ਬਦਮਾਸ਼ਾਂ ਨੇ ਚਿੱਟੇ ਦਿਨ ਵੱਢਿਆ ਨੌਜਵਾਨ, ਹੋਈ ਦਰਦਨਾਕ ਮੌਤ, ਗੈਂਗਵਾਰ ਦਾ ਖ਼ਦਸ਼ਾ!
ਬੇਖੌਫ਼ ਬਦਮਾਸ਼ਾਂ ਨੇ ਦਿਨ ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
29 ਜੂਨ, 2026 – ਕਪੂਰਥਲਾ: ਜ਼ਿਲ੍ਹੇ ਦੇ ਸ਼ਹਿਰ ਕਪੂਰਥਲਾ ਵਿੱਚ ਦਿਨ-ਦਿਹਾੜੇ ਵਾਪਰੀ ਇੱਕ ਸਨਸਨੀਖੇਜ਼ ਘਟਨਾ ਨੇ ਪੂਰੇ ਸ਼ਹਿਰ ਵਿੱਚ ਦਹਿਸ਼ਤ ਫੈਲਾ ਦਿੱਤੀ। ਸ਼ਹਿਰ ਦੇ ਵਿਚਕਾਰ ਲਗਭਗ 38 ਸਾਲਾ ਜਤਿੰਦਰ ਸਹਿਗਲ ਨੂੰ 6 ਹਮਲਾਵਰਾਂ ਨੇ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ।
‘ਘੇਰ ਕੇ ਕੀਤਾ ਕਤਲ‘
ਪਰਿਵਾਰ ਦਾ ਕਹਿਣਾ ਹੈ ਕਿ, ‘ਜਤਿੰਦਰ ਸਹਿਗਲ ਕਿਸੇ ਕੰਮ ਲਈ ਆਪਣੇ ਘਰੋਂ ਨਿਕਲਿਆ ਸੀ। ਇਸ ਦੌਰਾਨ ਪਹਿਲਾਂ ਤੋਂ ਹੀ ਉਡੀਕ ਵਿੱਚ ਬੈਠੇ 6 ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਲਗਾਤਾਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਗੰਭੀਰ ਜ਼ਖ਼ਮੀ ਜਤਿੰਦਰ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।‘
ਮਰੀਜ਼ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਪਤਾਲ ਲਿਆਂਦਾ ਗਿਆ ਸੀ। ਅਸੀਂ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਪਰ ਕੁੱਝ ਸਮੇਂ ਬਾਅਦ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਨੌਜਵਾਨ ਨੇ ਦਮ ਤੋੜ ਦਿੱਤਾ।–ਡਾਕਟਰ ਵੰਦਨਾ
ਇਲਾਕੇ ਵਿੱਚ ਦਹਿਸ਼ਤ ਫੈਲੀ,ਹਸਪਤਾਲ ਵਿੱਚ ਭੀੜ ਇਕੱਠੀ
ਦਿਨ-ਦਿਹਾੜੇ ਹੋਏ ਇਸ ਕਤਲ ਤੋਂ ਬਾਅਦ ਪੂਰੇ ਇਲਾਕੇ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ। ਘਟਨਾ ਦੀ ਖ਼ਬਰ ਫੈਲਦੇ ਹੀ, ਸੈਂਕੜੇ ਲੋਕ ਸਰਕਾਰੀ ਹਸਪਤਾਲ ਵਿੱਚ ਇਕੱਠੇ ਹੋ ਗਏ। ਇਸ ਘਟਨਾ ਨੇ ਸ਼ਹਿਰ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪਰਿਵਾਰ ਨੇ ਸੜਕ ਉੱਤੇ ਧਰਨਾ ਲਾਉਂਦਿਆਂ ਇਨਸਾਫ ਦੀ ਮੰਗ ਕੀਤੀ।
‘ਹਮਲਾਵਰਾਂ ਦੀ ਹੋਈ ਪਛਾਣ‘
ਡੀਐੱਸਪੀ ਸ਼ੀਤਲ ਸਿੰਘ ਮੁਤਾਬਕ, ‘ਮ੍ਰਿਤਕ ਜਤਿੰਦਰ ਸਹਿਗਲ ਦੇ ਖਿਲਾਫ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਸਨ। ਸ਼ੁਰੂਆਤੀ ਜਾਂਚ ਵਿੱਚ ਕਤਲ ਨੂੰ ਗੈਂਗਸਟਰਵਾਦ ਅਤੇ ਪੁਰਾਣੀ ਦੁਸ਼ਮਣੀ ਨਾਲ ਜੋੜਿਆ ਜਾ ਰਿਹਾ ਹੈ। ਹਾਲਾਂਕਿ ਕਤਲ ਦੇ ਪਿੱਛੇ ਅਸਲ ਮਨੋਰਥ ਦਾ ਪਤਾ ਲਗਾਉਣ ਲਈ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸਾਰੇ ਛੇ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਕਤਲ ਸਮੇਤ ਵੱਖ–ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।‘
ਡੀਐੱਸਪੀ ਨੇ ਕਿਹਾ ਕਿ ਘਟਨਾ ਤੋਂ ਬਾਅਦ ਪੁਲਿਸ ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ। ਅਪਰਾਧ ਵਾਲੀ ਥਾਂ ਅਤੇ ਆਲੇ ਦੁਆਲੇ ਦੀਆਂ ਸੜਕਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੀਆਂ ਹਰਕਤਾਂ ਅਤੇ ਉਨ੍ਹਾਂ ਦੇ ਭੱਜਣ ਦੇ ਰਸਤੇ ਦਾ ਪਤਾ ਲਗਾਇਆ ਜਾ ਸਕੇ। ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
ETV BHARAT