ਪਿਛਲੇ ਕੁਝ ਸਾਲਾਂ ‘ਚ ਬਦਲਿਆ ਟਰੈਂਡ, ਲਾੜੀਆਂ ਦੇ ਰਹੀਆਂ ਜ਼ਿਆਦਾ ਧੋਖੇ..
NRI ਲਾੜੇ ਲਾੜੀਆਂ ਵੱਲੋਂ ਧੋਖੇ ਦੇਣ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ
29 ਜੂਨ, 2026 – ਲੁਧਿਆਣਾ: ਪੰਜਾਬ ਦੀ ਨੌਜਵਾਨ ਪੀੜੀ ਵਿਦੇਸ਼ ਜਾਣ ਲਈ ਅੱਜ ਵੀ ਓਨੀ ਹੀ ਉਤਸੁਕ ਹੈ, ਜਿੰਨੀ ਅੱਜ ਤੋਂ ਕਈ ਸਾਲ ਪਹਿਲਾਂ ਸੀ। ਕੈਨੇਡਾ, ਅਮਰੀਕਾ, ਆਸਟਰੇਲੀਆ, ਇੰਗਲੈਂਡ ਅਤੇ ਯੂਰਪੀਅਨ ਮੁਲਕ ਪੰਜਾਬੀਆਂ ਦੀ ਪਹਿਲੀ ਪਸੰਦ ਹਨ। ਅਰਬ ਦੇਸ਼ਾਂ ਦੇ ਵਿੱਚ ਵੀ ਵੱਡੀ ਗਿਣਤੀ ਵਿੱਚ ਪੰਜਾਬੀ ਕੰਮ ਕਰ ਰਹੇ ਨੇ ਪਰ ਸਿਰਫ ਪੰਜਾਬੀ ਨਹੀਂ, ਦੇਸ਼ ਦੇ ਹੋਰਨਾਂ ਹਿੱਸਿਆਂ ‘ਚੋਂ ਵੀ ਨੌਜਵਾਨ ਆਪਣੇ ਚੰਗੇ ਭਵਿੱਖ ਲਈ ਵਿਦੇਸ਼ ਵਿੱਚ ਪੜ੍ਹਾਈ ਅਤੇ ਨੌਕਰੀਆਂ ਲਈ ਜਾ ਰਹੇ ਹਨ।
ਵਿਦੇਸ਼ ਜਾਣ ਦੀ ਲਾਲਸਾ ਕਈ ਵਾਰ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਲੱਗੇ ਵੀ ਸਮਾਂ ਨਹੀ ਲੱਗਦਾ। ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਕਾਨਟਰੈਕਟ ਮੈਰਿਜ ਦਾ ਚਲਨ ਕਾਫੀ ਵੱਧ ਗਿਆ ਹੈ। ਜਿਸ ਵਿੱਚ ਕੁੜੀਆਂ ਸਹੁਰਾ ਪਰਿਵਾਰ ਪੈਸੇ ਖਰਚ ਕਰਕੇ ਵਿਦੇਸ਼ ਭੇਜਦਾ ਹੈ ਅਤੇ ਫਿਰ ਕੁੜੀ ਉਸ ਦੇ ਕਾਨਟਰੈਕਟ ਪਤੀ ਨੂੰ ਵਿਦੇਸ਼ ਬੁਲਾਉਂਦੀ ਹੈ। ਅਜਿਹੇ ਮਾਮਲਿਆਂ ਵਿੱਚ ਧੋਖੇ ਵੀ ਆਮ ਹੀ ਵੇਖਣ ਨੂੰ ਮਿਲਦੇ ਹਨ ਜਿਸ ਦੀਆਂ ਕਈ ਉਦਾਹਰਨਾਂ ਵੀ ਬੀਤੇ ਦਿਨਾਂ ਦੇ ਵਿੱਚ ਵੇਖਣ ਨੂੰ ਮਿਲੀਆਂ ਨੇ।
ਕੀ ਕਹਿੰਦੇ ਨੇ ਅੰਕੜੇ ?
ਭਾਰਤ ਸਰਕਾਰ ਦੇ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਵੱਲੋਂ ਜਨਵਰੀ 2026 ਤੱਕ ਦੇ ਜਾਰੀ ਕੀਤੇ ਗਏ ਅੰਕੜਿਆਂ ਦੇ ਵਿੱਚ ਲਿਖਿਆ ਗਿਆ ਹੈ ਕਿ ਕਿਹੜੇ ਮੁਲਕ ਦੇ ਵਿੱਚ ਕਿੰਨੇ ਭਾਰਤੀ ਰਹਿ ਰਹੇ ਨੇ ਜਿਨ੍ਹਾਂ ਵਿੱਚ ਦੁਨੀਆਂ ਭਰ ਦੇ ਲਗਭਗ 207 ਮੁਲਕਾਂ ਦੇ ਵਿੱਚ 37280845 ਭਾਰਤੀ ਰਹਿ ਰਹੇ ਨੇ।..
‘ਕਾਂਟਰੈਕਟ ਮੈਰਿਜ ਦੀ ਸ਼ੁਰੂਆਤ‘
ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੁਝ ਸਾਲ ਪਹਿਲਾਂ ਕੀਤੀ ਗਈ ਖੋਜ ਦੇ ਵਿੱਚ ਇਹ ਪਾਇਆ ਗਿਆ ਕਿ 56 ਫੀਸਦੀ ਭਾਰਤੀ ਵਿਦੇਸ਼ ਵਿੱਚ ਆਪਣੀਆਂ ਪੈਸੇ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਜਾਂਦੇ ਹਨ। ਵਿਦੇਸ਼ ਜਾਣ ਵਾਲਿਆਂ ਵਿੱਚੋਂ 19.38 ਫੀਸਦੀ ਪੰਜਾਬੀ ਹੀ ਵਿਦੇਸ਼ ਵਿੱਚ ਜਾ ਕੇ ਉੱਥੇ ਖੇਤੀਬਾੜੀ ਯੋਗ ਜ਼ਮੀਨ, ਘਰ, ਗੋਲਡ, ਕਾਰਾਂ ਅਤੇ ਟਰੈਕਟਰ ਆਦਿ ਦੀ ਖਰੀਦ ਕਰਦੇ ਨੇ। ਇਹੀ ਕਾਰਨ ਹੈ ਕਿ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵਿਦੇਸ਼ ਜਾਂਦੇ ਨੇ। ਵਿਦੇਸ਼ ਗਏ ਜ਼ਿਆਦਾਤਰ ਪੰਜਾਬੀ ਨੌਜਵਾਨ ਵਿਆਹ ਪੰਜਾਬ ਆ ਕੇ ਹੀ ਕਰਵਾਉਂਦੇ ਹਨ ਅਤੇ ਉੱਥੋਂ ਹੀ ਕਾਂਟਰੈਕਟ ਮੈਰਿਜ ਦੀ ਸ਼ੁਰੂਆਤ ਹੋਈ ਹੈ।
ਕੌਂਮੀ ਮਹਿਲਾ ਕਮਿਸ਼ਨ ਦਾ ਬਿਆਨ
ਬੀਤੇ ਦਿਨ ਪੰਜਾਬ ਦੇ ਜ਼ਿਲ੍ਹਾ ਰੋਪੜ ਵਿੱਚ ਪਹੁੰਚੀ ਕੌਮੀ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਵਿਜਿਆ ਕਿਸ਼ੋਰ ਰਾਹਤਕਰ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ, ‘ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਵਿਦੇਸ਼ੀ ਵਿਆਹ ਦੇ ਵਿਵਾਦ ਕਾਫੀ ਵੱਧ ਗਏ ਨੇ, ਪੰਜਾਬ ਵਿੱਚ ਪਿਛਲੇ ਕੁਝ ਸਾਲਾਂ ਦੇ ਦੌਰਾਨ 32 ਹਜ਼ਾਰ ਵਿਆਹੁਤਾ ਪਤਨੀਆਂ ਨੂੰ ਉਹਨਾਂ ਦੇ NRI ਪਤੀਆਂ ਵੱਲੋਂ ਛੱਡ ਦਿੱਤਾ ਗਿਆ। ਅਜਿਹੇ ਮਾਮਲਿਆਂ ਵਿੱਚ ਜਲਦ ਤੋਂ ਜਲਦ ਜਾਂਚ ਕੀਤੀ ਜਾਵੇ ਅਤੇ ਪੀੜਤ ਮਹਿਲਾਵਾਂ ਨੂੰ ਇਨਸਾਫ਼ ਦਵਾਇਆ ਜਾਵੇ।‘
“ਬੀਤੇ ਕੁਝ ਸਾਲਾਂ ਦੌਰਾਨ ਲਗਾਤਾਰ ਹੋਇਆ ਵਾਧਾ”
ਸਮਾਜ ਸੇਵੀ ਸੰਸਥਾ ਦੀ ਮੁਖੀ ਸਤਵਿੰਦਰ ਸੱਤੀ ਖੁਦ ਵੀ NRI ਲਾੜੇ ਵੱਲੋਂ ਧੋਖੇ ਦਾ ਸ਼ਿਕਾਰ ਹੋਣ ਤੋਂ ਬਾਅਦ ਅਜਿਹੀਆਂ ਮਹਿਲਾਵਾਂ ਦੇ ਕੇਸ ਵੇਖ ਰਹੀ ਹੈ। ਜਿਨ੍ਹਾਂ ਨੂੰ ਵਿਦੇਸ਼ ਲੈ ਜਾਣ ਦੇ ਨਾਂ ਉੱਤੇ NRI ਪਤੀਆਂ ਵੱਲੋਂ ਵਿਆਹਿਆ ਤਾਂ ਗਿਆ ਪਰ ਨਾਲ ਨਹੀਂ ਲੈ ਕੇ ਗਏ। ਅਜਿਹੇ ਮਾਮਲਿਆਂ ਵਿੱਚ ਬੀਤੇ ਕੁਝ ਸਾਲਾਂ ਦੇ ਦੌਰਾਨ ਲਗਾਤਾਰ ਵਾਧਾ ਹੋਇਆ ਹੈ। ਇੱਥੋਂ ਤੱਕ ਕਿ ਪਹਿਲਾਂ ਜਿੱਥੇ ਲਾੜੇ ਧੋਖੇ ਦਿੰਦੇ ਸਨ, ਹੁਣ ਲਾੜੀਆਂ ਵੀ ਵੱਡੀ ਗਿਣਤੀ ਦੇ ਵਿੱਚ ਧੋਖੇ ਦੇ ਰਹੀਆਂ ਨੇ। ਹੁਣ ਕਾਂਟਰੈਕਟ ਮੈਰਿਜ ਦੇ ਮੁਤਾਬਕ ਕੁੜੀਆਂ ਨੂੰ ਵਿਦੇਸ਼ ਭੇਜਣ ਦੇ ਲਈ ਸਹੁਰਾ ਪਰਿਵਾਰ ਕੁੜੀ ਦੀ ਪੜ੍ਹਾਈ ਲਈ ਉਸ ਦਾ ਸਾਰਾ ਖਰਚਾ ਚੁੱਕਦਾ ਹੈ। ਉਨ੍ਹਾਂ ਨੂੰ ਆਸ ਹੁੰਦੀ ਹੈ ਕਿ ਲਾੜੀ ਉਹਨਾਂ ਦੇ ਮੁੰਡੇ ਨੂੰ ਵਿਦੇਸ਼ ਲੈ ਜਾਵੇਗੀ ਪਰ ਜਦੋਂ ਕੁੜੀ ਵਿਦੇਸ਼ ਚਲੀ ਜਾਂਦੀ ਹੈ ਤਾਂ ਕਈ ਅਜਿਹੇ ਮਾਮਲੇ ਵੀ ਆਉਂਦੇ ਹਨ ਕਿ ਉਹ ਆਪਣੇ ਪਤੀ ਨੂੰ ਬੁਲਾਉਂਦੀ ਹੀ ਨਹੀਂ ਹੈ ਅਤੇ ਉੱਥੇ ਜਾ ਕੇ ਆਪਣੀ ਪਤੀ ਨੂੰ ਛੱਡ ਦਿੰਦੀ ਹੈ ਜਾਂ ਦੂਜਾ ਵਿਆਹ ਕਰਵਾ ਲੈਂਦੀ ਹੈ।
“ਸਤਵਿੰਦਰ ਸੱਤੀ ਨੇ 2016 ਦੇ ਵਿੱਚ ਸ਼ੁਰੂ ਕੀਤੀ ਸੰਸਥਾ”
ਸਤਵਿੰਦਰ ਸੱਤੀ ਨੇ ਦੱਸਿਆ ਕਿ “ਉਹ ਖੁਦ ਪੀੜਤ ਹੈ, 2016 ਦੇ ਵਿੱਚ ਉਸ ਵੱਲੋਂ ਸੰਸਥਾ ਸ਼ੁਰੂ ਕੀਤੀ ਗਈ ਸੀ। 2009 ਵਿੱਚ ਉਨ੍ਹਾਂ ਦਾ ਵਿਆਹ NRI ਲਾੜੇ ਦੇ ਨਾਲ ਹੋਇਆ ਸੀ। ਪਰ ਉਹ ਸਹੁਰੇ ਪਰਿਵਾਰ ‘ਚ ਕੱਢ ਕੇ ਉਸ ਨੂੰ ਕਿਰਾਏ ਦੇ ਮਕਾਨ ਵਿੱਚ ਲੈ ਗਿਆ, ਹੌਲੀ-ਹੌਲੀ ਮੁੰਡੇ ਨੇ ਉਸ ਨਾਲ ਸੰਪਰਕ ਕਰਨਾ ਵੀ ਬੰਦ ਕਰ ਦਿੱਤਾ। ਉਸ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ। ਕਈ ਸਾਲ ਤੱਕ ਉਹ ਇਨਸਾਫ ਦੇ ਲਈ ਧੱਕੇ ਖਾਂਦੀ ਰਹੀ। ਸਾਲ 2022 ਵਿੱਚ ਜਾ ਕੇ ਉਸ ਨੂੰ ਤਲਾਕ ਮਿਲਿਆ। ਉਹ ਲਗਭਗ 13 ਸਾਲ ਆਪਣੇ ਲਈ ਇਨਸਾਫ ਦੀ ਲੜਾਈ ਲੜਦੀ ਰਹੀ। ਜਦੋਂ ਉਸ ਨੇ ਵੇਖਿਆ ਕਿ ਉਸ ਵਰਗੀਆਂ ਹੋਰ ਵੀ ਕਈ ਮਹਿਲਾਵਾਂ ਹਨ ਜੋ ਕਿ ਇਨਸਾਫ ਦੇ ਲਈ ਲੜ ਰਹੀਆਂ ਨੇ ਤਾਂ ਉਹ ਉਨ੍ਹਾਂ ਦੀ ਮਦਦ ਕਰਨ ਲੱਗੀ।” ਹੁਣ ਤੱਕ ਉਹ ਸੈਂਕੜੇ NRI ਧੋਖੇਬਾਜ਼ ਪਤੀਆਂ ਦੇ ਪਾਸਪੋਰਟ ਰੱਦ ਕਰਵਾ ਚੁੱਕੇ ਨੇ।
“80 ਫੀਸਦੀ ਮੁੰਡਿਆਂ ਨਾਲ ਹੋ ਰਹੇ ਧੋਖੇ”
ਸਤਵਿੰਦਰ ਸੱਤੀ ਨੇ ਦੱਸਿਆ ਕਿ ਜਦੋਂ 32000 ਮਾਮਲੇ ਸਨ, ਉਦੋਂ ਉਨ੍ਹਾਂ ਕੋਲ 700 ਤੋਂ 800 ਕੇਸ ਸਨ। ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਅਜਿਹੇ ਮਾਮਲਿਆਂ ਦੇ ਅੰਦਰ ਬਹੁਤ ਜ਼ਿਆਦਾ ਵਾਧਾ ਹੋ ਗਿਆ ਹੈ। ਹੁਣ 80 ਫੀਸਦੀ ਮੁੰਡਿਆਂ ਦੇ ਨਾਲ ਧੋਖੇ ਹੋ ਰਹੇ ਹਨ। ਜੇਕਰ ਸਾਡੇ ਕੋਲ 10 ਕੇਸ ਆਉਂਦੇ ਹਨ ਤਾਂ ਉਹਨਾਂ ਵਿੱਚੋਂ 1 ਜਾਂ 2 ਹੀ ਕੁੜੀਆਂ ਨਾਲ ਸਬੰਧਤ ਹੁੰਦੇ ਹਨ। ਬਾਕੀ 7 ਤੋਂ 8 ਕੇਸ ਕੁੜੀਆਂ ਵੱਲੋਂ ਮੁੰਡਿਆਂ ਨਾਲ ਕੀਤੇ ਗਏ ਧੋਖਿਆ ਨਾਲ ਸਬੰਧਤ ਨੇ ਕਿਉਂਕਿ ਮੁੰਡੇ ਪੜਾਈ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ, ਇਸ ਕਰਕੇ ਉਹ ਆਈਲੈਟਸ ਕਲੀਅਰ ਨਹੀਂ ਕਰ ਪਾਉਂਦੇ ਅਤੇ ਕੁੜੀਆਂ ਪੜ੍ਹਾਈ ਦੇ ਵਿੱਚ ਤੇਜ਼ ਹਨ। ਜਦੋਂ ਕੋਈ ਹੋਰ ਪੈਸੇ ਲਾਉਂਦਾ ਹੈ ਤਾਂ ਉਹ ਹੋਰ ਮਨ ਦੇ ਨਾਲ ਪੜ੍ਹਾਈ ਕਰਦੀਆਂ ਹਨ। ਜਿਸ ਤੋਂ ਬਾਅਦ ਕਾਂਟਰੈਕਟ ਮੈਰਿਜ ਹੁੰਦੀ ਹੈ ਪਰ ਜਦੋਂ ਉਹ ਵਿਦੇਸ਼ ਚਲੀਆਂ ਜਾਂਦੀਆਂ ਹਨ ਤਾਂ ਉਨ੍ਹਾਂ ‘ਤੇ ਕੋਈ ਨਜ਼ਰ ਰੱਖਣ ਵਾਲਾ ਨਹੀਂ ਹੁੰਦਾ ਨਾ ਹੀ ਕੋਈ ਰੋਕਣ ਟੋਕਣ ਵਾਲਾ ਹੁੰਦਾ ਹੈ, ਕਿਉਂਕਿ ਵਿਦੇਸ਼ਾਂ ਵਿੱਚ ਮਾਹੌਲ ਬਹੁਤ ਅਜ਼ਾਦੀ ਵਾਲਾ ਹੈ, ਇਹੀ ਕਾਰਨ ਹੈ ਕਿ ਵਿਦੇਸ਼ ਜਾਕੇ ਕੁੜੀਆਂ ਸਪਾਊਸ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੰਦੀਆਂ ਹਨ।
“ਕੁੜੀਆਂ ਪੜ੍ਹਨ ਲਿਖਣ ਵਿੱਚ ਜ਼ਿਆਦਾ ਹੁਸ਼ਿਆਰ ਹੁੰਦੀਆਂ ਨੇ ਅਤੇ IELTS ਪਾਸ ਕਰ ਲੈਂਦੀਆਂ। ਜਦਕਿ ਮੁੰਡਿਆਂ ਨੂੰ ਪੜ੍ਹਾਈ ਨਾਲੋਂ ਜ਼ਿਆਦਾ ਫੇਰਾ ਤੋਰਾ ਪਸੰਦ ਹੁੰਦਾ ਹੈ। ਉਨ੍ਹਾਂ ਨੂੰ ਮਹਿੰਗੇ ਮੋਬਾਇਲ ਲੈ ਕੇ ਗੱਡੀਆਂ ਵਿੱਚ ਘੁੰਮਣਾ ਪਸੰਦ ਹੁੰਦਾ। ਪਰ ਕੁੜੀਆਂ ਵਧੀਆ ਪੜ੍ਹ ਲਿਖ ਜਾਂਦੀਆਂ ਨੇ ਅਤੇ ਉਨ੍ਹਾਂ ਨੂੰ ਜਦੋਂ ਪਤਾ ਲੱਗ ਜਾਂਦਾ ਕੋਈ ਇਨਸਾਨ ਉਨ੍ਹਾਂ ਉੱਤੇ ਖਰਚਾ ਕਰ ਰਿਹਾ ਹੈ ਤਾਂ ਉਹ ਹੋਰ ਵਧੀਆ ਪੜਦੀਆਂ ਨੇ। ਪਰ ਇਹੀ ਬੱਚੇ ਬਾਹਰਲੇ ਮੁਲਕਾਂ ਵਿੱਚ ਜਾ ਕੇ ਇੰਨੇ ਬੇਖ਼ੇਫ ਹੋ ਜਾਂਦੇ ਨੇ ਕਿ ਇਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਰਹਿੰਦਾ, ਜਿਸ ਕਰਕੇ ਉਹ ਆਪਣੀਆਂ ਮਨਮਰਜ਼ੀਆਂ ਕਰਦੇ ਹਨ।”– ਸਤਵਿੰਦਰ ਸੱਤੀ, ਸਮਾਜ ਸੇਵੀ, ਅਬ ਨਹੀਂ ਸੰਸਥਾ
2500 ਕੇਸਾਂ ਵਿੱਚ ਕਾਉਂਸਲਿੰਗ ਕਰ ਰਹੇ ਸਤਵਿੰਦਰ ਸੱਤੀ
ਇਸੇ ਦੌਰਾਨ ਉਨ੍ਹਾਂ ਨੇ ਦੋ ਕੇਸਾਂ ਦਾ ਜ਼ਿਕਰ ਕੀਤਾ, ਪਹਿਲੇ ਕੇਸ ਵਿੱਚ ਇੱਕ ਮੁੰਡਾ ਵਰਕ ਪਰਮਿਟ ‘ਤੇ ਸੀ, ਉਸ ਨੇ ਪੀਆਰ ਪ੍ਰਾਪਤ ਕੈਨੇਡਾ ਵਿੱਚ ਰਹਿ ਰਹੀ ਕੁੜੀ ਨਾਲ ਵਿਆਹ ਕਰਵਾਇਆ ਪਰ ਜਦੋਂ ਉਹ ਉੱਥੇ ਜਾ ਕੇ ਪੀਆਰ ਹੋ ਗਿਆ ਤਾਂ ਕੁੜੀ ਨੂੰ ਧੋਖਾ ਦੇ ਦਿੱਤਾ। ਦੂਜੇ ਕੇਸ ਵਿੱਚ ਪਤਨੀ ਵੱਲੋਂ ਆਪਣੇ ਪਤੀ ਨੂੰ ਧੋਖਾ ਦਿੱਤਾ ਗਿਆ ਜਦੋਂ ਉਹ ਵਿਦੇਸ਼ ਚਲੀ ਗਈ ਅਤੇ ਉੱਥੇ ਜਾ ਕੇ ਉਸ ਨੂੰ ਤਲਾਕ ਦੇ ਦਿੱਤਾ ਅਤੇ ਉਥੋਂ ਦੀ ਸਰਕਾਰ ਨੂੰ ਕਿਹਾ ਕਿ ਇਸ ਕੋਲੋਂ ਮੇਰੀ ਜਾਨ ਨੂੰ ਖਤਰਾ ਹੈ। ਇਸ ਦੇ ਨਾਲ ਹੀ ਤਾਲਕ ਮਗਰੋਂ ਪਤੀ ਤੋਂ 3000 ਡਾਲਰ ਦੇ ਕਰੀਬ ਮਹੀਨੇ ਦਾ ਖਰਚਾ ਵੀ ਲਗਵਾ ਲਿਆ, ਇਸ ਵਿੱਚ ਕੁੜੀ ਦੇ ਪਰਿਵਾਰ ਵੱਲੋਂ ਵੀ ਉਸ ਦਾ ਪੂਰਾ ਸਾਥ ਦਿੱਤਾ ਗਿਆ, ਇਥੋਂ ਤੱਕ ਕਿ ਕੁੜੀ ਦੇ ਭਰਾ ਵੱਲੋਂ ਭੈਣ ਦੇ ਸਹੁਰੇ ਘਰ ‘ਤੇ ਕਬਜ਼ਾ ਕਰ ਲਿਆ ਗਿਆ। ਸਮਾਜ ਅਤੇ ਰਿਸ਼ਤੇ ਤਾਰ-ਤਾਰ ਕਰਨ ਵਾਲੇ ਅਨੇਕਾਂ ਕੇਸ ਸਾਹਮਣੇ ਆ ਰਹੇ ਨੇ। ਮੌਜੂਦਾ ਸਮੇਂ ਵਿੱਚ ਉਹ 2500 ਕੇਸਾਂ ਦੇ ਵਿੱਚ ਕੌਂਸਲਿੰਗ ਕਰ ਰਹੇ ਨੇ।
ਕੈਬਨਿਟ ਮੰਤਰੀ ਵੱਲੋਂ ਪ੍ਰੈਸ ਕਾਨਫਰੰਸ
ਚੰਡੀਗੜ੍ਹ ਵਿੱਚ ਬੀਤੇ ਦਿਨੀਂ ਪੰਜਾਬ ਦੇ NRI ਮਾਮਲਿਆਂ ਬਾਰੇ ਮੰਤਰੀ ਰਵਜੋਤ ਸਿੰਘ ਵੱਲੋਂ ਇੱਕ ਪ੍ਰੈਸ ਡਾਕਟਰ ਕਾਨਫਰੰਸ ਕਰਕੇ ਕਿਹਾ ਗਿਆ ਕਿ “ਮੋਹਾਲੀ ਵਿੱਚ NRI ਮਿਲਣੀ 2026 ਕਰਵਾਈ ਜਾਣੀ ਹੈ। ਉਹਨਾਂ ਨੇ ਅੰਕੜੇ ਦੱਸਦੇ ਹੋਏ ਕਿਹਾ ਕਿ ਜਨਵਰੀ 2022 ਤੋਂ ਲੈ ਕੇ ਜਨਵਰੀ 2026 ਤੱਕ ਉਨ੍ਹਾਂ ਕੋਲ NRI ਮਾਮਲਿਆਂ ਦੇ ਨਾਲ ਜੁੜੀਆਂ ਕੁੱਲ੍ਹ 26828 ਵੱਖ-ਵੱਖ ਸ਼ਿਕਾਇਤਾਂ ਆਈਆਂ, ਜਿਨ੍ਹਾਂ ਵਿੱਚੋਂ 25870 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਇਸਦੇ ਨਾਲ ਹੀ 187 ਐਫਆਈਆਰ ਦਰਜ ਕੀਤੀਆਂ ਗਈਆਂ ਅਤੇ 1151 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।”
“ਵਿਭਾਗ ਦੇ ਕੋਲ 5000 ਤੋਂ ਲੈ ਕੇ 6000 ਤੱਕ ਸਲਾਨਾ ਆ ਰਹੀਆਂ ਸ਼ਿਕਾਇਤਾਂ”
ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਇਹਨਾਂ ਵਿੱਚ ਜ਼ਿਆਦਾਤਰ ਮਾਮਲੇ NRI ਭਰਾਵਾਂ ਦੀਆਂ ਜ਼ਮੀਨਾਂ ਦੱਬਣ ਜਾਂ ਫਿਰ NRI ਵਿਆਹ ਦੇ ਵਿਵਾਦਾਂ ਦੇ ਨਾਲ ਸਬੰਧਤ ਕੇਸ ਪਹੁੰਚੇ ਹਨ। ਵਿਭਾਗ ਦੇ ਕੋਲ 5000 ਤੋਂ ਲੈ ਕੇ 6000 ਤੱਕ ਸਲਾਨਾ ਸ਼ਿਕਾਇਤਾਂ ਆ ਰਹੀਆਂ ਹਨ ਅਤੇ ਇਹਨਾਂ ਵਿੱਚ ਜ਼ਿਆਦਾਤਰ ਸ਼ਿਕਾਇਤਾਂ ਵਿਆਹ ਦੇ ਮਾਮਲਿਆਂ ਅਤੇ ਜ਼ਮੀਨਾਂ ਦੇ ਮਾਮਲਿਆਂ ਸਬੰਧੀ ਹੁੰਦੀਆਂ ਨੇ। ਇਸ ਸਬੰਧੀ NRI ਹੈਲਪਲਾਈਨ ਨੰਬਰ ਵੀ ਬਣਾਏ ਗਏ ਨੇ, ਜਿਨ੍ਹਾਂ ਵਿੱਚ ਹੈਲਪਲਾਈਨ ਨੰਬਰ 1100, NRI ਦੇ ਲਈ ±9141119051100 ਨੰਬਰ ਹੈ। ਇਸ ਤੋਂ ਇਲਾਵਾ ਈਮੇਲ ਆਈਡੀ psnri@punjab.gov.in ਨਾਲ ਹੀ ਮੋਬਾਈਲ ਨੰਬਰ ਜੋ ਕਿ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਸੋਮਵਾਰ ਤੋਂ ਸ਼ੁੱਕਰਵਾਰ ਵਟਸਐਪ ‘ਤੇ ਇਸਤੇਮਾਲ ਕੀਤਾ ਜਾ ਸਕਦਾ ਹੈ ਉਹ ਨੰਬਰ 9056009884 ਹੈ।
ETV BHARAT