ਗਰਮੀ ਦੇ ਕਹਿਰ ’ਚ ਦੇਖੋ ਹਲਾਤ।।।
ਗਰਮੀ ਦਾ ਕਹਿਰ ਚੰਡੀਗੜ੍ਹ ਦੀ ਸੁਖਨਾ ਲੇਕ ‘ਤੇ ਵੀ ਪੈਂਦਾ ਦਿਖਾਈ ਦੇ ਰਿਹਾ ਹੈ। ਲੇਕ ਦੇ ਕੀ ਹਲਾਤ ਬਣ ਚੁੱਕੇ ਹਨ ਦੇਖੋ ਇਹ ਖਾਸ ਰਿਪੋਰਟ
22 ਮਈ, 2026 – ਚੰਡੀਗੜ੍ਹ: ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਸ਼ਾਨ ਕਹੀ ਜਾਣ ਵਾਲੀ ਸੁਖਨਾ ਲੇਕ ਇਸ ਵੇਲੇ ਇਤਿਹਾਸ ਦੇ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਅਸਮਾਨੋਂ ਵਰ੍ਹਦੀ ਅੱਗ ਅਤੇ ਤਪਦੀ ਗਰਮੀ ਨੇ ਸੁਖਨਾ ਦਾ ਅਜਿਹਾ ਹਾਲ ਕਰ ਦਿੱਤਾ ਹੈ ਕਿ ਇਸ ਦਾ ਇੱਕ ਹਿੱਸਾ ਹੁਣ ਝੀਲ ਨਹੀਂ, ਬਲਕਿ “ਤਿੜਕੀ ਹੋਈ ਜ਼ਮੀਨ” ਦਾ ਮੈਦਾਨ ਦਿਖਾਈ ਦੇਣ ਲੱਗਾ ਹੈ। ਪਾਣੀ ਸੁੱਕਣ ਕਾਰਨ ਮਈ ਦੇ ਮਹੀਨੇ ਵਿਚ ਪੈ ਰਹੀ ਬੇਤਹਾਸ਼ਾ ਗਰਮੀ ਅਤੇ 42 ਡਿਗਰੀ ਤੋਂ ਜ਼ਿਆਦਾ ਤਾਪਮਾਨ ਹੈ। ਪਰ ਇਹ ਸੰਕਟ ਹੁਣ ਸਿਰਫ਼ ਪਾਣੀ ਦੇ ਘਟਣ ਤੱਕ ਸੀਮਤ ਨਹੀਂ ਰਿਹਾ, ਇਸ ਨੇ ਲੇਕ ‘ਤੇ ਨਿਰਭਰ ਸੈਂਕੜੇ ਪਰਿਵਾਰਾਂ ਦੀ ਰੋਜ਼ੀ–ਰੋਟੀ ’ਤੇ ਵੀ ਸਿੱਧਾ ਵਾਰ ਕੀਤਾ ਹੈ। ਆਉਂਦੇ ਦਿਨਾਂ ਤੱਕ ਜੇਕਰ ਇਹੀ ਹਾਲ ਰਿਹਾ ਤਾਂ ਸੁਖਨਾ ਲੇਕ ਹੋਰ ਸੋਕੇ ਨਾਲ ਜੂਝੇਗੀ ਅਤੇ ਇੱਥੇ ਸਥਿਤ ਲੋਕਾਂ ਦੇ ਰੁਜ਼ਗਾਰ ’ਤੇ ਗਹਿਰਾ ਸੰਕਟ ਮੰਡਰਾਵੇਗਾ। ਇਸ ਖਾਸ ਰਿਪੋਰਟ ਵਿਚ ਅਸੀਂ ਸੁਖਨਾ ਲੇਕ ਦੀ ਮੌਜੂਦਾ ਹਾਲਤ ਦਾ ਜਾਇਜ਼ਾ ਲਵਾਂਗੇ ਅਤੇ ਗਰਮੀ ਕਾਰਨ ਸੁਖਨਾ ਲੇਕ ਨਾਲ ਜੁੜੇ ਲੋਕਾਂ ’ਤੇ ਪਏ ਪ੍ਰਭਾਵਾਂ ਦਾ ਜ਼ਿਕਰ ਕਰਾਂਗੇ।
ਸੁੱਕੀ ਲੇਕ, ਰੁਕੀਆਂ ਬੇੜੀਆਂ: ਬੋਟਿੰਗ ਟੂਰਿਜ਼ਮ ਨੂੰ ਲੱਗਿਆ ਗ੍ਰਹਿਣ
ਝੀਲ ਦਾ ਪਾਣੀ ਘਟਣ ਕਾਰਨ ਬੋਟਿੰਗ ਦਾ ਦਾਇਰਾ ਬਹੁਤ ਸੁੰਗੜ ਗਿਆ ਹੈ। ਪਾਣੀ ਦਾ ਪੱਧਰ ਇਨ੍ਹਾਂ ਨੀਵਾਂ ਚਲਾ ਗਿਆ ਹੈ ਕਿ ਕਈ ਥਾਵਾਂ ‘ਤੇ ਕਿਸ਼ਤੀਆਂ ਚਲਾਉਣਾ ਖ਼ਤਰੇ ਤੋਂ ਖਾਲੀ ਨਹੀਂ ਰਿਹਾ। ਸੈਲਾਨੀਆਂ ਦੀ ਗਿਣਤੀ ਘਟਣ ਕਾਰਨ ਬੋਟਿੰਗ ਦਾ ਕਾਰੋਬਾਰ ਕਰਨ ਵਾਲਿਆਂ ਦੀ ਕਮਾਈ ’ਤੇ ਭਾਰੀ ਅਸਰ ਪਿਆ ਹੈ। ਕਦੇ ਲੇਕ ’ਤੇ ਲੱਗਣ ਵਾਲੀਆਂ ਲੰਬੀਆਂ ਲਾਈਨਾਂ ਹੁਣ ਗਾਇਬ ਹੋ ਚੁੱਕੀਆਂ ਹਨ।
“ਗਾਹਕ ਹੀ ਨਹੀਂ ਆ ਰਹੇ।।।“ਛੋਟੇ ਕਾਰੋਬਾਰੀਆਂ ਦੇ ਚੁੱਲ੍ਹੇ ਹੋਏ ਠੰਢੇ
ਸੁਖਨਾ ਲੇਕ ਦੇ ਬਾਹਰ ਰੇਹੜੀ-ਫੜੀ ਲਗਾ ਕੇ ਖਾਣ-ਪੀਣ ਦਾ ਸਮਾਨ, ਖਿਡੌਣੇ ਅਤੇ ਹੋਰ ਚੀਜ਼ਾਂ ਵੇਚਣ ਵਾਲੇ ਸਥਾਨਕ ਦੁਕਾਨਦਾਰਾਂ ਦਾ ਦਰਦ ਛਲਕਿਆ ਹੈ। ਵਪਾਰੀਆਂ ਦਾ ਕਹਿਣਾ ਹੈ ਕਿ “ਪਹਿਲਾਂ ਸ਼ਾਮ ਹੁੰਦਿਆਂ ਹੀ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ ਹੁੰਦੀ। ਹੁਣ ਭਿਆਨਕ ਗਰਮੀ ਅਤੇ ਸੁੱਕੀ ਲੇਕ ਕਾਰਨ ਲੋਕ ਘਰਾਂ ਤੋਂ ਬਾਹਰ ਹੀ ਨਹੀਂ ਨਿਕਲ ਰਹੇ। ਸਾਡੀ ਰੋਜ਼ਾਨਾ ਦੀ ਵਿਕਰੀ ਅੱਧੀ ਤੋਂ ਵੀ ਘੱਟ ਰਹਿ ਗਈ ਹੈ। ਜੇ ਇਹੀ ਹਾਲ ਰਿਹਾ ਤਾਂ ਪਰਿਵਾਰ ਪਾਲਣਾ ਮੁਸ਼ਕਲ ਹੋ ਜਾਵੇਗਾ।”
ਈਟੀਵੀ ਭਾਰਤ ਵੱਲੋਂ ਸੁਖਨਾ ਲੇਕ ਦੇ ਬਾਹਰ ਕੁਲਚੇ ਅਤੇ ਗੋਲਗੱਪਿਆਂ ਦੀ ਰੇਹੜੀ ਲਗਾਉਣ ਵਾਲੇ ਗੁੱਡੂ ਨਾਲ, 14-15 ਸਾਲ ਤੋਂ ਲੇਕ ਦੇ ਬਾਹਰ ਆਈਸਕ੍ਰੀਮ ਵੇਚਣ ਵਾਲੇ ਪ੍ਰਮੇਸ਼ਵਰ, ਲੇਕ ਕੰਪਲੇਕਸ ਦੇ ਅੰਦਰ ਫਾਸਟ ਫੂਡ ਕਾਰਨਰ ਦੇ ਸੋਨੂੰ ਅਤੇ 6 ਸਾਲਾਂ ਤੋਂ ਲੇਕ ਕੰਪਲੇਕਸ ਦੇ ਅੰਦਰ ਫੂਡ ਕੋਰਟ ਚਲਾਉਣ ਵਾਲੇ ਵਿਵੇਕ ਮਹਿੰਦੀਰੱਤਾ ਨਾਲ ਗੱਲ ਕੀਤੀ ਗਈ। ਉਨ੍ਹਾਂ ਹਕੀਕਤ ਬਿਆਨ ਕੀਤੀ ਕਿ ਕਿਸ ਤਰ੍ਹਾਂ ਲੇਕ ਦੇ ਅੰਦਰ ਉਨ੍ਹਾਂ ਦਾ ਕਾਰੋਬਾਰ ਨੁਕਸਾਨਿਆ ਗਿਆ ,ਪਹਿਲਾਂ ਦੇ ਮੁਕਾਬਲੇ ਹੁਣ ਸੇਲ ਵਿਚ 70 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।
ਕਦੇ ਫਲੱਡ ਗੇਟ ਖੋਲਣੇ ਪਏ ਅਤੇ ਕਦੇ ਸੋਕਾ ਪੈ ਗਿਆ!
ਖਾਸ ਗੱਲ ਇਹ ਹੈ ਕਿ 2025 ਦੇ ਮਾਨਸੂਨ ਦੌਰਾਨ ਝੀਲ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਗਿਆ ਸੀ ਅਤੇ ਕਈ ਵਾਰ ਫਲੱਡ ਗੇਟ ਖੋਲ੍ਹਣੇ ਪਏ ਸਨ। ਇਸਦੇ ਉਲਟ ਹੁਣ ਮਈ ਮਹੀਨੇ ਵਿੱਚ ਹੀ ਝੀਲ ਦਾ ਵੱਡਾ ਹਿੱਸਾ ਸੁੱਕਦਾ ਨਜ਼ਰ ਆ ਰਿਹਾ ਹੈ।
ਸੁਖਨਾ ਝੀਲ ਅਹਿਮ ਕਿਉਂ ? ਇਹ ਕਦੋਂ ਬਣੀ ?
ਸੁਖਨਾ ਝੀਲ ਚੰਡੀਗੜ੍ਹ ਦੀ ਪਹਿਚਾਣ ਮੰਨੀ ਜਾਂਦੀ ਹੈ। ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਇੱਥੇ ਸੈਰ, ਕਸਰਤ ਅਤੇ ਮਨੋਰੰਜਨ ਲਈ ਪਹੁੰਚਦੇ ਹਨ। ਸੈਲਾਨੀਆਂ ਲਈ ਵੀ ਇਹ ਖਾਸ ਖਿੱਚ ਦਾ ਕੇਂਦਰ ਹੈ, ਇਸ ਲਈ ਇਸਦੀ ਸੰਭਾਲ ਬਹੁਤ ਜ਼ਰੂਰੀ ਮੰਨੀ ਜਾਂਦੀ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰਤ ਰਿਕਾਰਡ ਮੁਤਾਬਕ “ਸੁਖਨਾ ਝੀਲ 1958 ਵਿੱਚ ਬਣਾਈ ਗਈ ਸੀ। ਸ਼ਿਵਾਲਿਕ ਪਹਾੜੀਆਂ ਤੋਂ ਆਉਣ ਵਾਲੇ ਸੁਖਨਾ ਚੋਅ ਨਾਂ ਦੇ ਮੌਸਮੀ ਨਾਲੇ ਨੂੰ ਬੰਨ੍ਹ ਲਾ ਕੇ 3 km² ਰਕਬੇ ਦੀ ਇਹ ਝੀਲ ਤਿਆਰ ਕੀਤੀ ਗਈ। ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਦਾਖਲ ਹਲਫ਼ਨਾਮੇ ਵਿੱਚ ਵੀ 1958 ਨੂੰ “Formation of the lake” ਦਾ ਸਾਲ ਦੱਸਿਆ ਗਿਆ ਹੈ, ਜਦੋਂ ਇਸਦੀ ਅਸਲ ਪਾਣੀ ਸੰਭਾਲਣ ਦੀ ਸਮਰੱਥਾ 1,074।40 ਹੈਕਟੇਅਰ ਮੀਟਰ ਦਰਜ ਕੀਤੀ ਗਈ ਸੀ।”
ਪਾਣੀ ਦਾ ਪੱਧਰ ਕਿੰਨੀ ਵਾਰ ਘਟਿਆ ਜਾਂ ਸੁੱਕਿਆ ?
ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਸੁਖਨਾ ਝੀਲ ਦਾ ਪਾਣੀ ਪੱਧਰ ਕਈ ਵਾਰ ਖਤਰਨਾਕ ਹੱਦ ਤੱਕ ਘਟਿਆ ਹੈ। ਸਭ ਤੋਂ ਵੱਡਾ ਸੰਕਟ 2015-16 ਵਿੱਚ ਆਇਆ ਜਦੋਂ ਜੂਨ 2015 ਵਿੱਚ ਪਾਣੀ 1,152 ਫੁੱਟ ਤੋਂ ਵੀ ਹੇਠਾਂ ਚਲਾ ਗਿਆ ਅਤੇ 2016 ਵਿੱਚ 1,153 ਫੁੱਟ ਤੱਕ ਡਿੱਗਿਆ, ਜਿਸ ਕਾਰਨ ਝੀਲ ਦਾ ਵੱਡਾ ਹਿੱਸਾ ਸੁੱਕ ਗਿਆ ਸੀ। ਮਈ 2025 ਵਿੱਚ ਵੀ ਪੱਧਰ 1,156।35 ਫੁੱਟ ਤੱਕ ਡਿੱਗਣ ਕਾਰਨ ਰੈਗੂਲੇਟਰੀ ਐਂਡ ਪੂਰੀ ਤਰ੍ਹਾਂ ਸੁੱਕ ਗਿਆ। ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਦਾਖਲ ਹਲਫ਼ਨਾਮੇ ਮੁਤਾਬਕ ਗਾਦ ਜਮ੍ਹਾਂ ਹੋਣ ਕਾਰਨ 1958 ਤੋਂ 1989 ਤੱਕ ਝੀਲ ਦੀ ਪਾਣੀ ਸੰਭਾਲਣ ਦੀ ਸਮਰੱਥਾ ਲਗਾਤਾਰ ਘਟੀ – 1964 ਵਿੱਚ 23।24%, 1974 ਵਿੱਚ 49।30% ਤੇ 1989 ਤੱਕ 63।03% ਸਮਰੱਥਾ ਘਟ ਗਈ।
ਸੁਖਨਾ ਝੀਲ ਵਿੱਚ ਕਿੱਥੋਂ ਆਉਂਦਾ ਹੈ ਪਾਣੀ ?
Integrated Sukhna Management Plan ਦੇ ਅਧਿਕਾਰਤ ਰਿਕਾਰਡ ਮੁਤਾਬਕ ਸੁਖਨਾ ਝੀਲ ਵਿੱਚ 90% ਤੋਂ ਵੱਧ ਪਾਣੀ ਸ਼ਿਵਾਲਿਕ ਪਹਾੜੀਆਂ ਤੋਂ ਆਉਣ ਵਾਲੇ ਸੁਖਨਾ ਚੋਅ ਨਾਂ ਦੇ ਮੌਸਮੀ ਨਾਲੇ ਰਾਹੀਂ ਆਉਂਦਾ ਹੈ। ਇਸ ਤੋਂ ਇਲਾਵਾ ਝੀਲ ਦੇ 3 km² ਰਕਬੇ ਉੱਪਰ ਪੈਣ ਵਾਲੀ ਸਿੱਧੀ ਬਾਰਸ਼ ਤੇ ਕਾਂਸਲ ਚੋਅ ਵਰਗੇ 2-3 ਹੋਰ ਛੋਟੇ ਨਾਲਿਆਂ ਤੋਂ ਵੀ ਪਾਣੀ ਆਉਂਦਾ ਹੈ। ਸੁਖਨਾ ਦਾ ਕੋਈ ਸਥਾਈ ਦਰਿਆਈ ਸਰੋਤ ਨਹੀਂ ਹੈ, ਇਹ ਪੂਰੀ ਤਰ੍ਹਾਂ ਮਾਨਸੂਨ ਦੇ ਮੀਂਹ ਤੇ ਸੁਖਨਾ ਚੋਅ ਉੱਪਰ ਨਿਰਭਰ ਹੈ। ਇਸੇ ਕਰਕੇ ਘੱਟ ਮੀਂਹ ਵਾਲੇ ਸਾਲਾਂ ਵਿੱਚ ਝੀਲ ਦਾ ਪਾਣੀ ਪੱਧਰ ਬਹੁਤ ਘਟ ਜਾਂਦਾ ਹੈ।
ETV BHARAT