ਇੰਦਰਜੀਤ ਸਿੰਘ ਬਾਜਵਾ
29 ਮਾਰਚ 1849 ਨੂੰ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ ਵਿਸ਼ੇਸ਼ ਦਰਬਾਰ ਲਗਾਇਆ ਗਿਆ। ਇਸ ਦਰਬਾਰ ਵਿੱਚ 10 ਸਾਲਾਂ ਦੇ ਮਹਾਂਰਾਜੇ ਦਲੀਪ ਸਿੰਘ ਕੋਲੋਂ ਇੱਕ ਦਸਤਾਵੇਜ਼ ’ਤੇ ਦਸਤਖਤ ਕਰਵਾਏ ਗਏ। ਦਲੀਪ ਸਿੰਘ ਨੇ ਰੋਮਨ ਅੱਖਰਾਂ ਵਿੱਚ ਆਪਣੇ ਦਸਤਖਤ ਕੀਤੇ।
ਲਾਰਡ ਡਲਹੌਜ਼ੀ ਦੇ ਸਕੱਤਰ ਸਰ ਹੈਨਰੀ ਇਲੀਅਟ ਨੇ ਦਰਬਾਰ ਵਿੱਚ ਇਹ ਦਸਤਵੇਜ਼ ਉੱਚੀ ਅਵਾਜ਼ ਵਿੱਚ ਪੜ੍ਹ ਕੇ ਸੁਣਾਇਆ ਕਿ ਮਹਾਂਰਾਜਾ ਦਲੀਪ ਸਿੰਘ ਨੇ ਆਪਣੇ, ਆਪਣੇ ਵਾਰਸਾਂ ਦੇ ਪੰਜਾਬ ਉੱਪਰੋਂ ਸਾਰੇ ਹੱਕ, ਰੁਤਬੇ ਛੱਡੇ। ਕੋਹਿਨੂਰ ਸਮੇਤ ਸਾਰੇ ਖਜ਼ਾਨੇ ਅਤੇ ਰਾਜ ਦੀ ਜਾਇਦਾਦ ਦੀ ਮਾਲਕੀ ਛੱਡੀ ਜੋ ਹੁਣ ਬਰਤਾਨੀਆਂ ਦੀ ਹੈ। ਸਿੱਖ ਹਕੂਮਤ ਖਤਮ ਹੋਈ। ਇਹ ਹੁਣ ਬ੍ਰਿਸ਼ਟ ਰਾਜ ਵਿੱਚ ਹੋਵੇਗੀ। ਐਲਾਨ ਦੌਰਾਨ ਸਾਰੇ ਦਰਬਾਰ ਵਿੱਚ ਖਾਮੋਸ਼ੀ ਪਸਰ ਗਈ। ਜਦੋਂ ਇਹ ਐਲਾਨ ਖਤਮ ਹੋਇਆ ਤਾਂ ਮਹਾਂਰਾਜਾ ਦਲੀਪ ਸਿੰਘ ਨੇ ਕੋਹਿਨੂਰ ਹੀਰਾ ਅੰਗਰੇਜ਼ਾਂ ਨੂੰ ਸੌਂਪ ਦਿੱਤਾ ਤੇ ਫਿਰ ਕਦੇ ਤਖਤ ਨਾ ਬੈਠਣ ਲਈ ਆਪਣੇ ਪ੍ਰਸਿੱਧ ਪਿਤਾ ਦੇ ਤਖਤ ਤੋਂ ਥੱਲੇ ਉਤਰ ਗਿਆ।
ਜਿਉਂ ਹੀ ਮਹਾਂਰਾਜਾ ਦਲੀਪ ਸਿੰਘ ਤਖਤ ਤੋਂ ਥੱਲੇ ਉੱਤਰਿਆ ਤਾਂ ਸਰਕਾਰ–ਏ–ਖਾਲਸਾ ਦਾ ਸੂਰਜ ਵੀ ਨਾਲ ਹੀ ਡੁੱਬ ਗਿਆ। ਸਿੱਖ ਸਰਦਾਰਾਂ ਵਿੱਚ ਮਾਯੂਸੀ ਪਸਰ ਗਈ।
ਇਸ ਤੋਂ ਪਹਿਲਾਂ ਜਦੋਂ ਖਾਲਸਾ ਫੌਜ ਦੀ ਆਪਣਿਆਂ ਦੀ ਗਦਾਰੀ ਕਾਰਨ ਹਾਰ ਹੋਈ ਸੀ ਤਾਂ ਅੰਗਰੇਜ਼ਾਂ ਨੇ ਉਸ ਸਮੇਂ ਦੀ ਉਦਾਸ ਤਸਵੀਰ ਇਸ ਤਰ੍ਹਾਂ ਬਿਆਨ ਕੀਤੀ ਹੈ:- ‘ਜਦੋਂ ਹਾਰੇ ਹੋਏ ਖਾਲਸਾ ਸਿਪਾਹੀ ਹਥਿਆਰਾਂ ਦੇ ਢੇਰ ਉੱਪਰ ਆਪਣੀਆਂ ਬੰਦੂਕਾਂ, ਤਲਵਾਰਾਂ, ਢਾਲਾਂ ਤੇ ਨੇਜ਼ੇ ਸੁੱਟ ਕੇ ਆਤਮ ਸਮਰਪਣ ਕਰ ਰਹੇ ਸਨ ਤਾਂ ਸਭ ਤੋਂ ਦਿਲ ਵਿੰਨਵਾਂ ਦ੍ਰਿਸ਼ ਉਦੋਂ ਹੁੰਦਾ ਜਦੋਂ ਸਿੱਖ ਸਿਪਾਹੀ ਦਾ ਘੋੜਾ ਉਸ ਕੋਲੋਂ ਸਦਾ ਲਈ ਵਿਛੜਦਾ ਤੇ ਜਾਂਦੇ ਘੋੜੇ ਵੱਲ ਆਖਰੀ ਨਜ਼ਰ ਮਾਰਦਾ।’
ਇੱਕ ਹੋਰ ਅੰਗਰੇਜ਼ ਜਨਰਲ ਠੈਕਵੈਲ ਨੇ ਵੀ ਇਸ ਦ੍ਰਿਸ਼ ਨੂੰ ਇਸ ਤਰ੍ਹਾਂ ਵਰਨਣ ਕੀਤਾ ਹੈ ਕਿ ‘ਬਜ਼ੁਰਗ ਖਾਲਸਾ ਮਹਾਂਰਥੀਆਂ ਦੀ ਹਥਿਆਰ ਸੁੱਟਣ ਦੀ ਝਿਜਕ ਸਾਫ਼ ਦਿਖਾਈ ਦਿੰਦੀ ਸੀ। ਕਈ ਤਾਂ ਆਪਣੇ ਅੱਥਰੂ ਵੀ ਨਾ ਰੋਕ ਸਕੇ। ਦੂਸਰਿਆਂ ਦੇ ਚਿਹਰਿਆਂ ’ਤੇ ਗੁੱਸਾ ਤੇ ਨਫ਼ਰਤ ਸਾਫ਼ ਦਿਖਾਈ ਦਿੰਦੀ ਸੀ। ਇੱਕ ਚਿੱਟੀ ਦਾੜ੍ਹੀ ਵਾਲੇ ਬਜ਼ੁਰਗ ਦੀ ਟਿੱਪਣੀ ਨੇ ਪੰਜਾਬ ਦੇ ਇਤਿਹਾਸ ਦਾ ਸਾਰ ਪ੍ਰਗਟ ਕਰਦਿਆਂ ਕਿਹਾ : “ਅੱਜ ਰਣਜੀਤ ਸਿੰਘ ਮਰ ਗਿਆ ਹੈ।”
ਇਸ ਸਭ ਤੋਂ ਬਾਅਦ ਜਦੋਂ 29 ਮਾਰਚ 1849 ਨੂੰ ਜਦੋਂ ਖਾਲਸਾ ਰਾਜ ਦਾ ਆਖਰੀ ਦਰਬਾਰ ਲਗਾਇਆ ਗਿਆ ਤਾਂ ਵੱਡੇ ਸਿੱਖ ਜਰਨੈਲ ਨੀਵੀਆਂ ਪਾਈ ਆਪਣੀ ਹੋਣੀ ’ਤੇ ਝੂਰ ਰਹੇ ਸਨ। ਇੱਕ ਨਾਬਾਲਗ ਮਹਾਂਰਾਜੇ ਕੋਲੋਂ ਮਕਾਰੀ ਨਾਲ ਉਸਦੀ ਸਲਤਨਤ ਖੋਹੀ ਗਈ ਸੀ। ਜਿਉਂ ਹੀ ਮਹਾਂਰਾਜਾ ਦਲੀਪ ਸਿੰਘ ਆਪਣੇ ਸ਼ਾਹੀ ਤਖਤ ਤੋਂ ਥੱਲੇ ਉਤਰਿਆ ਤਾਂ ਲਾਹੌਰ ਦੇ ਸ਼ਾਹੀ ਕਿਲ੍ਹੇ ਉੱਪਰੋਂ ਖਾਲਸਾਈ ਨਿਸ਼ਾਨ ਉਤਾਰ ਕੇ ਯੂਨੀਅਨ ਜੈਕ ਝੁਲਾ ਦਿੱਤਾ ਗਿਆ।
ਕੁਝ ਅਰਸੇ ਬਾਅਦ ਇੱਕ ਅੰਗਰੇਜ਼ ਅਧਿਕਾਰੀ ਜਾਨ ਲਾਰੰਸ ਨੇ ਲਿਖਿਆ ਸੀ ਕਿ :- ਅਸੀਂ ਦੁਸ਼ਮਣੀ ਵਾਲੀ ਨਫਰਤ ਨਾਲ ਸਿੱਖਾਂ ਵਿਰੁੱਧ ਫੌਜਾਂ ਚਾੜ੍ਹੀਆਂ ਸਨ ਪਰ ਛੇਤੀ ਹੀ ਸਾਨੂੰ ਪਤਾ ਲੱਗ ਗਿਆ ਸੀ ਕਿ ਇਹ ਸਤਿਕਾਰ ਦੇ ਹੱਕਦਾਰ ਹਨ। ਸਾਰੇ ਭਾਰਤ ਵਿਚੋਂ ਏਨ੍ਹਾਂ ਵਰਗਾ ਬਹਾਦਰ, ਪੱਕੇ ਇਰਾਦੇ ਵਾਲਾ, ਯੁੱਧ ਵਿੱਚ ਖੌਫਜ਼ਦਾ ਕਰਨ ਵਾਲਾ ਹੋਰ ਕੋਈ ਗਰੁੱਪ ਨਹੀਂ।
29 ਮਾਰਚ 1849 ਤੋਂ ਬਾਅਦ ਅੰਗਰੇਜ਼ ਹਕੂਮਤ ਦਾ ਪੰਜਾਬ ਉੱਪਰ ਕਬਜ਼ਾ ਹੋ ਗਿਆ ਅਤੇ ਤਖਤਾਂ ਦੇ ਵਾਰਸ ਤਖਤਿਆਂ ਉੱਪਰ ਆ ਗਏ। ਮਹਾਂਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਇਸ ਕਦਰ ਹਰਮਨ ਪਿਆਰਾ ਅਤੇ ਧਰਮ ਨਿਰਪੱਖ ਸੀ ਕਿ ਅੱਜ ਵੀ ਪੂਰੀ ਦੁਨੀਆਂ ਵਿਚ ਉਸਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਖਤਮ ਹੋਇਆਂ ਭਾਂਵੇ ਅੱਜ 171 ਸਾਲ ਹੋ ਗਏ ਹਨ ਪਰ ਖਾਲਸਾ ਰਾਜ ਦੌਰਾਨ ਮਹਾਂਰਾਜਾ ਰਣਜੀਤ ਸਿੰਘ ਅਤੇ ਹੋਰ ਬਹਾਦਰ ਸਿੱਖ ਯੋਧਿਆਂ ਦੇ ਬਹਾਦਰੀ ਭਰੇ ਕਾਰਨਾਮੇ ਹਮੇਸ਼ਾਂ ਸਿੱਖਾਂ ਦੇ ਮਨਾਂ ਉੱਪਰ ਰਾਜ ਕਰਦੇ ਰਹਿਣਗੇ।
test