ਪ੍ਰਸ਼ਾਸਨਿਕ ਅਧਿਕਾਰੀ ਮੂਕ ਦਰਸ਼ਕ; ਪੰਜਾਬ ਮੋਰਚੇ ਵੱਲੋਂ ਖਣਨ ਮਾਫੀਆ ਖਿਲਾਫ਼ ਸੰਘਰਸ਼ ਦੀ ਚਿਤਾਵਨੀ
21 ਮਈ, 2026 – ਨੰਗਲ : ਹਫਤੇ ਤੋਂ ਸਵਾਂ ਨਦੀ ਅਤੇ ਸਤਲੁਜ ਦਰਿਆ ਵਿੱਚ ਖਣਨ ਮਾਫੀਆ ਵੱਲੋਂ ਡੀਸਿਲਟਿੰਗ ਦੇ ਨਾਂ ’ਤੇ ਗੈਰਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ। ਨਾਜਾਇਜ਼ ਮਾਈਨਿੰਗ ਕਾਰਨ ਇਲਾਕੇ ਦੇ ਲੋਕਾਂ ਵਿੱਚ ਕਾਫੀ ਰੋਸ ਹੈ। ਝੱਜ ਚੌਕ ਤੋਂ ਸ੍ਰੀ ਆਨੰਦਪੁਰ ਸਾਹਿਬ ਮੇਨ ਸੜਕ ’ਤੇ ਪੈਂਦੇ ਸੰਗਤਪੁਰ ਦੇ ਸੰਤ ਮਹਿੰਦਰ ਸਿੰਘ ਹਰਖੋਵਾਲ ਪੁਲ ’ਤੇ ਸੈਂਕੜੇ ਟਿੱਪਰ ਤੇ ਟਰੈਕਟਰ ਟਰਾਲੀਆਂ ਗੈ਼ਰਕਾਨੂੰਨੀ ਮਾਈਨਿੰਗ ਕਰਕੇ ਕੱਚਾ ਮਾਲ ਨਾਲ ਲੱਗਦੇ ਸਟੋਨ ਕਰੱਸ਼ਰ ’ਤੇ ਪਹੁੰਚਾ ਰਿਹੇ ਹਨ, ਜਿਥੇ ਨਾਜਾਇਜ਼ ਖਣਨ ਹੋ ਰਹੀ ਹੈ, ਉਥੇ ਐੱਨ ਜੀ ਟੀ ਵੱਲੋਂ ਇਸ ਸਾਈਟ ’ਤੇ ਪਾਬੰਦੀ ਲਗਾਈ ਹੋਈ ਹੈ। ਖੁਦਾਈ ਕਰਕੇ ਦਰਿਆ ਨੂੰ ਕਾਫੀ ਡੂੰਘਾ ਕਰ ਦਿੱਤਾ ਗਿਆ ਹੈ।
ਲੋਕਾਂ ਦਾ ਕਹਿਣਾ ਹੈ ਕਿ ਜੇ ਇਹ ਖੁਦਾਈ ਇਸੇ ਤਰ੍ਹਾਂ ਰਹੀ ਤਾਂ ਧਰਤੀ ਹੇਠਲਾ ਪਾਣੀ ਮੁਕਣ ਦਾ ਖਦਸ਼ਾ ਹੈ। ਹੈਰਾਨੀ ਹੈ ਕਿ ਮਾਝੇ ਅਤੇ ਦੋਆਬੇ ਨੂੰ ਜੋੜਦੇ ਸੰਗਤਪੁਰ ਪੁਲ ਦੇ ਨਜ਼ਦੀਕ ਮਾਈਨਿੰਗ ਕੀਤੀ ਜਾ ਰਹੀ ਹੈ, ਜਦਕਿ ਪੁਲ ਦੇ ਪੰਜ ਸੌ ਮੀਟਰ ਦਾਇਰੇ ਤੋਂ ਬਾਹਰ ਮਾਈਨਿੰਗ ਕਰਨ ਦੀ ਇਜਾਜ਼ਤ ਹੈ। ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਡੀਸਿਲਟਿੰਗ ਦੇ ਨਾਂ ’ਤੇ ਨਾਜਾਇਜ਼ ਮਾਈਨਿੰਗ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇ ਇਲਾਕੇ ਨੂੰ ਬਚਾਉਣਾ ਹੈ ਤਾਂ ਖਣਨ ਮਾਫੀਆ ਖਿਲਾਫ ਸਖਤ ਐਕਸ਼ਨ ਲੈਣਾ ਪਵੇਗਾ।
ਸਖਤ ਕਾਰਵਾਈ ਕਰ ਰਹੇ ਹਾਂ: ਐੱਸ ਡੀ ਐੱਮ
ਨੰਗਲ ਦੇ ਐੱਸ ਡੀ ਐੱਮ ਸਚਿਨ ਪਾਠਕ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਸਮੇਂ ਸਮੇਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਮਾਈਨਿੰਗ ਕਰਨ ਵਾਲਿਆਂ ਵਿਰੁੱਧ ਪਹਿਲਾਂ ਵੀ ਕਈ ਪਰਚੇ ਦਰਜ ਕੀਤੇ ਗਏ ਹਨ।
ਨਦੀ ਦੇ ਖੱਡਿਆਂ ਵਿੱਚ ਡੁੱਬ ਕੇ ਨੌਜਵਾਨ ਦੀ ਮੌਤ
ਅੱਜ ਨਾਬਾਲਗ ਲੜਕੇ ਦੀ ਨਾਨਗਰਾਂ ਨਜ਼ਦੀਕ ਸਵਾਂ ਨਦੀ ਦੇ ਡੂੰਘੇ ਖੱਡਿਆਂ ਵਿੱਚ ਡੁੱਬ ਕੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਵੇਕ ਕੁਮਾਰ (14) ਪੁੱਤਰ ਕਰਮ ਚੰਦ ਵਾਸੀ ਭਵਾਨੀਪੁਰ ਬੀਤ ਵਜੋਂ ਹੋਈ ਹੈ, ਜੋ ਮੱਝਾਂ ਚਰਾਉਣ ਲਈ ਸਵਾਂ ਨਦੀ ਨਜ਼ਦੀਕ ਆਇਆ ਹੋਇਆ ਸੀ। ਉਸ ਦਾ ਨਦੀ ਦੇ ਡੂੰਘੇ ਖੱਡਿਆਂ ਵਿੱਚ ਪੈਰ ਤਿਲਕ ਗਿਆ ਤੇ ਪਾਣੀ ਵਿੱਚ ਜਾਣ ਨਾਲ ਉਸ ਦੀ ਮੌਤ ਹੋ ਗਈ। ਇਹ ਕਾਫੀ ਡੂੰਘੇ ਖੱਡੇ ਵੀ ਖਣਨ ਮਾਫੀਏ ਵੱਲੋਂ ਪਾਏ ਗਏ ਹਨ। ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾ ਹਵਾਲੇ ਕਰ ਦਿੱਤੀ ਹੈ।
ਪੰਜਾਬੀ ਟ੍ਰਿਬਯੂਨ