ਪੰਜਾਬ ਚ ਇੱਟਾਂ ਦੀ ਕੀਮਤ ਨੇ ਤੋੜੇ ਰਿਕਾਰਡ
ਇੱਟਾਂ ਦੇ ਨਾਲ–ਨਾਲ ਬਾਕੀ ਬਿਲਡਿੰਗ ਮਟੀਰੀਅਲ ਵੀ ਮਹਿੰਗਾ ਹੋ ਗਿਆ ਹੈ।
15 ਅਪ੍ਰੈਲ, 2026 – ਲੁਧਿਆਣਾ: ਅਮਰੀਕਾ ਤੋਂ ਇੰਪੋਰਟ ਕੀਤੇ ਜਾਣ ਵਾਲੇ ਕੋਲੇ ਦੀਆਂ ਕੀਮਤਾਂ ਵੱਧਣ ਕਾਰਨ ਇੱਟਾਂ ਦੀਆਂ ਕੀਮਤਾਂ ਰਿਕਾਰਡ ਤੋੜ ਪੱਧਰ ‘ਤੇ ਪਹੁੰਚ ਗਈਆਂ ਹਨ। ਅੱਵਲ ਇੱਟ ਦੀ ਕੀਮਤ ਜੋ ਕਿ ਇੱਕ ਸਾਲ ਪਹਿਲਾਂ ਤੱਕ 6 ਰੁਪਏ ਪ੍ਰਤੀ ਯੂਨਿਟ ਸੀ, ਉਹ ਹੁਣ ਵੱਧ ਕੇ 9 ਰੁਪਏ ਪ੍ਰਤੀ ਯੂਨਿਟ ਤੱਕ ਪਹੁੰਚ ਗਈ ਹੈ।
ਤਿੰਨ ਤੋਂ ਪੰਜ ਲੱਖ ਦਾ ਵਾਧੂ ਖਰਚ
ਇੱਕ ਹਜ਼ਾਰ ਇੱਟ ਦੀ ਕੀਮਤ 8500 ਤੋਂ ਲੈ ਕੇ 9 ਹਜਾਰ ਰੁਪਏ ਚੱਲ ਰਹੀ ਹੈ। ਜਿਸ ਕਾਰਨ ਸੁਫ਼ਨਿਆਂ ਦੇ ਘਰ ਬਣਾਉਣੇ ਹੁਣ ਹੋਰ ਮਹਿੰਗੇ ਹੋ ਚੁੱਕੇ ਹਨ। ਸਿਰਫ ਇੱਟ ਹੀ ਨਹੀਂ, ਇਸ ਦੇ ਨਾਲ ਸਰੀਆ, ਸੀਮਿੰਟ ਦੀ ਬੋਰੀ, ਰੇਤ ਅਤੇ ਬਜਰੀ ਵੀ ਰਿਕਾਰਡ ਤੋੜ ਕੀਮਤ ‘ਤੇ ਪਹੁੰਚ ਚੁੱਕੀ ਹੈ। ਜਿਸ ਕਾਰਨ ਮਹਿਜ਼ 100 ਗਜ ਦਾ ਘਰ ਬਣਾਉਣ ਦੇ ਲਈ ਹੁਣ 3 ਤੋਂ 5 ਲੱਖ ਰੁਪਏ ਦਾ ਖਰਚਾ ਵੱਧ ਗਿਆ ਹੈ। ਇੰਨਾ ਹੀ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੀਮਤ ਹੋਰ ਵਧ ਸਕਦੀ ਹੈ, ਇਸ ਵੱਲ ਵੀ ਮਹਿਰਾਂ ਨੇ ਇਹ ਇਸ਼ਾਰਾ ਕੀਤਾ ਹੈ।
ਮਕਾਨ ਬਣਾਉਣਾ ਮਹਿੰਗਾ
ਘਰ ਬਣਾਉਣ ਵਾਲੇ ਰਮੇਸ਼ ਕੁਮਾਰ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੀਮਿੰਟ ਦੀ ਬੋਰੀ ਦਾ 25 ਰੁਪਏ ਭਾਅ ਪਿਛਲੇ 1 ਮਹੀਨੇ ਦੇ ਵਿੱਚ ਹੀ ਵੱਧ ਚੁੱਕਿਆ ਹੈ। ਇਸ ਤੋਂ ਇਲਾਵਾ ਜੋ ਸਰੀਆ 55 ਰੁਪਏ ਕਿਲੋ ਸੀ, ਹੁਣ ਉਹ 65 ਤੋਂ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਪਹੁੰਚ ਚੁੱਕਾ ਹੈ। ਇੱਟ ਦੀ ਕੀਮਤ ਤਾਂ ਰਿਕਾਰਡ ਤੋੜ ਵਧੀ, ਜਿਹੜੀ ਇੱਟ ਹਾਲੇ ਪਿਛਲੇ ਮਹੀਨੇ ਹੀ 7 ਹਜ਼ਾਰ ਰੁਪਏ ਪ੍ਰਤੀ ਇੱਕ ਹਜ਼ਾਰ ਇੱਟ ਸੀ, ਅੱਜ ਉਹ ਵੱਧ ਕੇ 8500 ਤੋਂ ਪਾਰ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਬਿਲਡਿੰਗ ਮਟੀਰੀਅਲ ਦੀ ਕੀਮਤ ਹੋਰ ਮਹਿੰਗੀ ਹੋ ਜਾਵੇਗੀ।
ਲੱਗਭਗ ਇੱਕ ਮੰਜ਼ਿਲ ਘਰ ਬਣਾਉਣ ਲਈ 35000 ਦੇ ਕਰੀਬ ਇੱਟ 100 ਗਜ ਦੇ ਮਕਾਨ ਦੇ ਵਿੱਚ ਲੱਗਦੀ ਹੈ, ਜੇਕਰ ਤਿੰਨ ਰੁਪਏ ਪ੍ਰਤੀ ਇੱਕ ਇੱਟ ਮਹਿੰਗੀ ਹੋਈ ਹੈ ਤਾਂ 1 ਲੱਖ ਰੁਪਏ ਦੇ ਕਰੀਬ ਇੱਟ ਦਾ ਹੀ ਖਰਚਾ ਵੱਧ ਗਿਆ ਹੈ। ਇਸ ਤੋਂ ਇਲਾਵਾ 25 ਰੁਪਏ ਸੀਮਿੰਟ ਦੀ ਬੋਰੀ ਦੇ ਵਿੱਚ ਵਧਿਆ ਹੈ। ਇਸੇ ਤਰ੍ਹਾਂ ਬਜਰੀ, ਰੇਤ, ਸਰੀਆ, ਪਲਾਸਟਿਕ ਮਟੀਰੀਅਲ, ਟਾਈਲ, ਪੀਵੀਸੀ ਪਾਈਪ ਆਦਿ ਸਾਰਾ ਕੁਝ ਹੀ ਬਹੁਤ ਜਿਆਦਾ ਵੱਧ ਗਿਆ ਹੈ। ਇਸ ਕਰਕੇ ਆਮ ਆਦਮੀ ਦਾ ਬਜਟ ਹਿਲ ਚੁੱਕਿਆ ਹੈ ਅਤੇ ਘਰ ਬਣਾਉਣੇ ਹੁਣ ਬਹੁਤ ਮਹਿੰਗੇ ਹੋ ਚੁੱਕੇ ਹਨ। –ਰਮੇਸ਼ ਕੁਮਾਰ, ਘਰ ਬਣਾਉਣ ਵਾਲਾ ਮਿਸਤਰੀ
ਕੋਲੇ ਦੀਆਂ ਵਧੀਆਂ ਕੀਮਤਾਂ
ਇੱਟਾਂ ਦੀਆਂ ਕੀਮਤਾਂ ਵੱਧਣ ਦਾ ਮੁੱਖ ਕਾਰਨ ਕੋਲੇ ਦੀਆਂ ਵਧੀਆਂ ਕੀਮਤਾਂ ਨੂੰ ਦੱਸਿਆ ਜਾ ਰਿਹਾ। ਕੋਲੇ ਦੀ ਕੀਮਤ ਅਸਥਾਈ ਰੂਪ ਦੇ ਵਿੱਚ ਵੱਧ ਰਹੀ ਹੈ। ਭੱਠਾ ਐਸੋਸੀਏਸ਼ਨ ਦੇ ਸਾਬਕਾ ਜਨਰਲ ਸਕੱਤਰ ਰਹੇ ਸਰਬਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕੋਲੇ ਦੀ ਕੀਮਤ ਇਸ ਤਰ੍ਹਾਂ ਵੱਧ ਰਹੀ ਹੈ ਜਿਵੇਂ ਸੋਨਾ ਹੋਵੇ। ਸ਼ਾਮ ਦਾ ਰੇਟ ਕੁੱਝ ਹੋਰ ਹੁੰਦਾ ਹੈ ਅਤੇ ਸਵੇਰੇ ਕੁਝ ਹੋਰ ਹੋ ਜਾਂਦਾ ਹੈ। ਸ਼ਾਮ ਨੂੰ ਜੇਕਰ ਕੋਲਾ 17000 ਰੁਪਏ ਦੇ ਮੁਤਾਬਿਕ ਬੁੱਕ ਕਰਵਾਇਆ ਜਾਂਦਾ ਹੈ ਤਾਂ ਸਵੇਰੇ ਡਿਲੀਵਰੀ ਦੇ ਮੌਕੇ 1 ਹਜ਼ਾਰ ਹੋਰ ਵੱਧ ਜਾਂਦਾ ਹੈ। ਇਸ ਦਾ ਕਾਰਨ ਕੋਲ ਕੰਪਨੀਆਂ ਦਾ ਏਕਾ ਹੈ ਜੋ ਲਗਾਤਾਰ ਕੀਮਤਾਂ ਦੇ ਵਿੱਚ ਇਜਾਫਾ ਕਰ ਰਹੇ ਹਨ।
ਜਿਹੜਾ ਕੋਲਾ ਅੱਜ ਤੋਂ ਤਿੰਨ ਮਹੀਨੇ ਪਹਿਲਾਂ 10 ਹਜ਼ਾਰ ਤੋਂ 13 ਹਜ਼ਾਰ ਰੁਪਏ ਪ੍ਰਤੀ ਟਨ ਸੀ, ਉਹ ਅੱਜ ਵੱਧ ਕੇ 23 ਤੋਂ 25 ਹਜ਼ਾਰ ਰੁਪਏ ਪ੍ਰਤੀ ਟਨ ਤੱਕ ਪਹੁੰਚ ਗਿਆ ਹੈ। ਫਿਰ ਵੀ ਕੀਮਤ ਦਾ ਕੁਝ ਪਤਾ ਨਹੀਂ ਕਦੋਂ ਕਿੰਨਾ ਵੱਧ ਜਾਣਾ। ਇਸ ਸਬੰਧੀ ਕੋਲ ਮੰਤਰਾਲੇ ਦੇ ਨਾਲ ਅਤੇ ਹੋਰ ਵਿਭਾਗਾਂ ਨੂੰ ਵੀ ਪੱਤਰ ਲਿਖਿਆ ਹੈ। ਮੰਗ ਕੀਤੀ ਗਈ ਹੈ ਕਿ ਇਹਨਾਂ ਕੀਮਤਾਂ ‘ਤੇ ਰੋਕ ਲਗਾਈ ਜਾਵੇ ਅਤੇ ਕੀਮਤਾਂ ਨੂੰ ਫਿਕਸ ਕੀਤਾ ਜਾਵੇ।– ਸਰਬਜੀਤ ਸਿੰਘ ਢਿੱਲੋਂ, ਸਾਬਕਾ ਜਨਰਲ ਸਕੱਤਰ,ਭੱਠਾ ਐਸੋਸੀਏਸ਼ਨ
ਅਮਰੀਕੀ ਕੋਲੇ ਦਾ ਇਸਤੇਮਾਲ
ਦਰਅਸਲ ਅਮਰੀਕੀ ਕੋਲੇ ਦਾ ਇਸਤੇਮਾਲ ਇੱਟਾਂ ਦੇ ਨਿਰਮਾਣ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਕਿਉਂਕਿ ਇਹ ਕੋਲਾ ਪ੍ਰਦੂਸ਼ਣ ਘੱਟ ਫੈਲਾਉਂਦਾ ਹੈ ਅਤੇ ਇਸ ਕਰਕੇ ਸਰਕਾਰ ਦੇ ਮਾਪਦੰਡਾਂ ਦੇ ਮੁਤਾਬਿਕ ਉੱਚ ਪੱਧਰੀ ਕੋਲੇ ਦਾ ਹੀ ਹੁਣ ਇੱਟਾਂ ਦੇ ਭੱਠੇ ਦੇ ਵਿੱਚ ਇਸਤੇਮਾਲ ਕੀਤਾ ਜਾਣਾ ਤੈਅ ਹੈ। ਜਿਸ ਕਰਕੇ ਅਮਰੀਕਾ ਤੋਂ ਇੱਟਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਮਿੱਟੀ ਦੀ ਕੀਮਤਾਂ ਦੇ ਵਿੱਚ ਵੀ ਵਾਧਾ ਹੋਇਆ ਹੈ। ਮਿੱਟੀ ਚੁੱਕਣ ‘ਤੇ ਸਰਕਾਰ ਵੱਲੋਂ ਸਖ਼ਤ ਨਿਯਮ ਵੀ ਬਣਾਏ ਗਏ ਹਨ।
ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਜਿੰਨੇ ਵੀ ਸੜਕਾਂ ਦੇ ਨਿਰਮਾਣ ਦੇ ਕਾਰਜ ਚੱਲ ਰਹੇ ਨੇ, ਉੱਥੇ ਮਿੱਟੀ ਦਾ ਇਸਤੇਮਾਲ ਵੱਡੇ ਪੱਧਰ ‘ਤੇ ਹੋ ਰਿਹਾ ਹੈ। ਇਹ ਕਾਰਨ ਹੈ ਕਿ ਭੱਠੇ ‘ਤੇ ਇੱਟਾਂ ਬਣਾਉਣ ਦੇ ਲਈ ਮਿੱਟੀ ਨਹੀਂ ਮਿਲ ਪਾ ਰਹੀ ਹੈ। ਜਿਸ ਕਾਰਨ ਇੱਟਾਂ ਦੇ ਵਿੱਚ ਫਿਲਹਾਲ ਮਾਮੂਲੀ ਵਾਧਾ ਹੋਇਆ ਹੈ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਾਧਾ ਹੋਰ ਵੱਧ ਸਕਦਾ ਹੈ। –ਅਸ਼ਵਨੀ ਕੁਮਾਰ ਸ਼ਰਮਾ, ਪ੍ਰਧਾਨ ਲੁਧਿਆਣਾ ਭੱਠਾ ਐਸੋਸੀਏਸ਼ਨ
ਪੈਟਰੋਲੀਅਮ ਮਹਿੰਗਾ ਹੋਣ ‘ਤੇ ਅਸਰ
ਦਰਅਸਲ ਪੈਟਰੋਲਿੰਗ ਪਦਾਰਥ ਮਹਿੰਗੇ ਹੋਣ ਕਰਕੇ ਇਹਨਾਂ ਬਿਲਡਿੰਗ ਮਟੀਰੀਅਲ ਦੀ ਕੀਮਤ ਦੇ ਵਿੱਚ ਇਜਾਫਾ ਹੋਇਆ ਹੈ। ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਨੂੰ ਇਸ ਦਾ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਜਿਹੜੇ ਵੀ ਪ੍ਰੋਡਕਟ ਦੇ ਵਿੱਚ ਪੈਟਰੋਲੀਅਮ ਇਸਤੇਮਾਲ ਹੋ ਰਿਹਾ ਹੈ, ਉਨ੍ਹਾਂ ਦੀਆਂ ਕੀਮਤਾਂ ਇਜਾਫਾ ਹੋਇਆ ਹੈ।
ਜੰਗ ਦੇ ਨਾਂ ‘ਤੇ ਕੀਮਤਾਂ ‘ਚ ਵਾਧਾ
ਦੂਜੇ ਪਾਸੇ ਲੁਧਿਆਣਾ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ “ਪ੍ਰਾਈਵੇਟ ਮਾਫੀਆ ਬਿਨਾਂ ਵਜ੍ਹਾ ਕੀਮਤਾਂ ਵਧਾ ਰਹੇ ਹਨ। ਸਿਰਫ ਜੰਗ ਦੇ ਨਾਂ ‘ਤੇ ਹੀ ਕਾਰੋਬਾਰੀਆਂ ਵੱਲੋਂ ਕੀਮਤਾਂ ਦੇ ਵਿੱਚ ਵਾਧੇ ਕਰ ਦਿੱਤੇ ਗਏ ਹਨ। ਇਸ ਪਿੱਛੇ ਕੋਈ ਠੋਸ ਕਾਰਨ ਵੀ ਵਿਖਾਈ ਨਹੀਂ ਦੇ ਰਿਹਾ ਹੈ। ਇਸ ਸਬੰਧੀ ਉਹਨਾਂ ਵੱਲੋਂ ਸੂਬਾ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਇਨ੍ਹਾਂ ਕੀਮਤਾਂ ‘ਤੇ ਲਗਾਮ ਲਗਾਈ ਜਾਵੇ ਕਿਉਂਕਿ ਇਸ ਦਾ ਸਿੱਧਾ ਅਸਰ ਆਮ ਆਦਮੀ ‘ਤੇ ਪੈ ਰਿਹਾ ਹੈ। ਆਉਂਦੇ ਦਿਨਾਂ ਦੇ ਵਿੱਚ ਇਹ ਮਟੀਰੀਅਲ ਹੋਰ ਮਹਿੰਗਾ ਹੋ ਸਕਦਾ ਹੈ।”
ETV Bharat