ਸਫਾਈ ਸੇਵਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਫਿਰੋਜ਼ਪੁਰ ਦੇ ਮੇਨ ਚੌਂਕ ਵਿੱਚ ਕੂੜਾ ਸੁੱਟ ਕੇ ਪ੍ਰਦਰਸ਼ਨ ਕੀਤਾ ਗਿਆ।
ਫਿਰੋਜ਼ਪੁਰ: ਸਫਾਈ ਸੇਵਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਫਿਰੋਜ਼ਪੁਰ ਦੇ ਮੇਨ ਚੌਂਕ ਵਿੱਚ ਕੂੜਾ ਸੁੱਟ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਆਗੂਆਂ ਅਤੇ ਸਫਾਈ ਕਰਮਚਾਰੀਆਂ ਨੇ ਕੱਚੇ ਕਾਮਿਆਂ ਨੂੰ ਪੱਕਾ ਕਰਨ, ਬਕਾਇਆ ਤਨਖਾਹ ਅਤੇ ਹੋਰ ਭੱਤਿਆਂ ਦੀ ਰਕਮ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਚੌਂਕ ਵਿੱਚ ਕੂੜਾ ਸੁੱਟ ਕੇ ਕੀਤਾ ਰੋਸ ਪ੍ਰਦਰਸ਼ਨ
ਸਫਾਈ ਸੇਵਕ ਕਰਮਚਾਰੀ ਰਣਜੀਤ ਸੰਧੂ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਧਰਨਾ ਪ੍ਰਦਰਸ਼ਨ ਕਰਦਿਆਂ ਨੂੰ ਹਫਤੇ ਤੋਂ ਜਿਆਦਾ ਹੋ ਗਏ ਹਨ। ਇਹ ਧਰਨੇ ਪਹਿਲਾਂ ਤੋਂ ਹੀ ਲੱਗਦੇ ਆ ਰਹੇ ਹਨ। ਹਰ ਵਾਰ ਸਫਾਈ ਸੇਵਕਾਂ ਨੂੰ ਸਰਕਾਰ ਵੱਲੋਂ ਅਣਦੇਖਾ ਕੀਤਾ ਗਿਆ। ਅੱਜ ਸਾਨੂੰ ਮਜ਼ਬੂਰਨ ਚੌਂਕ ਵਿੱਚ ਕੂੜਾ ਸੁੱਟ ਕੇ ਰੋਸ ਪ੍ਰਦਰਸ਼ਨ ਕਰਨਾ ਪਿਆ।
“ਸਾਡੀਆਂ ਮੰਗਾਂ ਬਿੱਲਕੁਲ ਜਾਇਜ਼“
ਉਨ੍ਹਾਂ ਨੇ ਕਿਹਾ ਕਿ “ਸਾਡੀਆਂ ਮੰਗਾਂ ਬਿਲਕੁਲ ਜਾਇਜ਼ ਹਨ, ਕੋਈ ਵੀ ਨਜਾਇਜ਼ ਮੰਗ ਨਹੀਂ ਹੈ। ਸਾਡੀ ਸਿਰਫ ਇਹੀ ਮੰਗ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਜੇਕਰ ਬਰਾਬਰ ਕੰਮ ਕਰਵਾਉਣਾ ਹੈ ਤਾਂ ਬਰਾਬਰ ਹੀ ਤਨਖਾਹ ਦਿੱਤਾ ਜਾਵੇ। ਸਮੇਂ ਸਿਰ ਤਨਖਾਹ ਦਿੱਤੀ ਜਾਵੇ ਅਤੇ ਈਪੀਐਫ ਫੰਡ ਵੀ ਸਮੇਂ ਸਿਰ ਜਮਾਂ ਕਰਵਾਇਆ ਜਾਵੇ। ਇਸ ਤੋਂ ਪਹਿਲਾਂ ਹਾਲੇ ਤੱਕ ਕੋਈ ਵੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਅੱਜ ਸਿਰਫ ਐਸਡੀਐਮ ਆਇਆ ਸੀ। ਉਹ ਵੀ ਇਸ ਕਰਕੇ ਆਏ ਸਨ ਕਿਉਂਕਿ ਅਸੀਂ ਉਦਮ ਸਿੰਘ ਚੌੇਕ ਵਿੱਚ ਕੂੜੇ ਦੇ ਢੇਰ ਲਗਾਏ ਹੋਏ ਸਨ। ਜਿਨ੍ਹਾਂ ਸਿਰਫ ਇਹੀ ਭਰੋਸਾ ਦਵਾਇਆ ਹੈ ਕਿ ਤੁਹਾਡੀ ਮੰਗ ਸਰਕਾਰ ਤੱਕ ਜਰੂਰ ਰੱਖਾਂਗੇ।”
ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਕਈ ਵਾਰ ਮੰਗਾਂ ਚੁੱਕਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਕੋਈ ਢੁੱਕਵਾਂ ਹੱਲ ਨਹੀਂ ਕੀਤਾ ਗਿਆ। ਜਿਸ ਕਾਰਨ ਉਨ੍ਹਾਂ ਨੂੰ ਸੜਕਾਂ ‘ਤੇ ਉਤਰ ਕੇ ਰੋਸ ਪ੍ਰਗਟ ਕਰਨਾ ਪਿਆ। ਯੂਨੀਅਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ
ਦੱਸ ਦੇਈਏ ਕਿ ਸ਼ਹਿਰ ਵਿੱਚ ਫੈਲੀ ਗੰਦਗੀ ਕਾਰਨ ਬਦਬੂ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਵੱਧ ਗਿਆ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਮਸਲੇ ਦਾ ਹੱਲ ਕੱਢ ਕੇ ਸ਼ਹਿਰ ਦੀ ਸਫਾਈ ਯਕੀਨੀ ਬਣਾਈ ਜਾਵੇ। ਇਸ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੂੜੇ ਦੇ ਢੇਰ ਲੱਗੇ ਰਹੇ ਅਤੇ ਕਈ ਦਿਨਾਂ ਤੋਂ ਸਫਾਈ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ETV BHARAT