ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿਖੇ ਗੋਲੀਆਂ ਚੱਲਣ ਨਾਲ ਇੱਕ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ, ਜਦਕਿ ਬਟਾਲਾ ਵਿਖੇ ਘਰ ਨੂੰ ਨੁਕਸਾਨ ਪਹੁੰਚਾਇਆ ਗਿਆ।
23 ਜੂਨ, 2026 – ਅੰਮ੍ਰਿਤਸਰ/ਗੁਰਦਾਸਪੁਰ: ਪੰਜਾਬ ਦੀ ਕਾਨੂੰਨ ਵਿਵਸਥਾ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਨਿੱਤ ਦਿਨ ਪੰਜਾਬ ‘ਚ ਗੋਲੀਬਾਰੀ ਦੀ ਘਟਨਾਵਾਂ ਨੇ ਲੋਕਾਂ ਦੀਆਂ ਫਿਕਰਾਂ ‘ਚ ਵਾਧਾ ਕੀਤਾ ਹੈ। ਉਥੇ ਹੀ ਗੁਰਦਾਸਪੁਰ ਦੇ ਬਟਾਲਾ ‘ਚ ਫਾਇਰਿੰਗ ਅਤੇ ਅੰਮ੍ਰਿਤਸਰ ਵਿੱਚ ਨੌਜਵਾਨ ਦੇ ਕਤਲ ਨੇ ਲੋਕਾਂ ‘ਚ ਡਰ ਅਤੇ ਸਹਿਮ ਪੈਦਾ ਕਰ ਦਿੱਤਾ ਹੈ।
ਅੰਮ੍ਰਿਤਸਰ ਵਿੱਚ ਇੱਕ ਦੀ ਮੌਤ
ਦਰਅਸਲ ਅੰਮ੍ਰਿਤਸਰ ਵਿਖੇ ਦੋ ਧਿਰਾਂ ਵਿਚਾਲੇ ਹੋਇਆ ਝਗੜਾ ਖੂਨੀ ਰੂਪ ਧਾਰਨ ਕਰ ਗਿਆ, ਜਿਸ ਦੌਰਾਨ ਇੱਕ ਨੌਜਵਾਨ ਦੇ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਗਈਆਂ। ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਤਾਂ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ।
ਚਸ਼ਮਦੀਦਾਂ ਮੁਤਾਬਕ ‘ਸਵੇਰੇ ਕਰੀਬ ਸਾਢੇ ਚਾਰ ਵਜੇ ਕੁਝ ਵਿਅਕਤੀ ਆਪਸ ਵਿੱਚ ਝਗੜ ਰਹੇ ਸਨ। ਝਗੜੇ ਦੌਰਾਨ ਹੀ ਗੋਲੀਆਂ ਚੱਲਣ ਦੀਆਂ ਅਵਾਜ਼ਾਂ ਆਈਆਂ ਤਾਂ ਲੋਕ ਸਹਿਮ ਗਏ। ਮੌਕੇ ‘ਤੇ ਹਫੜਾ–ਦਫੜੀ ਮਚ ਗਈ। ਇਸ ਦੌਰਾਨ ਹਮਲਾਵਰ ਫਰਾਰ ਹੋ ਗਏ।‘
ਪੈਸਿਆਂ ਦੇ ਲੈਣ ਦੇਣ ਦਾ ਮਾਮਲਾ
ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਸਵੇਰੇ ਇੱਕ ਜ਼ਖ਼ਮੀ ਵਿਅਕਤੀ ਬਾਰੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚੀ। ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਮ੍ਰਿਤਕ ਦੀ ਪਛਾਣ ਮਜੀਠਾ ਰੋਡ ਸਥਿਤ ਲੰਬੇ ਕਲੋਨੀ ਦੇ ਰਹਿਣ ਵਾਲੇ 27 ਸਾਲਾ ਅਮਰਦੀਪ ਸਿੰਘ ਉਰਫ਼ ਗਿਆਨੀ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਦੌਰਾਨ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਹੋਣ ਦੀ ਗੱਲ ਸਾਹਮਣੇ ਆਈ ਹੈ।
ਅੰਮ੍ਰਿਤਸਰ ਵਿੱਚ ਹੀ ਦੂਜੀ ਵਾਰਦਾਤ
ਅੰਮ੍ਰਿਤਸਰ ਦੇ ਵਿਖੇ ਹੀ ਇੱਕ ਹੋਰ ਘਟਨਾ ਨਾਲ ਲੋਕਾਂ ‘ਚ ਸਹਿਮ ਬਣਿਆ ਹੋਇਆ ਹੈ। ਜਿੱਥੇ 88 ਫੁੱਟ ਰੋਡ ਇਲਾਕੇ ਵਿੱਚ ਦੇਰ ਰਾਤ ਹੋਈ ਫਾਇਰਿੰਗ ਦੀ ਘਟਨਾ ਵਾਪਰੀ। ਘਟਨਾ ਦੌਰਾਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ, ਜਦਕਿ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੇ ਚਸ਼ਮਦੀਦਾਂ ਮੁਤਾਬਕ, ਦੇਰ ਰਾਤ ਕੁਝ ਨੌਜਵਾਨ ਇਲਾਕੇ ਵਿੱਚ ਮੌਜੂਦ ਸਨ। ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗ ਪਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਅੰਮ੍ਰਿਤਸਰ ਦੇ ਐਸਐਚਓ ਇੰਸਪੈਕਟਰ ਕਿਰਨਦੀਪ ਸਿੰਘ ਨੇ ਦੱਸਿਆ ਕਿ ’88 ਫੁੱਟ ਰੋਡ ‘ਤੇ ਹੋਈ ਫਾਇਰਿੰਗ ਦੀ ਘਟਨਾ ਵਿੱਚ ਸਿਮਰਨਜੀਤ ਸਿੰਘ ਉਰਫ਼ ਬਿੱਲਾ ਨਾਮਕ ਵਿਅਕਤੀ ਜ਼ਖ਼ਮੀ ਹੋਇਆ ਹੈ। ਹਮਲੇ ਦੀ ਵਜ੍ਹਾ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਿਮਰਨਜੀਤ ਸਿੰਘ ਆਪਣੀ ਸਵਿਫਟ ਕਾਰ ਵਿੱਚ ਜਾ ਰਿਹਾ ਹੈ ਅਤੇ ਉਸ ਦੇ ਪਿੱਛੇ ਦੋ ਨੌਜਵਾਨ ਉਸ ‘ਤੇ ਫਾਇਰਿੰਗ ਕਰਦੇ ਨਜ਼ਰ ਆ ਰਹੇ ਹਨ।‘ ਮਾਮਲੇ ‘ਚ ਕਾਰਵਾਈ ਜਾਰੀ ਹੈ ਅਤੇ ਜਲਦ ਹੀ ਮੁਲਜ਼ਮ ਕਾਬੂ ਕੀਤੇ ਜਾਣਗੇ।
ਬਟਾਲਾ ਵਿੱਚ ਰੰਗਦਾਰੀ ਲਈ ਫਾਇਰਿੰਗ
ਬਟਾਲਾ ਦੇ ਨਿਊ ਟਾਪ ਸਿਟੀ ਕਾਲੋਨੀ ਵਿੱਚ ਦੇਰ ਰਾਤ ਇੱਕ ਕੋਠੀ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਜਿਸ ਘਰ ‘ਤੇ ਗੋਲੀਆਂ ਚਲਾਈਆਂ ਗਈਆਂ, ਉਸ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਧਮਕੀ ਨਹੀਂ ਮਿਲੀ ਸੀ। ਜਦਕਿ ਨਾਲ ਲੱਗਦੇ ਘਰ ਵਿੱਚ ਰਹਿੰਦੇ ਵਰਿੰਦਰ ਸਿੰਘ ਨੂੰ ਪਿਛਲੇ ਕਾਫੀ ਸਮੇਂ ਤੋਂ ਧਮਕੀ ਭਰੀਆਂ ਕਾਲਾਂ ਅਤੇ ਵਿਦੇਸ਼ੀ ਨੰਬਰ ਤੋਂ ਮੈਸੇਜ ਆ ਰਹੇ ਸਨ। ਜਿਸ ਸਬੰਧੀ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਸੀ ਅਤੇ ਪੁਲਿਸ ਵੱਲੋਂ ਉਕਤ ਵਿਅਕਤੀ ਨੂੰ ਇੱਕ ਮੁਲਾਜ਼ਮ ਵੀ ਦਿੱਤਾ ਗਿਆ ਸੀ।
ਘਟਨਾ ਤੋਂ ਬਾਅਦ ਕਾਰੋਬਾਰੀ ਵਰਿੰਦਰ ਸਿੰਘ ਨੇ ਦੱਸਿਆ ਕਿ ‘ਸਾਡੇ ਗੁਆਂਢੀ ਦੇ ਘਰ ਦੇ ਬਾਹਰ ਰਾਤ ਢਾਈ ਵਜੇ ਦੋ ਮੋਟਰਸਾਈਕਲ ‘ਤੇ ਸਵਾਰ ਆਏ ਅਤੇ ਗੇਟ ‘ਤੇ ਛੇ ਗੋਲੀਆਂ ਚਲਾ ਕੇ ਫਰਾਰ ਹੋ ਗਏ। ਗੈਂਗਸਟਰ ਅਮਨ ਆਂਡਾ ਪਿਛਲੇ ਕਈ ਦਿਨਾਂ ਤੋਂ ਉਸ ਨੂੰ ਧਮਕੀਆਂ ਦੇ ਰਿਹਾ ਸੀ ਅਤੇ ਫੋਨ ‘ਤੇ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰ ਰਿਹਾ ਸੀ। ਗੋਲੀਆਂ ਚੱਲਣ ਤੋਂ ਬਾਅਦ ਵੀ ਅਮਨ ਆਂਡਾ ਵੱਲੋਂ ਮੈਸੇਜ ਆਇਆ ਕਿ “ਗਿਫਟ ਮਿਲ ਗਿਆ ਹੈ।” ਇਸ ਤੋਂ ਪਹਿਲਾਂ ਵੀ ਵਰਿੰਦਰ ਸਿੰਘ ‘ਤੇ ਗੋਲੀਆਂ ਚਲਾਈਆਂ ਜਾ ਚੁੱਕੀਆਂ ਹਨ।‘
ETV BHARAT