“ਚਾਰ ਦਿਨਾਂ ਤੋਂ ਮੰਡੀ ‘ਚ ਬੈਠੇ ਪਰ ਕੋਈ ਅਧਿਕਾਰੀ ਨਹੀਂ ਆਇਆ” :ਅੱਕੇ ਹੋਏ ਕਿਸਾਨਾਂ ਨੇ ਕਿਹਾ…
15 ਅਪ੍ਰੈਲ, 2026 – ਅੰਮ੍ਰਿਤਸਰ: ਅੰਮ੍ਰਿਤਸਰ ਦੀ ਭਗਤਾਂ ਵਾਲਾ ਦਾਣਾ ਮੰਡੀ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਗੰਭੀਰ ਹਾਲਾਤ ਬਣੇ ਹੋਏ ਹਨ। ਮੌਸਮੀ ਮਾਰ ਸਹਿਣ ਤੋਂ ਬਾਅਦ ਹੁਣ ਕਿਸਾਨਾਂ ਨੂੰ ਸਰਕਾਰੀ ਲਾਪਰਵਾਹੀ ਕਾਰਨ ਮੰਡੀਆਂ ਵਿੱਚ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਇੰਸਪੈਕਟਰਾਂ ਦੀ ਹੜਤਾਲ ਕਾਰਨ ਖਰੀਦ ਪ੍ਰਕਿਰਿਆ ਪੂਰੀ ਤਰ੍ਹਾਂ ਰੁਕ ਗਈ ਹੈ, ਜਿਸ ਨਾਲ ਮੰਡੀਆਂ ਵਿੱਚ ਕਣਕ ਦੇ ਢੇਰ ਲੱਗਦੇ ਜਾ ਰਹੇ ਹਨ ਅਤੇ ਕਿਸਾਨ ਬੱਸ ਉਡੀਕ ਕਰਨ ਲਈ ਮਜ਼ਬੂਰ ਹਨ।
“ਮੰਡੀਆਂ ਭਰਦੀਆਂ ਜਾ ਰਹੀਆਂ ਹਨ ਪਰ…”
ਮੰਡੀ ਵਿੱਚ ਮੌਜੂਦ ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ “ਉਹ ਤਿੰਨ ਦਿਨਾਂ ਤੋਂ ਆਪਣੀ ਫਸਲ ਲੈ ਕੇ ਬੈਠੇ ਹਨ ਪਰ ਨਾ ਕੋਈ ਅਧਿਕਾਰੀ ਆ ਰਿਹਾ ਹੈ ਅਤੇ ਨਾ ਹੀ ਕਣਕ ਦੀ ਚੁੱਕਾਈ ਹੋ ਰਹੀ ਹੈ। ਸਰਕਾਰ ਵੱਲੋਂ ਇੱਕ ਤਰੀਖ ਤੋਂ ਖਰੀਦ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਹਕੀਕਤ ਵਿੱਚ ਮੰਡੀਆਂ ਭਰਦੀਆਂ ਜਾ ਰਹੀਆਂ ਹਨ। ਮੀਂਹ ਕਾਰਨ ਦਾਣੇ ਵਿੱਚ ਹਲਕਾ ਸੁੰਗੜਾਪਣ ਆ ਗਿਆ ਹੈ, ਜਿਸ ਵਿੱਚ ਕਿਸਾਨਾਂ ਦੀ ਕੋਈ ਗਲਤੀ ਨਹੀਂ, ਇਸ ਲਈ ਸਰਕਾਰ ਨੂੰ ਸਮਝਦਾਰੀ ਨਾਲ ਹੱਲ ਕੱਢਣਾ ਚਾਹੀਦਾ ਹੈ।”
“ਸਰਕਾਰੀ ਏਜੰਸੀਆਂ ਖਰੀਦ ਤੋਂ ਕਤਰਾ ਰਹੀਆਂ ਹਨ“
ਕਿਸਾਨ ਮਨਜੀਤ ਸਿੰਘ ਨੇ ਕਿਹਾ ਕਿ “ਮੀਂਹ ਕਾਰਨ ਕਣਕ ਦੇ ਦਾਣੇ ਬਰੀਕ ਹੋ ਗਏ ਹਨ, ਜਿਸ ਕਾਰਨ ਸਰਕਾਰੀ ਏਜੰਸੀਆਂ ਖਰੀਦ ਤੋਂ ਕਤਰਾ ਰਹੀਆਂ ਹਨ। ਦੋ ਦਿਨਾਂ ਤੋਂ ਕੋਈ ਖਰੀਦ ਨਹੀਂ ਹੋਈ, ਜਿਸ ਨਾਲ ਕਣਕ ਖੁੱਲ੍ਹੇ ਵਿੱਚ ਪਈ ਨੁਕਸਾਨ ਝੱਲ ਰਹੀ ਹੈ। ਕਬੂਤਰਾਂ ਅਤੇ ਹੋਰ ਕਾਰਨਾਂ ਨਾਲ ਹਰ ਰੋਜ਼ ਨੁਕਸਾਨ ਵਧ ਰਿਹਾ ਹੈ। ਇਸੇ ਦੌਰਾਨ ਕਿਸਾਨ ਲਖਬੀਰ ਸਿੰਘ ਨੇ ਵੀ ਦੋਸ਼ ਲਾਇਆ ਕਿ ਸਰਕਾਰ ਬਹਾਨੇ ਬਣਾ ਕੇ ਖਰੀਦ ਵਿੱਚ ਦੇਰੀ ਕਰ ਰਹੀ ਹੈ। ਮਾਝਾ ਖੇਤਰ ਵਿੱਚ ਕਣਕ ਦੀ ਹਾਲਤ ਕਾਫੀ ਹੱਦ ਤੱਕ ਠੀਕ ਹੈ, ਫਿਰ ਵੀ ਖਰੀਦ ਨਹੀਂ ਕੀਤੀ ਜਾ ਰਹੀ।”
“ਸੰਘਰਸ਼ ਕਰਨ ਲਈ ਕਰ ਰਹੇ ਮਜ਼ਬੂਰ“
ਕਿਸਾਨਾਂ ਨੇ ਕਿਹਾ ਕਿ ਮੰਡੀ ਵਿੱਚ ਬੁਨਿਆਦੀ ਸਹੂਲਤਾਂ ਦੀ ਵੀ ਕਮੀ ਵੇਖਣ ਨੂੰ ਮਿਲੀ, ਇੱਥੇ ਨਾ ਸਫਾਈ ਦੇ ਢੰਗ ਦੇ ਪ੍ਰਬੰਧ ਹਨ ਅਤੇ ਨਾ ਹੀ ਅਵਾਰਾ ਪਸ਼ੂਆਂ ਤੋਂ ਸੁਰੱਖਿਆ, ਜਿਸ ਨਾਲ ਕਣਕ ਦੀ ਗੁਣਵੱਤਾ ਪ੍ਰਭਾਵਿਤ ਹੋ ਰਹੀ ਹੈ। ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਖਰੀਦ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਤਾਂ ਜੋ ਉਹ ਆਪਣੇ ਘਰ ਵਾਪਸ ਜਾ ਕੇ ਅਗਲੀ ਫਸਲ ਦੀ ਤਿਆਰੀ ਕਰ ਸਕਣ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇ ਜਲਦ ਹੱਲ ਨਾ ਨਿਕਲਿਆ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ETVBharat