ਫ਼ਿਲਹਾਲ ਇਹ ਕਹਿਣਾ ਮੁਸ਼ਕਲ ਹੈ ਕਿ ਵਪਾਰ ਸਮਝੌਤੇ ’ਤੇ ਜਾਰੀ ਗੱਲਬਾਤ ਦਾ ਕੀ ਹੋਵੇਗਾ, ਪਰ ਇੰਨਾ ਤਾਂ ਹੈ ਕਿ ਜੇ ਟਰੰਪ ਟੈਰਿਫ ’ਤੇ ਰਵੱਈਆ ਨਹੀਂ ਬਦਲਦੇ ਤਾਂ ਕੁਝ ਭਾਰਤੀ ਉਦਯੋਗਾਂ ਨੂੰ ਨੁਕਸਾਨ ਹੋ ਸਕਦਾ ਹੈ, ਕਿਉਂਕਿ ਇੰਡੋਨੇਸ਼ੀਆ, ਵੀਅਤਨਾਮ ਵਰਗੇ ਦੇਸ਼ਾਂ ’ਤੇ ਉਨ੍ਹਾਂ ਨੇ ਭਾਰਤ ਤੋਂ ਘੱਟ ਟੈਰਿਫ ਲਾਇਆ ਹੈ।
ਸੰਜੇ ਗੁਪਤ
ਆਖ਼ਰਕਾਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਾਰਤ ਸਮੇਤ 70 ਦੇਸ਼ਾਂ ’ਤੇ ਵਾਧੂ ਟੈਰਿਫ ਲਾ ਦਿੱਤਾ। ਉਨ੍ਹਾਂ ਨੇ ਭਾਰਤ ’ਤੇ ਵਾਧੂ ਟੈਰਿਫ ਲਾਉਣ ਦਾ ਐਲਾਨ ਤਦ ਕੀਤਾ ਸੀ, ਜਦ ਦੇਸ਼ ਦੀ ਸੰਸਦ ’ਚ ਆਪ੍ਰੇਸ਼ਨ ਸਿੰਧੂਰ ’ਤੇ ਚਰਚਾ ਹੋ ਰਹੀ ਸੀ। ਟਰੰਪ ਨੇ ਭਾਰਤ ਨੂੰ ਆਪਣਾ ਦੋਸਤ ਦੇਸ਼ ਵੀ ਦੱਸਿਆ ਤੇ ਇਹ ਵੀ ਦੋਸ਼ ਲਾਇਆ ਕਿ ਉਸ ਦੀਆਂ ਟੈਰਿਫ ਦਰਾਂ ਦੁਨੀਆ ’ਚ ਸਭ ਤੋਂ ਵੱਧ ਹਨ।
ਉਸੇ ਸਮੇਂ ਉਨ੍ਹਾਂ ਨੇ ਭਾਰਤ ’ਤੇ ਰੂਸ ਤੋਂ ਹਥਿਆਰ ਤੇ ਤੇਲ ਖ਼ਰੀਦਣ ਕਾਰਨ ਜੁਰਮਾਨਾ ਲਾਉਣ ਦਾ ਐਲਾਨ ਵੀ ਕੀਤਾ। ਹਾਲਾਂਕਿ ਫ਼ਿਲਹਾਲ ਭਾਰਤ ’ਤੇ ਜੁਰਮਾਨੇ ਦੇ ਰੂਪ ’ਚ ਵਾਧੂ ਡਿਊਟੀ ਲਾਉਣ ਦਾ ਕੋਈ ਹੁਕਮ ਜਾਰੀ ਨਹੀਂ ਹੋਇਆ ਪਰ ਭਾਰਤ ਤੋਂ ਦਰਾਮਦ ਹੋਣ ਵਾਲੀ ਸਮੱਗਰੀ ’ਤੇ 25 ਫ਼ੀਸਦੀ ਟੈਰਿਫ ਸੱਤ ਅਗਸਤ ਤੋਂ ਲਾਗੂ ਹੋ ਜਾਵੇਗਾ। ਟਰੰਪ ਨੇ ਭਾਰਤ ਖ਼ਿਲਾਫ਼ ਕਠੋਰ ਰਵੱਈਆ ਦਿਖਾਉਣ ਦੇ ਨਾਲ ਹੀ ਇਕ ਅਜੀਬ ਕੰਮ ਇਹ ਵੀ ਕੀਤਾ ਕਿ ਪਾਕਿਸਤਾਨ ’ਤੇ ਕਿਤੇ ਘੱਟ 19 ਫ਼ੀਸਦੀ ਟੈਰਿਫ ਲਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਥੋਥਾ ਦਾਅਵਾ ਕੀਤਾ ਕਿ ਪਾਕਿਸਤਾਨ ਕੋਲ ਤੇਲ ਦੇ ਭੰਡਾਰ ਹਨ ਤੇ ਅਮਰੀਕਾ ਉਨ੍ਹਾਂ ’ਚੋਂ ਤੇਲ ਕੱਢਣ ’ਚ ਉਸ ਦੀ ਮਦਦ ਕਰੇਗਾ। ਸਾਫ਼ ਹੈ ਕਿ ਉਹ ਭਾਰਤ ਨੂੰ ਖਿਝਾਉਣਾ ਚਾਹੁੰਦਾ ਹੈ। ਉਨ੍ਹਾਂ ਨੇ ਭਾਰਤ ਨੂੰ ਸਭ ਤੋਂ ਵੱਧ ਟੈਰਿਫ ਲਾਉਣ ਵਾਲਾ ਦੇਸ਼ ਦੱਸਦੇ ਹੋਏ ਜਿਹੋ-ਜਿਹੀ ਭਾਸ਼ਾ ਦੀ ਵਰਤੋਂ ਕੀਤੀ ਤੇ ਇੱਥੇ ਤੱਕ ਕਿ ਭਾਰਤ ਤੇ ਰੂਸ ਦੇ ਅਰਥਚਾਰੇ ਨੂੰ ਮਰਦੇ ਹੋਏ ਅਰਥਚਾਰੇ ਕਿਹਾ, ਉਸ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਦੇ ਹਿਤੈਸ਼ੀ ਦੇ ਰੂਪ ’ਚ ਨਹੀਂ ਦੇਖਿਆ ਜਾ ਸਕਦਾ। ਉਹ ਆਪਣੀ ਅਜੀਬ ਭਾਸ਼ਾ ਲਈ ਜਾਣੇ ਜਾਂਦੇ ਹਨ, ਪਰ ਉਨ੍ਹਾਂ ਨੇ ਦੋਸਤ ਦੇਸ਼ ਭਾਰਤ ਪ੍ਰਤੀ ਜਿਹੋ-ਜਿਹੀ ਭਾਸ਼ਾ ਵਰਤੀ, ਉਹ ਅਮਰੀਕੀ ਰਾਸ਼ਟਰਪਤੀ ਲਈ ਚੰਗੀ ਨਹੀਂ। ਉਨ੍ਹਾਂ ਨੇ ਕੁਝ ਹੋਰ ਦੇਸ਼ਾਂ ਖ਼ਿਲਾਫ਼ ਵੀ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ।
ਚੀਨ ਪ੍ਰਤੀ ਤਾਂ ਤਿੱਖੀਆਂ ਟਿੱਪਣੀਆਂ ਸਮਝ ਆਉਂਦੀਆਂ ਹਨ, ਕਿਉਂਕਿ ਅਮਰੀਕਾ ਨਾਲ ਉਸ ਦਾ ਵਪਾਰ ਘਾਟਾ ਬਹੁਤ ਵੱਧ ਹੈ, ਪਰ ਉਹ ਕਈ ਦੋਸਤ ਦੇਸ਼ਾਂ ਖ਼ਿਲਾਫ਼ ਵੀ ਉਲਟੀ-ਸਿੱਧੀ ਭਾਸ਼ਾ ਬੋਲਦੇ ਹਨ। ਹੁਣ ਅਜਿਹੇ ਦੇਸ਼ਾਂ ’ਚ ਭਾਰਤ ਵੀ ਸ਼ਾਮਲ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਇਕ ਲੰਬੇ ਸਮੇਂ ਤੋਂ ਇਹ ਝੂਠਾ ਪ੍ਰਚਾਰ ਕਰਨ ’ਚ ਲੱਗੇ ਹੋਏ ਹਨ ਕਿ ਭਾਰਤ ਬਹੁਤ ਵੱਧ ਟੈਰਿਫ ਲਾਉਂਦਾ ਹੈ ਤੇ ਇਸ ਕਾਰਨ ਉਸ ਨਾਲ ਵਪਾਰ ਕਰਨਾ ਮੁਸ਼ਕਲ ਹੈ, ਪਰ ਇਹ ਸਹੀ ਨਹੀਂ। ਜੇ ਭਾਰਤ ਆਪਣੇ ਕਿਸਾਨਾਂ, ਵਪਾਰੀਆਂ ਆਦਿ ਦੇ ਹਿਤਾਂ ਦੀ ਰਾਖੀ ਲਈ ਕੁਝ ਚੀਜ਼ਾਂ ’ਤੇ ਉੱਚੀਆਂ ਟੈਰਿਫ ਦਰਾਂ ਰੱਖਦਾ ਹੈ ਤਾਂ ਅਜਿਹਾ ਅਮਰੀਕਾ ਵੀ ਕਰਦਾ ਹੈ। ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਅਮਰੀਕਾ ਦੇ ਮੁਕਾਬਲੇ ਭਾਰਤ ਆਰਥਿਕ ਤੌਰ ’ਤੇ ਓਨਾ ਸਮਰੱਥ ਨਹੀਂ ਤੇ ਇੱਥੇ ਇਕ ਵੱਡੀ ਆਬਾਦੀ ਗ਼ਰੀਬ ਵੀ ਹੈ।
ਇਹ ਮੰਨਣ ਦੇ ਚੰਗੇ ਕਾਰਨ ਹਨ ਕਿ ਅਮਰੀਕੀ ਰਾਸ਼ਟਰਪਤੀ ਵੱਧ ਤੋਂ ਵੱਧ ਅਮਰੀਕੀ ਚੀਜ਼ਾਂ ਭਾਰਤ ਨੂੰ ਵੇਚਣਾ ਚਾਹੁੰਦੇ ਹਨ। ਇਨ੍ਹਾਂ ’ਚ ਕੁਝ ਉਹ ਵੀ ਹਨ, ਜਿਨ੍ਹਾਂ ਨੂੰ ਭਾਰਤ ਲੈਣਾ ਨਹੀਂ ਚਾਹੁੰਦਾ ਜਾਂ ਉਨ੍ਹਾਂ ਨੂੰ ਆਪਣੇ ਲਈ ਵਾਜਬ ਨਹੀਂ ਮੰਨਦਾ। ਭਾਰਤ ਅਮਰੀਕਾ ਤੋਂ ਉਹ ਸਭ ਲੜਾਕੂ ਜਹਾਜ਼ ਵੀ ਨਹੀਂ ਲੈਣਾ ਚਾਹੁੰਦਾ, ਜੋ ਅਮਰੀਕਾ ਵੇਚਣਾ ਚਾਹੁੰਦਾ ਹੈ। ਭਾਰਤ ਦਾ ਅਮਰੀਕਾ ਦੇ ਨਾਲ ਜੋ ਵਪਾਰ ਘਾਟਾ ਹੈ, ਉਹ ਇੰਨਾ ਵੱਧ ਨਹੀਂ ਕਿ ਟਰੰਪ ਆਸਮਾਨ ਸਿਰ ’ਤੇ ਚੁੱਕ ਲੈਣ। ਭਾਰਤ ਆਪਣੀ ਆਜ਼ਾਦ ਵਿਦੇਸ਼ ਨੀਤੀ ’ਤੇ ਚੱਲ ਰਿਹਾ ਹੈ ਤੇ ਉਸ ਨੂੰ ਇਸ ਦਾ ਹੱਕ ਹੈ ਕਿ ਕਿਸ ਦੇਸ਼ ਤੋਂ ਕਿਨ੍ਹਾਂ ਚੀਜ਼ਾਂ ਨੂੰ ਖ਼ਰੀਦੇ ਤੇ ਕਿਨ੍ਹਾਂ ਨੂੰ ਨਾ। ਟਰੰਪ ਚਾਹੁੰਦੇ ਹਨ ਕਿ ਭਾਰਤ ਉਹ ਸਭ ਕੁਝ ਖ਼ਰੀਦੇ, ਜੋ ਉਹ ਉਸ ਨੂੰ ਵੇਚਣਾ ਚਾਹੁੰਦੇ ਹਨ। ਭਾਰਤ ਇਸ ਲਈ ਤਿਆਰ ਨਹੀਂ, ਇਸ ਲਈ ਟਰੰਪ ਖਿਝ ਗਏ ਹਨ। ਉਨ੍ਹਾਂ ਦੀ ਖਿਝ ਦਾ ਇਕ ਕਾਰਨ ਭਾਰਤ ਦਾ ਰੂਸ ਤੋਂ ਤੇਲ ਖ਼ਰੀਦਣਾ ਵੀ ਹੈ।
ਉਹ ਇਸ ਤੋਂ ਵੀ ਨਾਰਾਜ਼ ਹਨ ਕਿ ਭਾਰਤ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ’ਚ ਆਪ੍ਰੇਸ਼ਨ ਸਿੰਧੂਰ ਦੇ ਤਹਿਤ ਪਾਕਿਸਤਾਨ ਖ਼ਿਲਾਫ਼ ਜੋ ਫ਼ੌਜੀ ਕਾਰਵਾਈ ਕੀਤੀ ਗਈ, ਉਸ ’ਤੇ ਰੋਕ ਲਾਉਣ ਦਾ ਸਿਹਰਾ ਉਨ੍ਹਾਂ ਨੂੰ ਦੇਣ ਲਈ ਤਿਆਰ ਨਹੀਂ। ਉਹ ਵਾਰ-ਵਾਰ ਇਹ ਦਾਅਵਾ ਕਰਨ ’ਚ ਲੱਗੇ ਹੋਏ ਹਨ ਕਿ ਉਨ੍ਹਾਂ ਨੇ ਭਾਰਤ-ਪਾਕਿਸਤਾਨ ਵਿਚਾਲੇ ਜੰਗਬੰਦੀ ਕਰਵਾਈ। ਭਾਰਤ ਇਸ ਨੂੰ ਮੰਨਣ ਲਈ ਤਿਆਰ ਨਹੀਂ ਤੇ ਉਹ ਇਸ ਨੂੰ ਸਪੱਸ਼ਟ ਕਰ ਚੁੱਕਾ ਹੈ।
ਭਾਰਤੀ ਪ੍ਰਧਾਨ ਮੰਤਰੀ ਨੇ ਸੰਸਦ ’ਚ ਇਹ ਸਾਫ਼ ਸੰਕੇਤ ਦਿੱਤਾ ਕਿ ਆਪ੍ਰੇਸ਼ਨ ਸਿੰਧੂਰ ’ਤੇ ਟਰੰਪ ਜੋ ਕੁਝ ਕਹਿ ਰਹੇ ਹਨ, ਉਹ ਸਹੀ ਨਹੀਂ। ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਆਗੂਆਂ ਨਾਲ ਹੋਈ ਗੱਲਬਾਤ ਦਾ ਹਵਾਲਾ ਦੇ ਕੇ ਦੋ ਟੁੱਕ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਰੋਕਣ ਲਈ ਕਿਸੇ ਦੇਸ਼ ਦੇ ਕੌਮੀ ਪ੍ਰਧਾਨ ਨੇ ਕੁਝ ਨਹੀਂ ਕਿਹਾ। ਇਸ ਤੋਂ ਬਾਅਦ ਵੀ ਟਰੰਪ ਇਹੀ ਕਹਿ ਰਹੇ ਹਨ ਕਿ ਉਨ੍ਹਾਂ ਨੇ ਭਾਰਤ-ਪਾਕਿਸਤਾਨ ਵਿਚਾਲੇ ਖ਼ਤਰਨਾਕ ਹੋ ਸਕਦੀ ਜੰਗ ਨੂੰ ਰੋਕਿਆ। ਉਹ ਇਹ ਫ਼ਰਜ਼ੀ ਦਾਅਵਾ 20-25 ਵਾਰ ਕਰ ਚੁੱਕੇ ਹਨ।
ਆਪ੍ਰੇਸ਼ਨ ਸਿੰਧੂਰ ਦੌਰਾਨ ਅਮਰੀਕੀ ਰਾਸ਼ਟਰਪਤੀ ਦੀ ਪਾਕਿਸਤਾਨ ਦੇ ਆਗੂਆਂ ਨਾਲ ਕੀ ਗੱਲ ਹੋਈ, ਇਹ ਤਾਂ ਉਹੀ ਜਾਨਣ, ਪਰ ਇਸ ’ਚ ਕੋਈ ਸ਼ੱਕ ਨਹੀਂ ਕਿ ਇਸ ਫ਼ੌਜੀ ਕਾਰਵਾਈ ਨੂੰ ਰੋਕੇ ਜਾਣ ਦੇ ਮਾਮਲੇ ’ਚ ਉਹ ਝੂਠ ਬੋਲ ਰਹੇ ਹਨ। ਹੈਰਾਨੀ ਇਸ ’ਤੇ ਹੈ ਕਿ ਭਾਰਤ ਦੀਆਂ ਕਈ ਵਿਰੋਧੀ ਪਾਰਟੀਆਂ ਟਰੰਪ ਦੇ ਝੂਠ ਨੂੰ ਸੱਚ ਮੰਨ ਰਹੀਆਂ ਹਨ। ਉਹ ਭਾਰਤੀ ਪ੍ਰਧਾਨ ਮੰਤਰੀ ਤੋਂ ਵੱਧ ਅਮਰੀਕੀ ਰਾਸ਼ਟਰਪਤੀ ’ਤੇ ਯਕੀਨ ਕਰ ਰਹੀਆਂ ਹਨ।
ਸੰਸਦ ’ਚ ਆਪ੍ਰੇਸ਼ਨ ਸਿੰਧੂਰ ’ਤੇ ਚਰਚਾ ’ਚ ਵਿਰੋਧੀ ਪਾਰਟੀਆਂ ਨੇ ਜਿਹੋ ਜਿਹਾ ਰਵੱਈਆ ਦਿਖਾਇਆ, ਉਸ ਨਾਲ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਆਖ਼ਰ ਇਸ ਬਹਿਸ ਨਾਲ ਉਸ ਨੂੰ ਹਾਸਲ ਕੀ ਹੋਇਆ? ਵਿਰੋਧੀ ਧਿਰ ਤੇ ਖ਼ਾਸ ਤੌਰ ’ਤੇ ਕਾਂਗਰਸ ਨੇ ਆਪ੍ਰੇਸ਼ਨ ਸਿੰਧੂਰ ’ਤੇ ਬਿਨਾਂ ਕਾਰਨ ਦੇ ਸਵਾਲ ਚੁੱਕ ਕੇ ਫ਼ਜ਼ੀਹਤ ਹੀ ਕਰਵਾਈ। ਰਾਹੁਲ ਗਾਂਧੀ ਨੇ ਭਾਰਤੀ ਅਰਥਚਾਰੇ ਦੇ ਡੈੱਡ ਇਕਾਨਮੀ ਹੋਣ ਦੀ ਟਰੰਪ ਦੀ ਬੇਤੁਕੀ ਗੱਲ ਨੂੰ ਸਹੀ ਦੱਸ ਕੇ ਵੀ ਆਪਣੀ ਫ਼ਜ਼ੀਹਤ ਕਰਵਾਈ। ਅਜਿਹਾ ਲਗਦਾ ਹੈ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਕਿ ਉਹ ਵਿਰੋਧੀ ਧਿਰ ਦੇ ਆਗੂ ਹਨ ਤੇ ਆਪਣੇ ਅਜੀਬ ਬਿਆਨਾਂ ਨਾਲ ਆਪਣੇ ਨਾਲ ਕਾਂਗਰਸ ਨੂੰ ਵੀ ਸ਼ਰਮਸਾਰ ਕਰ ਰਹੇ ਹਨ। ਉਨ੍ਹਾਂ ਦਾ ਰਵੱਈਆ ਸ਼ਾਇਦ ਹੀ ਬਦਲੇ, ਪਰ ਭਾਰਤ ਨੂੰ ਟਰੰਪ ਦੇ ਅੱਗੇ ਝੁਕਣਾ ਨਹੀਂ ਚਾਹੀਦਾ।
ਪਿਛਲੇ ਕੁਝ ਸਾਲਾਂ ਤੋਂ ਭਾਰਤ-ਅਮਰੀਕੀ ਸਬੰਧ ਅੱਗੇ ਵਧੇ ਹਨ। ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਦੇ ਨਾਲ ਸਮਾਜਿਕ ਸਬੰਧ ਵੀ ਮਜ਼ਬੂਤ ਹੋਏ ਹਨ। ਪਤਾ ਨਹੀਂ ਕਿੰਨੇ ਭਾਰਤੀ ਅਮਰੀਕਾ ਦੀਆਂ ਨਾਮੀ ਕੰਪਨੀਆਂ ’ਚ ਸਿਖਰਲੇ ਅਹੁਦਿਆਂ ’ਤੇ ਹਨ। ਟਰੰਪ ਭਾਰਤ ਤੇ ਭਾਰਤੀਆਂ ਦੀ ਅਹਿਮੀਅਤ ਨੂੰ ਸਵੀਕਾਰ ਕਰਨ ਤੋਂ ਜਾਣ-ਬੁੱਝ ਕੇ ਇਨਕਾਰ ਕਰ ਰਹੇ ਹਨ।
ਫ਼ਿਲਹਾਲ ਇਹ ਕਹਿਣਾ ਮੁਸ਼ਕਲ ਹੈ ਕਿ ਵਪਾਰ ਸਮਝੌਤੇ ’ਤੇ ਜਾਰੀ ਗੱਲਬਾਤ ਦਾ ਕੀ ਹੋਵੇਗਾ, ਪਰ ਇੰਨਾ ਤਾਂ ਹੈ ਕਿ ਜੇ ਟਰੰਪ ਟੈਰਿਫ ’ਤੇ ਰਵੱਈਆ ਨਹੀਂ ਬਦਲਦੇ ਤਾਂ ਕੁਝ ਭਾਰਤੀ ਉਦਯੋਗਾਂ ਨੂੰ ਨੁਕਸਾਨ ਹੋ ਸਕਦਾ ਹੈ, ਕਿਉਂਕਿ ਇੰਡੋਨੇਸ਼ੀਆ, ਵੀਅਤਨਾਮ ਵਰਗੇ ਦੇਸ਼ਾਂ ’ਤੇ ਉਨ੍ਹਾਂ ਨੇ ਭਾਰਤ ਤੋਂ ਘੱਟ ਟੈਰਿਫ ਲਾਇਆ ਹੈ।
ਇਸ ਨਾਲ ਭਾਰਤੀ ਉਦਯੋਗਾਂ ਨੂੰ ਉਲਟ ਹਾਲਾਤ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਸਾਡੇ ਕਾਰੋਬਾਰੀਆਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਉਤਪਾਦਾਂ ਦੀ ਉਤਪਾਦਕਤਾ ਤੇ ਗੁਣਵੱਤਾ ਅਜਿਹੀ ਨਹੀਂ, ਜਿੰਨੀ ਜ਼ਰੂਰੀ ਹੁੰਦੀ ਹੈ। ਕਾਰੋਬਾਰੀਆਂ ਦੇ ਨਾਲ ਭਾਰਤ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਆਪਣੇ ਉਦਯੋਗਾਂ ਦੀ ਉਤਪਾਦਕਤਾ ਤੇ ਗੁਣਵੱਤਾ ਕਿਵੇਂ ਵਧਾਈ ਜਾਵੇ। ਭਾਰਤ ਆਰਥਿਕ ਰੂਪ ਨਾਲ ਸਮਰੱਥ ਹੋ ਕੇ ਹੀ ਟਰੰਪ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਚੁਣੌਤੀਆਂ ਤੇ ਹੋਰ ਮੁਸ਼ਕਲਾਂ ਦਾ ਸਾਹਮਣਾ ਕਰ ਸਕਦਾ ਹੈ।
ਪੰਜਾਬੀ ਜਾਗਰਣ