ਮਾਲਵਾ ਖੇਤਰ ਦੀਆਂ ਮੰਡੀਆਂ ਤੇ ਖਰੀਦ ਕੇਂਦਰਾਂ ’ਚ ਕਣਕ ਦੇ ਢੇਰ ਲੱਗੇ
15 ਅਪ੍ਰੈਲ, 2026 – ਮਾਨਸਾ : ਮਾਲਵਾ ਖੇਤਰ ਵਿੱਚ ਮੀਂਹ, ਹਨੇਰੀ ਅਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਦੇ ਹੋਏ ਖ਼ਰਾਬੇ ਦੇ ਨਿਰੀਖਣ ਅਤੇ ਮੁਆਵਜ਼ੇ ਲਈ ਭਾਵੇਂ ਕੇਂਦਰ ਸਰਕਾਰ ਵੱਲੋਂ ਟੀਮ ਪੰਜਾਬ ਵਿੱਚ ਭੇਜੀ ਗਈ ਹੈ ਪਰ ਇਸ ਦੇ ਬਾਵਜੂਦ ਮਾਲਵਾ ਖੇਤਰ ਵਿੱਚ ਹਾਲੇ ਤੱਕ ਮੋਟੇ ਦਾਣਿਆਂ ਵਾਲੀ ਕਣਕ ਦੀ ਖ਼ਰੀਦ ਵੀ ਸ਼ੁਰੂ ਨਹੀਂ ਹੋ ਸਕੀ। ਮੰਡੀਆਂ ਵਿੱਚ ਜੋ ਕਣਕ ਪੁੱਜ ਰਹੀ ਹੈ, ਉਸ ਦੇ ਦਾਣੇ ਬਦਰੰਗ ਜਾਂ ਸੁੰਗੜੇ ਹੋਏ ਨਹੀਂ ਹਨ ਪਰ ਵੱਖ-ਵੱਖ ਸਰਕਾਰੀ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਬੋਲੀ ਲਵਾਉਣ ਲਈ ਮੰਡੀਆਂ ਵਿੱਚ ਨਹੀਂ ਆ ਰਹੇ। ਐੱਫ ਸੀ ਆਈ, ਪਨਗਰੇਨ ਮਾਰਕਫੈੱਡ, ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਦੇ ਅਧਿਕਾਰੀ ਹਾਲੇ ਵੀ ਮੰਡੀਆਂ ਤੋਂ ਦੂਰ ਹਨ। ਅਧਿਕਾਰੀਆਂ ਦੇ ਨਾ ਜਾਣ ਕਰਕੇ ਹੀ ਅਨਾਜ ਮੰਡੀਆਂ ਵਿੱਚ ਬਾਰਦਾਨਾ ਵੀ ਨਹੀਂ ਪੁੱਜਿਆ।
ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਪਰੈਲ ਦੇ ਪਹਿਲੇ ਹਫ਼ਤੇ ਮੀਂਹ, ਗੜੇਮਾਰੀ ਅਤੇ ਝੱਖੜ ਕਾਰਨ ਹੋਏ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰ ਸਰਕਾਰ ਨੇ ਟੀਮ ਪੰਜਾਬ ਵਿੱਚ ਭੇਜੀ ਹੈ ਪਰ ਟੀਮ ਨੇ ਅੱਜ ਪਹਿਲੇ ਦਿਨ ਖ਼ਰੀਦ ਕਰਨ ਸਬੰਧੀ ਕੋਈ ਨਿਰਦੇਸ਼ ਨਹੀਂ ਜਾਰੀ ਕੀਤਾ। ਭਾਵੇਂ ਪੰਜਾਬ ਸਰਕਾਰ ਸਰਕਾਰੀ ਖ਼ਰੀਦ ਨੇਮਾਂ ’ਚ ਢਿੱਲ ਦੇਣ ਦੀ ਮੰਗ ਕਰ ਰਹੀ ਹੈ ਪਰ ਕੇਂਦਰੀ ਟੀਮ ਵੱਲੋਂ ਅੱਜ ਕੋਈ ਫ਼ੈਸਲਾ ਨਹੀਂ ਕੀਤਾ ਜਾ ਸਕਿਆ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 2585 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ਤੋਂ ਘੱਟ ਮੁੱਲ ’ਤੇ ਕਣਕ ਨਾ ਵਿਕਣ ਦੇਣ ਲਈ ਕੇਂਦਰੀ ਟੀਮ ਪੰਜਾਬ ’ਚ ਭੇਜੀ ਹੈ।
ਪੰਜਾਬ ਸਰਕਾਰ ਵੱਲੋਂ ਆੜ੍ਹਤੀ ਐਸੋਸੀਏਸ਼ਨਾਂ ਅਤੇ ਕਿਸਾਨ ਜਥੇਬੰਦੀਆਂ ਦੀ ਮੰਗ ’ਤੇ ਰਾਜਸਥਾਨ ਦੀ ਤਰਜ਼ ’ਤੇ 50 ਫ਼ੀਸਦੀ ਤੱਕ ਲਾਸਟ ਲਾਊਂਸ ਵਿੱਚ ਛੋਟ ਅਤੇ ਸੁੰਗੜੇ ਹੋਏ ਦਾਣਿਆਂ ਦੀ ਹੱਦ 6 ਫ਼ੀਸਦ ਤੋਂ ਵਧਾ ਕੇ 15 ਫ਼ੀਸਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਮਾਨਸਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਲਿਆਉਣ ਵਾਲੇ ਕਿਸਾਨਾਂ ਇਕਬਾਲ ਸਿੰਘ, ਗੁਰਦਿਆਲ ਸਿੰਘ, ਮਹਿੰਦਰ ਸਿੰਘ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ 10 ਤੋਂ 15 ਮਣ ਕਣਕ ਦੇ ਝਾੜ ਵਿੱਚ ਕਮੀ ਦਿਸਣ ਲੱਗੀ ਹੈ। ਮਾਰਕੀਟ ਕਮੇਟੀ ਭੀਖੀ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਸਿੱਧੂ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ’ਚ ਕਣਕ ਦੀ ਵਾਢੀ ਨੇ ਜ਼ੋਰ ਫੜ੍ਹ ਲਿਆ ਹੈ ਅਤੇ ਕਿਸਾਨ ਜਿਣਸ ਮੰਡੀਆਂ ’ਚ ਲਿਆ ਰਹੇ ਹਨ ਪਰ ਹਾਲੇ ਤੱਕ ਕਿਤੇ ਵੀ ਖ਼ਰੀਦ ਸ਼ੁਰੂ ਨਹੀਂ ਹੋਈ।
ਪੰਜਾਬੀ ਟ੍ਰਿਬਯੂਨ