ਪੰਜਾਬ ਵਿੱਚ ਲੱਗ ਰਹੇ ਬਿਜਲੀ ਕੱਟਾਂ ਤੋਂ ਲੋਕ ਪਰੇਸ਼ਾਨ ਹਨ ਅਤੇ ਸਰਕਾਰ ਤੋਂ ਇਸ ਦੇ ਹੱਲ ਦੀ ਮੰਗ ਕੀਤੀ ਹੈ।
27 ਅਪ੍ਰੈਲ, 2026 – ਮੋਗਾ : ਪੰਜਾਬ ਵਿੱਚ ਗਰਮੀ ਦੀ ਸ਼ੁਰੂਆਤ ਨਾਲ ਹੀ ਬਿਜਲੀ ਕੱਟਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਤਾਪਮਾਨ ਵਿੱਚ ਲਗਾਤਾਰ ਵਾਧੇ ਨਾਲ ਘਰਾਂ ਵਿੱਚ ਏ.ਸੀ., ਕੂਲਰ ਅਤੇ ਪੱਖਿਆਂ ਦੀ ਵਰਤੋਂ ਵਧ ਗਈ ਹੈ ਪਰ ਬਿਜਲੀ ਨਾ ਹੋਣ ਕਾਰਨ ਲੋਕ ਗਰਮੀ ਤੋਂ ਬੇਹਾਲ ਹੋ ਗਏ ਹਨ। ਅਜਿਹਾ ਹੀ ਹਾਲ ਮੋਗਾ ਦੇ ਲੋਕਾਂ ਦਾ ਵੀ ਹੋ ਰਿਹਾ ਹੈ, ਜਿਨ੍ਹਾਂ ਨੂੰ ਲਗਾਤਾਰ ਲੱਗ ਰਹੇ ਬਿਜਲੀ ਦੇ ਕੱਟਾਂ ਦੀ ਸਮੱਸਿਆ ਨਾਲ ਜੁਝਨਾ ਪੈ ਰਿਹਾ ਹੈ। ਲੋਕਾਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਇਸ ਦਾ ਹੱਲ ਕੀਤਾ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਕਈ–ਕਈ ਘੰਟੇ ਦੇ ਲੱਗਦੇ ਹਨ ਕੱਟ
ਲੋਕਾਂ ਨੇ ਕਿਹਾ ਕਿ ‘ਕਈ–ਕਈ ਘੰਟਿਆਂ ਦੇ ਲੱਗ ਰਹੇ ਬਿਜਲੀ ਕੱਟਾਂ ਦਾ ਅਸਰ ਬੱਚਿਆਂ ਉੱਤੇ ਵੀ ਪੈ ਰਿਹਾ ਹੈ। ਬੱਚੇ ਰਾਤ ਨੂੰ ਗਰਮੀ ਕਾਰਨ ਸੌਂ ਨਹੀਂ ਸਕਦੇ। ਜਿਸ ਕਾਰਨ ਸਵੇਰੇ ਸਕੂਲ ਜਾਣ ਵਿੱਚ ਉਨ੍ਹਾਂ ਨੂੰ ਦਿੱਕਤ ਆ ਰਹੀ ਹੈ। ਇਸ ਨਾਲ ਉਨ੍ਹਾਂ ਦੀ ਪੜ੍ਹਾਈ ਅਤੇ ਸਿਹਤ ਦੋਵੇਂ ਪ੍ਰਭਾਵਿਤ ਹੋ ਰਹੀਆਂ ਹਨ।‘
ਲੋਕਾਂ ਵਿੱਚ ਰੋਸ
ਵਾਰਡ ਨੰਬਰ 2 ਸਥਿਤ ਐੱਮਪੀ ਬਸਤੀ ‘ਚ ਬਿਜਲੀ ਦੇ ਲਗਾਤਾਰ ਕੱਟਾਂ ਕਾਰਨ ਲੋਕਾਂ ਵਿੱਚ ਰੋਸ ਵੱਧਦਾ ਜਾ ਰਿਹਾ ਹੈ। ਸਥਾਨਕ ਵਸਨੀਕਾਂ ਨੇ ਦੱਸਿਆ ਕਿ ‘ਕਈ–ਕਈ ਘੰਟਿਆਂ ਤੱਕ ਬਿਜਲੀ ਨਹੀਂ ਆਉਂਦੀ ਹੈ, ਜਿਸ ਕਾਰਨ ਸਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਠੰਡਾ ਪੀਣ ਨੂੰ ਨਹੀਂ ਮਿਲ ਰਿਹਾ ਹੈ।‘
ਹਾਈਵੋਲਟੇਜ ਨਾਲ ਹੋਇਆ ਬਲਾਸਟ
ਇੱਕ ਪਾਸੇ ਲੋਕ ਬਿਜਲੀ ਕਟੌਤੀ ਨਾਲ ਜੁਝ ਰਹੇ ਹਨ ਤਾਂ ਉਥੇ ਹੀ ਦੂਜੇ ਪਾਸੇ ਵਾਰਡ ਨੰਬਰ 7 ਵਿੱਚ ਇੱਕ ਖਤਰਨਾਕ ਹਾਦਸੇ ਨੇ ਇਲਾਕੇ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ। ਇੱਕ ਰਿਹਾਇਸ਼ੀ ਮਕਾਨ ਦੇ ਉੱਪਰੋਂ ਲੰਘ ਰਹੀਆਂ 132 ਕੇਵੀ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਵਿੱਚ ਅਚਾਨਕ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਲੋਕ ਘਬਰਾਹਟ ਵਿੱਚ ਆਪਣੇ ਘਰਾਂ ਤੋਂ ਬਾਹਰ ਦੌੜ ਪਏ। ਧਮਾਕੇ ਦੇ ਪ੍ਰਭਾਵ ਕਾਰਨ ਨੇੜਲੇ ਘਰਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਕਈ ਮਕਾਨਾਂ ਦੀਆਂ ਕੰਧਾਂ ‘ਚ ਦਰਾਰਾਂ ਪੈ ਗਈਆਂ ਅਤੇ ਛੱਤਾਂ ਨੂੰ ਵੀ ਨੁਕਸਾਨ ਹੋਇਆ।”
ETV BHARAT