ਇੱਕ ਡੂੰਘਾ ਸਮਾਜਿਕ ਅਤੇ ਪ੍ਰਸ਼ਾਸਨਿਕ ਸੰਕਟ, ਪੜ੍ਹੋ ਖ਼ਾਸ ਰਿਪੋਰਟ
ਵਿਦੇਸ਼ੀ ਧਰਤੀ ਉੱਤੇ ਹੋ ਰਹੀਆਂ ਪੁਲਿਸ ਕਾਰਵਾਈਆਂ ਨੇ ਪੰਜਾਬ ਬੈਠੇ ਮਾਪਿਆਂ ਦੇ ਸਾਹ ਸੂਤ ਰੱਖੇ ਹਨ। ਪੰਜਾਬ ਬਿਊਰੋ ਚੀਫ ਬਲਵਿੰਦਰ ਸਿੰਘ ਦੀ ਖ਼ਾਸ ਰਿਪੋਰਟ…
16 ਮਈ, 2026 – ਚੰਡੀਗੜ੍ਹ: ਕੈਨੇਡਾ ਦੇ ਵੱਖ-ਵੱਖ ਸੂਬਿਆਂ, ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿੱਚ ਪਿਛਲੇ ਕੁਝ ਸਮੇਂ ਤੋਂ ਫਿਰੌਤੀ ਅਤੇ ਟਾਰਗੇਟ ਫਾਇਰਿੰਗ ਦੇ ਮਾਮਲਿਆਂ ਵਿੱਚ ਅਚਾਨਕ ਵੱਡਾ ਉਛਾਲ ਵੇਖਿਆ ਗਿਆ ਹੈ। ਇਹਨਾਂ ਘਟਨਾਵਾਂ ਦੀ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਹਨਾਂ ਵਿੱਚ ਪੰਜਾਬੀ ਮੂਲ ਦੇ ਘੱਟ ਉਮਰ ਦੇ ਨੌਜਵਾਨਾਂ, ਜਿਹਨਾਂ ਵਿੱਚੋਂ ਬਹੁਤੇ ਅੰਤਰਰਾਸ਼ਟਰੀ ਵਿਦਿਆਰਥੀ ਜਾਂ ਨਵੇਂ ਆਏ ਪ੍ਰਵਾਸੀ ਹਨ, ਦੀ ਸ਼ਮੂਲੀਅਤ ਲਗਾਤਾਰ ਸਾਹਮਣੇ ਆ ਰਹੀ ਹੈ। ਪੁਲਿਸ ਰਿਪੋਰਟਾਂ ਅਤੇ ਅਦਾਲਤੀ ਦਸਤਾਵੇਜ਼ਾਂ ਦੇ ਅਧਾਰ ‘ਤੇ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਨੌਜਵਾਨ ਵਿਦੇਸ਼ਾਂ ਵਿੱਚ ਬੈਠੇ ਅਪਰਾਧਕ ਨੈਟਵਰਕਾਂ ਲਈ ਕੈਨੇਡੀਅਨ ਧਰਤੀ ‘ਤੇ ‘ਫੁੱਟ-ਸੋਲਜਰਜ਼’ (Foot Soldiers) ਵਜੋਂ ਕੰਮ ਕਰ ਰਹੇ ਹਨ। ਸਰੀ ਪੁਲਿਸ ਸਰਵਿਸ, ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਅਤੇ ਕੈਲਗਰੀ ਪੁਲਿਸ ਸਰਵਿਸ ਵੱਲੋਂ ਜਾਰੀ ਕੀਤੇ ਗਏ ਹਾਲੀਆ ਅੰਕੜੇ ਅਤੇ ‘ਵਾਂਟੇਡ’ ਪੋਸਟਰ ਇਸ ਗੱਲ ਦਾ ਪੁਖ਼ਤਾ ਸਬੂਤ ਹਨ ਕਿ ਇਹ ਸਮੱਸਿਆ ਹੁਣ ਸਿਰਫ਼ ਸਥਾਨਕ ਕਾਨੂੰਨ ਵਿਵਸਥਾ ਦਾ ਮੁੱਦਾ ਨਹੀਂ ਰਹੀ, ਬਲਕਿ ਇੱਕ ਵੱਡਾ ਕੌਮੀ ਸੰਕਟ ਬਣ ਚੁੱਕੀ ਹੈ।
ਅਧਿਕਾਰਤ ਅੰਕੜੇ ਅਤੇ ਹਾਲੀਆ ਘਟਨਾਕ੍ਰਮ
ਸਰੀ ਪੁਲਿਸ ਸਰਵਿਸ ਦੀ ‘ਐਕਸਟੌਰਸ਼ਨ ਰਿਸਪਾਂਸ ਟੀਮ’ ਅਤੇ ਖੇਤਰੀ ਜਾਂਚ ਏਜੰਸੀਆਂ ਵੱਲੋਂ ਪਿਛਲੇ 3 ਸਾਲ ਦੇ ਦਰਜ ਕੀਤੇ ਗਏ ਅਧਿਕਾਰਿਤ ਅੰਕੜੇ ਡਰਾਉਣ ਵਾਲੇ ਹਨ। ਸਰੀ ਪੁਲਿਸ ਸਰਵਿਸ ਇਨ੍ਹਾਂ ਫਿਰੌਤੀ ਅਤੇ ਫਾਇਰਿੰਗ ਦੀਆਂ ਘਟਨਾਵਾਂ ਨੂੰ ਆਪਸ ਵਿੱਚ ਜੋੜ ਕੇ ਹੀ ਵੇਖਦੀ ਹੈ। ਕਿਉਂਕਿ ਫਿਰੌਤੀ ਦੀ ਕਾਲ ਤੋਂ ਬਾਅਦ ਪੀੜਤ ਨੂੰ ਡਰਾਉਣ ਲਈ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ। ਸਰੀ ਪੁਲਿਸ ਦੇ ਡੇਟਾ ਮੁਤਾਬਕ, ਸਾਲ 2024 ਵਿੱਚ ਫਿਰੌਤੀਆਂ ਦੇ ਕੁੱਲ੍ਹ 9 ਅਤੇ ਫਾਇਰਿੰਗ ਦੇ 2 ਮਾਮਲੇ ਦਰਜ ਹੋਏ ਸਨ। ਜਦਕਿ ਸਾਲ 2025 ਵਿੱਚ ਇਹ ਵੱਧ ਕੇ ਫਿਰੌਤੀਆਂ ਦੇ ਕੁੱਲ੍ਹ 133 ਅਤੇ ਫਾਇਰਿੰਗ ਦੇ 49 ਮਾਮਲੇ ਦਰਜ ਹੋਏ। ਸਾਲ 2026 ਦੇ 4 ਮਹੀਨਿਆਂ ਦੇ ਅੰਕੜੇ ਹੋਰ ਵੀ ਡਰਾਉਣ ਵਾਲੇ ਹਨ। 11 ਮਈ 2026 ਤੱਕ ਹੀ ਸਰੀ ਵਿੱਚ ਫਿਰੌਤੀ ਦੇ 98 ਅਤੇ ਫਾਇਰਿੰਗ ਦੇ 16 ਮਾਮਲੇ ਦਰਜ ਹੋ ਚੁੱਕੇ ਹਨ। ਇਹਨਾਂ ਮਾਮਲਿਆਂ ਵਿੱਚ ਪੀੜਤਾਂ ਨੂੰ ਡਰਾਉਣ ਲਈ ਸੋਸ਼ਲ ਮੀਡੀਆ ਐਪਲੀਕੇਸ਼ਨਾਂ ਜਿਵੇਂ ਕਿ ਵ੍ਹੱਟਸਐਪ ਅਤੇ ਸਿਗਨਲ ਦੀ ਵਰਤੋਂ ਕੀਤੀ ਗਈ। ਇਸ ਰਾਹੀਂ ਲੱਖਾਂ ਡਾਲਰਾਂ ਦੀ ਮੰਗ ਕੀਤੀ ਗਈ।
ਸੰਗਠਿਤ ਅਪਰਾਧ ਦਾ ਕਾਰਜ ਪ੍ਰਣਾਲੀ
ਸਥਾਨਕ ਪੁਲਿਸ ਵਿਭਾਗਾਂ ਅਤੇ ਸੁਰੱਖਿਆ ਮਾਹਿਰਾਂ ਦੇ ਸਾਂਝੇ ਅਧਿਐਨ ਤੋਂ ਇਹ ਸਾਹਮਣੇ ਆਇਆ ਹੈ ਕਿ ਇਹਨਾਂ ਅਪਰਾਧਾਂ ਨੂੰ ਅੰਜਾਮ ਦੇਣ ਲਈ ਇੱਕ ਬਹੁਤ ਹੀ ਯੋਜਨਾਬੱਧ ਤਰੀਕਾ ਅਪਣਾਇਆ ਜਾਂਦਾ ਹੈ।
- ਟਾਰਗੇਟ ਦੀ ਚੋਣ:ਗੈਂਗਸਟਰਾਂ ਵੱਲੋਂ ਮੁੱਖ ਤੌਰ ‘ਤੇ ਦੱਖਣੀ ਏਸ਼ੀਆਈ ਖ਼ਾਸਕਰ ਪੰਜਾਬੀ ਮੂਲ ਦੇ ਅਮੀਰ ਕਾਰੋਬਾਰੀਆਂ, ਬਿਲਡਰਾਂ ਅਤੇ ਵੱਡੇ ਸਟੋਰ ਮਾਲਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਕਿਉਂਕਿ ਉਹ ਬਦਨਾਮੀ ਜਾਂ ਜਾਨ ਦੇ ਡਰੋਂ ਪੁਲਿਸ ਕੋਲ ਜਾਣ ਤੋਂ ਕਤਰਾਉਂਦੇ ਹਨ।
- ਡਿਜੀਟਲ ਧਮਕੀਆਂ:ਸ਼ੁਰੂਆਤ ਵਿੱਚ ਇੰਟਰਨੈੱਟ ਵੌਇਸ ਕਾਲਾਂ ਰਾਹੀਂ ਮੋਟੀ ਰਕਮ (ਕਈ ਵਾਰ ਲੱਖਾਂ ਡਾਲਰਾਂ ਵਿੱਚ) ਮੰਗੀ ਜਾਂਦੀ ਹੈ। ਜੇਕਰ ਪੀੜਤ ਇਨਕਾਰ ਕਰਦਾ ਹੈ ਤਾਂ ਉਸ ਨੂੰ ਡਰਾਉਣ ਲਈ ਸਥਾਨਕ ਸ਼ੂਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ।
- ਹਥਿਆਰਾਂ ਦੀ ਉਪਲੱਬਧਤਾ:ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਕੋਲੋਂ ਅਕਸਰ ਗ਼ੈਰ–ਕਾਨੂੰਨੀ ਅਤੇ ਆਟੋਮੈਟਿਕ ਹਥਿਆਰ ਬਰਾਮਦ ਕੀਤੇ ਗਏ ਹਨ, ਜੋ ਇਹ ਸਾਬਤ ਕਰਦੇ ਹਨ ਕਿ ਕੈਨੇਡਾ ਦੇ ਅੰਦਰ ਹਥਿਆਰਾਂ ਦੀ ਸਪਲਾਈ ਦਾ ਇੱਕ ਵੱਡਾ ਨੈੱਟਵਰਕ ਮੌਜੂਦ ਹੈ ਜੋ ਇਹਨਾਂ ਨੌਜਵਾਨਾਂ ਤੱਕ ਅਸਲਾ ਪਹੁੰਚਾਉਂਦਾ ਹੈ।
ਪ੍ਰਸ਼ਾਸਨਿਕ ਪ੍ਰਤੀਕਿਰਿਆ ਅਤੇ ਚੁੱਕੇ ਗਏ ਕਦਮ
ਇਸ ਵਧਦੇ ਹੋਏ ਖ਼ਤਰੇ ਨੂੰ ਦੇਖਦੇ ਹੋਏ, ਕੈਨੇਡੀਅਨ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਨੇ ਆਪਣੀ ਰਣਨੀਤੀ ਵਿੱਚ ਵੱਡੇ ਬਦਲਾਅ ਕੀਤੇ ਹਨ:
- ਐਕਸਟੌਰਸ਼ਨ ਰਿਸਪਾਂਸ ਟੀਮ:ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿੱਚ ਵਿਸ਼ੇਸ਼ ਟਾਸਕ ਫੋਰਸਾਂ ਦਾ ਗਠਨ ਕੀਤਾ ਗਿਆ ਹੈ, ਜੋ ਸਿਰਫ਼ ਫਿਰੌਤੀ ਦੇ ਮਾਮਲਿਆਂ ਦੀ ਜਾਂਚ ਕਰਦੀਆਂ ਹਨ। ਇਹ ਟੀਮਾਂ ਸਥਾਨਕ ਕਮਿਊਨਿਟੀ ਦੇ ਸਹਿਯੋਗ ਨਾਲ ਕੰਮ ਕਰ ਰਹੀਆਂ ਹਨ।
- ਸਰੀ ਐਕਸਟੌਰਸ਼ਨ ਰਿਵਾਰਡ ਫੰਡ:ਸਰੀ ਪੁਲਿਸ ਸਰਵਿਸ ਨੇ ਅਪਰਾਧੀਆਂ ਬਾਰੇ ਗੁਪਤ ਅਤੇ ਪੁਖ਼ਤਾ ਜਾਣਕਾਰੀ ਦੇਣ ਵਾਲਿਆਂ ਲਈ 2,50,000 ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ। ਇਸ ਦਾ ਮਕਸਦ ਭਾਈਚਾਰੇ ਦੇ ਲੋਕਾਂ ਨੂੰ ਬਿਨਾਂ ਕਿਸੇ ਡਰ ਦੇ ਅੱਗੇ ਆਉਣ ਲਈ ਪ੍ਰੇਰਿਤ ਕਰਨਾ ਹੈ।
- ਤੁਰੰਤ ਡਿਪੋਰਟੇਸ਼ਨ ਦੀ ਨੀਤੀ:ਕੈਨੇਡੀਅਨ ਇਮੀਗ੍ਰੇਸ਼ਨ, ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਇਹ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਅਪਰਾਧਕ ਗਤੀਵਿਧੀ ਵਿੱਚ ਸ਼ਾਮਲ ਪਾਏ ਜਾਣ ਵਾਲੇ ਗ਼ੈਰ-ਨਾਗਰਿਕਾਂ ਦੀ ਵੀਜ਼ਾ ਸਥਿਤੀ ਨੂੰ ਤੁਰੰਤ ਰੱਦ ਕਰਕੇ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਅਤੇ ਇਹਨਾਂ ਮਾਮਲਿਆਂ ਵਿੱਚ ਕੋਈ ਕਾਨੂੰਨੀ ਨਰਮੀ ਨਹੀਂ ਵਰਤੀ ਜਾਵੇਗੀ।
ਪ੍ਰਮੁੱਖ ਗ੍ਰਿਫ਼ਤਾਰੀਆਂ ਅਤੇ ਦੇਸ਼ ਨਿਕਾਲਾ
ਫਿਰੌਤੀ ਅਤੇ ਫਾਇਰਿੰਗ ਦੀਆਂ ਘਟਨਾਵਾਂ ਨੂੰ ਕੈਨੇਡਾ ਪੁਲਿਸ ਗੰਭੀਰਤਾ ਨਾਲ ਲੈਂਦੇ ਹੋਏ ਸਖ਼ਤ ਕਾਰਵਾਈਆਂ ਕਰ ਰਹੀ ਹੈ। ਪਰ ਮੰਦਭਾਗੀ ਗੱਲ ਹੈ ਕਿ ਇਨ੍ਹਾਂ ਕਾਰਵਾਈਆਂ ਵਿੱਚ ਕਈ ਪੰਜਾਬੀ ਨੌਜਵਾਨਾਂ ਦੀ ਵੀ ਮੁਲਜ਼ਮਾਂ ਵਜੋਂ ਸ਼ਮੂਲੀਅਤ ਸਾਹਮਣੇ ਆ ਰਹੀ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਤਾਜ਼ਾ ਕਾਰਵਾਈਆਂ ਦੇ ਮੁੱਖ ਤੱਥ ਹੇਠ ਲਿਖੇ ਮੁਤਾਬਕ ਹਨ:
- ਦਮਨਜੀਤ ਸਿੰਘ ਅਤੇ ਪਰਦਮਨ ਸਿੰਘ ਦੀ ਗ੍ਰਿਫ਼ਤਾਰੀ:13 ਮਈ 2026 ਨੂੰਸਰੀ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ 22 ਸਾਲਾ ਦਮਨਜੀਤ ਸਿੰਘ ਅਤੇ 30 ਸਾਲਾ ਪਰਦਮਨ ਸਿੰਘ ਨੂੰ ਹਿਰਾਸਤ ਵਿੱਚ ਲਿਆ। ਇਹਨਾਂ ‘ਤੇ 22 ਅਪ੍ਰੈਲ ਨੂੰ ਸਰੀ ਸਥਿਤ ਇੱਕ ਘਰ ‘ਤੇ ਫਿਰੌਤੀ ਨਾ ਦੇਣ ਕਾਰਨ ਅੰਧਾਧੁੰਦ ਗੋਲੀਆਂ ਚਲਾਉਣ ਦੇ ਦੋਸ਼ ਤੈਅ ਕੀਤੇ ਗਏ ਹਨ।
- ਜਸਕਰਨ ਸਰੋਏ ਦਾ ਮਾਮਲਾ:13 ਅਪ੍ਰੈਲ ਨੂੰ ਹੋਈ ਇੱਕ ਹੋਰ ਹਿੰਸਕ ਵਾਰਦਾਤ ਦੇ ਸਬੰਧ ਵਿੱਚ 27 ਸਾਲਾ ਜਸਕਰਨ ਸਰੋਏ ਨੂੰ ਗ੍ਰਿਫ਼ਤਾਰ ਕਰਕੇ ਉਸ ‘ਤੇ ਹਥਿਆਰ ਰੱਖਣ ਅਤੇ ਜਾਨਲੇਵਾ ਹਮਲਾ ਕਰਨ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ।
- ਕੈਲਗਰੀ ਵਿੱਚ ਕਾਰਵਾਈ:ਕੈਲਗਰੀ ਪੁਲਿਸ ਸਰਵਿਸ ਨੇ ਫਿਰੌਤੀ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਜਸਕਰਨ ਸਿੰਘ (21) ਅਤੇ ਕਰਨਬੀਰ ਸਿੰਘ (21) ਨੂੰ ਸਲਾਖ਼ਾਂ ਪਿੱਛੇ ਭੇਜਿਆ ਹੈ, ਜਦਕਿ 22 ਸਾਲਾ ਜਰਮਨਜੀਤ ਸਿੰਘ ਉਰਫ਼ ਗੈਰੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਕੇ ਉਸ ਦੀ ਭਾਲ ਤੇਜ਼ ਕੀਤੀ ਗਈ ਹੈ।
- ਵੱਡੇ ਪੱਧਰ ‘ਤੇ ਡਿਪੋਰਟੇਸ਼ਨ:ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਦਸਤਾਵੇਜ਼ਾਂ ਮੁਤਾਬਕ, ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ 30 ਤੋਂ ਵੱਧ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਡਿਪੋਰਟ ਕਰਕੇ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ। ਇਹਨਾਂ ਵਿੱਚ ਮੁੱਖ ਤੌਰ ‘ਤੇ20 ਸਾਲਾ ਪ੍ਰਭਜੋਤ ਸਿੰਘ, 22 ਸਾਲਾ ਲਵਬੀਰ ਸਿੰਘ ਅਤੇ ਅਰਸ਼ਦੀਪ ਸਿੰਘ ਸ਼ਾਮਲ ਹਨ, ਜੋ ਕੈਨੇਡਾ ਵਿੱਚ ਅਸਥਾਈ ਵੀਜ਼ੇ ‘ਤੇ ਰਹਿ ਰਹੇ ਸਨ ਅਤੇ ਕਥਿਤ ਤੌਰ ਉੱਤੇ ਗਿਰੋਹਾਂ ਲਈ ਕੰਮ ਕਰ ਰਹੇ ਸਨ।
ਮਾਹਿਰਾਂ ਦਾ ਵਿਸ਼ਲੇਸ਼ਣ ਅਤੇ ਚਿੰਤਾਵਾਂ
ਇਸ ਗੰਭੀਰ ਮੁੱਦੇ ਦੇ ਵੱਖ-ਵੱਖ ਪਹਿਲੂਆਂ, ਜਿਵੇਂ ਕਿ ਆਰਥਿਕ ਮਜਬੂਰੀਆਂ, ਇਮੀਗ੍ਰੇਸ਼ਨ ਪ੍ਰਣਾਲੀ ਦੀਆਂ ਕਮੀਆਂ ਅਤੇ ਸਮਾਜਿਕ ਪ੍ਰਭਾਵਾਂ ਨੂੰ ਸਮਝਣ ਲਈ ਅਸੀਂ ਸੀਨੀਅਰ ਪੱਤਰਕਾਰਾਂ ਦੇ ਨਾਲ-ਨਾਲ ਖੇਤਰ ਦੇ ਪ੍ਰਮੁੱਖ ਮਾਹਿਰਾਂ ਨਾਲ ਵੀ ਵਿਸਥਾਰਪੂਰਵਕ ਗੱਲਬਾਤ ਕੀਤੀ। ਉਹਨਾਂ ਦਾ ਵਿਸ਼ਲੇਸ਼ਣ ਹੇਠ ਲਿਖੇ ਮੁਤਾਬਕ ਹੈ:
- ਮਨਨ ਗੁਪਤਾ (ਪ੍ਰਮੁੱਖ ਇਮੀਗ੍ਰੇਸ਼ਨ ਮਾਹਿਰ) –ਇਮੀਗ੍ਰੇਸ਼ਨ ਮਾਹਿਰ ਮਨਨ ਗੁਪਤਾ ਨੇ ਕੈਨੇਡਾ ਦੀ ਮੌਜੂਦਾ ਆਰਥਿਕ ਸਥਿਤੀ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੀਵਨ ਪੱਧਰ ਦੇ ਆਪਸੀ ਸਬੰਧਾਂ ਦਾ ਵਿਸ਼ਲੇਸ਼ਣ ਕਰਦਿਆਂ ਕਈ ਅਹਿਮ ਤੱਥ ਸਾਹਮਣੇ ਲਿਆਂਦੇ:
ਆਰਥਿਕ ਤੰਗੀ ਅਤੇ ਰਹਿਣ–ਸਹਿਣ ਦੀ ਲਾਗਤ
ਇਮੀਗ੍ਰੇਸ਼ਨ ਮਾਹਿਰ ਮਨਨ ਗੁਪਤਾ ਦਾ ਕਹਿਣਾ ਹੈ ਕਿ “ਪਿਛਲੇ 4 ਸਾਲਾਂ ਤੋਂ ਕੈਨੇਡਾ ਵਿੱਚ ਇਮੀਗਰੇਸ਼ਨ ਵੇਵ ਆਈ ਹੈ ਜਿਸ ਵਿੱਚ ਬਹੁਤੇ ਉੱਤਰ ਭਾਰਤ ਦੇ ਹਨ। ਹਾਲਾਂਕਿ ਗ਼ਲਤ ਕੰਮਾਂ ਵਿੱਚ ਹੋਰ ਭਾਈਚਾਰੇ ਦੇ ਲੋਕ ਵੀ ਹਨ ਪਰ ਸਾਡੇ ਲੋਕਾਂ ਦੀ ਇੱਥੇ ਬਹੁਤਾਂਤ ਹੋਣ ਕਰਕੇ ਉਹ ਵਧੇਰੇ ਨਜ਼ਰ ਵਿੱਚ ਆ ਰਹੇ ਹਨ। ਦੋ ਸਾਲਾਂ ਵਿੱਚ ਕੈਨੇਡਾ ਅੰਦਰ ਇਮੀਗਰੇਸ਼ਨ ਨੀਤੀਆਂ ਤੇਜ਼ੀ ਨਾਲ ਬਦਲ ਰਹੀਆਂ ਹਨ। ਜਿਸ ਨਾਲ ਇੱਥੇ ਪੀਆਰ ਲੈਣ ਦੇ ਰਾਹ ਤਕਰੀਬਨ ਬੰਦ ਹੋ ਰਹੇ ਹਨ ਕਿਉਂਕਿ ਸਰਕਾਰ ਨੇ ਆਪ ਮੰਨਿਆ ਹੈ ਕਿ ਪਿਛਲੇ 4 ਸਾਲਾਂ ਵਿੱਚ ਬਹੁਤ ਜ਼ਿਆਦਾ ਲੋਕ ਬਾਹਰੋਂ ਆ ਗਏ ਹਨ। ਕੈਨੇਡਾ ਦੀ ਅਬਾਦੀ ਇੱਥੋਂ ਦੀਆਂ ਸਹੂਲਤਾਂ ਨਾਲੋਂ ਕਿਤੇ ਜ਼ਿਆਦਾ ਵਧ ਰਹੀ ਸੀ। ਇਸ ਕਰਕੇ ਸਰਕਾਰ ਵੱਲੋਂ ਹੁਣ ਇਨ੍ਹਾਂ ਉੱਤੇ ਬ੍ਰੇਕਾਂ ਲਗਾਈਆਂ ਗਈਆਂ ਹਨ।”
ਗੈਂਗਸਟਰਾਂ ਦੇ ਸੌਖੇ ਸ਼ਿਕਾਰ: “ਭਾਰਤ ਤੋਂ ਆਉਣ ਵਾਲੇ ਬਹੁਤ ਸਾਰੇ ਵਿਦਿਆਰਥੀ ਮੱਧਮ ਵਰਗੀ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ, ਜੋ ਇੱਥੇ ਆ ਕੇ ਪੜ੍ਹਾਈ ਦੇ ਨਾਲ-ਨਾਲ ਕੰਮ ਕਰਕੇ ਆਪਣੀ ਫੀਸ ਅਤੇ ਖਰਚਾ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਸਥਾਨਕ ਪੱਧਰ ‘ਤੇ ਨੌਕਰੀਆਂ ਦੀ ਭਾਰੀ ਕਮੀ ਹੋ ਜਾਂਦੀ ਹੈ ਤਾਂ ਇਹ ਨੌਜਵਾਨ ਮਾਨਸਿਕ ਅਤੇ ਆਰਥਿਕ ਦਬਾਅ ਹੇਠ ਆ ਜਾਂਦੇ ਹਨ। ਕੈਨੇਡਾ ਵਿੱਚ ਪਹਿਲਾਂ ਤੋਂ ਸਥਾਪਿਤ ਅਪਰਾਧਕ ਨੈੱਟਵਰਕ ਅਤੇ ਭਾਰਤ ਵਿੱਚ ਬੈਠੇ ਉਹਨਾਂ ਦੇ ਆਕਾ ਅਜਿਹੇ ਆਰਥਿਕ ਤੌਰ ‘ਤੇ ਕਮਜ਼ੋਰ ਨੌਜਵਾਨਾਂ ਦੀ ਭਾਲ ਵਿੱਚ ਰਹਿੰਦੇ ਹਨ।”
ਇਮੀਗ੍ਰੇਸ਼ਨ ਨੀਤੀਆਂ ‘ਤੇ ਰਾਜਨੀਤਿਕ ਦਬਾਅ: “ਜਦੋਂ ਕਿਸੇ ਇੱਕ ਖ਼ਾਸ ਭਾਈਚਾਰੇ ਦੇ ਨੌਜਵਾਨ ਲਗਾਤਾਰ ਹਿੰਸਕ ਅਪਰਾਧਾਂ ਵਿੱਚ ਨਾਮਜ਼ਦ ਹੁੰਦੇ ਹਨ ਤਾਂ ਉਸ ਦਾ ਅਸਰ ਆਮ ਨਾਗਰਿਕਾਂ ‘ਤੇ ਵੀ ਪੈਂਦਾ ਹੈ। ਇਹਨਾਂ ਅਪਰਾਧਕ ਘਟਨਾਵਾਂ ਕਾਰਨ ਕੈਨੇਡਾ ਦੀ ਮੁੱਖ ਧਾਰਾ ਦੀ ਰਾਜਨੀਤੀ ਵਿੱਚ ਪ੍ਰਵਾਸੀਆਂ ਦੇ ਖ਼ਿਲਾਫ਼ ਅਵਾਜ਼ਾਂ ਬੁਲੰਦ ਹੋਣ ਲੱਗੀਆਂ ਹਨ। ਇਸ ਦਾ ਸਿੱਧਾ ਨੁਕਸਾਨ ਉਹਨਾਂ ਹੋਣਹਾਰ ਬੱਚਿਆਂ ਨੂੰ ਹੋਵੇਗਾ ਜੋ ਸੱਚਮੁੱਚ ਉੱਚ ਸਿੱਖਿਆ ਹਾਸਲ ਕਰਨ ਲਈ ਕੈਨੇਡਾ ਆਉਣਾ ਚਾਹੁੰਦੇ ਹਨ।”
- ਡਾ. ਦਾਨਿਸ਼ ਮਲਿਕ (ਰਾਜਨੀਤੀ ਸ਼ਾਸਤਰ ਅਤੇ ਸਮਾਜਿਕ ਮਾਮਲਿਆਂ ਦੇ ਵਿਸ਼ਲੇਸ਼ਕ) –ਪੋਲਿਟਿਕਲ ਸਾਈਂਸ ਵਿੱਚ ਪੀਐੱਚਡੀ ਕਰ ਚੁੱਕੇ ਡਾ. ਦਾਨਿਸ਼ ਮਲਿਕ ਨੇ ਇਸ ਸਮੱਸਿਆ ਦੇ ਸਮਾਜਿਕ, ਰਾਜਨੀਤਿਕ ਅਤੇ ਲੰਮੇ ਸਮੇਂ ਦੇ ਪ੍ਰਭਾਵਾਂ ‘ਤੇ ਚਿੰਤਾ ਜ਼ਾਹਿਰ ਕਰਦਿਆਂ ਇਸ ਨੂੰ ਇੱਕ ਵੱਡਾ ਭਾਈਚਾਰਕ ਸੰਕਟ ਦੱਸਿਆ:
ਭਾਈਚਾਰੇ ਦੇ ਵੱਕਾਰ ਨੂੰ ਢਾਹ
ਪੋਲਿਟਿਕਲ ਸਾਈਂਸ ਵਿੱਚ ਪੀਐੱਚਡੀ ਕਰ ਚੁੱਕੇ ਡਾ. ਦਾਨਿਸ਼ ਮਲਿਕ ਦਾ ਕਹਿਣਾ ਹੈ ਕਿ “ਪੰਜਾਬੀ ਪ੍ਰਵਾਸੀਆਂ ਦਾ ਕੈਨੇਡਾ ਦੇ ਨਿਰਮਾਣ ਵਿੱਚ ਇੱਕ ਸ਼ਾਨਦਾਰ ਅਤੇ ਇਤਿਹਾਸਕ ਯੋਗਦਾਨ ਰਿਹਾ ਹੈ। ਸਾਡੇ ਲੋਕਾਂ ਨੇ ਸਿਆਸਤ, ਕਾਰੋਬਾਰ, ਖੇਤੀਬਾੜੀ ਅਤੇ ਵਿਗਿਆਨ ਦੇ ਖੇਤਰ ਵਿੱਚ ਦੇਸ਼ ਭਰ ਵਿੱਚ ਨਾਂਅ ਕਮਾਇਆ ਹੈ। ਪਰ ਹਾਲ ਹੀ ਵਿੱਚ ਜਿਸ ਤਰ੍ਹਾਂ ਹਰ ਦੂਜੇ ਦਿਨ ਪੰਜਾਬੀ ਨੌਜਵਾਨਾਂ ਦੀਆਂ ਤਸਵੀਰਾਂ ‘ਵਾਂਟੇਡ‘ ਪੋਸਟਰਾਂ ‘ਤੇ ਆ ਰਹੀਆਂ ਹਨ, ਉਸ ਨਾਲ ਪੂਰੇ ਭਾਈਚਾਰੇ ਦੇ ਅਕਸ ਨੂੰ ਗੰਭੀਰ ਠੇਸ ਪਹੁੰਚੀ ਹੈ। ਜਿਸ ਨਾਲ਼ ਸਥਾਨਕ ਕੈਨੇਡੀਅਨ ਸਮਾਜ ਵਿੱਚ ਇੱਕ ਨਕਾਰਾਤਮਕ ਧਾਰਨਾ ਬਣਨ ਦਾ ਡਰ ਹੈ।”
ਨਵੇਂ ਪ੍ਰਵਾਸੀਆਂ ਦੀ ਕੌਂਸਲਿੰਗ: “ਪੰਜਾਬੀ ਨੌਜਵਾਨਾਂ ਦਾ ਅਪਰਾਧ ਵੱਲ ਵਧਣਾ ਸਿਰਫ਼ ਇੱਕ ਪ੍ਰਸ਼ਾਸਨਿਕ ਨਾਕਾਮੀ ਨਹੀਂ, ਬਲਕਿ ਇੱਕ ਗੰਭੀਰ ਸਮਾਜਿਕ ਤ੍ਰਾਸਦੀ ਹੈ। ਇਸ ਸੰਕਟ ਦਾ ਹੱਲ ਸਿਰਫ਼ ਪੁਲਿਸ ਕਾਰਵਾਈ ਨਾਲ ਨਹੀਂ ਹੋ ਸਕਦਾ। ਇਸ ਲਈ ਸਮੁੱਚੇ ਪੰਜਾਬੀ ਭਾਈਚਾਰੇ, ਧਾਰਮਿਕ ਸੰਸਥਾਵਾਂ, ਸਥਾਨਕ ਨੇਤਾਵਾਂ ਅਤੇ ਪਰਿਵਾਰਾਂ ਨੂੰ ਮਿਲ ਕੇ ਕਦਮ ਚੁੱਕਣੇ ਹੋਣਗੇ। ਕੈਨੇਡਾ ਪਹੁੰਚਣ ਵਾਲੇ ਵਿਦਿਆਰਥੀਆਂ ਨੂੰ ਸ਼ੁਰੂਆਤੀ ਦਿਨਾਂ ਵਿੱਚ ਹੀ ਆਰਥਿਕ ਅਤੇ ਕਾਨੂੰਨੀ ਮਾਰਗਦਰਸ਼ਨ ਦਿੱਤਾ ਜਾਵੇ ਤਾਂ ਜੋ ਉਹ ਗਲਤ ਸੰਗਤ ਦਾ ਸ਼ਿਕਾਰ ਨਾ ਹੋਣ। ਭਾਰਤ ਵਿੱਚ ਬੈਠੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਰੋਜ਼ਾਨਾ ਜ਼ਿੰਦਗੀ, ਉਹਨਾਂ ਦੇ ਦੋਸਤਾਂ ਅਤੇ ਉਹਨਾਂ ਦੇ ਕਮਾਈ ਦੇ ਸਾਧਨਾਂ ‘ਤੇ ਤਿੱਖੀ ਨਜ਼ਰ ਰੱਖਣੀ ਹੋਵੇਗੀ।”
- ਪ੍ਰਭਜੋਤ ਸਿੰਘ (ਸੀਨੀਅਰ ਪੱਤਰਕਾਰ) –ਚੰਡੀਗੜ੍ਹ ਅਤੇ ਟੌਰੰਟੋ ਵਿੱਚ 5 ਦਹਾਕਿਆਂ ਤੋਂ ਐਕਟਿਵ ਸੀਨੀਅਰ ਪੱਤਰਕਾਰ ਕੈਨੇਡਾ ਵਿੱਚ ਹੋ ਰਹੇ ਵਰਤਾਰੇ ਨੂੰ ਲੈ ਕੇ ਕਾਫੀ ਚਿੰਤਤ ਨਜ਼ਰ ਆਉਂਦੇ ਹਨ। ਉਨ੍ਹਾਂ ਇਸ ਪਿੱਛੇ ਕਿਸੇ ਵੱਡੀ ਸਾਜ਼ਿਸ਼ ਦਾ ਖ਼ਦਸ਼ਾ ਜਤਾਇਆ ਹੈ।
ਸਿੱਖ ਹੀ ਪੀੜਤ ਅਤੇ ਮੁਲਜ਼ਮ ਵੀ
ਉਨ੍ਹਾਂ ਕਿਹਾ “ਕੈਨੇਡਾ ਵਿੱਚ ਫਿਰੌਤੀਆਂ ਦੇ ਅਪਰਾਧ ਵਿੱਚ ਸ਼ਾਮਲ ਬਹੁਤੇ ਨਵੀਂ ਉਮਰ ਦੇ ਨੌਜਵਾਨ ਹਨ, ਜਿਨ੍ਹਾਂ ਵਿੱਚੋਂ ਬਹੁਤੇ ਜੈਨੁਇਨ ਵਿਦਿਆਰਥੀ ਵੀ ਨਹੀਂ, ਪਤਾ ਨਹੀਂ ਕੌਣ ਇਨ੍ਹਾਂ ਨੂੰ ਭੇਜ ਰਿਹਾ ਹੈ, ਪਰ ਪਿਛਲੇ ਕਰੀਬ ਡੇਢ ਸਾਲ ਤੋਂ ਅਜਿਹੀਆਂ ਘਟਨਾਵਾਂ ਵਿੱਚ ਨਿਰਤੰਰ ਵਾਧਾ ਹੋ ਰਿਹਾ ਹੈ। ਇਨ੍ਹਾਂ ਦੀਆਂ ਫਿਰੌਤੀਆਂ ਦੇ ਨਿਸ਼ਾਨੇ ਉੱਤੇ ਵੀ ਸਿੱਖ ਅਤੇ ਪੰਜਾਬੀ ਵੱਡੇ ਵਪਾਰੀ ਹੀ ਹਨ। ਕਈ ਅਮੀਰ ਵਪਾਰੀਆਂ ਨੇ ਤਾਂ ਡਰ ਦੇ ਮਾਰੇ ਆਪਣੇ ਅਸਲੀ ਨਾਂ ਅਤੇ ਟਿਕਾਣੇ ਲੁਕਾਉਣੇ ਸ਼ੁਰੂ ਕਰ ਦਿੱਤੇ ਹਨ।”
ਕਿਸੇ ਦੀ ਵੱਡੀ ਸਾਜ਼ਿਸ਼: “ਨੌਜਵਾਨਾਂ ਤੋਂ ਅਪਰਾਧ ਕਰਵਾਉਣ ਵਾਲੇ ਬੜੇ ਸੰਗਠਿਤ ਢੰਗ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਪਰ ਇਸ ਸਾਜ਼ਿਸ਼ ਦੇ ਪਿੱਛੇ ਕੌਣ ਹੈ ਇਸ ਦਾ ਕੋਈ ਵੀ ਸਬੂਤ ਸਾਹਮਣੇ ਨਹੀਂ ਆ ਸਕਿਆ ਹੈ। ਪਰ ਇਸ ਪਿੱਛੇ ਕੋਈ ਵੱਡੀ ਏਜੰਸੀ ਜਾਂ ਗਰੁੱਪ ਹੋ ਸਕਦਾ ਹੈ, ਜਿਸ ਦਾ ਪਰਦਾਫਾਸ਼ ਹੋਣਾ ਬੇਹੱਦ ਜ਼ਰੂਰੀ ਹੈ।”
ETV BHARAT