ਕੈਨੇਡਾ ਪੁਲਿਸ ‘ਚ ਪੀਸ ਅਫ਼ਸਰ ਵਜੋਂ ਹੋਈ ਨਿਯੁਕਤੀ
ਮੋਗਾ ਦੇ ਪਿੰਡ ਮੱਲਕੇ ਦੀ ਜਸਦੀਪ ਕੌਰ ਬਰਾੜ ਦੀ ਕੈਨੇਡੀਅਨ ਪੁਲਿਸ ਵਿੱਚ ਪੀਸ ਅਫ਼ਸਰ ਵਜੋਂ ਨਿਯੁਕਤੀ ਹੋਈ ਹੈ।
06 ਮਈ, 2026 – ਮੋਗਾ: ਮੋਗਾ ਦੇ ਪਿੰਡ ਮੱਲਕੇ ਦੀ ਜਸਦੀਪ ਕੌਰ ਬਰਾੜ ਦੀ ਕੈਨੇਡੀਅਨ ਪੁਲਿਸ ਵਿੱਚ ਪੀਸ ਅਫ਼ਸਰ ਵਜੋਂ ਨਿਯੁਕਤੀ ਹੋਈ ਹੈ। ਉਹ ਮੌਜੂਦਾ ਸਰਪੰਚ ਰਾਜਾ ਮੱਲਕੇ ਦੀ ਧੀ ਹੈ। ਇਸ ਪ੍ਰਾਪਤੀ ਨਾਲ ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਜਿਵੇਂ ਹੀ ਜਸਦੀਪ ਕੌਰ ਦੀ ਸਫਲਤਾ ਦੀ ਖ਼ਬਰ ਫੈਲੀ ਤਾਂ ਪਿੰਡ ਅਤੇ ਨੇੜਲੇ ਇਲਾਕਿਆਂ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ। ਸਰਪੰਚ ਰਾਜਾ ਮੱਲਕੇ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।
ਜਸਦੀਪ ਕੌਰ ਬਰਾੜ ਨੇ ਕੈਨੇਡਾ ਪੁਲਿਸ ਵਿੱਚ ‘ਪੀਸ ਆਫੀਸਰ’ ਵਜੋਂ ਨਿਯੁਕਤ ਹੋ ਕੇ ਆਪਣੇ ਪਿੰਡ ਇਲਾਕੇ ਅਤੇ ਪੂਰੇ ਪੰਜਾਬ ਦਾ ਸਿਰ ਫ਼ਖ਼ਰ ਨਾਲ ਉੱਚਾ ਕਰ ਦਿੱਤਾ ਹੈ। ਰਿਸ਼ਤੇਦਾਰ, ਪਿੰਡ ਵਾਸੀ ਅਤੇ ਰਾਜਨੀਤਿਕ ਆਗੂ ਉਸ ਦੇ ਘਰ ਪਹੁੰਚ ਕੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ। ਜਸਦੀਪ ਕੌਰ ਬਰਾੜ ਦੀ ਪ੍ਰਾਪਤੀ ਉਸ ਦੀ ਮਿਹਨਤ ਅਤੇ ਦ੍ਰਿੜ ਇਰਾਦੇ ਦਾ ਨਤੀਜਾ ਹੈ।
ਜਸਦੀਪ ਦੀ ਅਣਥੱਕ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦਾ ਨਤੀਜਾ
ਜਸਦੀਪ ਸਿੰਘ ਦੇ ਪਿਤਾ ਨੇ ਕਿਹਾ ਕਿ “ਉਨ੍ਹਾਂ ਦੀ ਧੀ ਨੇ ਆਪਣੀ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਜਸਦੀਪ ਦੀ ਸਫਲਤਾ ਨੌਜਵਾਨਾਂ, ਖਾਸ ਕਰਕੇ ਕੁੜੀਆਂ ਲਈ ਪ੍ਰੇਰਨਾਦਾਇਕ ਹੈ। ਉਸ ਨੇ ਸਾਬਤ ਕਰ ਦਿੱਤਾ ਹੈ ਕਿ ਮਜ਼ਬੂਤ ਇੱਛਾ ਸ਼ਕਤੀ ਨਾਲ ਕੋਈ ਵੀ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰਿਵਾਰਕ ਸਮਰਥਨ ਅਤੇ ਕਦਰਾਂ–ਕੀਮਤਾਂ ਨੇ ਵੀ ਉਸਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਕ ਸਧਾਰਨ ਪਰਿਵਾਰ ਵਿੱਚੋਂ ਉੱਠ ਕੇ ਉਸਨੇ ਅੱਜ ਇਹ ਮੁਕਾਮ ਹਾਸਲ ਕੀਤਾ ਹੈ ਅਤੇ ਪਿੰਡ ਦੇ ਨਾਲ–ਨਾਲ ਪੰਜਾਬ ਦਾ ਵੀ ਨਾਮ ਰੌਸ਼ਨ ਕੀਤਾ ਹੈ। ਜਸਦੀਪ ਕੌਰ ਨੇ ਪੰਜਾਬ ਵਿੱਚ ਸਿਰਫ ਤੀਜੀ ਜਮਾਤ ਤੱਕ ਹੀ ਪੜਾਈ ਕੀਤੀ, ਉਸ ਤੋਂ ਬਾਅਦ ਉਸ ਦੇ ਮਾਮਾ ਨੇ ਸਾਰੇ ਪਰਿਵਾਰ ਨੂੰ ਵਿਦੇਸ਼ ਬੁਲਾ ਲਿਆ ਸੀ, ਜਿੱਥੇ ਉਸਨੇ ਬੀਏ ਤੱਕ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਪੁਲਿਸ ਵਿੱਚ ਜਾਣ ਲਈ ਇਕ ਸਾਲ ਦਾ ਕੋਰਸ ਕੀਤਾ ਸੀ। “
“ਮੈਂ ਉਸਨੂੰ ਨਰਸਿੰਗ ਲਾਇਨ ਵਿੱਚ ਭੇਜਣਾ ਚਾਹੁੰਦਾ ਸੀ ਕਿਉਂਕਿ ਬਾਹਰ ਨਰਸਿੰਗ ਕਰਕੇ ਕੁੜੀਆਂ ਨੂੰ ਜਲਦੀ ਨੌਕਰੀ ਮਿਲ ਜਾਂਦੀ ਹੈ, ਪਰ ਜਸਦੀਪ ਨੇ ਪਹਿਲਾਂ ਤੋਂ ਹੀ ਸੋਚਿਆ ਹੋਇਆ ਸੀ ਕਿ ਉਸਨੇ ਪੁਲਿਸ ਜਾਂ ਫਿਰ ਸਪੋਰਸਟ ਲਾਇਨ ਵਿੱਚ ਜਾਣਾ ਹੈ।”- ਰਾਜਾ ਮੱਲੇਕੇ, ਜਸਦੀਪ ਦੇ ਪਿਤਾ
ਮਾਂ ਦਾ ਬਿਆਨ
“ਅਸੀਂ ਆਪਣੀ ਧੀ ਨੂੰ ਹਮੇਸ਼ਾ ਮੁੰਡਿਆਂ ਦੀ ਤਰ੍ਹਾਂ ਹੀ ਰੱਖਿਆ, ਸਭ ਤੋਂ ਪਹਿਲਾਂ ਉਸਦੀ ਨੌਕਰੀ ਦਾ ਮੈਨੂੰ ਹੀ ਪਤਾ ਲੱਗਿਆ, ਮੈਨੂੰ ਜਸਦੀਪ ਦਾ ਫੋਨ ਆਇਆ ਅਤੇ ਉਸਨੇ ਦੱਸਿਆ ਕਿ ਮੰਮੀ ਮੈਨੂੰ ਨੌਕਰੀ ਮਿਲ ਗਈ ਹੈ। ਮੈਂ ਦੱਸ ਨਹੀਂ ਸਕਦੀ ਕਿ ਮੈਨੂੰ ਮੇਰੀ ਧੀ ਨੇ ਕਿੰਨੀ ਵੱਡੀ ਖੁਸ਼ੀ ਦਿੱਤੀ ਹੈ।”– ਜਸਦੀਪ ਕੌਰ ਦੀ ਮਾਂ
“ਮੈਨੂੰ ਆਪਣੀ ਧੀ ‘ਤੇ ਮਾਣ“
ਸਰਪੰਚ ਰਾਜਾ ਮੱਲਕੇ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ 2023 ਤੋਂ ਲੈ ਕੇ ਹੁਣ ਤੱਕ ਬਹੁਤ ਮਿਹਨਤ ਕੀਤੀ ਪਰ ਉਸਦੀ ਮਿਹਨਤ ਰੰਗ ਲਿਆਈ ਅਤੇ ਉਸਨੇ ਆਪਣਾ ਸੁਫ਼ਨਾ ਪੂਰਾ ਕਰ ਦਿਖਾਇਆ। ਉਨ੍ਹਾਂ ਨੇ ਆਪਣੀ ਧੀ ਦੀ ਪ੍ਰਾਪਤੀ ‘ਤੇ ਮਾਣ ਪ੍ਰਗਟ ਕੀਤਾ। ਵਿਦੇਸ਼ੀ ਧਰਤੀ ‘ਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਵਾਲੀ ਫੋਰਸ ਦਾ ਹਿੱਸਾ ਬਣਨਾ ਉਹਨਾਂ ਦੇ ਪਰਿਵਾਰ ਲਈ ਬਹੁਤ ਮਾਣ ਵਾਲੀ ਗੱਲ ਹੈ।
ETV BHARAT