ਖੰਨਾ ਪੁਲਿਸ ਨੇ ਇੰਟਰਨੈਸ਼ਨਲ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਪੰਜਾਬੀ ਗਾਇਕ ਹਰਬੀਰ ਸਿੰਘ ਸੋਹਲ ਨੂੰ 5 ਕਿਲੋ ਤੋਂ ਵੱਧ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।
27 ਮਈ, 2026 – ਖੰਨਾ (ਲੁਧਿਆਣਾ): ਖੰਨਾ ਪੁਲਿਸ ਨੂੰ ਨਸ਼ਾ ਤਸਕਰੀ ਖ਼ਿਲਾਫ਼ ਮੁਹਿੰਮ ਦੌਰਾਨ ਵੱਡੀ ਸਫਲਤਾ ਮਿਲੀ ਹੈ। ਦੋਰਾਹਾ ਥਾਣਾ ਦੀ ਪੁਲਿਸ ਨੇ ਇਕ ਵੱਡੇ ਇੰਟਰਨੈਸ਼ਨਲ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਪੰਜਾਬੀ ਗਾਇਕ ਹਰਬੀਰ ਸਿੰਘ ਸੋਹਲ ਨੂੰ 5 ਕਿਲੋ ਤੋਂ ਵੱਧ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਂਚ ਦੌਰਾਨ ਗੈਂਗਸਟਰ ਜੈਪਾਲ ਭੁੱਲਰ ਗੈਂਗ ਨਾਲ ਵੀ ਇਸ ਨੈੱਟਵਰਕ ਦੇ ਸਬੰਧ ਸਾਹਮਣੇ ਆਏ ਹਨ।
ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ 7 ਮਾਰਚ 2026 ਨੂੰ ਹੋਈ ਜਦੋਂ ਦੋਰਾਹਾ ਪੁਲਿਸ ਵੱਲੋਂ ਚੈਕਿੰਗ ਦੌਰਾਨ ਇੱਕ ਇਟਿਓਸ ਕਾਰ ਵਿੱਚੋਂ ਅਕਸ਼ੈ ਕੁਮਾਰ ਵਾਸੀ ਲੁਧਿਆਣਾ ਨੂੰ 301 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਪੁਲਿਸ ਨੇ 268 ਗ੍ਰਾਮ ਹੋਰ ਹੈਰੋਇਨ, 10 ਗ੍ਰਾਮ ਆਈਸ, 30 ਜ਼ਿੰਦਾ ਰੌਂਦ ਅਤੇ ਡਰੱਗ ਮਨੀ ਵੀ ਬਰਾਮਦ ਕੀਤੀ।
“ਸ਼ੱਕ ਦੇ ਆਧਾਰ ’ਤੇ ਗੱਡੀ ਰੋਕ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਨਾਮ ਅਕਸ਼ੇ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਨਿਊ ਪ੍ਰੀਤ ਨਗਰ, ਸ਼ਿਮਲਾਪੁਰੀ, ਲੁਧਿਆਣਾ ਦੱਸਿਆ। ਡੀਐਸਪੀ ਕਰਮਜੀਤ ਸਿੰਘ ਗਰੇਵਾਲ ਦੀ ਹਾਜ਼ਰੀ ਵਿੱਚ ਤਲਾਸ਼ੀ ਦੌਰਾਨ ਉਸ ਕੋਲੋਂ 301 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਅਕਸ਼ੇ ਕੁਮਾਰ ਦੀ ਨਿਸ਼ਾਨਦੇਹੀ ’ਤੇ 268 ਗ੍ਰਾਮ ਹੈਰੋਇਨ, 10 ਗ੍ਰਾਮ ਆਈਸ, 10,750 ਰੁਪਏ ਡਰੱਗ ਮਨੀ ਅਤੇ 30 ਜ਼ਿੰਦਾ ਰੌਂਦ .30 ਬੋਰ ਬਰਾਮਦ ਕੀਤੇ ਗਏ। ਇਸ ਤੋਂ ਬਾਅਦ ਮਾਮਲੇ ਵਿੱਚ ਆਰਮਜ਼ ਐਕਟ ਦੀਆਂ ਧਾਰਾਵਾਂ ਵੀ ਸ਼ਾਮਲ ਕੀਤੀਆਂ ਗਈਆਂ।” – ਡਾ. ਦਰਪਣ ਆਹਲੂਵਾਲੀਆ, ਐਸਐਸਪੀ
ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ “ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਅਕਸ਼ੈ ਕੁਮਾਰ ਇਹ ਨਸ਼ਾ ਵਿਸ਼ਾਲ ਅਤੇ ਸੰਜੀਵ ਕੁਮਾਰ ਉਰਫ਼ ਸੰਨੀ ਤੋਂ ਲੈ ਕੇ ਆਉਂਦਾ ਸੀ ਅਤੇ ਤਿੰਨੇ ਮਿਲ ਕੇ ਵੱਖ–ਵੱਖ ਥਾਵਾਂ ’ਤੇ ਨਸ਼ੇ ਦੀ ਸਪਲਾਈ ਕਰਦੇ ਸਨ। ਪੁਲਿਸ ਨੇ ਵਿਸ਼ਾਲ ਅਤੇ ਸੰਜੀਵ ਕੁਮਾਰ ਉਰਫ਼ ਸੰਨੀ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ। ਇਸ ਦੌਰਾਨ ਵਿਸ਼ਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਗਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਸੰਜੀਵ ਕੁਮਾਰ ਉਰਫ਼ ਸੰਨੀ ਜੇਲ੍ਹ ਵਿੱਚ ਜਤਿੰਦਰ ਸਿੰਘ ਉਰਫ਼ ਗੋਲਡੀ ਨਾਲ ਮਿਲਿਆ ਸੀ। ਜੇਲ੍ਹ ਤੋਂ ਬਾਹਰ ਆਉਣ ਮਗਰੋਂ ਉਨ੍ਹਾਂ ਨੇ ਇਕੱਠੇ ਨਸ਼ਾ ਤਸਕਰੀ ਦਾ ਜਾਲ ਫੈਲਾਇਆ। ਪੁਲਿਸ ਜਾਂਚ ਵਿੱਚ ਗੁਰਜੰਟ ਸਿੰਘ ਉਰਫ਼ ਜੰਟਾ ਅਤੇ ਹਰਵੀਰ ਸਿੰਘ ਸੋਹਲ ਦੇ ਨਾਮ ਵੀ ਸਾਹਮਣੇ ਆਏ, ਜੋ ਭਾਰੀ ਮਾਤਰਾ ਵਿੱਚ ਨਸ਼ੇ ਦੀ ਸਪਲਾਈ ਕਰਦੇ ਸਨ।”
1.50 ਲੱਖ ਰੁਪਏ ਡਰੱਗ ਮਨੀ ਬਰਾਮਦ
ਪੁਲਿਸ ਨੇ ਹਰਵੀਰ ਸਿੰਘ ਸੋਹਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਉਸ ਦੀ ਥਾਰ ਗੱਡੀ ਵਿੱਚੋਂ 5 ਕਿਲੋ 100 ਗ੍ਰਾਮ ਹੈਰੋਇਨ ਅਤੇ 1.50 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਤਫਤੀਸ਼ ਅੱਗੇ ਵਧੀ ਤਾਂ ਇਸ ਨਸ਼ਾ ਤਸਕਰੀ ਰੈਕਟ ਦੇ ਤਾਰ ਲੁਧਿਆਣਾ ਨਾਲ ਜੁੜੇ ਕਈ ਲੋਕਾਂ ਤੱਕ ਪਹੁੰਚੇ। ਪੁਲਿਸ ਨੂੰ ਜਾਂਚ ਦੌਰਾਨ ਪਤਾ ਲੱਗਿਆ ਕਿ ਪੰਜਾਬੀ ਗਾਇਕ ਹਰਬੀਰ ਸਿੰਘ ਸੋਹਲ ਵੀ ਇਸ ਨੈੱਟਵਰਕ ਨਾਲ ਜੁੜਿਆ ਹੋਇਆ ਸੀ। ਇਸ ਤੋਂ ਬਾਅਦ ਪੁਲਿਸ ਨੇ ਹਰਬੀਰ ਸੋਹਲ ਨੂੰ ਕਾਬੂ ਕਰ ਲਿਆ।
ETV BHARAT