“ਅਸੀਂ ਖੁਦ ਹੋ ਚੁੱਕੇ ਕੁੱਤਿਆਂ ਦੇ ਸ਼ਿਕਾਰ“
ਸੁਪਰੀਮ ਕੋਰਟ ਵੱਲੋਂ ਖ਼ਤਰਨਾਕ ਅਤੇ ਬਿਮਾਰ ਕੁੱਤਿਆਂ ਨੂੰ ਲੈ ਕੇ ਅਹਿਮ ਫੈਸਲਾ। ਪੰਜਾਬ ਸਰਕਾਰ ਸਣੇ ਜਲੰਧਰ ਦੇ ਲੋਕਾਂ ਨੇ ਵੀ ਕੀਤਾ ਫੈਸਲੇ ਦਾ ਸਵਾਗਤ।
23 ਮਈ, 2026 – ਜਲੰਧਰ: ਅਵਾਰਾ ਕੁੱਤਿਆਂ ਨੂੰ ਲੈਕੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਜਨਤਾ ਨੇ ਸਵਾਗਤ ਕੀਤਾ। ਬੀਤੇ ਸਾਲ ਸੁਪਰੀਮ ਕੋਰਟ ਨੇ ਅਵਾਰਾ ਕੁੱਤਿਆਂ ਨੂੰ ਲੈ ਕੇ ਜਦੋਂ ਸਖ਼ਤ ਰਵਈਆ ਅਪਣਾਉਂਦੇ ਹੋਏ ਫੈਸਲਾ ਸੁਣਾਇਆ ਤਾਂ ਉਸ ਵੇਲ੍ਹੇ ਡੌਗ ਪ੍ਰੇਮੀਆਂ ਦੇ ਮੁੱਦਿਆਂ ਨੂੰ ਲੈ ਕੇ ਵੀ ਆਮ ਲੋਕਾਂ ਦੀ ਤਿੱਖੀ ਬਹਿਸ ਹੋਈ ਅਤੇ ਕੁੱਤਿਆਂ ਨੂੰ ਸ਼ੈਲਟਰ ਵਿੱਚ ਰੱਖਣ ਨੂੰ ਲੈ ਕੇ ਤਿੱਖਾ ਵਿਰੋਧ ਸੜਕਾਂ ਉੱਤੇ ਨਿਕਲ ਕੇ ਕੀਤਾ।
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ, ‘ਖ਼ਤਰਨਾਕ ਅਤੇ ਬਿਮਾਰ ਕੁੱਤਿਆਂ ਨੂੰ ਟੀਕੇ ਲਗਾ ਕੇ ਮਾਰਿਆ ਜਾ ਸਕਦਾ ਹੈ। ਜਨਤਕ ਜੀਵਨ ਦੀ ਰੱਖਿਆ ਕਰਨਾ ਬਹੁਤ ਜ਼ਰੂਰੀ ਹੈ। ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ‘ਤੇ ਮਾਣਹਾਨੀ ਦਾ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।‘ ਦੂਜੇ ਪਾਸੇ, ਹੁਣ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਗੱਲ ਸਮਝ ਆ ਗਈ ਹੈ। ਬਹੁਤ ਸਾਰੇ ਲੋਕ ਹੁਣ ਇਨ੍ਹਾਂ ਹੁਕਮਾਂ ਦਾ ਸਵਾਗਤ ਕਰ ਰਹੇ ਹਨ।
“ਕੁੱਤਿਆਂ ਦੇ ਕੱਟਣ ਦੇ ਮਾਮਲੇ ਵਧੇ…”
ਜਲੰਧਰ ਦੇ ਬਿਕਰਮਪੁਰਾ ਦੇ ਵਸਨੀਕਾਂ ਨੇ ਵੀ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ। ਹਤਿੰਦਰ ਤਲਵਾਰ ਹਨੀ ਨੇ ਕਿਹਾ ਕਿ, “ਸੁਪਰੀਮ ਕੋਰਟ ਦਾ ਇਹ ਹੁਕਮ ਇੱਕ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਕਰੇਗਾ। ਸ਼ਹਿਰ ਜਲੰਧਰ ਵਿੱਚ ਪਿਛਲੇ ਤਿੰਨ ਮਹੀਨਿਆਂ ਵਿੱਚ ਕੁੱਤਿਆਂ ਦੇ ਕੱਟਣ ਦੇ 25 ਤੋਂ 27 ਮਾਮਲੇ ਸਾਹਮਣੇ ਆਏ ਹਨ। ਲੋਕ ਕੁੱਤਿਆਂ ਦੇ ਡਰ ਕਾਰਨ ਰਾਤ ਨੂੰ ਬਾਹਰ ਜਾਣ ਤੋਂ ਬਚਦੇ ਹਨ। ਉਨ੍ਹਾਂ ਦੇ ਗੁਆਂਢ ਵਿੱਚ ਇੱਕ ਵਿਅਕਤੀ ਨੂੰ ਕੁੱਤਿਆਂ ਨੇ ਬੁਰੀ ਤਰ੍ਹਾਂ ਕੱਟ ਲਿਆ ਅਤੇ ਨਤੀਜੇ ਵਜੋਂ, ਉਹ ਸਹੀ ਢੰਗ ਨਾਲ ਤੁਰਨ ਤੋਂ ਅਸਮਰੱਥ ਹੈ। ਇਸ ਘਟਨਾ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਗਏ ਨਵੇਂ ਹੁਕਮ ਨਾਲ ਇਨ੍ਹਾਂ ਘਟਨਾਵਾਂ ਨੂੰ ਰੋਕਿਆ ਜਾ ਸਕੇਗਾ ਅਤੇ ਕੁੱਤਿਆਂ ਦੀ ਅਬਾਦੀ ਵੀ ਘੱਟ ਸਕਦੀ ਹੈ।”
“ਮੇਰੀ ਪਤਨੀ ਨੂੰ ਵੀ ਕੁੱਤੇ ਨੇ ਕੱਟਿਆ…”
ਇੱਕ ਹੋਰ ਸਥਾਨਕ ਵਾਸੀ ਨੇ ਦੱਸਿਆ ਕਿ, “ਹਾਲ ਹੀ ਵਿੱਚ ਜਦੋਂ ਉਸ ਦੀ ਪਤਨੀ ਸਕੂਲ ਵਿੱਚ ਪੜ੍ਹਾ ਕੇ ਘਰ ਵਾਪਸ ਆ ਰਹੀ ਸੀ ਤਾਂ ਉਸ ‘ਤੇ ਕੁੱਤਿਆਂ ਨੇ ਹਮਲਾ ਕਰ ਦਿੱਤਾ। ਉਹ ਇਸ ਘਟਨਾ ਵਿੱਚ ਗੰਭੀਰ ਜ਼ਖਮੀ ਹੋ ਗਈ ਸੀ ਅਤੇ ਉਸ ਨੂੰ ਕਈ ਟੀਕੇ ਲਗਾਉਣੇ ਪਏ, ਜਿਸ ਕਾਰਨ ਕਾਫ਼ੀ ਬੇਅਰਾਮੀ ਹੋਈ।” ਇਸ ਤੋਂ ਇਲਾਵਾ, ਸਥਾਨਕ ਵਾਸੀ ਪ੍ਰਿੰਸ ਨੇ ਕਿਹਾ ਕਿ, “ਮਾਈ ਹੀਰਾਂ ਗੇਟ ਮਾਰਕੀਟ ਵਿੱਚ ਉਸ ਦੀ ਦੁਕਾਨ ਹੈ, ਜਿੱਥੇ ਸਕੂਲ ਤੋਂ ਆਉਂਦੇ ਇੱਕ ਬੱਚੇ ਨੂੰ ਕੁੱਤੇ ਨੇ ਕੱਟ ਲਿਆ। ਅਵਾਰਾ ਕੁੱਤਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਲੋਕਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ। ਹੁਣ ਇਸ ਹੁਕਮ ਨਾਲ ਕੁੱਤੇ ਦੇ ਕੱਟਣ ਦੀਆਂ ਘਟਨਾਵਾਂ ਘੱਟ ਸਕਦੀਆਂ ਹਨ ਅਤੇ ਉਹ ਵੀ ਬਿਨਾਂ ਕਿਸੇ ਡਰ ਦੇ ਕਿਤੇ ਵੀ ਜਾ ਸਕਦਾ ਹੈ। ਇਸ ਫੈਸਲੇ ਦਾ ਸਵਾਗਤ, ਸੁਪਰੀਮ ਕੋਰਟ ਅਤੇ ਸਰਕਾਰ ਦਾ ਧੰਨਵਾਦ ਕਰਦੇ ਹਾਂ।‘
‘ਸੁਪਰੀਮ ਕੋਰਟ ਦੇ ਨਿਰਦੇਸ਼ ਇੰਨ–ਬਿੰਨ ਲਾਗੂ ਹੋਣਗੇ‘
ਪੰਜਾਬ ਦੇ ਕਈ ਹਿੱਸਿਆਂ ਵਿੱਚ ਅਵਾਰਾ ਕੁੱਤਿਆਂ ਦੇ ਹਮਲਿਆਂ ਦੀਆਂ ਵਧਦੀਆਂ ਘਟਨਾਵਾਂ ਬਾਰੇ ਵਧਦੀਆਂ ਚਿੰਤਾਵਾਂ ਵਿਚਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਦੇ ਨਾਲ-ਨਾਲ ਜਾਨਵਰਾਂ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਂਦੇ ਹੋਏ ਅਵਾਰਾ ਕੁੱਤਿਆਂ ਬਾਰੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਨੂੰ ਇੰਨ-ਬਿੰਨ ਲਾਗੂ ਕਰੇਗੀ।
ਸੀਐਮ ਮਾਨ ਨੇ ਕਿਹਾ ਕਿ, ‘ਬੱਚਿਆਂ, ਬਜ਼ੁਰਗਾਂ ਅਤੇ ਪਰਿਵਾਰਾਂ ਨੂੰ ਜਨਤਕ ਥਾਵਾਂ `ਤੇ ਬਿਨਾਂ ਕਿਸੇ ਡਰ ਤੋਂ ਘੁੰਮਣ-ਫਿਰਨ ਦੇ ਯੋਗ ਬਣਾਉਣ ਲਈ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅਵਾਰਾ ਕੁੱਤਿਆਂ ਨੂੰ ਵੱਧ ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਤਬਦੀਲ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਸਹੀ ਦੇਖਭਾਲ ਲਈ ਲੋੜੀਂਦੇ ਆਸਰਾ ਘਰ ਬਣਾਏ ਅਤੇ ਚਲਾਏ ਜਾਣਗੇ।’
‘ਕੁੱਤਿਆਂ ਦੇ ਹਮਲੇ ਨਾਲ ਇਨਸਾਨੀ ਮੌਤਾਂ‘
ਹਾਲਾਂਕਿ ਪਿਛਲੇ ਚਾਰ ਸਾਲ ਦੇ ਦੌਰਾਨ ਪੰਜਾਬ ਦੇ ਵਿੱਚ ਰੇਬੀਜ਼ ਨਾਲ ਮਰਨ ਵਾਲਿਆਂ ਦੀ ਗਿਣਤੀ ਸਿਰਫ ਇੱਕ ਹੀ ਹੈ ਪਰ ਅਵਾਰਾ ਕੁੱਤਿਆਂ ਵੱਲੋਂ ਹਮਲਾ ਕਰਨ ਉੱਤੇ ਮਰਨ ਵਾਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਇਹ ਅੰਕੜੇ ਭਾਰਤ ਸਰਕਾਰ ਦੇ ਮੱਛੀ ਪਾਲਣ ਅਤੇ ਜੰਗਲਾਤ ਵਿਭਾਗ ਵੱਲੋਂ ਜਾਰੀ ਕੀਤੇ ਗਏ। ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਿਕ ਸਾਲ 2024 ਦੇ ਵਿੱਚ ਹੀ ਪੂਰੇ ਭਾਰਤ ਦੇ ਅੰਦਰ 37,17,336 ਕੁੱਤਿਆਂ ਦੇ ਵੱਢਣ ਦੇ ਮਾਮਲੇ ਆਏ ਅਤੇ ਸ਼ੱਕੀ ਤੌਰ ਉੱਤੇ 54 ਲੋਕਾਂ ਦੀ ਮੌਤ ਹੋ ਜਾਣ ਦੀ ਵੀ ਗੱਲ ਸਾਹਮਣੇ ਆਈ ਹੈ।
ਸੁਪਰੀਮ ਕੋਰਟ ਦਾ ਫੈਸਲਾ
ਜਸਟਿਸ ਵਿਕਰਮ ਨਾਥ, ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਐਨ.ਵੀ. ਅੰਜਾਰੀਆ ਦੇ ਬੈਂਚ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ‘ਲੋਕਾਂ ਦੀ ਜਾਨ ਦੀ ਸੁਰੱਖਿਆ ਵਧੇਰੇ ਮਹੱਤਵਪੂਰਨ ਹੈ, ਇਸ ਲਈ ਸੜਕਾਂ ‘ਤੇ ਘੁੰਮ ਰਹੇ ਖ਼ਤਰਨਾਕ ਅਤੇ ਬਿਮਾਰ ਕੁੱਤਿਆਂ ਨੂੰ ਟੀਕੇ ਲਗਾ ਕੇ ਮਾਰਿਆ ਜਾ ਸਕਦਾ‘ ਹੈ। ਹਦਾਇਤਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਅਤੇ ਜੋ ਇਨ੍ਹਾਂ ਦੀ ਪਾਲਣਾ ਨਹੀਂ ਕਰਦੇ, ਉਨ੍ਹਾਂ ‘ਤੇ ਮਾਣਹਾਨੀ ਦਾ ਮੁਕੱਦਮਾ ਚੱਲੇਗਾ। ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿੱਚ ਇੱਕ ਮਹੀਨੇ ਵਿੱਚ ਕੁੱਤਿਆਂ ਦੇ ਕੱਟਣ ਦੀਆਂ 1084 ਘਟਨਾਵਾਂ ਵਾਪਰੀਆਂ। ਤਾਮਿਲਨਾਡੂ ਵਿੱਚ ਸਾਲ ਦੇ ਪਹਿਲੇ 4 ਮਹੀਨਿਆਂ ਵਿੱਚ 2 ਲੱਖ ਘਟਨਾਵਾਂ ਦਰਜ ਕੀਤੀਆਂ ਗਈਆਂ।
ETV BHARAT
ਅਵਾਰਾ ਕੁੱਤਿਆ ‘ਤੇ ਪੰਜਾਬ ‘ਚ ਵਿਵਾਦ, ਹੈਰਾਨ ਕਰ ਦੇਣਗੇ ਕੁੱਤਿਆਂ ਵੱਲੋਂ ਵੱਢੇ ਜਾਣ ਦੇ ਅੰਕੜੇ
ਅਵਾਰਾ ਕੁੱਤਿਆਂ ਨੂੰ ਲੈਕੇ ਵਿਵਾਦ ਲਗਾਤਾਰ ਗਰਮਾ ਹੋਇਆ ਹੈ। ਇਸ ਦੌਰਾਨ ਅਵਾਰਾ ਕੁੱਤਿਆਂ ਵੱਲੋਂ ਵੱਢੇ ਜਾਣ ਦੇ ਅੰਕੜੇ ਵੀ ਹੈਰਾਨ ਕਰਨ ਵਾਲੇ ਹਨ।
ਲੁਧਿਆਣਾ: ਮਾਨਯੋਗ ਸੁਪਰੀਮ ਕੋਰਟ ਵੱਲੋਂ ਅਵਾਰਾ ਕੁੱਤਿਆਂ ਨੂੰ ਲੈ ਕੇ ਦਿੱਤੇ ਗਏ ਫੈਸਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਿਆਨ ਦਿੱਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ 19 ਮਈ ਨੂੰ ਜੋ ਫੈਸਲਾ ਲਿਆ ਗਿਆ ਹੈ, ਉਸ ਨੂੰ ਸਖਤੀ ਨਾਲ ਫਾਲੋ ਕੀਤਾ ਜਾਵੇਗਾ, ਸਾਰੇ ਹੀ ਅਵਾਰਾ ਕੁੱਤੇ ਜੋ ਸੜਕਾਂ ਤੇ ਪਬਲਿਕ ਪਲੇਸ ‘ਤੇ ਘੁੰਮਦੇ ਹਨ ਅਤੇ ਬੱਚਿਆਂ ਲਈ ਸੀਨੀਅਰ ਸਿਟੀਜ਼ਮ ਦੇ ਲਈ ਅਤੇ ਪਰਿਵਾਰਾਂ ਦੇ ਲਈ ਖਤਰਾ ਬਣੇ ਹੋਏ ਹਨ, ਉਹਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਨੂੰ ਹਟਾਇਆ ਜਾਵੇਗਾ।