ਰਹਿੰਦ–ਖੂੰਹਦ ਤੋਂ ਬਣਾਇਆ “ਬਾਇਓ ਫਿਊਲ“
ਬਾਇਓ ਫਿਊਲ ਪ੍ਰੋਜੈਕਟ “ਵਿਕਸਿਤ ਭਾਰਤ ਬਿਲਡਾਥਾਨ–2026” ਵਿੱਚ ਜ਼ਿਲ੍ਹਾ ਪੱਧਰ ‘ਤੇ “ਸਰਵੋਤਮ ਪ੍ਰੋਜੈਕਟ” ਚੁਣਿਆ ਗਿਆ।
23 ਮਈ, 2026 – ਅੰਮ੍ਰਿਤਸਰ: ਪਿੰਡਾਂ ਦੇ ਵਿਦਿਆਰਥੀਆਂ ਦੀ ਕਾਬਲੀਅਤ ਇੱਕ ਵਾਰ ਫਿਰ ਦੇਸ਼ ਪੱਧਰ ‘ਤੇ ਚਮਕੀ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਬੋਵਾਲ ਦੇ ਦੋ ਵਿਦਿਆਰਥੀਆਂ ਅਤੇ ਇੱਕ ਅਧਿਆਪਕ ਵੱਲੋਂ ਤਿਆਰ ਕੀਤਾ ਗਿਆ ਵਿਗਿਆਨਕ ਪ੍ਰੋਜੈਕਟ “ਵਿਕਸਿਤ ਭਾਰਤ ਬਿਲਡਾਥਾਨ-2026” ਵਿੱਚ ਜ਼ਿਲ੍ਹਾ ਪੱਧਰ ‘ਤੇ “ਸਰਵੋਤਮ ਪ੍ਰੋਜੈਕਟ” ਚੁਣਿਆ ਗਿਆ ਹੈ। ਇਸ ਪ੍ਰੋਜੈਕਟ ਨੇ ਨਾ ਸਿਰਫ਼ ਵਿਗਿਆਨਕ ਸੋਚ ਨੂੰ ਉਭਾਰਿਆ ਹੈ, ਸਗੋਂ ਪ੍ਰਦੂਸ਼ਣ ਅਤੇ ਖੇਤੀਬਾੜੀ ਵੇਸਟ ਵਰਗੀਆਂ ਵੱਡੀਆਂ ਸਮੱਸਿਆਵਾਂ ਦਾ ਹੱਲ ਵੀ ਪੇਸ਼ ਕੀਤਾ ਹੈ।
ਇਸ ਪ੍ਰੋਜੈਕਟ ਨੂੰ ਸਕੂਲ ਦੇ ਵੋਕੇਸ਼ਨਲ ਲੈਕਚਰਾਰ (ਹਾਰਟੀਕਲਚਰ) ਸੰਜੀਵ ਕੁਮਾਰ ਦੀ ਰਹਿਨੁਮਾਈ ਹੇਠ ਵਿਦਿਆਰਥੀ ਸਾਜਨਪ੍ਰੀਤ ਸਿੰਘ ਅਤੇ ਸੁਖਬੀਰ ਸਿੰਘ ਨੇ ਤਿਆਰ ਕੀਤਾ। ਪ੍ਰੋਜੈਕਟ ਦਾ ਮੁੱਖ ਮਕਸਦ ਖੇਤੀਬਾੜੀ ਅਤੇ ਬਾਗਬਾਨੀ ਕੂੜੇ ਨੂੰ ਰੀਸਾਈਕਲ ਕਰਕੇ ਬਾਇਓ ਫਿਊਲ ਤਿਆਰ ਕਰਨਾ ਅਤੇ ਉਸ ਦੀ ਵਰਤੋਂ ਰਾਹੀਂ ਸਟੀਮ ਦੇ ਜ਼ਰੀਏ ਪੋਸ਼ਟਿਕ ਭੋਜਨ ਤਿਆਰ ਕਰਨਾ ਹੈ।
‘ਭਾਫ ਨਾਲ ਖਾਣਾ ਬਣਾਉਣ ਲਈ ਉਤਸ਼ਾਹਿਤ ਕਰਦਾ ਹੈ ਇਹ ਪ੍ਰੋਜੈਕਟ‘
ਗੱਲਬਾਤ ਕਰਦੇ ਹੋਏ ਸਕੂਲ ਦੇ ਵੋਕੇਸ਼ਨਲ ਲੈਕਚਰਾਰ ਸੰਜੀਵ ਕੁਮਾਰ ਨੇ ਦੱਸਿਆ ਕਿ, ‘ਇਹ ਪ੍ਰੋਜੈਕਟ “ਵਿਕਸਿਤ ਭਾਰਤ ਬਿਲਡਾਥਾਨ” ਦੇ ਤਹਿਤ ਇੱਕ ਮੁਕਾਬਲੇ ਲਈ ਤਿਆਰ ਕੀਤਾ ਗਿਆ ਹੈ। ਇਹ ਮੁਕਾਬਲੇ ਕੇਂਦਰ ਸਰਕਾਰ ਵੱਲੋਂ ਕਰਵਾਏ ਜਾਂਦੇ ਹਨ, ਜਿਸ ਵਿੱਚ ਇੱਕ ਕਰੋੜ ਦੇ ਕਰੀਬ ਬੱਚੇ ਭਾਗ ਲੈਂਦੇ ਹਨ ਅਤੇ 3 ਲੱਖ ਤੋਂ ਜ਼ਿਆਦਾ ਸਕੂਲ ਇਸ ਵਿੱਚ ਹਿੱਸਾ ਲੈਂਦੇ ਹਨ। ਜਿਸ ਵਿੱਚ ਸਾਡੇ ਸਕੂਲ ਨੇ ਵੀ ਹਿੱਸਾ ਲਿਆ ਹੈ।”
“ਦੋ ਹਿੱਸਿਆਂ ਵਿੱਚ ਵੰਡਿਆ ਗਿਆ ਇਹ ਪ੍ਰੋਜੈਕਟ“
ਸੰਜੀਵ ਕੁਮਾਰ ਨੇ ਦੱਸਿਆ ਕਿ ਇਹ ਪ੍ਰੋਜੈਕਟ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਹਿਲੇ ਹਿੱਸੇ ਵਿੱਚ ਖੇਤੀਬਾੜੀ ਵੇਸਟ, ਸੁੱਕੇ ਪੱਤੇ, ਗਾਰਡਨ ਵੇਸਟ, ਬੇਕਾਰ ਕਾਗਜ਼ ਅਤੇ ਲੱਕੜ ਦੇ ਬੁਰਾਦੇ ਵਰਗੀਆਂ ਚੀਜ਼ਾਂ ਦੀ ਵਰਤੋਂ ਕਰਕੇ ਬਾਇਓ ਬ੍ਰਿਕਟਸ ਤਿਆਰ ਕੀਤੀਆਂ ਗਈਆਂ। ਦੂਜੇ ਹਿੱਸੇ ਵਿੱਚ ਇੱਕ ਵਿਸ਼ੇਸ਼ ਬਾਇਓ ਕੁੱਕਰ ਤਿਆਰ ਕੀਤਾ ਗਿਆ, ਜਿਸ ਵਿੱਚ ਭਾਫ ਦੀ ਮਦਦ ਨਾਲ ਖਾਣਾ ਬਣਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਭਾਫ਼ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਭੋਜਨ ਵਧੇਰੇ ਪੌਸ਼ਟਿਕ ਹੁੰਦਾ ਹੈ ਕਿਉਂਕਿ ਇਹ ਆਪਣੇ ਪੌਸ਼ਟਿਕ ਮੁੱਲ ਨੂੰ ਬਰਕਰਾਰ ਰੱਖਦਾ ਹੈ। ਸਿੱਧੀ ਗਰਮੀ ‘ਤੇ ਭੋਜਨ ਪਕਾਉਣ ਨਾਲ ਪੌਸ਼ਟਿਕ ਤੱਤ ਘੱਟ ਜਾਂਦੇ ਹਨ, ਜਦੋਂ ਕਿ ਭਾਫ਼ ਨਾਲ ਪਕਾਉਣ ਨਾਲ ਇਹ ਸਮੱਸਿਆ ਘੱਟ ਜਾਂਦੀ ਹੈ।
‘ਸਖ਼ਤ ਮਿਹਨਤ ਨਾਲ ਤਿਆਰ ਕੀਤਾ ਗਿਆ ਪ੍ਰੋਜੈਕਟ‘
ਵਿਦਿਆਰਥੀ ਸੁਖਬੀਰ ਸਿੰਘ ਅਤੇ ਸਾਜਨ ਪ੍ਰੀਤ ਸਿੰਘ ਨੇ ਦੱਸਿਆ ਕਿ, ‘ਇਹ ਪ੍ਰੋਜੈਕਟ ਕੇਂਦਰ ਸਰਕਾਰ ਵੱਲੋਂ ਲਿਆਂਦਾ ਗਿਆ ਸੀ, ਅਸੀਂ ਆਪਣੇ ਅਧਿਆਪਕ ਦੇ ਦਿਸ਼ਾ ਨਿਰਦੇਸ਼ਾਂ ਨਾਲ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਹੈ। ਇਸ ਪ੍ਰੋਜੈਕਟ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਪਹਿਲੇ ਭਾਗ ਵਿੱਚ, ਸੁੱਕੇ ਪੱਤੇ, ਕਾਂਗਰਸ ਘਾਹ, ਲੱਕੜੀ ਦਾ ਬੁਰਾਦਾ ਅਤੇ ਵੇਸਟ ਪੇਪਰ ਵਰਗੀਆਂ ਸਮੱਗਰੀਆਂ ਦੀ ਵਰਤੋਂ ਕਰਕੇ ਬਾਇਓ–ਬ੍ਰਿਕੇਟ ਬਣਾਇਆ ਗਿਆ।”
ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਪੇਪਰ ਦੀ ਰਹਿੰਦ ਨੂੰ 24 ਘੰਟਿਆਂ ਲਈ ਪਾਣੀ ਵਿੱਚ ਭਿਉਂ ਕੇ ਰੱਖ ਦਿੱਤਾ। ਬਾਕੀ ਤਿੰਨ ਚੀਜ਼ਾਂ ਸੁੱਕੇ ਪੱਤੇ, ਲੱਕੜ ਦਾ ਬੁਰਾਦਾ ਅਤੇ ਕਾਂਗਰਸ ਘਾਹ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉਸ ਦਾ ਬੁਰਾਦਾ ਬਣਾ ਲਿਆ। ਉਸ ਤੋਂ ਇੱਕ ਮਿਸ਼ਰਣ ਤਿਆਰ ਕੀਤਾ ਗਿਆ। ਉਸ ਮਿਸ਼ਰਣ ਨੂੰ 24 ਘੰਟਿਆਂ ਲਈ ਭਿਉਂ ਕੇ ਰੱਖੇ ਗਏ ਕਾਗਜ਼ ਵਿੱਚ ਪਾ ਦਿੱਤਾ ਗਿਆ। ਫਿਰ ਉਸ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਗਿਆ। ਇਸ ਮਿਸ਼ਰਣ ਨੂੰ ਮੋਲਡ ਵਿੱਚ ਪਾ ਕੇ ਬਾਇਓਬ੍ਰਿਕੇਟ ਬਣਾਈ ਗਈ।
ਦੂਜੇ ਭਾਗ ਵਿੱਚ ਇੱਕ ਵਿਸ਼ੇਸ਼ ਬਾਇਓ–ਕੂਕਰ ਵਿਕਸਤ ਕੀਤਾ ਗਿਆ ਸੀ, ਜਿਸ ਦਾ ਹੇਠਲਾ ਹਿੱਸਾ ਅੰਗੀਠੀ ਦੇ ਅਕਾਰ ਦਾ ਹੈ ਅਤੇ ਉਪਰ ਵਾਲਾ ਹਿੱਸਾ ਸਿਲੰਡਰ ਦੇ ਅਕਾਰ ਦਾ ਹੈ। ਜਿਸ ਵਿੱਚ ਸਟੀਲ ਦਾ ਕੰਟੇਨਰ ਰੱਖਿਆ ਹੋਇਆ ਹੈ, ਉਸ ਵਿੱਚ ਅਸੀਂ ਤਿੰਨ ਸਟੀਲ ਦੀਆਂ ਡੱਬੀਆਂ ਰੱਖੀਆਂ ਹਨ, ਜਿਸ ਵਿੱਚ ਭੋਜਨ ਬਣਾਇਆ ਜਾਂਦਾ ਹੈ। ਉਨ੍ਹਾਂ ਸਟੀਲ ਦੀਆਂ ਡੱਬੀਆਂ ਵਿੱਚ ਭੋਜਨ ਪਾ ਦੇਣਾ ਹੈ, ਜਿਵੇਂ ਦਾਲ, ਚਾਵਲ ਆਦਿ। ਸਟੀਲ ਦੀਆਂ ਡੱਬੀਆਂ ਵਿੱਚ ਦਾਲ ਚਾਵਲ ਪਾ ਕੇ ਥੋੜ੍ਹਾ ਪਾਣੀ ਪਾਉਣਾ ਹੈ ਅਤੇ ਉਹ ਡੱਬੀਆਂ ਸਟੀਲ ਦੇ ਕੰਟੇਨਰ ਵਿੱਚ ਰੱਖ ਦੇਣੀਆਂ ਹਨ। ਫਿਰ ਉਸ ਦੇ ਹੇਠਲੇ ਹਿੱਸੇ ਵਿੱਚ ਤਿਆਰ ਕੀਤਾ ਗਿਆ ਮਿਸ਼ਰਣ ਪਾ ਕੇ ਉਸ ਨੂੰ ਜਲਾ ਦੇਣਾ ਹੈ। ਇਸ ਦੀ ਖਾਸ ਮਹੱਤਤਾ ਇਹ ਹੈ ਕਿ ਇਸ ਵਿੱਚ ਭੋਜਨ ਭਾਫ ਨਾਲ ਤਿਆਰ ਹੁੰਦਾ ਹੈ। –ਵਿਦਿਆਰਥੀ
ਭਾਫ਼ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਭੋਜਨ ਵਧੇਰੇ ਪੋਸ਼ਟਿਕ
ਵਿਦਿਆਰਥੀਆਂ ਨੇ ਦੱਸਿਆ ਕਿ, ‘ਭਾਫ਼ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਭੋਜਨ ਵਧੇਰੇ ਪੋਸ਼ਟਿਕ ਹੁੰਦਾ ਹੈ ਕਿਉਂਕਿ ਇਹ ਆਪਣੇ ਪੋਸ਼ਟਿਕ ਮੁੱਲ ਨੂੰ ਬਰਕਰਾਰ ਰੱਖਦਾ ਹੈ। ਸਿੱਧੀ ਗਰਮੀ ‘ਤੇ ਭੋਜਨ ਪਕਾਉਣ ਨਾਲ ਪੋਸ਼ਟਿਕ ਤੱਤ ਘੱਟ ਹੋ ਜਾਂਦੇ ਹਨ, ਜਦੋਂ ਕਿ ਭਾਫ਼ ਰਾਹੀਂ ਪਕਾਉਣ ਨਾਲ ਇਹ ਸਮੱਸਿਆ ਘਟ ਜਾਂਦੀ ਹੈ। ਇਸ ਪ੍ਰੋਜੈਕਟ ਵਿੱਚ ਸਖ਼ਤ ਮਿਹਨਤ ਕਰਨੀ ਪਈ।‘
‘ਖੇਤੀਬਾੜੀ ਰਹਿੰਦ–ਖੂੰਹਦ ਨੂੰ ਬਾਇਓਫਿਊਲ ਦੀ ਤਰ੍ਹਾਂ ਵਰਤਣਾ‘
ਸਕੂਲ ਦੇ ਅਧਿਆਪਕ ਸੰਜੀਵ ਕੁਮਾਰ ਨੇ ਕਿਹਾ ਕਿ ਇਹ ਪ੍ਰੋਜੈਕਟ ਪੰਜਾਬ ਵਿੱਚ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਦਾ ਇੱਕ ਵੱਡਾ ਹੱਲ ਸਾਬਤ ਹੋ ਸਕਦਾ ਹੈ। ਜੇਕਰ ਖੇਤੀਬਾੜੀ ਰਹਿੰਦ-ਖੂੰਹਦ ਨੂੰ ਇਸ ਤਰੀਕੇ ਨਾਲ ਰੀਸਾਈਕਲ ਕੀਤਾ ਜਾਵੇ ਅਤੇ ਬਾਇਓਫਿਊਲ ਵਜੋਂ ਵਰਤਿਆ ਜਾਵੇ ਤਾਂ ਪ੍ਰਦੂਸ਼ਣ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਨਕਦ ਇਨਾਮ ਲਈ ਚੁਣਿਆ ਗਿਆ ਪ੍ਰੋਜੈਕਟ
ਸਕੂਲ ਪ੍ਰਬੰਧਨ ਨੇ ਇਸ ਪ੍ਰਾਪਤੀ ਨੂੰ ਮਾਣ ਵਾਲਾ ਪਲ ਦੱਸਿਆ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਕੇਂਦਰ ਸਰਕਾਰ ਨੇ ਨਕਦ ਇਨਾਮ ਲਈ ਵੀ ਚੁਣਿਆ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਹੋਰ ਹੋਸਲਾ ਮਿਲੇਗਾ ਅਤੇ ਇਨਾਂ ਦਾ ਆਤਮ ਵਿਸ਼ਵਾਸ ਵਧੇਗਾ। ‘ਡਿਵੈਲਪ ਇੰਡੀਆ ਬਿਲਡਾਥਨ’ ਇੱਕ ਪ੍ਰਮੁੱਖ ਰਾਸ਼ਟਰੀ ਨਵੀਨਤਾ ਪ੍ਰੋਗਰਾਮ ਹੈ, ਜਿਸ ਵਿੱਚ ਦੇਸ਼ ਭਰ ਦੇ ਕਰੋੜਾਂ ਵਿਦਿਆਰਥੀਆਂ ਅਤੇ 3 ਲੱਖ ਤੋਂ ਵੱਧ ਸਕੂਲਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਨੂੰ ਸਵੈ-ਨਿਰਭਰਤਾ, ਸਥਿਰਤਾ ਅਤੇ ਨਵੀਨਤਾਕਾਰੀ ਸੋਚ ਨਾਲ ਜੋੜਨਾ ਹੈ, ਜਿਸ ਨਾਲ ਉਹ ਸਮਾਜ ਵਿੱਚ ਅਸਲ ਜੀਵਨ ਦੀਆਂ ਸਮੱਸਿਆਵਾਂ ਦੇ ਹੱਲ ਲੱਭ ਸਕਣ।
ETV BHARAT