ ਸ਼ਕਤੀਸ਼ਾਲੀ ਚਿੱਪਾਂ ਤੇ ਘੱਟ ਊਰਜਾ ਦੀ ਖ਼ਪਤ ਨਾਲ ਚੱਲ ਸਕਦਾ ਹੈ।
ਟਰੰਪ ਨੇ ਇਸ ਪ੍ਰਸੰਗ ’ਤੇ ਚਿੰਤਾ ਜ਼ਾਹਰ ਕਰਨ ਦੀ ਥਾਂ ਇਸ ਨੂੰ ਅਮਰੀਕੀ ਏਆਈ ਉਦਯੋਗ ਲਈ ਚਿਤਾਵਨੀ ਦੱਸਿਆ ਤੇ ਅਮਰੀਕੀਆਂ ਨੂੰ ਕਿਹਾ ਕਿ ਜੇ ਤੁਸੀਂ ਇਸੇ ਗੁਣਵੱਤਾ ਦੇ ਮਾਡਲ ਘੱਟ ਲਾਗਤ ’ਤੇ ਬਣਾ ਸਕੋ ਤਾਂ ਉਹ ਸਾਡੇ ਲਈ ਚੰਗਾ ਹੀ ਹੋਵੇਗਾ। ਇਸ ਨਾਲ ਇਕ ਤਾਂ ਅਮਰੀਕੀ ਏਆਈ ਮਾਡਲਾਂ ਦੀ ਲਾਗਤ ’ਤੇ ਸਵਾਲ ਉੱਠੇ, ਜਿਸ ਨਾਲ ਉਨ੍ਹਾਂ ਦੀ ਫੰਡਿੰਗ ਦਾ ਸੰਕਟ ਖੜ੍ਹਾ ਹੋ ਸਕਦਾ ਹੈ। ਦੂਜੇ ਇਹ ਸਵਾਲ ਉੱਠਿਆ ਕਿ ਸਸਤੇ ਤੇ ਕਿਫ਼ਾਇਤੀ ਚੀਨੀ ਮਾਡਲ ਮਿਲਣ ’ਤੇ ਅਮਰੀਕਾ ਦੇ ਮਹਿੰਗੇ ਤੇ ਵੱਧ ਊਰਜਾ ਦੀ ਖ਼ਪਤ ਵਾਲੇ ਮਾਡਲ ਨੂੰ ਕੋਈ ਕਿਉਂ ਲਵੇਗਾ? ਇਸ ਨਾਲ ਏਆਈ ਉਦਯੋਗ ’ਤੇ ਅਮਰੀਕਾ ਦੀ ਥਾਂ ਚੀਨ ਦਾ ਦਬਦਬਾ ਕਾਇਮ ਹੋ ਸਕਦਾ ਹੈ, ਠੀਕ ਉਵੇਂ ਹੀ ਜਿਵੇਂ ਇਲੈਕਟ੍ਰਿਕ ਵਾਹਨਾਂ ਤੇ ਸੌਰ ਸੈੱਲਾਂ ਦੇ ਨਿਰਮਾਣ ’ਤੇ ਹੋ ਚੁੱਕਾ ਹੈ। ਮਸ਼ੀਨ ਲਰਨਿੰਗ, ਰੋਬੋਟ ਵਿਗਿਆਨ ਤੇ ਡ੍ਰੋਨ ਨਿਰਮਾਣ ’ਚ ਵੀ ਚੀਨੀ ਕੰਪਨੀਆਂ ਏਨੀਆਂ ਅੱਗੇ ਨਿਕਲ ਚੁੱਕੀਆਂ ਹਨ ਕਿ ਅਮਰੀਕੀ ਰੱਖਿਆ ਵਿਭਾਗ ਪੇਂਟਾਗਨ ਨੂੰ ਵੀ ਰੱਖਿਆ ਸਾਮਾਨ ਲਈ ਘਰੇਲੂ ਕੰਪਨੀਆਂ ਨੂੰ ਸਾਰੇ ਤਰ੍ਹਾਂ ਦੇ ਆਰਥਕ ਪ੍ਰੋਤਸਾਹਨ ਦੇਣ ਦੇ ਬਾਵਜੂਦ ਚੀਨ ’ਤੇ ਨਿਰਭਰਤਾ ਖ਼ਤਮ ਕਰਨ ’ਚ ਮੁਸ਼ਕਲ ਆ ਰਹੀ ਹੈ।
ਅਮਰੀਕਾ ਤੇ ਯੂਰਪ ’ਚ ਹੁਣ ਤੱਕ ਚੀਨ ਦਾ ਅਕਸ ਨਕਲ ’ਚ ਮੁਹਾਰਤ ਵਾਲੇ ਤੇ ਸਸਤਾ ਮਾਲ ਬਣਾਉਣ ਵਾਲੇ ਦੇਸ਼ ਦਾ ਰਿਹਾ ਹੈ। ਇਸ ਨੂੰ ਬਦਲਣ ਤੇ 2030 ਤੱਕ ਵਿਗਿਆਨ ਤੇ ਤਕਨੀਕ ’ਚ ਵਿਸ਼ਵ ਦਾ ਮੋਹਰੀ ਬਣਨ ਲਈ ਚੀਨ ਨੇ 2006 ’ਚ ਖੋਜ ਤੇ ਵਿਕਾਸ ਭਾਵ ਆਰਐਂਡਡੀ ਦੀ ਇਕ ਰਣਨੀਤੀ ਬਣਾਈ ਸੀ, ਜਿਸ ਨੂੰ ਉਸ ਨੇ ਅੰਜਾਮ ਤੱਕ ਪਹੁੰਚਾਇਆ। ਚੀਨ ਆਪਣਾ 2.5 ਫ਼ੀਸਦੀ ਤੋਂ ਵੱਧ ਬਜਟ ਖੋਜ ਅਤੇ ਵਿਕਾਸ ’ਤੇ ਲਾਉਂਦਾ ਹੈ ਤੇ ਇਹ ਵੀ ਯਕੀਨੀ ਕਰਦਾ ਹੈ ਕਿ ਆਰਥਿਕ ਵਿਕਾਸ ’ਚ ਉਸ ਦਾ ਯੋਗਦਾਨ 60 ਫ਼ੀਸਦੀ ਹੋਵੇ।
ਇਸ ਮਾਮਲੇ ’ਚ ਅਮਰੀਕਾ ਵਿਸ਼ਵ ਦਾ ਮੋਹਰੀ ਦੇਸ਼ ਰਿਹਾ ਹੈ, ਪਰ ਹੁਣ ਚੀਨ ਉਸ ਤੋਂ ਬਹੁਤ ਪਿੱਛੇ ਨਹੀਂ ਹੈ। ਅਮਰੀਕਾ ਖੋਜ ਅਤੇ ਵਿਕਾਸ ’ਤੇ ਆਪਣੀ ਜੀਡੀਪੀ ਦਾ 3.4 ਫ਼ੀਸਦੀ ਖ਼ਰਚ ਕਰਦਾ ਹੈ ਤਾਂ ਚੀਨ 2.41 ਫ਼ੀਸਦੀ ਖ਼ਰਚ ਕਰ ਰਿਹਾ ਹੈ। ਭਾਰਤ ਇਸ ਮਾਮਲੇ ’ਚ ਬਹੁਤ ਪਿੱਛੇ ਹੈ ਤੇ ਜੀਡੀਪੀ ਦਾ ਸਿਰਫ਼ 0.64 ਫ਼ੀਸਦੀ ਹੀ ਖੋਜ ਅਤੇ ਵਿਕਾਸ ’ਤੇ ਖ਼ਰਚ ਕਰਦਾ ਹੈ।ਭਾਵ ਖੋਜ ਅਤੇ ਵਿਕਾਸ ’ਤੇ ਚੀਨ ਭਾਰਤ ਤੋਂ ਚਾਰ ਗੁਣਾ ਬਜਟ ਖ਼ਰਚ ਕਰਦਾ ਹੈ। ਚੀਨ ਦੀ ਜੀਡੀਪੀ ਵੀ ਭਾਰਤ ਤੋਂ ਪੰਜ ਗੁਣਾ ਵੱਧ ਹੈ, ਜਿਸ ਕਾਰਨ ਖੋਜ ਅਤੇ ਵਿਕਾਸ ’ਤੇ ਚੀਨ ਦਾ ਖ਼ਰਚਾ ਭਾਰਤ ਤੋਂ ਲਗਪਗ 20 ਗੁਣਾ ਵੱਧ ਬੈਠਦਾ ਹੈ ਤੇ ਇਹ ਫ਼ਰਕ ਪਿਛਲੇ 20 ਸਾਲ ਤੋਂ ਚੱਲ ਰਿਹਾ ਹੈ। ਖੋਜ ਅਤੇ
ਵਿਕਾਸ ’ਤੇ ਵਿਸ਼ਵ ’ਚ ਸਭ ਤੋਂ ਵੱਧ ਖ਼ਰਚ ਕਰਨ ਤੇ ਆਰਥਿਕ ਵਿਕਾਸ ’ਚ ਉਸ ਦਾ ਯੋਗਦਾਨ ਯਕੀਨੀ ਬਣਾਉਣ ਦੇ ਕਾਰਨ ਹੀ ਅਮਰੀਕਾ ਪਿਛਲੇ 50 ਸਾਲਾਂ ਤੋਂ ਵਿਗਿਆਨ ਅਤੇ ਤਕਨੀਕ ’ਚ ਮੋਹਰੀ ਬਣਿਆ ਹੋਇਆ ਹੈ। ਹੁਣ ਚੀਨ ਉਸੇ ਰਾਹ ’ਤੇ ਹੋਰ ਵੀ ਯੋਜਨਾਬੱਧ ਢੰਗ ਨਾਲ ਚੱਲ ਰਿਹਾ ਹੈ।
ਡੀਪਸੀਕ ਮਾਡਲ ਦੇ ਵਿਕਾਸ ਨਾਲ ਪੱਛਮੀ ਦੇਸ਼ਾਂ ਦੀ ਨੀਂਦ ਉਡਾ ਦੇਣ ਵਾਲੇ ਚੀਨੀ ਇੰਜੀਨੀਅਰ ਵੇਨਫੇਂਗ ਨੇ ਪਿਛਲੇ ਦਿਨੀਂ ਇਕ ਇੰਟਰਵਿਊ ’ਚ ਕਿਹਾ ਸੀ ਕਿ ਅਸੀਂ ਅਕਸਰ ਸੁਣਦੇ ਹਾਂ ਕਿ ਚੀਨੀ ਅਤੇ ਅਮਰੀਕੀ ਏਆਈ ਵਿਚਾਲੇ ਇਕ ਜਾਂ ਦੋ ਸਾਲ ਦਾ ਫ਼ਾਸਲਾ ਹੈ, ਪਰ ਅਸਲੀ ਫ਼ਾਸਲਾ ਨਕਲ ਤੇ ਮੌਲਿਕਤਾ ਦਾ ਹੈ। ਉਹ ਨਹੀਂ ਬਦਲਿਆ ਤਾਂ ਚੀਨ ਹਮੇਸ਼ਾ ਨਕਲ ਕਰਨ ਵਾਲਾ ਬਣਿਆ ਰਹੇਗਾ ਤੇ ਚੀਨ ਹਮੇਸ਼ਾ ਅਜਿਹਾ ਬਣਿਆ ਰਹਿ ਸਕਦਾ ਹੈ। ਵੇਨਫੇਂਗ ਵਰਗੇ ਸੈਂਕੜੇ ਇਨਵੈਸਟੀਗੇਟਰ ਗੁਣਵੱਤਾ ਤੇ ਲਾਗਤ ’ਚ ਪੱਛਮ ਨੂੰ ਚੁਣੌਤੀ ਦੇ ਸਕਣ ਵਾਲੀ ਤਕਨੀਕ ਦਾ ਵਿਕਾਸ ਕਰਨ ’ਚ ਰੁੱਝੇ ਹਨ। ਸਵੱਛ ਊਰਜਾ ਉਪਕਰਣ, ਬਿਜਲੀ ਦੀਆਂ ਕਾਰਾਂ, ਕੰਪਿਊਟਰ ਗੇਮ ਤੇ ਹੁਣ ਏਆਈ ਮਾਡਲਾਂ ’ਚ ਵੀ ਚੀਨ ਦੀਆਂ ਕੰਪਨੀਆਂ ਏਨੀਆਂ ਅੱਗੇ ਨਿਕਲ ਚੁੱਕੀਆਂ ਹਨ ਕਿ ਉਨ੍ਹਾਂ ਨੂੰ ਰੋਕਣ ਲਈ ਅਮਰੀਕਾ ਤੇ ਯੂਰਪ ਨੂੰ ਹੁਣ ਵਪਾਰ ਸੁਰੱਖਿਆ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਮੁਕਤ ਵਪਾਰ ਤੇ ਵਿਸ਼ਵੀਕਰਨ ਦੇ ਦੌਰ ਤੋਂ ਹੁਣ ਸੁਰੱਖਿਆਵਾਦ ਤੇ ਖੇਤਰੀ ਗੁਟਬੰਦੀ ਦੇ ਦੌਰ ’ਚ ਪ੍ਰਵੇਸ਼ ਕਰਦੀ ਦੁਨੀਆ ’ਚ ਵਿਕਾਸ ਕਰਨ ਤੇ ਦਬਦਬਾ ਕਾਇਮ ਕਰਨ ਲਈ ਖੋਜ ਅਤੇ ਵਿਕਾਸ ’ਤੇ ਜ਼ੋਰ ਦੇਣ ਦੀ ਲੋੜ ਹੋਰ ਵਧ ਗਈ ਹੈ। ਇਸ ਤੋਂ ਬਿਨਾਂ ਨਾ ਆਪਣੀਆਂ ਕੰਪਨੀਆਂ ਨੂੰ ਵਿਦੇਸ਼ੀ ਮੁਕਾਬਲੇ ਤੋਂ ਬਚਾਇਆ ਜਾ ਸਕਦਾ ਹੈ ਅਤੇ ਨਾ ਆਪਣਾ ਮਾਲ ਵੇਚ ਕੇ ਵਪਾਰ ਵਧਾਇਆ ਜਾ ਸਕਦਾ ਹੈ। ਦੂਜੇ ਦੇਸ਼ਾਂ ’ਚ ਆਪਣਾ ਮਾਲ ਤੇ ਸੇਵਾਵਾਂ ਵੇਚੇ ਬਿਨਾਂ ਆਰਥਿਕ ਵਿਕਾਸ ਨਹੀਂ ਹੋ ਸਕਦਾ।
ਇਤਹਾਸ ’ਚ ਕੋਈ ਅਜਿਹਾ ਦੇਸ਼ ਨਹੀਂ ਹੋਇਆ ਜੋ ਆਪਣਾ ਮਾਲ ਬਾਹਰ ਵੇਚੇ ਬਿਨਾਂ ਅਮੀਰ ਬਣਿਆ ਹੋਵੇ। ਇਸ ਲਈ ਭਾਰਤ ਨੇ ਜੇ ਆਪਣੀ ਪ੍ਰਤੀ ਵਿਅਕਤੀ ਆਮਦਨ ਨੂੰ ਵਧਾਉਣਾ ਹੈ ਤਾਂ ਮੁੱਢਲੇ ਢਾਂਚੇ ਦੇ ਵਿਕਾਸ ਦੇ ਨਾਲ-ਨਾਲ ਖੋਜ ਅਤੇ ਵਿਕਾਸ ਲਈ ਆਪਣੇ ਬਜਟ ਨੂੰ ਕਈ ਗੁਣਾ ਵਧਾਉਣਾ ਪਵੇਗਾ ਤੇ ਇਹ ਯਕੀਨੀ ਬਣਾਉਣਾ ਪਵੇਗਾ ਕਿ ਆਰਥਿਕ ਤਰੱਕੀ ’ਚ ਉਸ ਦਾ ਯੋਗਦਾਨ ਵੱਧ ਤੋਂ ਵੱਧ ਹੋਵੇ। ਇਸ ਲਈ ਉਸ ਨੂੰ ਆਰਥਿਕ ਸਾਧਨਾਂ ਦੀ ਲੋੜ ਪਵੇਗੀ, ਜਿਨ੍ਹਾਂ ਨੂੰ ਇਨਕਮ ਟੈਕਸ ਵਰਗੇ ਪ੍ਰਤੱਖ ਕਰਾਂ ਦੇ ਘੇਰੇ ਵਧਾਏ ਬਿਨਾਂ ਹਾਸਲ ਨਹੀਂ ਕੀਤਾ ਜਾ ਸਕਦਾ।
ਲਗਪਗ 25 ਤੋਂ 40 ਕਰੋੜ ਵਾਲੇ ਮੱਧਵਰਗ ਤੇ ਲਗਪਗ 6.5 ਕਰੋੜ ਛੋਟੇ ਉੱਦਮ ਵਾਲੇ ਦੇਸ਼ ’ਚ ਦੋ-ਢਾਈ ਕਰੋੜ ਲੋਕਾਂ ਦੇ ਇਨਕਮ ਟੈਕਸ ਨਾਲ ਇਹ ਸਭ ਨਹੀਂ ਹੋ ਸਕਦਾ। ਕਰਜ਼ਾ ਚੁੱਕਣ ਨਾਲ ਮਹਿੰਗਾਈ ਵਧਣ ਦਾ ਖ਼ਤਰਾ ਪੈਦਾ ਹੁੰਦਾ ਹੈ ਤੇ ਜੀਐੱਸਟੀ ਨਾਲ ਮੰਗ ਘਟਦੀ ਹੈ ਤੇ ਅਰਥਚਾਰਾ ਸੁਸਤ ਪੈਂਦਾ ਹੈ।
(ਲੇਖਕ ਬੀਬੀਸੀ ਹਿੰਦੀ ਦਾ ਸਾਬਕਾ ਸੰਪਾਦਕ ਹੈ)
Credit : https://www.punjabijagran.com/editorial/general-the-threat-of-chinese-dominance-in-the-tech-sector-9452703.html
test