ਮਾਨਸਾ ਦੇ ਸੁਵਿਧਾ ਸੈਂਟਰ ਵਿੱਚ ਕਈ ਦਿਨਾਂ ਤੋਂ ਸਿਸਟਮ ਬੰਦ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
24 ਜੂਨ, 2026 – ਮਾਨਸਾ/ਫਿਰੋਜ਼ਪੁਰ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸੁਵਿਧਾ ਸੈਂਟਰਾਂ ਦੇ ਰਾਹੀਂ ਸੁਵਿਧਾ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਪਰ ਮਾਨਸਾ ਦੇ ਸੁਵਿਧਾ ਸੈਂਟਰ ਵਿੱਚ ਕਈ ਦਿਨਾਂ ਤੋਂ ਸਿਸਟਮ ਬੰਦ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਸਵੇਰੇ 6 ਵਜੇ ਤੋਂ ਸੁਵਿਧਾ ਸੈਂਟਰ ਪਹੁੰਚ ਜਾਂਦੇ ਹਨ। ਪਰ ਸ਼ਾਮ ਨੂੰ ਨਿਰਾਸ਼ ਆਪਣੇ ਘਰਾਂ ਨੂੰ ਵਾਪਸ ਪਰਤ ਜਾਂਦੇ ਹਨ।
ਸੁਵਿਧਾ ਸੈਂਟਰ ਪਹੁੰਚ ਕੇ ਮਿਲਦੀ ਹੈ ਨਿਰਾਸ਼ਾ
ਸੁਵਿਧਾ ਸੈਂਟਰ ਦੇ ਵਿੱਚ ਆਪਣੇ ਕੰਮ ਕਾਜ ਦੇ ਲਈ ਪਹੁੰਚੇ ਸਥਾਨਕ ਲੋਕਾਂ ਨੇ ਕਿਹਾ ਕਿ “ਉਨ੍ਹਾਂ ਨੂੰ ਪਿਛਲੇ ਕਈ ਦਿਨਾਂ ਤੋਂ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਇਸ ਪਾਸੇ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਸਵੇਰ ਤੋਂ ਸ਼ਾਮ ਤੱਕ ਮਹਿਜ 10 ਟੋਕਨ ਲੱਗਦੇ ਨੇ ਜਦੋਂ ਕਿ ਲੋਕ ਆਪਣੇ ਸਰਟੀਫਿਕੇਟ ਬਣਵਾਉਣ ਦੇ ਲਈ ਐਡਰੈਸ ਚੇਂਜ ਕਰਵਾਉਣ ਦੇ ਲਈ ਲਾਈਸੈਂਸ ਫਾਈਲਾਂ ਕਢਵਾਉਣ ਦੇ ਲਈ ਅਤੇ ਹੋਰ ਕਈ ਆਪਣੇ ਜ਼ਰੂਰੀ ਕੰਮਕਾਜ ਦੇ ਲਈ ਆਉਂਦੇ ਹਨ। ਪਰ ਉਨ੍ਹਾਂ ਨੂੰ ਸੁਵਿਧਾ ਸੈਂਟਰ ਪਹੁੰਚ ਕੇ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ।”
ਪੰਜਾਬ ਸਰਕਾਰ ਨੂੰ ਅਪੀਲ
ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ “ਤੁਰੰਤ ਸੁਵਿਧਾ ਸੈਂਟਰਾਂ ਦੇ ਵਿੱਚ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਨੂੰ ਦੂਰ ਕੀਤਾ ਜਾਵੇ ਤਾਂ ਕਿ ਹਰ ਕੋਈ ਆਸਾਨੀ ਦੇ ਨਾਲ ਆਪਣੇ ਕੰਮ ਕਾਜ ਕਰਵਾਉਣ ਤੋਂ ਬਾਅਦ ਵਾਪਿਸ ਘਰ ਤੱਕ ਸਕੇ।”
ਪੋਰਟਲ ਬੰਦ ਹੋਣ ਕਾਰਨ ਆ ਰਹੀ ਸਮੱਸਿਆ
ਉਧਰ ਸੁਵਿਧਾ ਸੈਂਟਰ ਦੇ ਆਪਣਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਕਈ ਦਿਨਾਂ ਤੋਂ ਪੋਰਟਲ ਬੰਦ ਹੋਣ ਕਾਰਨ ਸਮੱਸਿਆ ਆ ਰਹੀ ਹੈ। ਕੰਮ ਤਾਂ ਹੌਲੀ-ਹੌਲੀ ਚੱਲ ਹੀ ਰਿਹਾ ਹੈ, ਅੱਜ ਥੋੜੀ ਜਿਆਦਾ ਪਰੇਸ਼ਾਨੀ ਆ ਰਹੀ ਹੈ। ਪਰ ਇਸ ਦਾ ਜਲਦ ਹੀ ਹੱਲ ਕੱਢ ਦਿੱਤਾ ਜਾਵੇਗਾ ਅਤੇ ਲੋਕਾਂ ਦੀ ਪਰੇਸ਼ਾਨੀ ਦੂਰ ਹੋ ਜਾਵੇਗੀ।
ਸਿਵਲ ਸਰਜਨ ਦਫ਼ਤਰ ਫ਼ਿਰੋਜ਼ਪੁਰ ਅੱਗੇ ਵਿਸ਼ਾਲ ਰੋਸ ਧਰਨਾ
ਕਮਿਊਨਟੀ ਹੈਲਥ ਅਫ਼ਸਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਜਾਇਜ਼ ਮੰਗਾਂ ਦੇ ਹੱਲ ਲਈ ਅੱਜ ਸਟੇਟ ਯੂਨੀਅਨ ਦੇ ਸੱਦੇ ’ਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਮਿਊਨਟੀ ਹੈਲਥ ਅਫ਼ਸਰਾਂ ਵੱਲੋਂ ਸਿਵਲ ਸਰਜਨ ਦਫ਼ਤਰ ਫ਼ਿਰੋਜ਼ਪੁਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਚਾਰਾਂ ਬਲਾਕਾਂ ਦੇ ਕਮਿਊਨਟੀ ਹੈਲਥ ਅਫ਼ਸਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਸਰਕਾਰ ਦੇ ਨਾਮ ਸਿਵਲ ਸਰਜਨ ਰਾਹੀਂ ਮੰਗ ਪੱਤਰ ਸੌਂਪਿਆ।
ਇਸ ਮੌਕੇ ਸੰਬੋਧਨ ਕਰਦਿਆਂ CHO ਐਸੋਸੀਏਸ਼ਨ ਦੇ ਆਗੂ ਡਾ. ਪ੍ਰੀਤ ਮਖੀਜਾ ਅਤੇ ਨਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਕਮਿਊਨਟੀ ਹੈਲਥ ਅਫ਼ਸਰ ਆਪਣੀਆਂ ਜਾਇਜ਼ ਮੰਗਾਂ ਦੇ ਹੱਲ ਲਈ ਸੰਘਰਸ਼ ਕਰ ਰਹੇ ਹਨ। ਸਰਕਾਰ ਅਤੇ ਸਿਹਤ ਵਿਭਾਗ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ, ਅਨੇਕਾਂ ਵਾਰ ਮੰਗ ਪੱਤਰ ਦਿੱਤੇ ਗਏ ਹਨ, ਪਰੰਤੂ ਅੱਜ ਤੱਕ ਕਿਸੇ ਵੀ ਮੰਗ ਦਾ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਮਿਊਨਟੀ ਹੈਲਥ ਅਫ਼ਸਰਾਂ ਦੀਆਂ ਮੁੱਖ ਮੰਗਾਂ ਵਿੱਚ ਐਨ.ਐਚ.ਐਮ. ਮੁਲਾਜ਼ਮਾਂ ਲਈ ਬਰਾਬਰ ਕੰਮ ਬਰਾਬਰ ਤਨਖਾਹ (Equal Work Equal Wages) ਲਾਗੂ ਕਰਨਾ, ਲੋਇਲਟੀ ਬੋਨਸ ਦੀ ਬਹਾਲੀ, ਨਵੇਂ ਜਾਰੀ ਕੀਤੇ ਇੰਸੈਂਟਿਵ ਪਰਫਾਰਮੇ ਨੂੰ ਤੁਰੰਤ ਵਾਪਸ ਲੈਣਾ, CHO ਦੀਆਂ ਅਸਾਮੀਆਂ ਅਤੇ ਕੈਡਰ ਨੂੰ ਸੈਂਕਸ਼ਨ ਕਰਨਾ, ਤਨਖਾਹ ਅਤੇ ਇੰਸੈਂਟਿਵ ਨੂੰ ਮਰਜ ਕਰਨਾ, BAMS ਯੋਗਤਾ ਵਾਲੇ CHO ਨੂੰ NPA ਦੇਣਾ, ਦੁਸ਼ਵਾਰ ਖੇਤਰ ਭੱਤੇ ਦੀ ਬਹਾਲੀ ਅਤੇ ਖਾਲੀ ਅਸਾਮੀਆਂ ਨੂੰ ਭਰਨਾ ਸ਼ਾਮਲ ਹਨ।
ਜਦੋਂ ਤੱਕ ਮੰਗਾਂ ਦਾ ਹੱਲ ਨਹੀਂ ਹੁੰਦਾ, ਹੜਤਾਲ ਜਾਰੀ ਰਹੇਗੀ
ਧਰਨੇ ਵਿੱਚ ਪੈਰਾਮੈਡੀਕਲ ਯੂਨੀਅਨ ਫਿਰੋਜ਼ਪੁਰ ਦੇ ਸੀਨੀਅਰ ਆਗੂ ਕੌਰਜੀਤ ਸਿੰਘ, ਰਾਮਪ੍ਰਸ਼ਾਦ, ਨਰਿੰਦਰ ਸ਼ਰਮਾ, ਮਨਿੰਦਰਜੀਤ ਸਿੰਘ, ਜਸਵਿੰਦਰ ਸਿੰਘ, ਕਰਨਜੀਤ ਸਿੰਘ, ਸਤਨਾਮ ਸਿੰਘ, ਗੁਰਦੇਵ ਸਿੰਘ ਨੇ ਧਰਨੇ ਨੂੰ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਲਗਾਤਾਰ ਕੀਤੀ ਜਾ ਰਹੀ ਅਣਗਹਿਲੀ ਕਾਰਨ ਅੱਜ ਤੋਂ ਪੰਜਾਬ ਭਰ ਦੇ ਕਮਿਊਨਟੀ ਹੈਲਥ ਅਫ਼ਸਰਾਂ ਵੱਲੋਂ ਕੰਮ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਜਦੋਂ ਤੱਕ ਸਰਕਾਰ ਵੱਲੋਂ ਮੰਗਾਂ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਜਾਂਦਾ, ਉਦੋਂ ਤੱਕ ਇਹ ਹੜਤਾਲ ਜਾਰੀ ਰਹੇਗੀ।
ਸੰਗਰੂਰ ਵਿਖੇ ਸੂਬਾ ਪੱਧਰੀ ਵਿਸ਼ਾਲ ਧਰਨਾ ਦਿੱਤਾ ਜਾਵੇਗਾ
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹੁਣ ਵੀ ਸਰਕਾਰ ਨੇ ਕਮਿਊਨਟੀ ਹੈਲਥ ਅਫ਼ਸਰਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 2 ਜੁਲਾਈ ਨੂੰ ਮਾਣਯੋਗ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼, ਸੰਗਰੂਰ ਵਿਖੇ ਸੂਬਾ ਪੱਧਰੀ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਜਿਸ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਕਮਿਊਨਟੀ ਹੈਲਥ ਅਫ਼ਸਰ ਸ਼ਮੂਲੀਅਤ ਕਰਨਗੇ। ਕਿਹਾ ਕਿ ਕਮਿਊਨਟੀ ਹੈਲਥ ਅਫ਼ਸਰਾਂ ਨੂੰ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜ਼ਬੂਰ ਕਰਨ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਮੰਗਾਂ ਦਾ ਹੱਲ ਨਹੀਂ ਹੁੰਦਾ, ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਡਾ.ਅਸ਼ੋਕ ਕੁਮਾਰ, ਰਾਜਵਿੰਦਰ ਕੌਰ, ਗੌਰਵ ਦਾਸ, ਕਿਰਨਦੀਪ ਕੌਰ, ਨੇਹਾ ਮਲਹੋਤਰਾ, ਡਾ ਗੁਰਬਚਨ ਸਿੰਘ, ਨਵਜੀਤ ਕੁਮਾਰ , ਡਾ. ਸਤਨਾਮ ਸਿੰਘ, ਅਮਰੀਕ ਸਿੰਘ, ਮਨੀਸ਼ਾ ਮੋਨਿਕਾ, ਬਲਦੇਵ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਕਮਿਊਨਟੀ ਹੈਲਥ ਅਫ਼ਸਰ ਹਾਜ਼ਰ ਸਨ।
ETV BHARAT