ਸੂਬਾ ਸਰਕਾਰ ਖਿਲਾਫ ਕੀਤੀ ਜ਼ਬਰਦਸਤ ਨਾਅਰੇਬਾਜ਼ੀ
ਸਫਾਈ ਸੇਵਕਾਂ ਵੱਲੋਂ ਅਮਲੋਹ ਬਜ਼ਾਰ ਵਿੱਚ ਕੂੜਾ ਸੁੱਟ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।
16 ਮਈ, 2026 – ਸ੍ਰੀ ਫਤਿਹਗੜ੍ਹ ਸਾਹਿਬ/ਬਠਿੰਡਾ: ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਸਫਾਈ ਕਰਮਚਾਰੀਆਂ ਦੇ ਵੱਲੋਂ ਸ਼ਹਿਰਾਂ ਦੇ ਵਿੱਚ ਕੂੜਾ ਚੁੱਕਣਾ ਅਤੇ ਸਫਾਈ ਕਰਨਾ ਬੰਦਾ ਕੀਤਾ ਗਿਆ ਹੈ। ਇਸ ਕਾਰਨ ਸ਼ਹਿਰਾਂ ਵਿੱਚ ਵੱਡੇ-ਵੱਡੇ ਕੂੜੇ ਦੇ ਢੇਰ ਲੱਗੇ ਹੋਏ ਹਨ। ਉੱਥੇ ਹੀ ਅੱਜ ਨਗਰ ਕੌਂਸਲ ਅਮਲੋਹ ਦੇ ਅਧੀਨ ਕੰਮ ਕਰਦੇ ਸਫਾਈ ਸੇਵਕਾਂ ਦੇ ਵੱਲੋਂ ਅਮਲੋਹ ਦੇ ਦੁਕਾਨਦਾਰਾਂ ਨਾਲ ਸਹਿਯੋਗ ਨਾ ਕਰਨ ਅਤੇ ਕੂੜੇ ਨੂੰ ਅੱਗ ਲਗਾਉਣ ‘ਤੇ ਰੋਸ ਜਾਹਿਰ ਕਰਦੇ ਹੋਏ ਮੇਨ ਬਜ਼ਾਰ ਅਮਲੋਹ ਦੇ ਵਿੱਚ ਟਰਾਲੀਆਂ ਭਰ ਕੇ ਕੂੜਾ ਬਜ਼ਾਰ ਵਿੱਚ ਸੁੱਟ ਦਿੱਤਾ ਗਿਆ ਅਤੇ ਜ਼ੋਰਦਾਰ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ।
ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ
ਇਸ ਮੌਕੇ ਗੱਲਬਾਤ ਕਰਦੇ ਹੋਏ ਸਫਾਈ ਸੇਵਕ ਯੂਨੀਅਨ ਅਮਲੋਹ ਦੇ ਆਗੂ ਪਰਮਜੀਤ ਸਿੰਘ ਪੰਮੀ ਨੇ ਕਿਹਾ ਕਿ, ‘ਉਨ੍ਹਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਲਟਕੀਆਂ ਆ ਰਹੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰ ਸਰਕਾਰਾਂ ਦੇ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਦੇ ਰੋਸ ਵਜੋਂ ਅੱਜ ਉਨ੍ਹਾਂ ਵੱਲੋਂ ਅਮਲੋਹ ਸ਼ਹਿਰ ਦੇ ਮੇਨ ਬਜ਼ਾਰ ਵਿੱਚ ਕੂੜਾ ਸੁੱਟ ਕੇ ਰੋਸ ਜ਼ਾਹਿਰ ਕੀਤਾ ਗਿਆ।‘
‘ਸਰਕਾਰ ਦੇ ਖ਼ਿਲਾਫ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ‘
ਆਗੂ ਨੇ ਦੱਸਿਆ ਕਿ ਦੁਕਾਨਦਾਰਾਂ ਵੱਲੋਂ ਉਨ੍ਹਾਂ ਦਾ ਸਹਿਯੋਗ ਨਾ ਕਰਦੇ ਹੋਏ ਕੂੜੇ ਨੂੰ ਅੱਗ ਲਗਾਈ ਜਾ ਰਹੀ ਸੀ। ਜਿਸ ‘ਤੇ ਉਨ੍ਹਾਂ ਨੇ ਰੋਸ ਜ਼ਾਹਰ ਕਰਦੇ ਹੋਏ ਬਜ਼ਾਰ ਵਿੱਚ ਕੂੜਾ ਸੁੱਟਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਖ਼ਿਲਾਫ ਧਰਨਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ।
ਬਠਿੰਡਾ ਸ਼ਹਿਰ ਵਿੱਚ ਵੀ ਸਫਾਈ ਕਰਮਚਾਰੀਆਂ ਵੱਲੋਂ ਪ੍ਰਦਰਸ਼ਨ
ਕਿਸੇ ਸਮੇਂ ਪੂਰੇ ਪੰਜਾਬ ਵਿੱਚੋਂ ਸਫਾਈ ਦੇ ਮਾਮਲੇ ਵਿੱਚ ਅੱਵਲ ਰਹਿਣ ਵਾਲਾ ਬਠਿੰਡਾ ਸ਼ਹਿਰ ਹੁਣ ਗੰਦਗੀ ਦੇ ਢੇਰਾਂ ਤੋਂ ਪਰੇਸ਼ਾਨ ਹੈ ਕਿਉਂਕਿ ਪਿਛਲੇ 10 ਦਿਨਾਂ ਤੋਂ ਸੀਵਰੇਜ ਅਤੇ ਸਫਾਈ ਕਰਮਚਾਰੀ ਹੜਤਾਲ ‘ਤੇ ਹਨ। ਜਿਸ ਕਾਰਨ ਗਲੀਆਂ, ਮੁਹੱਲਿਆਂ ਅਤੇ ਪੌਸ਼ ਇਲਾਕਿਆਂ ਵਿੱਚ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗ ਗਏ ਹਨ। ਸਫਾਈ ਕਰਮਚਾਰੀ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਚਲੇ ਗਏ ਹਨ।
ਹੜਤਾਲ ‘ਤੇ ਗਏ ਸਫਾਈ ਕਰਮਚਾਰੀਆਂ ਨੇ ਦੱਸਿਆ ਕਿ “ਨਗਰ ਨਿਗਮ ਵਿੱਚ ਪੱਕੇ ਨੌਕਰੀ ਦੀ ਮੰਗ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸਫਾਈ ਅਤੇ ਸੀਵਰੇਜ ਕਰਮਚਾਰੀ ਮੰਗ ਕਰ ਰਹੇ ਹਨ। ਨਗਰ ਨਿਗਮ ਵੱਲੋਂ ਕੰਟਰੈਕਟ ‘ਤੇ ਸਫਾਈ ਕਰਮਚਾਰੀਆਂ ਨੂੰ ਭਰਤੀ ਕੀਤਾ ਜਾ ਰਿਹਾ ਹੈ ਅਤੇ ਸਿਰਫ 10 ਹਜ਼ਾਰ ਰੁਪਏ ਤਨਖਾਹ ਦਿੱਤੀ ਜਾ ਰਹੀ ਹੈ। ਸ਼ਹਿਰ ਦੀਆਂ ਸੜਕਾਂ ਅਤੇ ਸੀਵਰੇਜ ਸਾਫ ਕਰਨ ਵਾਲੇ ਕਰਮਚਾਰੀਆਂ ਨੂੰ ਸਿਰਫ 10 ਹਜ਼ਾਰ ਵਿੱਚ ਆਪਣੇ ਪਰਿਵਾਰ ਦਾ ਪੇਟ ਭਰਨਾ ਪੈ ਰਿਹਾ ਹੈ।”
“ਇੱਕ ਪਾਸੇ ਨਗਰ ਨਿਗਮ ਦਰਪੇਸ਼ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਕਰ ਰਹੀ ਅਤੇ ਨਾ ਹੀ ਰੈਗੂਲਰ ਭਰਤੀ ਦੀ ਪ੍ਰਕਿਰਿਆ ਅਰੰਭ ਕਰ ਰਹੀ ਹੈ। ਜਿਸ ਕਾਰਨ ਮਜਬੂਰਨ ਸਾਡੇ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ। ਇਹ ਸ਼ਹਿਰ ਸਾਡਾ ਆਪਣਾ ਹੈ। ਭਾਵੇਂ ਅੱਜ ਸ਼ਹਿਰ ਵਿੱਚ ਜਗ੍ਹਾ–ਜਗ੍ਹਾ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੈ ਪਰ ਅਸੀਂ ਮਜ਼ਬੂਰ ਹਾਂ ਕਿਉਂਕਿ ਨਾ ਹੀ ਮੌਜੂਦਾ ਸਰਕਾਰ ਅਤੇ ਨਾ ਹੀ ਵਿਧਾਇਕ ਉਨ੍ਹਾਂ ਦੀ ਕਿਸੇ ਤਰ੍ਹਾਂ ਦੀ ਸੁਣਵਾਈ ਕਰਨ ਲਈ ਤਿਆਰ ਹਨ।” – ਵਿਨੋਦ ਕੁਮਾਰ ਮਾਲੀ, ਪ੍ਰਧਾਨ
“ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਤਾਂ ਇਹ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ”
ਸੀਵਰੇਜ ਯੂਨੀਅਨ ਦੇ ਪ੍ਰਧਾਨ ਰਵੀ ਕੁਮਾਰ ਚਾਬਰੀਆ ਨੇ ਕਿਹਾ ਕਿ ਜਾਇਜ਼ ਮੰਗਾਂ ਨੂੰ ਵੇਖਦੇ ਹੋਏ ਪੰਜਾਬ ਦੀਆਂ 104 ਹੋਰ ਨਗਰ ਕੌਂਸਲ ਅਤੇ ਨਗਰ ਪਾਲਿਕਾ ਦੇ ਕਰਮਚਾਰੀ ਹੜਤਾਲ ‘ਤੇ ਚਲੇ ਗਏ ਹਨ। ਜਿਸ ਕਾਰਨ ਪੂਰੇ ਪੰਜਾਬ ਵਿੱਚ ਸਫਾਈ ਅਤੇ ਸੀਵਰੇਜ ਕਰਮਚਾਰੀ ਹੜਤਾਲ ‘ਤੇ ਚੱਲ ਰਹੇ ਹਨ। ਜੇਕਰ ਸਰਕਾਰ ਵੱਲੋਂ ਹਾਲੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਤਾਂ ਇਹ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ। ਸ਼ਹਿਰ ਵਿੱਚੋਂ ਕੂੜਾ ਕਰਕਟ ਅਤੇ ਸੀਵਰੇਜ ਦੀ ਸਫਾਈ ਦਾ ਕੰਮ ਠੱਪ ਰੱਖਿਆ ਜਾਵੇਗਾ।
ਯੂਨੀਅਨਾਂ ਦੀਆਂ ਲੋਕਲ ਪੱਧਰ ਦੀਆਂ ਮੰਗਾ ਮੰਨ ਲਈਆਂ ਗਈਆਂ ਹਨ
ਉਧਰ ਦੂਜੇ ਪਾਸੇ ਨਗਰ ਨਿਗਮ ਦੇ ਚੀਫ ਸੈਂਟਰੀ ਇੰਸਪੈਕਟਰ ਸੰਦੀਪ ਕਟਾਰੀਆ ਦਾ ਕਹਿਣਾ ਹੈ ਕਿ “ਇਹ ਸੂਬੇ ਵਿੱਚ ਦੋ ਯੂਨੀਅਨਾਂ ਵੱਲੋਂ ਹੜਤਾਲ ਕੀਤੀ ਗਈ ਹੈ। ਦੋਵੇਂ ਯੂਨੀਅਨਾਂ ਦੀਆਂ ਲੋਕਲ ਪੱਧਰ ਦੀਆਂ ਮੰਗਾ ਮੰਨ ਲਈਆਂ ਗਈਆਂ ਹਨ, ਜੋ ਸੂਬਾ ਪੱਧਰ ਦੀਆਂ ਹਨ ਉਨ੍ਹਾਂ ਨੂੰ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਜਲਦ ਹੀ ਇਨ੍ਹਾਂ ਮੰਗਾਂ ਦਾ ਹੱਲ ਕਰਨ ਦੀ ਗੱਲ ਆਖੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਹੀ ਹੜਤਾਲ ਖਤਮ ਹੁੰਦੀ ਹੈ ਸ਼ਹਿਰ ਵਿੱਚੋਂ ਕੂੜਾ ਕਰਕਟ ਅਤੇ ਸੀਵਰੇਜ ਦੀ ਤੁਰੰਤ ਸਫਾਈ ਕਰਵਾ ਦਿੱਤੀ ਜਾਵੇਗੀ।”
ਬਿਮਾਰੀਆਂ ਫੈਲਣ ਦਾ ਖਦਸ਼ਾ
ਇੱਥੇ ਦੱਸਣ ਯੋਗ ਹੈ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿੱਚੋਂ ਕੂੜਾ ਕਰਕਟ ਚੱਕਣ ਲਈ 72 ਟਿੱਪਰ 35 ਦੇ ਕਰੀਬ ਟਰੈਕਟਰ ਟਰਾਲੀਆਂ ਅਤੇ ਦੋ ਜੇਸੀਬੀ ਖਰੀਦੀਆਂ ਗਈਆਂ ਹਨ। ਇਸ ਤੋਂ ਇਲਾਵਾ ਨਗਰ ਨਿਗਮ ਕੋਲ 1200 ਦੇ ਕਰੀਬ ਕੱਚੇ ਅਤੇ ਪੱਕੇ ਸਫਾਈ ਕਰਮਚਾਰੀ ਹਨ। ਸ਼ਹਿਰ ਵਿੱਚੋਂ ਰੋਜ਼ਾਨਾ 120 ਟਨ ਕੂੜਾ ਕਰਕਟ ਇਕੱਠਾ ਕਰਕੇ ਸਾਲਿਡ ਵੇਸਟ ਪਲਾਂਟ ਵਿੱਚ ਭੇਜਿਆ ਜਾਂਦਾ ਹੈ। ਪਿਛਲੇ 10 ਦਿਨਾਂ ਤੋਂ ਕੂੜਾ ਕਰਕਟ ਨਾ ਚੁੱਕੇ ਜਾਣ ਕਾਰਨ ਸ਼ਹਿਰ ਵਿੱਚ 1200 ਟਨ ਤੋਂ ਉੱਪਰ ਕੂੜਾ ਕਰਕਟ ਪਿਆ ਹੈ। ਹੋ ਰਹੀ ਕਿਣ-ਮਿਣ ਕਾਰਨ ਕੂੜਾ ਕਰਕਟ ਵਿੱਚੋਂ ਮੁਸ਼ਕ ਮਾਰਨਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਸ਼ਹਿਰ ਵਿੱਚ ਬਿਮਾਰੀਆਂ ਫੈਲਣ ਦਾ ਖਦਸ਼ਾ ਵੀ ਪੈਦਾ ਹੋ ਗਿਆ ਹੈ।
ETV BHARAT