ਬਟਾਲਾ ਦੀ ਮੇਨ ਮਾਰਕਿਟ ਵਿੱਚ ਵੱਡੀ ਵਾਰਦਾਤ ਹੋਈ ਹੈ। ਸ਼ਰੇਆਮ ਤੀਜੀ ਵਾਰ ਮਾਰਕਿਟ ਵਿੱਚ ਬਦਮਾਸ਼ਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ।
03 ਜੂਨ, 2026 – ਗੁਰਦਾਸਪੁਰ: ਬਟਾਲਾ ਸ਼ਹਿਰ ’ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਸ਼ਹਿਰ ਦੀ ਉਹ ਮਾਰਕਿਟ ਜਿੱਥੇ ਆਈਲੈਟਸ ਸੈਂਟਰ ਅਤੇ ਰੈਸਟੋਰੈਂਟ-ਕੈਫੇ ਹਨ, ਉੱਥੇ ਸ਼ਰੇਆਮ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਵੱਲੋਂ ਤਾਬੜਤੋੜ ਫਾਇਰਿੰਗ ਕੀਤੀ ਗਈ। ਦੱਸਿਆ ਜਾ ਰਿਹਾ ਹੈ 5 ਦੇ ਕਰੀਬ ਫਾਇਰ ਹੋਏ ਹਨ ਜਦਕਿ ਜਾਨੀ ਨੁਕਸਾਨ ਦਾ ਬਚਾਅ ਰਹਿ ਗਿਆ, ਗੋਲੀਆਂ ਰੈਸਟੋਰੈਂਟ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਜਾ ਵੱਜੀਆਂ। ਇਸ ਵਾਰਦਾਤ ਵਿੱਚ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ , ਇਸ ਵਾਰਦਾਤ ਕਾਰਨ ਮਾਰਕਿਟ ਵਿੱਚ ਹਫੜਾ-ਤਫੜੀ ਮੱਚ ਗਈ।
ਮੋਟਰਸਾਇਕਲ ਸਵਾਰ ਬਦਮਾਸ਼ਾਂ ਨੇ ਤਾੜ–ਤਾੜ ਕੱਢੇ ਫਾਇਰ
ਇਸ ਵਾਰਦਾਤ ਨੂੰ ਲੈਕੇ ਚਸ਼ਮਦੀਦ ਨੌਜਵਾਨ ਨੇ ਦੱਸਿਆ ਕਿ “ਦੋ ਨੌਜਵਾਨ ਆਏ ਸਨ ਜਿਨ੍ਹਾਂ ਵੱਲੋਂ ਫਾਇਰਿੰਗ ਕੀਤੀ ਗਈ ਪਰ ਇਸ ਵਾਰਦਾਤ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਹਿ ਗਿਆ। ਪਹਿਲਾਂ ਵੀ ਦੋ ਵਾਰ ਇਸੇ ਥਾਂ ’ਤੇ ਫਾਇਰਿੰਗ ਹੋਈ ਹੈ ਅਤੇ ਦੋਵੇਂ ਵਾਰ ਇਵੇਂ ਹੀ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਅਤੇ ਅੱਜ ਸ਼ਾਮ ਵੇਲੇ ਇਹ ਵਾਰਦਾਤ ਤੀਸਰੀ ਵਾਰ ਹੋਈ ਹੈ ਪਰ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।”
ਫਲੈਗ ਮਾਰਚ ਕੱਢ ਰਹੀ ਸੀ ਪੁਲਿਸ, ਬਦਮਾਸ਼ ਕਰ ਗਏ ਕਾਂਡ
ਉਧਰ ਇਸ ਵਾਰਦਾਤ ਤੋਂ ਬਾਅਦ ਮੌਕੇ ’ਤੇ ਪਹੁੰਚੇ ਪੁਲਿਸ ਥਾਣਾ ਸਿਟੀ ਦੇ ਪੁਲਿਸ ਅਧਿਕਾਰੀ ਬਲਵਿੰਦਰ ਸਿੰਘ ਦਾ ਕਹਿਣਾ ਸੀ ਕਿ “ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਥਾਂ ’ਤੇ ਇਕ ਰੈਸਟੋਰੈਂਟ ਮਾਲਕ ਨੂੰ ਫਿਰੌਤੀ ਦੀ ਧਮਕੀ ਮਿਲੀ ਹੈ ਅਤੇ ਉਸ ਮਾਮਲੇ ’ਚ ਪੁਲਿਸ ਵਲੋਂ ਕੇਸ ਵੀ ਦਰਜ ਹੈ, ਇੱਥੇ ਸੁਰੱਖਿਆ ਵੀ ਰਹਿੰਦੀ ਹੈ ਪਰ ਅੱਜ ਫਲੈਗ ਮਾਰਚ ਕੀਤਾ ਜਾ ਰਿਹਾ ਸੀ ਜਿਸ ਦੌਰਾਨ ਇੱਥੇ ਫਾਇਰਿੰਗ ਹੋਈ।” ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਵੀ ਇੱਥੇ ਫਾਇਰਿੰਗ ਹੋਈ ਹੈ ਤੇ ਹੁਣ ਫਲੈਗ ਮਾਰਚ ਦੌਰਾਨ ਇਸ ਥਾਂ ‘ਤੇ ਫਾਇਰਿੰਗ ਹੋ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਹਮਲਵਰਾਂ ਨੂੰ ਕਾਬੂ ਕੀਤਾ ਜਾਵੇਗਾ।
ETV BHARAT