ਇਸ ਸਾਲ ਪੰਜਾਬ ‘ਚ ਕਣਕ ਦੀ ਨਾੜ ਨੂੰ ਅੱਗ ਲੱਗਣ ਦੇ ਮਾਮਲੇ ਵੱਧ ਦਰਜ ਕੀਤੇ ਗਏ ਹਨ।
29 ਮਈ, 2026 – ਲੁਧਿਆਣਾ: ਪੰਜਾਬ ਦੇ ਵਿੱਚ ਕਣਕ ਦੀ ਵਾਢੀ ਮੁਕੰਮਲ ਹੋ ਚੁੱਕੀ ਹੈ ਅਤੇ ਹੁਣ ਝੋਨੇ ਦੀ ਸ਼ੁਰੂਆਤ ਹੋ ਰਹੀ ਹੈ ਪਰ ਪਰਾਲੀ ਦੀ ਥਾਂ ‘ਤੇ ਹੁਣ ਕਿਸਾਨ ਪੰਜਾਬ ਦੇ ਵਿੱਚ ਕਣਕ ਦੀ ਨਾੜ ਨੂੰ ਅੱਗ ਲਗਾ ਰਹੇ ਹਨ। ਰਿਮੋਟ ਸੈਂਸਿੰਗ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ ਪੰਜਾਬ ਦੇ ਵਿੱਚ 23 ਮਈ ਤੱਕ ਕਣਕ ਦੀ ਨਾੜ ਨੂੰ ਅੱਗ ਲਗਾਉਣ ਦੇ 9669 ਮਾਮਲੇ ਸਾਹਮਣੇ ਆ ਚੁੱਕੇ ਹਨ।
ਇਨ੍ਹਾਂ ਜ਼ਿਲ੍ਹਿਆਂ ਨੇ ਫੂਕੀ ਸਭ ਤੋਂ ਵੱਧ ਕਣਕ ਦੀ ਨਾੜ
ਇਹ ਅੰਕੜੇ ਪੰਜਾਬ ਭਰ ਦੇ ਵਿੱਚ 33.7 ਲੱਖ ਹੈਕਟੇਅਰ ਦੇ ਵਿੱਚ ਲਾਈ ਗਈ ਕਣਕ ਦੀ ਨਾੜ ਦੇ ਹਨ। ਸਭ ਤੋਂ ਜਿਆਦਾ ਕਣਕ ਦੀ ਨਾੜ ਨੂੰ ਅੱਗ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਲਗਾਈ ਗਈ ਹੈ। ਉਸ ਤੋਂ ਬਾਅਦ ਬਠਿੰਡਾ, ਮੋਗਾ ਅਤੇ ਤਰਨ ਤਰਨ ਜ਼ਿਲ੍ਹੇ ਸ਼ਾਮਿਲ ਹਨ।
ਸਿਖਰ ‘ਤੇ ਇਸ ਸੂਬੇ ਦਾ ਨਾਮ
ਇਸੇ ਤਰ੍ਹਾਂ ਜੇਕਰ ਜੁਰਮਾਨਿਆਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਲੱਖਾਂ ਰੁਪਏ ਲਈ ਜੁਰਮਾਨੇ ਵੀ ਲਏ ਜਾ ਚੁੱਕੇ ਹਨ। ਇਸੇ ਤਰ੍ਹਾਂ ਜੇਕਰ ਦੇਸ਼ ਦੇ ਹੋਰਨਾਂ ਹਿੱਸਿਆਂ ਦੀ ਗੱਲ ਕੀਤੀ ਜਾਵੇ ਤਾਂ ਮੱਧ ਪ੍ਰਦੇਸ਼ ਦੇ ਵਿੱਚ 38,701, ਯੂਪੀ ‘ਚ 15668, ਪੰਜਾਬ ‘ਚ 9669, ਹਰਿਆਣਾ ਦੇ ਵਿੱਚ 3389 ਅਤੇ ਦਿੱਲੀ ਦੇ ਵਿੱਚ 65 ਮਾਮਲੇ ਪਰਾਲੀ ਨੂੰ ਅੱਗ ਲਾਉਣ ਦੇ ਰਿਪੋਰਟ ਕੀਤੇ ਗਏ ਹਨ।
ਪਰਾਲੀ ਦੇ ਪ੍ਰਬੰਧਨ ਲਈ ਯੋਜਨਾ
ਪੰਜਾਬ ਸਰਕਾਰ ਵੱਲੋਂ 2026 ਅਤੇ 2027 ਦੇ ਵਿੱਚ ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਵਿਉਂਤਬੰਦੀ ਵੀ ਬਣਾਈ ਗਈ ਹੈ। ਜਿਸ ਦੇ ਤਹਿਤ ਪਰਾਲੀ ਦਾ ਇਸਤੇਮਾਲ ਇੱਥੇਨੋਇਲ ਬਣਾਉਣ ਦੇ ਲਈ ਵੱਧ ਤੋਂ ਵੱਧ ਕਰਨਾ ਹੈ। ਸਾਲ 2026 ਦੇ ਲਈ ਟਾਰਗੇਟ 45 ਲੱਖ ਟਨ ਦਾ ਮਿਥਿਆ ਗਿਆ ਹੈ, ਜਦੋਂ ਕਿ ਪਿਛਲੇ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਸਾਲ 2022 ਦੇ ਵਿੱਚ 8.80 ਲੱਖ ਟਨ ਪਰਾਲੀ ਦਾ ਇਸਤੇਮਾਲ ਫਿਊਲ ਬਣਾਉਣ ਦੇ ਵਿੱਚ ਹੋਇਆ ਸੀ। ਇਸੇ ਤਰ੍ਹਾਂ ਸਾਲ 2023 ਦੇ ਵਿੱਚ 20.70 ਲੱਖ ਟਨ ਅਤੇ ਸਾਲ 2024 ਦੇ ਵਿੱਚ 35 ਲੱਖ ਟਨ ਅਤੇ ਸਾਲ 2025 ਦੇ ਵਿੱਚ 41 ਲੱਖ ਟਨ ਪਰਾਲੀ ਦਾ ਇਸਤੇਮਾਲ ਫਿਊਲ ਬਣਾਉਣ ਦੇ ਵਿੱਚ ਹੋਇਆ।
ਕਿਸਾਨਾਂ ਨੂੰ ਕਰ ਰਹੇ ਜਾਗਰੂਕ
ਲੁਧਿਆਣਾ ਦੇ ਜ਼ਿਲ੍ਹਾ ਖੇਤੀਬਾੜੀ ਅਫਸਰ ਗੁਰਦੀਪ ਸਿੰਘ ਨਾਲ ਅਸੀਂ ਗੱਲਬਾਤ ਕੀਤੀ, ਜਿਨ੍ਹਾਂ ਨੇ ਕਿਹਾ ਕਿ “ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਨੂੰ ਰੋਕਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਪਿਛਲੇ ਸਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਬਹੁਤ ਘੱਟ ਮਾਮਲੇ ਰਿਪੋਰਟ ਹੋਏ ਹਨ। ਇਸੇ ਤਰ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ। ਹੁਣ ਜ਼ਰੂਰ ਕੁਝ ਮਾਮਲੇ ਸਾਹਮਣੇ ਆਏ ਹਨ, ਪਰ ਇਸ ਦੇ ਬਾਵਜੂਦ ਅਸੀਂ ਕਿਸਾਨਾਂ ਨੂੰ ਇਹੀ ਅਪੀਲ ਕਰ ਰਹੇ ਹਾਂ ਕਿ ਉਹ ਕੋਸ਼ਿਸ਼ ਕਰਨ ਪਰਾਲੀ ਨੂੰ ਅੱਗ ਨਾ ਲਾਉਣ। ਅਜਿਹਾ ਕਰਨਾ ਕਾਨੂੰਨੀ ਜੁਰਮ ਹੈ ਅਤੇ ਇਸ ਸਬੰਧੀ ਅਸੀਂ ਕਈ ਕਿਸਾਨਾਂ ‘ਤੇ ਜੁਰਮਾਨਾ ਵੀ ਲਗਾਇਆ ਹੈ।”
ਪਿਛਲੇ ਸਾਲਾਂ ਦੇ ਅੰਕੜੇ
ਪੰਜਾਬ ਦੇ ਵਿੱਚ ਪਿਛਲੇ ਸਾਲਾਂ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਦੇ ਵਿੱਚ ਕਾਫੀ ਕਟੌਤੀ ਦਰਜ ਹੋਈ ਹੈ। ਪੰਜਾਬ ਦੇ ਵਿੱਚ ਜਿੱਥੇ 2022 ਦੇ ਅੰਦਰ 49922 ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਸਾਹਮਣੇ ਆਏ ਸਨ। ਉੱਥੇ ਹੀ ਸਾਲ 2023 ਦੇ ਵਿੱਚ ਇਹ ਘੱਟ ਕੇ 36663 ਹੋ ਗਏ, ਸਾਲ 2024 ਦੇ ਵਿੱਚ 10909 ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਰਿਪੋਰਟ ਹੋਏ ਅਤੇ ਸਾਲ 2025 ਦੇ ਵਿੱਚ ਪੰਜਾਬ ਨੇ ਰਿਕਾਰਡ ਤੋੜਿਆ ਅਤੇ ਪਿਛਲੇ ਸਾਲਾਂ ਦੇ ਸਭ ਤੋਂ ਘੱਟ 5114 ਮਾਮਲੇ ਹੀ ਪਰਾਲੀ ਨੂੰ ਅੱਗ ਲਾਉਣ ਦੇ ਸਾਹਮਣੇ ਆਏ। ਇਹ ਅੰਕੜੇ ਪੰਜਾਬ ਸਰਕਾਰ ਦੀ ਰਿਪੋਰਟ ਦੇ ਵਿੱਚ ਪੇਸ਼ ਕੀਤੇ ਗਏ ਹਨ।
ਅਸੀਂ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਉਹ ਪਰਾਲੀ ਦੇ ਨਾੜ ਨੂੰ ਅੱਗ ਨਾ ਲਗਾਉਣ। ਇਸ ਨਾਲ ਜਿਥੇ ਪ੍ਰਦੂਸ਼ਣ ਫੈਲਦਾ ਹੈ ਤਾਂ ਕਈ ਬਿਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ। ਇਸ ਤੋਂ ਇਲਾਵਾ ਧਰਤੀ ਦੀ ਉਪਜਾਊ ਸ਼ਕਤੀ ‘ਤੇ ਵੀ ਇਸ ਦਾ ਅਸਰ ਪੈਂਦਾ ਹੈ ਅਤੇ ਅਗਲੀ ਫ਼ਸਲ ਦੇ ਝਾੜ ‘ਤੇ ਵੀ ਇਸ ਦਾ ਪ੍ਰਭਾਵ ਪੈਂਦਾ ਹੈ। ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਕਈ ਥਾਵਾਂ ‘ਤੇ ਜੁਰਮਾਨਾ ਵੀ ਲਗਾਇਆ ਜਾ ਰਿਹਾ ਹੈ।– ਗੁਰਦੀਪ ਸਿੰਘ,ਜ਼ਿਲ੍ਹਾ ਖੇਤੀਬਾੜੀ ਅਫ਼ਸਰ ਲੁਧਿਆਣਾ
ਇਨ੍ਹਾਂ ਅੱਠ ਜ਼ਿਲ੍ਹਿਆਂ ‘ਚ ਵੱਧ ਮਾਮਲੇ
ਜੇਕਰ ਜ਼ਿਲ੍ਹੇ ਮੁਤਾਬਿਕ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਦੇ ਮੁਤਾਬਕ ਸਭ ਤੋਂ ਜ਼ਿਆਦਾ ਮਾਮਲੇ ਪੰਜਾਬ ਦੇ 8 ਜ਼ਿਲਿਆਂ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਆਉਂਦੇ ਹਨ। ਜਿਨ੍ਹਾਂ ਦੇ ਵਿੱਚ ਸੰਗਰੂਰ, ਫਿਰੋਜ਼ਪੁਰ, ਬਠਿੰਡਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਤਰਨ ਤਾਰਨ ਅਤੇ ਫਰੀਦਕੋਟ ਜ਼ਿਲ੍ਹੇ ਸ਼ਾਮਿਲ ਹਨ।
ETV BHARAT