ਬੋਲੇ– ‘ਜੇਕਰ ਨਹੀਂ ਮੰਨੀਆਂ ਮੰਗਾਂ ਤਾਂ ਬਲਿਦਾਨ ਦੇਣ ਲਈ ਤਿਆਰ ਹਾਂ‘
ਕੋਰੋਨਾ ਮਹਾਂਮਾਰੀ ਦੌਰਾਨ ਜਦੋਂ ਸਰਕਾਰ ਨੂੰ ਉਨ੍ਹਾਂ ਦੀ ਲੋੜ ਸੀ, ਉਸ ਸਮੇਂ ਵੱਡੇ–ਵੱਡੇ ਵਾਅਦੇ ਕੀਤੇ ਗਏ ਸਨ।
29 ਮਈ, 2026 – ਪਟਿਆਲਾ: ਪਟਿਆਲਾ ਵਿੱਚ ਅੱਜ ਕੋਰੋਨਾ ਵਲੰਟੀਅਰਾਂ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਕਰ ਰਹੇ ਵਲੰਟੀਅਰਾਂ ਨੇ ਸਰਕਾਰ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਜਦੋਂ ਸਰਕਾਰ ਨੂੰ ਉਨ੍ਹਾਂ ਦੀ ਲੋੜ ਸੀ, ਉਸ ਸਮੇਂ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ, ਪਰ ਹੁਣ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ “ਕੋਰੋਨਾ ਕਾਲ ਦੌਰਾਨ ਉਨ੍ਹਾਂ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਲੋਕਾਂ ਦੀ ਸੇਵਾ ਕੀਤੀ, ਪਰ ਹੁਣ ਸਰਕਾਰ ਨੇ ਉਨ੍ਹਾਂ ਨੂੰ ਨੌਕਰੀ ਤੋਂ ਬਾਹਰ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਦੁਬਾਰਾ ਨੌਕਰੀ ‘ਤੇ ਰੱਖਿਆ ਜਾਵੇ ਜਾਂ ਪੱਕਾ ਕੀਤਾ ਜਾਵੇ।”
“ਅਸੀਂ ਉਹ ਯੋਧੇ ਹਾਂ, ਜਿੰਨ੍ਹਾਂ ਨੇ 2019 ਵਿੱਚ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਰਜਿੰਦਰਾ ਹਸਪਤਾਲ ਵਿੱਚ ਬਹੁਤ ਹੀ ਘੱਟ ਤਨਖਾਹਾਂ ਦੇ ਵਿੱਚ ਕੁੱਦੇ ਸੀ ਅਤੇ ਕੋਰੋਨਾ ਫਤਿਹ ਕਰਾਇਆ ਸੀ। ਅਸੀਂ 3 ਜਨਵਰੀ 2022 ਵਿੱਚ ਵੀ ਭੁੱਖ ਹੜਤਾਲ ਕੀਤੀ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਆ ਕੇ ਸਾਡਾ ਵਰਤ ਖੁੱਲ੍ਹਵਾ ਕੇ ਗਏ ਸੀ ਅਤੇ ਵਾਅਦਾ ਕਰਕੇ ਗਏ ਸੀ ਕਿ ਅਸੀਂ ਦਿੱਲੀ ਵਿੱਚ ਕਰੋਨਾ ਵਾਰਿਅਰ ਨੂੰ ਪੱਕਾ ਕੀਤਾ ਹੈ, ਅਸੀਂ ਤੁਹਾਨੂੰ ਵੀ ਨੌਕਰੀਆਂ ਦੇਵਾਂਗੇ। ਓਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਸੜਕਾਂ ਤੇ ਰੁਲ ਰਹੇ ਹਾਂ ਕਿਸੇ ਨੇ ਆ ਕੇ ਸਾਡਾ ਹਾਲ ਨਹੀਂ ਪੁੱਛਿਆ।” – ਕੋਰੋਨਾ ਵਲੰਟੀਅਰ
“ਜੇਕਰ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਮਰਨ ਵਰਤ ਕਰਾਂਗੇ ਸ਼ੁਰੂ“
ਇਸ ਦੇ ਨਾਲ ਹੀ ਵਲੰਟੀਅਰਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ “ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਸ਼ਾਮ ਤੋਂ ਪੱਕੀ ਹੜਤਾਲ ਸ਼ੁਰੂ ਕੀਤੀ ਜਾਵੇਗੀ ਅਤੇ ਲੋੜ ਪੈਣ ‘ਤੇ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ।”
“ਅੱਜ ਸਿਹਤ ਮੰਤਰੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਬਿਆਨ ਦਿੱਤਾ ਕਿ ਮੈਂ ਆਉਟਸੋਰਸ ਤੇ ਮੈਂ ਤੁਹਾਨੂੰ ਨੌਕਰੀਆਂ ਦੇ ਸਕਦਾ ਹਾਂ, ਉਸ ਤੋਂ ਬਿਨ੍ਹਾਂ ਮੇਰੇ ਹੱਥ ਵਿੱਚ ਕੁਝ ਨਹੀਂ ਹੈ। ਮੈਂ ਸਿਹਤ ਮੰਤਰੀ ਨੂੰ ਕਹਿਣਾ ਚਾਹੁੰਦੀ ਹਾਂ ਕਿ ਜੇਕਰ ਤੁਹਾਡੇ ਹੱਥ ਵਿੱਚ ਕੁਝ ਨਹੀਂ ਹੈਗਾ ਤਾਂ ਤੁਸੀਂ ਆਪਣੀ ਸ਼ੀਟ ਤੋਂ ਅਸਤੀਫਾ ਦੇਣ।”- ਕੋਰੋਨਾ ਵਲੰਟੀਅਰ
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਉਨ੍ਹਾਂ ਨੂੰ “ਫਰੰਟਲਾਈਨ ਵਾਰਿਅਰ” ਕਹਿੰਦੀ ਸੀ, ਪਰ ਹੁਣ ਸਰਕਾਰ ਉਨ੍ਹਾਂ ਨਾਲ ਮੁਲਾਕਾਤ ਤੱਕ ਨਹੀਂ ਕਰ ਰਹੀ। ਵਲੰਟੀਅਰਾਂ ਨੇ ਸਰਕਾਰ ਤੋਂ ਜਲਦ ਉਨ੍ਹਾਂ ਦੀਆਂ ਮੰਗਾਂ ‘ਤੇ ਸਕਾਰਾਤਮਕ ਫੈਸਲਾ ਲੈਣ ਦੀ ਅਪੀਲ ਕੀਤੀ।
ETV BHARAT