ਕਿਵੇਂ ਬਚਾਈਏ ਪਾਣੀ ? ਕਿਸਾਨਾਂ ਲਈ ਵੱਡਾ ਸਵਾਲ, ਮਾਹਰਾਂ ਦੀ ਜਾਣੋ ਰਾਏ
ਮੌਸਮ ਵਿਭਾਗ ਵੱਲੋਂ ਇਸ ਵਾਰ ਪੰਜਾਬ ਵਿੱਚ ਘੱਟ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਕਿੰਨ੍ਹਾਂ ਮੀਂਹ ਇਸ ਵਾਰ ਪਵੇਗਾ
03 ਜੂਨ, 2026 – ਲੁਧਿਆਣਾ: ਭਾਰਤੀ ਮੌਸਮ ਵਿਭਾਗ ਵੱਲੋਂ ਹਾਲ ਹੀ ਦੇ ਵਿੱਚ ਜਾਰੀ ਕੀਤੀ ਨਵੀਂ ਮੌਨਸੂਨ ਸਬੰਧੀ ਰਿਪੋਰਟ ਦੇ ਵਿੱਚ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਹਨ। ਜਿਸ ਵਿੱਚ ਇਸ ਵਾਰ ਉੱਤਰ ਭਾਰਤ ਦੇ ਵਿੱਚ ਲਗਭਗ 90 ਫੀਸਦੀ ਹੀ ਮੌਨਸੂਨ ਰਹਿਣ ਦੀ ਸੰਭਾਵਨਾ ਹੈ ਭਾਵ ਕਿ 10 ਫੀਸਦੀ ਐਵਰੇਜ ਨਾਲੋਂ ਵੀ ਮੌਨਸੂਨ ਇਸ ਵਾਰ ਘੱਟ ਰਹੇਗਾ।
28 ਜੂਨ ਤੱਕ ਪੰਜਾਬ ਦੇ ਵਿੱਚ ਮੌਨਸੂਨ ਦੇ ਦਾਖਲ ਹੋਣ ਦੀ ਸੰਭਾਵਨਾ
ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ 28 ਜੂਨ ਤੱਕ ਪੰਜਾਬ ਦੇ ਵਿੱਚ ਮੌਨਸੂਨ ਦੇ ਦਾਖਲ ਹੋਣ ਦੀ ਸੰਭਾਵਨਾ ਹੈ। ਇਹ ਭਵਿੱਖਬਾਣੀ ਆਈਐਮਡੀ ਵੱਲੋਂ ਪਹਿਲਾਂ ਹੀ ਕੀਤੀ ਗਈ ਹੈ। ਮੀਂਹ ਘੱਟ ਹੋਣ ਦੇ ਨਾਲ ਜੂਨ ਮਹੀਨੇ ਦੇ ਵਿੱਚ ਹੀਟ ਵੇਵ ਗਰਮ ਹਵਾਵਾਂ ਵੀ ਚੱਲਣ ਦੇ ਅਸਾਰ ਜਤਾਏ ਗਏ ਹਨ। ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਿਕ ਜਲੰਧਰ ਪੰਜਾਬ ਦੇ ਵਿੱਚ ਮੌਨਸੂਨ 28 ਜੂਨ ਤੋਂ ਦਾਖਲ ਹੋ ਜਾਵੇਗਾ ਅਤੇ ਲਗਭਗ 21 ਸਤੰਬਰ ਤੱਕ ਇਸ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਕੇਰਲ ਵੱਲ ਮੌਨਸੂਨ ਦੀ ਆਮਦ ਵੱਧ ਰਹੀ ਹੈ।
ਮੌਨਸੂਨ ਰਹੇਗਾ ਕਮਜ਼ੋਰ
ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਜਿਨਾਂ ਦੇ ਅੰਦਰ ਸਿੱਕਿਮ, ਅਸਾਮ ਅਤੇ ਤ੍ਰਿਪੁਰਾ ਆਦਿ ਸ਼ਾਮਿਲ ਹਨ ਉੱਥੇ ਮੀਂਹ ਦੀ ਸੰਭਾਵਨਾ 96 ਫੀਸਦੀ ਤੋਂ ਲੈ ਕੇ 104 ਫੀਸਦੀ ਤੱਕ ਦੱਸੀ ਗਈ ਹੈ। ਹਾਲਾਂਕਿ ਉੱਤਰ ਭਾਰਤ ਦੇ ਸੂਬਿਆਂ ਦੇ ਵਿੱਚ ਜਿਨ੍ਹਾਂ ਦੇ ਅੰਦਰ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਸਣੇ ਹੋਰਨਾਂ ਸੂਬਿਆਂ ਦੇ ਵਿੱਚ 92 ਫੀਸਦੀ ਤੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਜਦੋਂ ਕਿ ਮੱਧ ਭਾਰਤ ਜਿਨ੍ਹਾਂ ਦੇ ਵਿੱਚ ਮੱਧ ਪ੍ਰਦੇਸ਼, ਛੱਤੀਸਗੜ੍ਹ ਆਦਿ ਸ਼ਾਮਿਲ ਹਨ ਉਨ੍ਹਾਂ ਵਿੱਚ ਵੀ 94 ਫੀਸਦੀ ਤੋਂ ਘੱਟ ਮੀਂਹ ਪੈਣ ਦੇ ਅਸਾਰ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਮੁਖੀ ਪ੍ਰੋਫੈਸਰ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਹਾਲ ਹੀ ਦੇ ਵਿੱਚ ਆਈ ਤਾਜ਼ਾ ਆਈਐਮਡੀ ਦੀ ਰਿਪੋਰਟ ਦੇ ਮੁਤਾਬਕ ਉੱਤਰ-ਭਾਰਤ ਦੇ ਵਿੱਚ ਲਗਭਗ 90 ਫੀਸਦੀ ਤੱਕ ਹੀ ਬਾਰਿਸ਼ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਲ 2000 ਤੋਂ ਲੈ ਕੇ ਸਾਲ 2 025 ਤੱਕ ਸਿਰਫ ਤਿੰਨ ਵਾਰ ਐਵੇਰੇਜ ਜਾਂ ਉਸ ਤੋਂ ਜ਼ਿਆਦਾ ਬਾਰਿਸ਼ ਹੋਈ ਹੈ ਜਦਕਿ 2025 ਵਿੱਚ ਸਭ ਤੋਂ ਜ਼ਿਆਦਾ ਮੀਂਹ ਵੇਖਣ ਨੂੰ ਮਿਲਿਆ ਸੀ ਜਿਸ ਕਾਰਨ ਪੰਜਾਬ ’ਚ ਹੜ ਵੀ ਆਏ ਅਤੇ ਵੱਡੇ ਪੱਧਰ ’ਤੇ ਨੁਕਸਾਨ ਵੀ ਹੋਇਆ।
ਜੇਕਰ ਅਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ ਪੰਜਾਬ ਵਿੱਚ ਸਾਲ 2000 ਹਜ਼ਾਰ ਤੋਂ ਹੁਣ ਤੱਕ ਸਿਰਫ 3 ਸਾਲ 2008, 2018 ਅਤੇ 2025 ਜਦੋਂ ਐਵੇਰੇਜ ਜਾਂ ਫਿਰ ਆਮ ਨਾਲੋਂ ਜ਼ਿਆਦਾ ਮੀਂਹ ਪਿਆ। ਸਾਲ 2025 ਵਿੱਚ ਸਭ ਤੋਂ ਜ਼ਿਆਦਾ ਮੀਂਹ ਪਿਆ। ਜਦਕਿ 10 ਸਾਲ ਸਨ ਜਦੋਂ ਆਮ ਨਾਲੋਂ ਘੱਟ ਮੀਂਹ ਪਿਆ। ਬਾਕੀ ਦੇ ਮਾਨਸੂਨ ਸਮੇਂ ਵੀ ਆਮ ਨਾਲੋਂ ਘੱਟ ਹੀ ਮੀਂਹ ਪੈਂਦਾ ਰਿਹਾ ਹੈ– ਡਾ.ਪਵਨੀਤ ਕੌਰ ਕਿੰਗਰਾ ਮੌਸਮ ਵਿਗਿਆਨੀ ਪੀਏਯੂ ਲੁਧਿਆਣਾ
ਲੂ ਚੱਲਣ ਦੇ ਅਸਾਰ
ਭਾਰਤ ਦੇ ਵਿੱਚ ਆਈਐਮਡੀ ਮੁਤਾਬਕ ਕਈ ਹਿੱਸਿਆਂ ਦੇ ਅੰਦਰ ਬੀਤੇ ਦਿਨਾਂ ਦੇ ਦੌਰਾਨ ਤਾਪਮਾਨ ਕਾਫੀ ਵੱਧ ਦਰਜ ਕੀਤਾ ਗਿਆ ਹੈ। ਆਈਐਮਡੀ ਵੱਲੋਂ ਜਿੱਥੇ ਮਾਨਸੂਨ ਨੂੰ ਲੈ ਕੇ ਰਿਪੋਰਟ ਜਾਰੀ ਕੀਤੀ ਹੈ ਉੱਥੇ ਹੀ ਨਾਲ ਇਹ ਵੀ ਜ਼ਿਕਰ ਕੀਤਾ ਹੈ ਕਿ ਜੂਨ 2026 ਦੇ ਦੌਰਾਨ ਪੰਜਾਬ ਸਣੇ ਉੱਤਰ ਪ੍ਰਦੇਸ਼, ਹਰਿਆਣਾ, ਛੱਤੀਸਗੜ੍ਹ, ਬਿਹਾਰ, ਗੁਜਰਾਤ, ਓਡੀਸ਼ਾ, ਮਹਾਰਾਸ਼ਟਰਾ, ਤੇਲੰਗਾਨਾ, ਹਿਮਾਚਲ ਪ੍ਰਦੇਸ਼ ਅਤੇ ਤਮਿਲਨਾਡੂ ਸਣੇ ਲੂ ਚੱਲਣ ਦੇ ਅਸਾਰ ਹਨ, ਇਸ ਤੋਂ ਇਲਾਵਾ ਰਾਜਸਥਾਨ ਅਤੇ ਝਾਰਖੰਡ ਦੇ ਵਿੱਚ ਐਵਰੇਜ ਨਾਲੋਂ ਘੱਟ ਲੂ ਚੱਲਣ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ। ਭਾਰਤ ਵਿੱਚ ਇਸ ਵਾਰ 80 ਸੈਂਟੀਮੀਟਰ ਤੱਕ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਜਦੋਂ ਕਿ ਪਿਛਲੇ ਸਾਲਾਂ ਦੇ ਦੌਰਾਨ ਭਾਰਤ ਵਿੱਚ ਜ਼ਿਆਦਾਤਰ 87 ਸੈਂਟੀਮੀਟਰ ਤੱਕ ਮੀਂਹ ਪਿਆ ਹੈ। ਇਸ ਤੋਂ ਇਲਾਵਾ ਗੱਲਬਾਤ ਕਰਦੇ ਹੋਏ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਇਹ ਵੀ ਕਿਹਾ ਕਿ ਇਸ ਵਾਰ ਅਲ ਨਿਨੋ ਦਾ ਵੀ ਅਸਰ ਹੈ। ਜਿਸ ਕਾਰਨ ਮੌਨਸੂਨ ਕਮਜ਼ੋਰ ਰਹਿਣ ਦੇ ਅਸਾਰ ਲੱਗ ਰਹੇ ਹਨ।
ਸੂਬੇ ਦੇ ਕਿਸਾਨਾਂ ਲਈ ਚਿੰਤਾ
ਡਾਕਟਰ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਇਸ ਵਾਰ ਘੱਟ ਬਾਰਿਸ਼ ਹੋਣ ਦਾ ਅਸਰ ਕਿਸਾਨਾਂ ’ਤੇ ਪੈ ਸਕਦਾ ਹੈ ਇਸ ਕਰਕੇ ਕਿਸਾਨਾਂ ਨੂੰ ਪਹਿਲਾਂ ਹੀ ਤਿਆਰੀ ਕਰਨ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਵਿੱਚ ਜੂਨ ਮਹੀਨੇ ਦੇ ਅੰਦਰ ਝੋਨੇ ਦੀ ਲਵਾਈ ਸ਼ੁਰੂ ਹੋ ਜਾਂਦੀ ਹੈ। ਅਜਿਹੇ ਦੇ ਵਿੱਚ ਧਰਤੀ ਹੇਠਲੇ ਪਾਣੀਆਂ ਨੂੰ ਬਚਾਉਣ ਦੇ ਲਈ ਜ਼ਰੂਰੀ ਹੈ ਕਿ ਕਿਸਾਨ ਪਹਿਲਾਂ ਹੀ ਤਿਆਰ ਰਹਿਣ। ਜ਼ਿਆਦਾਤਰ ਕਿਸਾਨ ਕੋਸ਼ਿਸ਼ ਕਰਨ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇ ਇਸ ਤੋਂ ਇਲਾਵਾ ਕਿਸਾਨ ਘੱਟ ਸਮਾਂ ਲੈਣ ਵਾਲੀਆਂ ਪੀਏਯੂ ਵੱਲੋਂ ਸਿਫਾਰਿਸ਼ ਕਿਸਮਾਂ ਦਾ ਵੀ ਇਸਤੇਮਾਲ ਕਰ ਸਕਦੇ ਹਨ, ਇਸ ਦੇ ਨਾਲ ਜੇਕਰ ਰਕਬਾ ਝੋਨੇ ਦੀ ਫਸਲ ਤੋਂ ਘਟਾਇਆ ਜਾਵੇ ਉਸ ਦਾ ਵੀ ਕਾਫੀ ਫਾਇਦਾ ਹੋ ਸਕਦਾ ਹੈ। ਇਸ ਤੋਂ ਇਲਾਵਾ ਲੇਜ਼ਰ ਲੈਵਲਿੰਗ, ਸਿੱਧੀ ਬਜਾਈ, ਮੀਂਹ ਦੇ ਪਾਣੀ ਦੀ ਬੱਚਤ ਕਰਕੇ ਵੀ ਕਿਸਾਨ ਪਹਿਲਾਂ ਹੀ ਇਸ ਸਬੰਧੀ ਤਿਆਰ ਰਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿੰਨ੍ਹੀ ਪਾਣੀ ਦੀ ਬੱਚਤ ਹੋਵੇਗੀ ਉਨ੍ਹਾਂ ਫਾਇਦਾ ਹੋਵੇਗਾ ਕਿਉਂਕਿ ਮੌਸਮ ਦੇ ਵਿੱਚ ਕਾਫੀ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ।
ETV BHARAT