ਗ੍ਰਿਫ਼ਤਾਰ ਕੀਤਾ ਵਿਅਕਤੀ ਸੁਜਾਨਪੁਰ ਪੁਲ ਨੇੜੇ ਰਾਸ਼ਟਰੀ ਰਾਜਮਾਰਗ ਨੰਬਰ 44 ‘ਤੇ ਸੀਸੀਟੀਵੀ ਕੈਮਰੇ ਲਗਾ ਕੇ ਲਾਈਵ ਫੁਟੇਜ ਪਾਕਿਸਤਾਨ ਭੇਜਦਾ ਸੀ।
22 ਮਈ, 2026 – ਪਠਾਨਕੋਟ: ਜ਼ਿਲ੍ਹਾ ਪੁਲਿਸ ਨੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਜੋ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਦਾ ਸੀ। ਇੱਕ ਗੁਪਤ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੇ ਸੁਜਾਨਪੁਰ ਖੇਤਰ ਵਿੱਚ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਜੋ ਭਾਰਤੀ ਖੁਫੀਆ ਜਾਣਕਾਰੀ ਅਤੇ ਲਾਈਵ ਫੁਟੇਜ ਸਰਹੱਦ ਪਾਰ ਆਪਣੇ ਹੈਂਡਲਰਾਂ ਨੂੰ ਭੇਜ ਰਿਹਾ ਸੀ। ਦੱਸ ਦਈਏ ਕਿ ਪਠਾਨਕੋਟ ਦੇ ਸੁਜਾਨਪੁਰ ਵਿੱਚ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ, ਜਿਸ ਨੇ ਸੁਰੱਖਿਆ ਏਜੰਸੀਆਂ ਨੂੰ ਵੀ ਚੌਕਸ ਕਰ ਦਿੱਤਾ। ਜਾਣਕਾਰੀ ਦੇ ਆਧਾਰ ‘ਤੇ ਪਠਾਨਕੋਟ ਪੁਲਿਸ ਨੇ ਤੁਰੰਤ ਜਾਲ ਵਿਛਾ ਕੇ ਸੁਜਾਨਪੁਰ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਸ਼ੁਰੂਆਤੀ ਪੁੱਛਗਿੱਛ ਦੌਰਾਨ ਸਾਹਮਣੇ ਆਈ ਸੱਚਾਈ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਸੀਸੀਟੀਵੀ ਰਾਹੀ ਜਾਸੂਸੀ
ਇਸ ਬਾਰੇ ਗੱਲ ਕਰਦੇ ਹੋਏ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ “ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਦੇਸ਼ ਵਿਰੋਧੀ ਤਾਕਤਾਂ ਲਈ ਜਾਸੂਸੀ ਕਰ ਰਿਹਾ ਸੀ। ਉਸ ਨੇ ਪਠਾਨਕੋਟ–ਜੰਮੂ ਰਾਸ਼ਟਰੀ ਰਾਜਮਾਰਗ ਨੰਬਰ 44, ਸੁਜਾਨਪੁਰ ‘ਤੇ ਪੁਲ ਨੰਬਰ ਚਾਰ ਅਤੇ ਪੰਜ ਦੇ ਵਿਚਕਾਰ ਸੀਸੀਟੀਵੀ ਕੈਮਰੇ ਲਗਾ ਕੇ ਉਸ ਦੀ ਵੀਡੀਓ ਫੁਟੇਜ਼ ਦੇਸ਼ ਵਿਰੋਧੀ ਤਾਕਤਾਂ ਨੂੰ ਭੇਜਦਾ ਸੀ। ਉਸ ਨੇ ਇਹ ਸਭ ਨਸ਼ੇ ਦੀ ਪੂਰਤੀ ਲਈ ਕੀਤਾ ਹੈ। ਇਸ ‘ਚ ਉਸ ਦੇ ਤਿੰਨ ਹੋਰ ਸਾਥੀ ਵੀ ਹਨ, ਅਤੇ ਮਾਮਲੇ ਵਿੱਚ ਹੋਰ ਖੁਲਾਸੇ ਹੋਣਗੇ।”
ਵਿਦੇਸ਼ਾਂ ਨਾਲ ਜੁੜੇ ਜਾਸੂਸੀ ਦੇ ਤਾਰ
ਉਨ੍ਹਾਂ ਦੱਸਿਆ ਕਿ ਸਾਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਬਲਜੀਤ ਸਿੰਘ ਜੀਤੂ ਜੋ ਧਾਰੀਵਾਲ ਚੱਕ ਦਾ ਰਹਿਣ ਵਾਲਾ ਹੈ। ਉਹ ਅਤੇ ਉਸ ਦੇ ਤਿੰਨ ਸਾਥੀ ਜੋ ਪਠਾਨਕੋਟ ਤੋਂ ਜੰਮੂ ਨੂੰ ਜਾਣ ਵਾਲਾ ਰਸਤਾ ਹੈ, ਉਸ ਦੇ ਸੁਜਾਨਪੁਰ ਅੱਡੇ ‘ਚ ਜਾਸੂਸੀ ਕਰਨ ਲਈ ਕੈਮਰੇ ਲਗਾਏ ਸਨ। ਇਹ ਬਹੁਤ ਹੀ ਸੰਵੇਦਨਸ਼ੀਲ ਜਗ੍ਹਾ ਹੈ, ਇਥੋਂ ਹਰ ਤਰ੍ਹਾਂ ਦੀ ਗਤੀਵਿਧੀ ਨੂੰ ਕੈਪਚਰ ਕਰਨ ਲਈ ਇਹ ਕੈਮਰੇ ਲਗਾਏ ਗਏ ਸਨ। ਇਸ ਮਾਮਲੇ ‘ਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਸਖ਼ਤੀ ਨਾਲ ਪੁੱਛਗਿਛ ਕੀਤੀ ਗਈ ਅਤੇ ਉਸ ਦੇ ਇੰਟਰਨੈੱਟ ਅਧਾਰਿਤ ਕੈਮਰੇ ਪੁਲਿਸ ਨੇ ਬਰਾਮਦ ਕਰ ਲਏ ਹਨ।
ਪੈਸਿਆਂ ਦਾ ਦਿੱਤਾ ਸੀ ਲਾਲਚ
ਐਸਐਸਪੀ ਪਠਾਨਕੋਟ ਨੇ ਦੱਸਿਆ ਕਿ “ਇਸ ਮੁਲਜ਼ਮ ਦੇ ਨਾਲ ਤਿੰਨ ਹੋਰ ਸਾਥੀ ਜੁੜੇ ਹੋਏ ਹਨ, ਜਿਸ ‘ਚ ਇੱਕ ਇਸ ਨੂੰ ਸਮਾਨ ਮੁਹੱਈਆ ਕਰਵਾ ਰਿਹਾ ਸੀ ਤੇ ਬਾਕੀ ਦੋ ਜੋ ਵਿਦੇਸ਼ ‘ਚ ਬੈਠ ਕੇ ਏਜੰਸੀਆਂ ਨਾਲ ਜੁੜੇ ਹੋਏ ਹਨ। ਇਸ ਨੂੰ ਉਨ੍ਹਾਂ ਨੇ ਪੈਸਿਆਂ ਦਾ ਲਾਲਚ ਦਿੱਤਾ ਸੀ ਅਤੇ ਕੈਮਰਿਆਂ ਲਈ ਕੁਝ ਪੈਸੇ ਦਿੱਤੇ ਵੀ ਸੀ ਤੇ ਨਾਲ ਹੀ ਉਂਝ ਵੀ ਕੁਝ ਫੰਡ ਦਿੱਤੇ ਸੀ। ਇਸ ਦੇ ਦੋ ਸਾਥੀ ਕਿਸੇ ਹੋਰ ਮਾਮਲਿਆਂ ‘ਚ ਜੇਲ੍ਹ ‘ਚ ਬੰਦ ਹਨ, ਜਿਨ੍ਹਾਂ ਨੂੰ ਪ੍ਰੋਡਕਸ਼ਨ ਵਰੰਟ ‘ਤੇ ਲਿਆ ਕੇ ਪੁੱਛਗਿਛ ਕੀਤੀ ਜਾਵੇਗੀ।”
ਨਸ਼ੇ ਦੀ ਪੂਰਤੀ ਲਈ ਗੁਨਾਹ
ਐਸਐਸਪੀ ਨੇ ਕਿਹਾ ਕਿ ਇਸ ਤੋਂ ਇਲਾਵਾ ਕੈਮਰਿਆਂ ਦੇ ਲਿੰਕ ਵਿਦੇਸ਼ ‘ਚ ਦਿੱਤੇ ਹੋਏ ਸਨ, ਜਿਸ ਦੀ ਗੰਭੀਰਤਾ ਨਾਲ ਜਾਂਚ ਹੋ ਰਹੀ ਹੈ। ਇਹ ਦੇਸ਼ ਦੇ ਵਿਰੁੱਧ ਜਾਸੂਸੀ ਦਾ ਮਾਮਲਾ ਹੈ, ਜਿਸ ਨੂੰ ਰੋਕਣ ‘ਚ ਅਸੀਂ ਕਾਮਯਾਬ ਹੋਏ ਹਾਂ ਤੇ ਉਮੀਦ ਹੈ ਕਿ ਇਸ ਕੇਸ ‘ਚ ਹੋਰ ਵੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਪੁਲਿਸ ਵੱਲੋਂ ਕਾਬੂ ਕੀਤਾ ਗਿਆ ਮੁਲਜ਼ਮ ਨਸ਼ੇੜੀ ਕਿਸਮ ਦਾ ਆਦਮੀ ਹੈ, ਇਸ ਲਈ ਹੀ ਵਿਦੇਸ਼ਾਂ ‘ਚ ਬੈਠੇ ਲੋਕ ਅਜਿਹੇ ਨੌਜਵਾਨਾਂ ਨੂੰ ਟਾਰਗੇਟ ਕਰਦੇ ਹਨ।
ETV BHARAT