ਕੁਝ ਸ਼ਰਾਰਤੀ ਵਿਅਕਤੀਆਂ ਵੱਲੋਂ ਇਤਿਹਾਸਕ ਬਾਰਾਂਦਰੀ ਦੀਨਾਨਗਰ ਭੰਨ–ਤੋੜ ਕਰਕੇ ਉਸ ਉੱਪਰ ਗੈਰ ਕਾਨੂੰਨੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ।
27 ਅਪ੍ਰੈਲ, 2026 – ਗੁਰਦਾਸਪੁਰ: ਬੀਤੇ ਦਿਨ੍ਹੀਂ ਦੀਨਾਨਗਰ ਸਥਿਤ ਸ਼ੇਰ-ਏ-ਪੰਜਾਬ ਮਹਰਾਜਾ ਰਣਜੀਤ ਸਿੰਘ ਦੀ ਇਤਿਹਾਸਿਕ ਸ਼ਾਹੀ ਬਾਰਾਂਦਰੀ ਦੀ ਭੰਨ-ਤੋੜ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਰਵਾਈ ਨਾ ਕਰਨ ‘ਤੇ ਸੰਗਤਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਰੋਸ ਦੀ ਲਹਿਰ ਹੈ। ਵਿਰਾਸਤੀ ਮੰਚ ਬਟਾਲਾ ਦੇ ਚੇਅਰਮੈਨ ਐਡਵੋਕੇਟ ਐੱਚ.ਐੱਸ. ਮਾਂਗਟ, ਪ੍ਰਧਾਨ ਬਲਦੇਵ ਸਿੰਘ ਰੰਧਾਵਾ, ਜਨਰਲ ਸਕੱਤਰ ਇੰਦਰਜੀਤ ਸਿੰਘ ਹਰਪੁਰਾ ਸਮੇਤ ਮੰਚ ਦੇ ਸਮੂਹ ਅਹੁਦੇਦਾਰਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਕੋਲੋਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਵੱਲੋਂ ਸੁਰੱਖਿਅਤ ਘੋਸ਼ਿਤ ਕੀਤੀ ਗਈ, ਇਸ ਇਮਾਰਤ ਦੀ ਭੰਨ-ਤੋੜ ਕਰਨ ਵਾਲੇ ਵਿਅਕਤੀਆਂ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇ ਅਤੇ ਇਸ ਇਮਾਰਤ ਨੂੰ ਹੋਰ ਨੁਕਸਾਨ ਪਹੁੰਚਾਉਣ ਤੋਂ ਤੁਰੰਤ ਰੋਕਿਆ ਜਾਵੇ।
“ਕੁਝ ਸ਼ਰਾਰਤੀ ਅਨਸਰਾਂ ਨੇ ਕਬਜ਼ਾ ਕਰਨ ਦੀ ਕੀਤੀ ਸੀ ਕੋਸ਼ਿਸ਼“
ਵਿਰਾਸਤੀ ਮੰਚ ਬਟਾਲਾ ਦੇ ਪ੍ਰਧਾਨ ਬਲਦੇਵ ਸਿੰਘ ਨੇ ਦੱਸਿਆ ਕਿ “ਬੀਤੇ ਦਿਨੀਂ ਕੁਝ ਸ਼ਰਾਰਤੀ ਵਿਅਕਤੀਆਂ ਵੱਲੋਂ ਇਤਿਹਾਸਕ ਬਾਰਾਂਦਰੀ ਦੀਨਾਨਗਰ ਭੰਨ–ਤੋੜ ਕਰਕੇ ਉਸ ਉੱਪਰ ਗੈਰ ਕਾਨੂੰਨੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਸਬੰਧੀ ਵਿਰਾਸਤੀ ਮੰਚ ਵੱਲੋਂ ਇੱਕ ਲਿਖਤੀ ਸ਼ਿਕਾਇਤ ਐੱਸ.ਡੀ.ਐੱਮ. ਦੀਨਾਨਗਰ ਨੂੰ ਵੀ ਦਿੱਤੀ ਗਈ ਸੀ ਤਾਂ ਜੋ ਬਾਰਾਂਦਰੀ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬਾਰਾਂਦਰੀ ਦੇ ਬਾਹਰ ਸ਼ਰਾਰਤੀ ਅਨਸਰਾਂ ਵੱਲੋਂ ਰੇਤ ਅਤੇ ਬੱਜਰੀ ਦੇ ਢੇਰ ਵੀ ਲਗਾਏ ਗਏ ਹਨ ਜੋ ਕਿ ਬਾਰਾਂਦਰੀ `ਤੇ ਲੈਂਟਰ ਪਾ ਕੇ ਇਸ ਉੱਪਰ ਕਬਜ਼ਾ ਕਰ ਸਕਣ। ਉਨ੍ਹਾਂ ਕਿਹਾ ਕਿ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਸਥਾਨਿਕ ਪ੍ਰਸ਼ਾਸਨ ਨੇ ਮੁਲਜ਼ਮਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜੋ ਕਿ ਚਿੰਤਾ ਦਾ ਵਿਸ਼ਾ ਹੈ।”
“ਮੁਲਜ਼ਮਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ“
ਵਿਰਾਸਤੀ ਮੰਚ ਦੇ ਅਹੁਦੇਦਾਰਾਂ ਨੇ ਕਿਹਾ ਕਿ “ਇਹ ਇਤਿਹਾਸਕ ਬਾਰਾਂਦਰੀ ਪੰਜਾਬ ਸਰਕਾਰ ਵੱਲੋਂ ਸੁਰੱਖਿਅਤ ਇਮਾਰਤ ਘੋਸ਼ਿਤ ਕੀਤੀ ਗਈ ਹੈ ਅਤੇ ਕੋਈ ਵੀ ਵਿਅਕਤੀ ਇਸ ਸਮਾਰਕ ਉੱਪਰ ਕਬਜ਼ਾ ਨਹੀਂ ਕਰ ਸਕਦਾ ਅਤੇ ਨਾ ਹੀ ਆਪਣੇ ਪੱਧਰ ‘ਤੇ ਇਸ ਉੱਪਰ ਲੈਂਟਰ ਪਾ ਕੇ ਇਸ ਦੀ ਵਿਰਾਸਤੀ ਦਿੱਖ ਨੂੰ ਵਿਗਾੜ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਇਸ ਇਤਿਹਾਸਕ ਇਮਾਰਤ ਉੱਪਰ ਕਬਜ਼ਾ ਕਰਨ ਦੀ ਨੀਅਤ ਨਾਲ ਕੀਤੀ ਜਾ ਰਹੀ ਭੰਨ–ਤੋੜ ਨੂੰ ਤੁਰੰਤ ਰੋਕੇ ਅਤੇ ਮੁਲਜ਼ਮਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਵਿਰਾਸਤੀ ਮੰਚ ਦੇ ਸਮੂਹ ਮੈਂਬਰਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਇਤਿਹਾਸਕ ਬਾਰਾਂਦਰੀ ਦੀ ਸਾਂਭ–ਸੰਭਾਲ ਕੀਤੀ ਜਾਵੇ।”
“ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ ਇਹ ਬਾਰਾਂਦਰੀ“
ਸ਼ਾਹੀ ਬਾਰਾਂਦਰੀ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਵਿਰਾਸਤੀ ਮੰਚ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਇਹ ਬਾਰਾਂਦਰੀ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ ਅਤੇ ਉਹ ਅਕਸਰ ਹੀ ਹਰ ਸਾਲ ਗਰਮੀਆਂ ਦੇ ਮਹੀਨੇ ਦੀਨਾਨਗਰ ਵਿਖੇ ਗੁਜ਼ਾਰਦੇ ਸਨ। ਦੀਨਾਨਗਰ ਵਿਖੇ ਹੀ ਸਰਕਾਰ ਖ਼ਾਲਸਾ ਦੀ ਇੱਕ ਵੱਡੀ ਫ਼ੌਜੀ ਛਾਊਣੀ ਵੀ ਸੀ। ਉਨ੍ਹਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਦੀਨਾਨਗਰ ਵਿਖੇ ਕਈ ਇਤਿਹਾਸਕ ਦਰਬਾਰ ਸਜਾਏ ਗਏ। ਇਸੇ ਕਰਕੇ ਇਸ ਨੂੰ ਸਰਕਾਰ ਖ਼ਾਲਸਾ ਜੀ ਦੀ ਗਰਮੀਆਂ ਦੀ ਰਾਜਧਾਨੀ ਵੀ ਕਿਹਾ ਜਾਂਦਾ ਸੀ।
“ਇਥੇ ਹੀ ਘੜੀ ਗਈ ਸੀ ਕਸ਼ਮੀਰ ਨੂੰ ਫ਼ਤਹਿ ਕਰਨ ਦੀ ਵਿਉਂਤਬੰਦੀ“
ਇੰਦਰਜੀਤ ਸਿੰਘ ਹਰਪੁਰਾ ਨੇ “ਦੱਸਿਆ ਦੀਨਾਨਗਰ ਦੀ ਸ਼ਾਹੀ ਬਾਰਾਂਦਰੀ ਵਿਖੇ ਲਾਹੌਰ ਦਰਬਾਰ, ਅੰਗਰੇਜ਼ ਹਕੂਮਤ ਅਤੇ ਅਫ਼ਗਾਨਿਸਤਾਨ ਦੇ ਬਾਦਸ਼ਾਹ ਸ਼ਾਹ ਸੂਜਾ ਦਰਮਿਆਨ ਤ੍ਰੈ–ਪੱਖੀ ਸੰਧੀ ਹੋਈ ਸੀ। ਇਸ ਤੋਂ ਇਲਾਵਾ ਕਸ਼ਮੀਰ ਨੂੰ ਫ਼ਤਹਿ ਕਰਨ ਦੀ ਵਿਉਂਤਬੰਦੀ ਵੀ ਇਥੇ ਹੀ ਘੜੀ ਗਈ ਸੀ। ਉਨ੍ਹਾਂ ਦੱਸਿਆ ਕਿ ਅੰਗਰੇਜ਼ ਲਿਖਾਰੀ ਵਿਲੀਅਮ ਜੀ. ਆਸਬਰਨ ਦੀ ਕਿਤਾਬ ‘ਮਹਾਰਾਜਾ ਰਣਜੀਤ ਸਿੰਘ ਕੋਰਟ ਐਂਡ ਕੈਂਪਸ’ ਵਿੱਚ ਦੀਨਾਨਗਰ ਦੇ ਸ਼ਾਹੀ ਦਰਬਾਰ ਦੀ ਸ਼ਾਨ ਦਾ ਬਾਖੂਬੀ ਵਰਨਣ ਕੀਤਾ ਗਿਆ ਹੈ।”
“2010 ਵਿੱਚ ਇਸ ਇਤਿਹਾਸਕ ਬਾਰਾਂਦਰੀ ਨੂੰ ਸੁਰੱਖਿਆ ਇਮਾਰਤ ਦਾ ਮਿਲਿਆ ਸੀ ਦਰਜਾ“
ਇੰਦਰਜੀਤ ਸਿੰਘ ਹਰਪੁਰਾ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਲ 2010 ਵਿੱਚ ਇਸ ਇਤਿਹਾਸਕ ਬਾਰਾਂਦਰੀ ਨੂੰ ਸੁਰੱਖਿਆ ਇਮਾਰਤ ਦਾ ਦਰਜਾ ਦਿੱਤਾ ਸੀ ਅਤੇ ਸਰਕਾਰ ਵੱਲੋਂ 1.60 ਕਰੋੜ ਰੁਪਏ ਦਾ ਟੈਂਡਰ ਵੀ ਬਾਰਾਂਦਰੀ ਦੀ ਮੁਰੰਮਤ ਲਈ ਲਗਾਇਆ ਗਿਆ ਹੈ, ਪਰ ਕੰਮ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਵਿਰਾਸਤੀ ਇਮਾਰਤ ਦੀ ਸੰਭਾਲ ਵੱਲ ਧਿਆਨ ਦਿੱਤਾ ਜਾਵੇ।
ETV BHARAT