ਯੂਨੀਅਨ ਆਗੂਆਂ ਨੇ ਪਾਰਦਰਸ਼ੀ ਜਾਂਚ ਮੰਗੀ; ਰੂਟਾਂ ’ਤੇ ਨਾ ਜਾਣ ਕਾਰਨ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਚਾਂਦੀ
13 ਮਈ, 2026 – ਪੱਟੀ : ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਅਤੇ ਪੰਜਾਬ ਰੋਡਵੇਜ ਪਨਬਸ ਪੀ.ਆਰ. ਟੀ .ਸੀ ਕੰਟਰੈਕਟ ਵਰਕਰ ਯੂਨੀਅਨ 25/11 ਜਥੇਬੰਦੀਆਂ ਦੀ ਸਾਂਝੀ ਮੀਟਿੰਗ ਨੂੰ ਸੂਬਾ ਪ੍ਰਧਾਨ ਦੀਦਾਰ ਸਿੰਘ ਸਰਾਲੀ ਮੰਡ ਅਤੇ ਪਨਬਸ ਯੂਨੀਅਨ ਦੇ ਸੈਂਟਰ ਬਾਡੀ ਆਗੂ ਸਤਨਾਮ ਸਿੰਘ ਕੈਰੋਂ, ਡਿਪੂ ਦੇ ਪ੍ਰਧਾਨ ਵਜ਼ੀਰ ਸਿੰਘ ਜੌਣੇਕੇ ਦੀ ਪ੍ਰਧਾਨਗੀ ਹੇਠ ਡਿਪੂ ਪੱਟੀ ਅੰਦਰ ਮੀਟਿੰਗ ਹੋਈ। ਮੀਟਿੰਗ ਵਿਚ ਆਗੂਆਂ ਨੇ ਕਿਹਾ ਕਿ ਪੱਟੀ ਡਿਪੂ ਅੰਦਰ ਸਪੇਅਰ ਪਾਰਟ ਸਾਮਾਨ , ਬੈਟਰੀਆਂ, ਟਾਇਰਾਂ, ਕਲੱਚ ਪਲੇਟਾਂ ਦੀ ਘਾਟ ਕਾਰਨ ਪੰਦਰਾਂ ਤੋਂ ਵੀਹ ਬੱਸਾਂ ਰੋਜ਼ਾਨਾ ਵਰਕਸ਼ਾਪ ਵਿੱਚ ਖੜ੍ਹੀਆਂ ਹਨ ਜਿਸ ਦੀ ਪੰਜਾਬ ਰੋਡਵੇਜ਼ ਅਧਿਕਾਰੀਆਂ ਨੂੰ ਕੋਈ ਚਿੰਤਾ ਨਹੀਂ। ਬੱਸਾਂ ਦੇ ਰੂਟ ਬੰਦ ਰਹਿਣ ਕਾਰਨ ਟਰਾਂਸਪੋਰਟ ਮਹਿਕਮੇ ਨੂੰ ਆਰਥਿਕ ਘਾਟਾ ਪੈ ਰਿਹਾ ਹੈ ਅਤੇ ਫਰੀ ਬੱਸ ਸਫ਼ਰ ਸਹੂਲਤ ਤੋਂ ਵਾਂਝਾ ਰਹਿਣ ਕਾਰਨ ਲੋਕ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ।
ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਅਤੇ ਸਪੇਅਰ ਪਾਰਟ ਦੀ ਘਾਟ ਕਾਰਨ ਰੋਜ਼ਾਨਾ ਪੰਦਰਾਂ ਤੋਂ ਵੀਹ ਬੱਸਾਂ ਰੂਟਾਂ ਉੱਪਰ ਨਾ ਚੱਲਣ ਕਾਰਨ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਚਾਂਦੀ ਹੋ ਰਹੀ ਹੈ।
ਆਗੂਆਂ ਨੇ ਦੱਸਿਆ ਕਿ ਪੱਟੀ ਡਿਪੂ ਹੋਰਨਾਂ ਡਿਪੂਆਂ ਤੋਂ ਸਪੇਅਰ ਪਾਰਟ ਸਮਾਨ ਲੈ ਕੇ ਵਰਤਦਾ ਹੈ। ਆਗੂਆਂ ਨੇ ਸਰਕਾਰ ਤੇ ਸਵਾਲ ਕਰਦਿਆਂ ਪੁੱਛਿਆ ਕਿ ਪੱਟੀ ਡਿਪੂ ਦਾ ਸਪੇਅਰ ਪਾਰਟ ਕਿੱਥੇ ਜਾਂਦਾ ਹੈ। ਆਗੂਆਂ ਕਿਹਾ ਕਿ ਨਵੀਆਂ ਬੱਸਾਂ ਵਿੱਚੋਂ ਇੱਕ ਬਸ ਨੰਬਰ 9432 ਜੋ ਸਲੈਸਰ ਅਤੇ ਮਿਕਸਿੰਗ ਆਦਿ ਨੁਕਸ ਕਾਰਨ 15-9-25 ਨੂੰ ਟਾਟਾ ਏਜੰਸੀ ਜ਼ੀਰਾ ਭੇਜੀ ਗਈ ਜੋ ਸੱਤ ਮਹੀਨੇ ਬੀਤ ਜਾਣ ਉਪਰੰਤ ਪੱਟੀ ਡਿਪੂ ਅੰਦਰ ਵਾਪਸ ਨਹੀਂ ਆਈ। ਆਗੂਆਂ ਨੇ ਮੀਟਿੰਗ ਵਿੱਚ ਮੰਗ ਕੀਤੀ ਇਸ ਸਪੇਅਰ ਪਾਰਟ ਦਾ ਪ੍ਰਬੰਧ ਕਰਕੇ ਬੰਦ ਪਈਆਂ ਬੱਸਾਂ ਰੂਟਾਂ ਉੱਪਰ ਚਲਾਈਆਂ ਜਾਣ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੈਨੇਜਮੈਂਟ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਡਿਪੂ ਦੇ ਜਨਰਲ ਸਕੱਤਰ ਜਰਨੈਲ ਸਿੰਘ, ਸੀ: ਮੀ:ਪ੍ਰਧਾਨ ਬਲਵਿੰਦਰ ਸਿੰਘ, ਵਿੱਤ ਸਕੱਤਰ ਗੁਰਭੇਜ ਸਿੰਘ ਅਤੇ ਪਨਬਸ ਯੂਨੀਅਨ ਡਿਪੂ ਪੱਟੀ ਦੇ ਪ੍ਰਧਾਨ ਵਜ਼ੀਰ ਸਿੰਘ ਜੌਣੇਕੇ, ਜਨਰਲ ਸਕੱਤਰ ਗੁਰਵਿੰਦਰ ਸਿੰਘ ਦੁੱਬਲੀ, ਮਾਨਸਿਕੰਦਰ ਸਿੰਘ, ਸੀ ਮੀਤ ਪ੍ਰਧਾਨ ਸਤਨਾਮ ਸਿੰਘ ਜੌਣੇਕੇ ਸੁਖਦੇਵ ਸਿੰਘ, ਦਵਿੰਦਰ ਸਿੰਘ ਬੁਰਜ, ਬਚਿੱਤਰ ਸਿੰਘ, ਰਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਆਦਿ ਆਗੂ ਹਾਜ਼ਰ ਸਨ।
ਪੰਜਾਬੀ ਟ੍ਰਿਬਯੂਨ