ਇਟਲੀ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀ ਚੱਲੀ। ਗੁਰਦਾਸਪੁਰ ਨਾਲ ਸਬੰਧਤ ਰਜਿੰਦਰ ਸਿੰਘ ਅਤੇ ਉਸ ਦੇ ਇੱਕ ਸਾਥੀ ਦੀ ਮੌਕੇ ‘ਤੇ ਮੌਤ।
21 ਅਪ੍ਰੈਲ, 2026 – ਗੁਰਦਾਸਪੁਰ : ਇਟਲੀ ਦੇ ਬੇਰਗਾਮੋ ਸੂਬੇ ਦੇ ਕੋਵੋ (Covo) ਵਿੱਚ ਦੋ ਭਾਰਤੀ ਨਾਗਰਿਕਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਵਿਸਾਖੀ ਦੇ ਸਮਾਗਮ ਲਈ ਵਰਤੇ ਜਾ ਰਹੇ ਇੱਕ ਗੋਦਾਮ (ਵੇਅਰਹਾਊਸ) ਵਿੱਚੋਂ ਬਾਹਰ ਆ ਰਹੇ ਸਨ।
‘ਲਾ ਸਿਸੀਲੀਆ’ ਅਖ਼ਬਾਰ ਦੇ ਅਨੁਸਾਰ, ਇਹ ਹਮਲਾ ਸ਼ੁੱਕਰਵਾਰ ਅੱਧੀ ਰਾਤ ਕਸਬੇ ਦੇ ਉਦਯੋਗਿਕ ਖੇਤਰ ਵਿੱਚ ਸਥਿਤ ‘ਗੁਰਦੁਆਰਾ ਮਾਤਾ ਸਾਹਿਬ ਕੌਰ ਜੀ’ ਦੇ ਸਾਹਮਣੇ ਵਾਲੇ ਚੌਕ ਵਿੱਚ ਹੋਇਆ।
ਮ੍ਰਿਤਕਾਂ ਦੀ ਪਛਾਣ 48 ਸਾਲਾ ਰਘੁਵਿੰਦਰ ਸਿੰਘ (ਨਿਵਾਸੀ ਕੋਵੋ) ਅਤੇ 48 ਸਾਲਾ ਗੁਰਮੀਤ ਸਿੰਘ (ਨਿਵਾਸੀ ਅਗਨਾਡੇਲੋ) ਵਜੋਂ ਹੋਈ ਹੈ।
ਅਖ਼ਬਾਰ ਦੀ ਰਿਪੋਰਟ ਮੁਤਾਬਕ ਹਮਲਾਵਰ ਕਥਿਤ ਤੌਰ ‘ਤੇ ਵਿਅਕਤੀਆਂ ਦੇ ਕੋਲ ਆਇਆ, ਗੋਲੀਆਂ ਚਲਾਈਆਂ ਅਤੇ ਫਿਰ ਕਾਰ ਵਿੱਚ ਸਵਾਰ ਹੋ ਕੇ ਫ਼ਰਾਰ ਹੋ ਗਿਆ।
ਰਿਪੋਰਟ ਮੁਤਾਬਕ ਸ਼ੁਰੂਆਤੀ ਪੜਤਾਲ ਤੋਂ ਇਹ ਸਾਫ਼ ਹੋ ਗਿਆ ਹੈ ਕਿ ਇਹ ਕੋਈ ਅਚਾਨਕ ਹੋਈ ਲੜਾਈ ਜਾਂ ਝਗੜੇ ਦਾ ਮਾਮਲਾ ਨਹੀਂ ਸੀ।
ਪੁਲੀਸ ਅਧਿਕਾਰੀ ਇਸ ਘਟਨਾ ਨੂੰ ਯੋਜਨਾਬੱਧ ਤਰੀਕੇ ਨਾਲ ਤਿਆਰ ਕੀਤੀ ਗਈ ਕਤਲ ਦਾ ਵਾਰਦਾਤ ਮੰਨ ਕੇ ਜਾਂਚ ਕਰ ਰਹੇ ਹਨ। ਪੁਲੀਸ ਨੂੰ ਘਟਨਾ ਵਾਲੀ ਵਾਲੀ ਥਾਂ ਤੋਂ ਗੋਲੀਆਂ ਦੇ ਲਗਪਗ 10 ਖ਼ੋਲ ਵੀ ਮਿਲੇ ਹਨ।
ਇੱਕ ਚਸ਼ਮਦੀਦ ਦੇ ਹਵਾਲੇ ਨਾਲ ਪੱਤਰਕਾਰਾਂ ਨੂੰ ਦੱਸਿਆ ਗਿਆ ਕਿ ਗੋਲੀ ਚਲਾਉਣ ਵਾਲਾ ਇੱਕ ਭਾਰਤੀ ਸੀ ਜੋ ਅਕਸਰ ਗੁਰਦੁਆਰਾ ਸਾਹਿਬ ਆਉਂਦਾ ਰਹਿੰਦਾ ਸੀ। ਦੱਸਣਯੋਗ ਹੈ ਕਿ ਸਥਾਨਕ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਨਿੱਚਰਵਾਰ ਨੂੰ ਨੇੜੇ ਹੀ ਵਿਸਾਖੀ ਦਾ ਸਮਾਗਮ ਉਲੀਕਿਆ ਗਿਆ ਸੀ।
ਇਟਲੀ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਜਿਸ ਨਾਲ ਡੇਰਾ ਬਾਬਾ ਨਾਨਕ ਦੇ ਪਿੰਡ ਦਰਗਾਹ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਰਜਿੰਦਰ ਸਿੰਘ ਪਿਛਲੇ 24 ਸਾਲ ਤੋਂ ਇਟਲੀ ਦਾ ਪੱਕਾ ਵਸਨੀਕ ਸੀ ਅਤੇ ਉਸ ਦਾ ਪੂਰਾ ਪਰਿਵਾਰ ਹੀ ਇਟਲੀ ਵਿੱਚ ਰਹਿ ਰਿਹਾ ਹੈ। ਮ੍ਰਿਤਕ ਦੇ ਪਿਤਾ ਅਮਰੀਕ ਸਿੰਘ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਸਾਖੀ ਦੇ ਸਬੰਧ ਵਿੱਚ ਨਗਰ ਕੀਰਤਨ ਨਿਕਲਣਾ ਸੀ, ਜਿਸ ਲਈ ਮੇਰਾ ਮੁੰਡਾ ਪ੍ਰਸ਼ਾਦ ਲੈਕੇ ਗਿਆ ਸੀ ਪਰ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਦੇ ਪ੍ਰਵੇਸ਼ ਦੁਆਰ ਕੋਲ ਉਸ ਨੂੰ ਗੋਲੀ ਮਾਰ ਦਿੱਤੀ ਗਈ। ਦੱਸ ਦੇਈਏ ਕਿ ਇਸ ਘਟਨਾ ਵਿੱਚ ਦੋ ਭਾਰਤੀ ਮੂਲ ਦੇ ਸਿੱਖ ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ, ਰਜਿੰਦਰ ਸਿੰਘ ਰੰਮੀ ਅਤੇ ਗੁਰਮੀਤ ਸਿੰਘ ਵਜੋਂ ਹੋਈ ਹੈ।
ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਕਤਲ
ਮ੍ਰਿਤਕ ਦੇ ਪਿਤਾ ਅਮਰੀਕ ਸਿੰਘ ਨੇ ਦੱਸਿਆ ਕਿ, “ਰਜਿੰਦਰ ਸਿੰਘ ਆਪਣੇ ਪਰਿਵਾਰ ਨਾਲ ਪਿਛਲੇ 24 ਸਾਲ ਤੋਂ ਹੀ ਇਟਲੀ ਰਹਿ ਰਿਹਾ ਸੀ। ਰਜਿੰਦਰ ਸਿੰਘ ਇਟਲੀ ਵਿਖੇ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਵੀ ਰਹਿ ਚੁੱਕਾ ਸੀ ਪਰ ਇਸ ਵਾਰ ਰਜਿੰਦਰ ਨੇ ਪ੍ਰਧਾਨ ਬਣਨ ਤੋਂ ਨਾਂਹ ਕਰ ਦਿੱਤੀ। ਇਸ ਤੋਂ ਬਾਅਦ ਰਜਿੰਦਰ ਸਿੰਘ ਦੇ ਹੀ ਸਾਥੀ ਨੂੰ ਪ੍ਰਧਾਨ ਬਣਾ ਦਿੱਤਾ। ਇਸ ਗੱਲ ਨੂੰ ਲੈ ਕੇ ਦੂਜੀ ਧਿਰ ਵਾਲੇ ਰੰਜਿਸ਼ ਰੱਖਣ ਲੱਗੇ।”
ਉਹ ਅਕਸਰ ਹੀ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਦਾ ਰਹਿੰਦਾ ਸੀ। ਵਿਸਾਖੀ ਵਾਲੇ ਦਿਨ ਰਜਿੰਦਰ ਪ੍ਰਸ਼ਾਦ ਬਣਾ ਕੇ ਗੁਰਦੁਆਰਾ ਸਾਹਿਬ ਲੈ ਕੇ ਗਿਆ। ਜਦੋਂ ਰਜਿੰਦਰ ਸਿੰਘ ਗੁਰਦੁਆਰਾ ਸਾਹਿਬ ਤੋਂ ਬਾਹਰ ਆਉਣ ਲੱਗਾ ਤਾਂ ਉਸ ਉੱਪਰ ਗੋਲੀਆਂ ਚਲਾ ਦਿੱਤੀਆਂ। ਰਜਿੰਦਰ ਸਿੰਘ ਅਤੇ ਉਸ ਦੇ ਇੱਕ ਸਾਥੀ ਨੂੰ ਗੋਲੀ ਵੱਜੀਆਂ ਅਤੇ ਦੋਹਾਂ ਦੀ ਮੌਕੇ ਉੱਤੇ ਮੌਤ ਹੋ ਗਈ। ਇਹ ਸਾਰਾ ਕੁੱਝ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਹੋਇਆ।-ਅਮਰੀਕ ਸਿੰਘ,ਮ੍ਰਿਤਕ ਦਾ ਪਿਤਾ
ਇਟਲੀ ਵਿੱਚ ਹੀ ਹੋਣਗੀਆਂ ਅੰਤਿਮ ਰਸਮਾਂ
ਮ੍ਰਿਤਕ ਰਜਿੰਦਰ ਸਿੰਘ ਦੇ ਪਿਤਾ ਅਮਰੀਕ ਸਿੰਘ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਉਨ੍ਹਾਂ ਨੂੰ ਵੀਜ਼ਾ ਦਿੱਤਾ ਜਾਵੇ ਤਾਂ ਕਿ ਇਹ ਆਪਣੇ ਬੇਟੇ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਿਲ ਹੋ ਸਕਣ। ਉਨ੍ਹਾਂ ਦੱਸਿਆ ਕਿ ਅਮਰੀਕ ਸਿੰਘ ਦੀਆਂ ਅੰਤਿਮ ਰਸਮਾਂ ਉੱਥੇ (ਇਟਲੀ) ਹੀ ਹੋਣਗੀਆਂ।”
ਜ਼ਿਕਰਯੋਗ ਹੈ ਕਿ, (ਪੀਟੀਆਈ ਏਜੰਸੀ) ਲਾ ਸਿਸਿਲੀਆ ਦੀ ਰਿਪੋਰਟਾਂ ਮੁਤਾਬਕ, ਇਹ ਹਮਲਾ ਸ਼ੁੱਕਰਵਾਰ ਨੂੰ ਅੱਧੀ ਰਾਤ ਤੋਂ ਕੁਝ ਮਿੰਟ ਪਹਿਲਾਂ ਸ਼ਹਿਰ ਦੇ ਉਦਯੋਗਿਕ ਖੇਤਰ ਵਿੱਚ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਦੇ ਸਾਹਮਣੇ ਚੌਕ ਵਿੱਚ ਹੋਇਆ। ਇਸ ਘਟਨਾ ਵਿੱਚ ਰਜਿੰਦਰ ਸਿੰਘ ਰੰਮੀ ਅਤੇ ਗੁਰਮੀਤ ਸਿੰਘ ਦੀ ਮੌਕੇ ਉੱਤੇ ਮੌਤ ਹੋ ਗਈ। ਦੋਹਾਂ ਮ੍ਰਿਤਕਾਂ ਦੀ ਉਮਰ 48 ਸਾਲ ਸੀ। ਹਮਲਾਵਾਰ ਫਾਇਰਿੰਗ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ। ਗੋਲੀ ਮਾਰਨ ਵਾਲਾ ਵੀ ਭਾਰਤੀ ਮੂਲ ਤੋਂ ਸੀ, ਜੋ ਅਕਸਰ ਗੁਰਦੁਆਰਾ ਸਾਹਿਬ ਆਉਂਦਾ ਜਾਂਦਾ ਹੈ।
ETV BHARAT