ਦਰਿਆ ਕੰਢੇ ਵੱਸਦੇ ਲੋਕਾਂ ਦਾ ਦਰਦ
ਦਰਿਆ ਕੰਢੇ ਵਸਦੇ ਲੋਕਾਂ ਅੰਦਰ ਮਾਨਸੂਨ ਦੀ ਦਸਤਕ ਨਾਲ ਡਰ ਪੈਦਾ ਹੋਣ ਲੱਗਿਆ ਹੈ।
06 ਜੁਲਾਈ, 2026 – ਮੋਗਾ: ਜ਼ਿਲ੍ਹੇ ਦੇ ਕੰਢੀ ਇਲਾਕਿਆਂ ਵਿੱਚ ਮਾਨਸੂਨ ਦੀ ਦਸਤਕ ਨਾਲ ਇੱਕ ਵਾਰ ਫਿਰ ਹੜ੍ਹਾਂ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਪਿੰਡ ਸੰਘੇੜਾ, ਰਾਊਵਾਲ, ਮੇਲਕੰਗਾਂ, ਅਕਾਲੀਆਂ ਵਾਲਾ ਅਤੇ ਹੋਰ ਕਈ ਦਰਿਆ ਕੰਢੇ ਵਸਦੇ ਪਿੰਡਾਂ ਦੇ ਲੋਕ ਡਰ ਅਤੇ ਅਨਿਸ਼ਚਿਤਤਾ ਵਿੱਚ ਜੀਵਨ ਬਤੀਤ ਕਰ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਰ ਸਾਲ ਬਰਸਾਤ ਸ਼ੁਰੂ ਹੁੰਦੇ ਹੀ ਉਨ੍ਹਾਂ ਦੀ ਚਿੰਤਾ ਵੱਧ ਜਾਂਦੀ ਹੈ ਕਿਉਂਕਿ ਦਰਿਆ ਦੇ ਬੰਨ੍ਹ ਅਜੇ ਵੀ ਕਮਜ਼ੋਰ ਹਨ ਅਤੇ ਪ੍ਰਸ਼ਾਸਨ ਵੱਲੋਂ ਕੋਈ ਪੱਕੇ ਪ੍ਰਬੰਧ ਨਹੀਂ ਕੀਤੇ ਗਏ। ਇਸ ਲਈ ਈਟੀਵੀ ਭਾਰਤ ਦੀ ਟੀਮ ਵੱਲੋਂ ਮੋਗਾ ਵਿੱਚ ਜਾ ਕੇ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ।
“ਪ੍ਰਸ਼ਾਸਨ ਵੱਲੋਂ ਕੋਈ ਸਥਾਈ ਹੱਲ ਨਹੀਂ ਕੱਢਿਆ ਗਿਆ“
ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਨਾ ਤਾਂ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਨਾ ਹੀ ਡਰੇਨਾਂ ਦੀ ਸਫਾਈ ਕਰਵਾਈ ਗਈ ਹੈ। ਹਰ ਸਾਲ ਹੜ੍ਹਾਂ ਕਾਰਨ ਘਰਾਂ, ਪਸ਼ੂਆਂ, ਫ਼ਸਲਾਂ ਅਤੇ ਕੀਮਤੀ ਸਮਾਨ ਦਾ ਵੱਡਾ ਨੁਕਸਾਨ ਹੁੰਦਾ ਹੈ। ਕਈ ਵਾਰ ਤਾਂ ਜਾਨੀ ਨੁਕਸਾਨ ਵੀ ਹੋਇਆ ਹੈ, ਪਰ ਇਸ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਈ ਸਥਾਈ ਹੱਲ ਨਹੀਂ ਕੱਢਿਆ ਗਿਆ।
“ਚੋਣਾਂ ਦੇ ਸਮੇਂ ਵੱਡੇ–ਵੱਡੇ ਵਾਅਦੇ ਕਰਦੇ ਹਨ ਨੇਤਾ“
ਪਿੰਡ ਵਾਸੀਆਂ ਨੇ ਦੱਸਿਆ ਕਿ ਚੋਣਾਂ ਦੇ ਸਮੇਂ ਨੇਤਾ ਵੱਡੇ-ਵੱਡੇ ਵਾਅਦੇ ਕਰਦੇ ਹਨ ਅਤੇ ਭਰੋਸਾ ਦਿੰਦੇ ਹਨ ਕਿ ਹੜ੍ਹਾਂ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰ ਦਿੱਤੇ ਜਾਣਗੇ। ਪਰ ਜਿਵੇਂ ਹੀ ਚੋਣਾਂ ਖਤਮ ਹੁੰਦੀਆਂ ਹਨ, ਉਹ ਵਾਅਦੇ ਵੀ ਭੁੱਲ ਜਾਂਦੇ ਹਨ। ਹੜ੍ਹ ਆਉਣ ’ਤੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਬੰਨ ਕੰਢੇ ਜਾਂ ਸਕੂਲਾਂ ਵਿੱਚ ਸ਼ਰਨ ਲੈਣ ਲਈ ਮਜ਼ਬੂਰ ਹੋਣਾ ਪੈਂਦਾ ਹੈ, ਜਿੱਥੇ ਉਨ੍ਹਾਂ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
“ਜਦੋਂ ਇਹ ਲੋਕ ਵੋਟਾਂ ਲੈਣ ਆਉਂਦੇ ਨੇ ਤਾਂ ਸਾਰੇ ਹੀ ਕਹਿੰਦੇ ਨੇ ਕਿ ਅਸੀਂ ਸਭ ਕੁਝ ਕਰਾਂਗੇ ਪਰ ਜਦੋਂ ਸਾਡੇ ਉੱਤੇ ਬੁਰਾ ਵਕਤ ਪੈਂਦਾ ਹੈ, ਉਸ ਸਮੇਂ ਇਹ ਲੋਕ ਕੁਰਸੀਆਂ ਮੱਲ ਕੇ ਬੈਠ ਕੇ ਜਾਂਦੇ ਨੇ ਅਤੇ ਸਾਡੇ ਵਰਗੇ ਗਲੀਆਂ ਵਿੱਚ ਰੁੱਲ ਕੇ ਹੀ ਰਹਿ ਜਾਂਦੇ ਨੇ। ਸਾਡੇ ਡੰਗਰ ਵੀ ਪਾਣੀ ਦੀ ਮਾਰ ਕਾਰਨ ਭੁੱਖੇ ਮਰਦੇ ਹਨ। ਕਈ ਰੱਬ ਦੇ ਬੰਦੇ ਆਉਂਦੇ ਨੇ ਜੋ ਸਾਡੇ ਮੂੰਹ ਵਿੱਚ ਬੁਰਕੀ ਪਾਉਂਦੇ ਨੇ, ਨਹੀਂ ਤਾਂ ਅਸੀਂ ਭੁੱਖੇ ਰਹਿ ਕੇ ਇਹ ਸੰਤਾਪ ਭੋਗਦੇ ਹਾਂ।” –ਬਜ਼ੁਰਗ ਮਹਿਲਾ
“ਮੁਸ਼ਕਲ ਦੀ ਘੜੀ ਵਿੱਚ ਸਮਾਜ ਸੇਵੀ ਸੰਸਥਾਵਾਂ ਬਣਦੀਆਂ ਨੇ ਸਹਾਰਾ“
ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਮੁਸ਼ਕਲ ਦੀ ਘੜੀ ਵਿੱਚ ਸਰਕਾਰੀ ਮਦਦ ਨਾਲੋਂ ਵੱਧ ਸਹਾਰਾ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਿਲਦਾ ਹੈ। ਇਹ ਸੰਸਥਾਵਾਂ ਹੀ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਖਾਣ-ਪੀਣ ਅਤੇ ਹੋਰ ਲੋੜੀਂਦੀ ਸਹਾਇਤਾ ਪਹੁੰਚਾਉਂਦੀਆਂ ਹਨ। ਪ੍ਰਸ਼ਾਸਨ ਹਰ ਸਾਲ ਦਾਅਵੇ ਤਾਂ ਕਰਦਾ ਹੈ, ਪਰ ਜ਼ਮੀਨੀ ਪੱਧਰ ’ਤੇ ਉਹ ਦਾਅਵੇ ਨਜ਼ਰ ਨਹੀਂ ਆਉਂਦੇ।
“ਕਿਸ਼ਤੀਆਂ ਦਾ ਸਹਾਰਾ ਲੈ ਕੇ ਬਚਾਉਂਦੇ ਹਾਂ ਆਪਣੀ ਜਾਨ“
ਇੱਕ ਬਜ਼ੁਰਗ ਮਹਿਲਾ ਨੇ ਭਾਵੁਕ ਹੁੰਦੇ ਹੋਏ ਆਪਣਾ ਦਰਦ ਬਿਆਨ ਕੀਤਾ। ਉਨ੍ਹਾਂ ਕਿਹਾ ਕਿ “ਜਦੋਂ ਪਾਣੀ ਪਿੰਡ ਵਿੱਚ ਦਾਖ਼ਲ ਹੁੰਦਾ ਹੈ ਤਾਂ ਲੋਕ ਆਪਣੀ ਜਾਨ ਬਚਾਉਣ ਲਈ ਕਿਸ਼ਤੀਆਂ ਦਾ ਸਹਾਰਾ ਲੈਂਦੇ ਹਨ। ਕਈ ਵਾਰ ਰਾਤਾਂ ਬੰਨ੍ਹ ਕੰਢੇ ਗੁਜ਼ਾਰਨੀਆਂ ਪੈਂਦੀਆਂ ਹਨ। ਪਸ਼ੂਆਂ ਲਈ ਚਾਰਾ ਨਹੀਂ ਬਚਦਾ, ਘਰ ਦਾ ਸਮਾਨ ਪਾਣੀ ਵਿੱਚ ਰੁੜ ਜਾਂਦਾ ਹੈ ਅਤੇ ਬਜ਼ੁਰਗਾਂ ਤੇ ਬੱਚਿਆਂ ਨੂੰ ਸਭ ਤੋਂ ਵੱਧ ਤਕਲੀਫ਼ ਝੱਲਣੀ ਪੈਂਦੀ ਹੈ।”
ਪਿੰਡ ਵਾਸੀਆਂ ਨੇ ਸਰਕਾਰ ਕੋਲੋਂ ਕੀਤੀ ਮੰਗ
ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ, “ਦਰਿਆਈ ਇਲਾਕਿਆਂ ਦੇ ਬੰਨ੍ਹਾਂ ਨੂੰ ਤੁਰੰਤ ਮਜ਼ਬੂਤ ਕੀਤਾ ਜਾਵੇ, ਡਰੇਨਾਂ ਦੀ ਸਫਾਈ ਕਰਵਾਈ ਜਾਵੇ ਅਤੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਪੱਕੇ ਤੌਰ ’ਤੇ ਸੁਰੱਖਿਅਤ ਰਿਹਾਇਸ਼ੀ ਪ੍ਰਬੰਧ ਕੀਤੇ ਜਾਣ।” ਹਰ ਸਾਲ ਇੱਕੋ ਜਿਹੀ ਤਰਾਸਦੀ ਦਾ ਸਾਹਮਣਾ ਕਰਨ ਦੀ ਬਜਾਏ ਸਰਕਾਰ ਨੂੰ ਹੁਣ ਸਥਾਈ ਹੱਲ ਲੱਭਣਾ ਚਾਹੀਦਾ ਹੈ, ਤਾਂ ਜੋ ਮਾਨਸੂਨ ਦਾ ਹਰ ਸੀਜ਼ਨ ਉਨ੍ਹਾਂ ਲਈ ਡਰ ਅਤੇ ਤਬਾਹੀ ਦਾ ਕਾਰਨ ਨਾ ਬਣੇ।
“ਹੜ੍ਹ ਦੀ ਸੰਭਾਵਿਤ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਕੀਤੇ ਗਏ ਹਨ ਪ੍ਰਬੰਧ“
ਪ੍ਰਸ਼ਾਸ਼ਨਿਕ ਅਧਿਕਾਰੀ ਐਕਸੀਅਨ ਜਲ ਵਿਭਾਗ ਗੁਰਜਿੰਦਰ ਸਿੰਘ ਨੇ ਕਿਹਾ ਕਿ “ਮਾਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਮੋਗਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਦੀ ਸੰਭਾਵਿਤ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸਿੰਜਾਈ ਵਿਭਾਗ ਵੱਲੋਂ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੇ ਕੰਮ ਪਹਿਲਾਂ ਹੀ ਮੁਕੰਮਲ ਕੀਤੇ ਜਾ ਚੁੱਕੇ ਹਨ। ਸਾਲ 2023 ਵਿੱਚ ਆਏ ਹੜ੍ਹ ਦੌਰਾਨ ਪਾਣੀ ਦਾ ਪੱਧਰ ਸਭ ਤੋਂ ਉੱਚੇ ਫਲੱਡ ਲੈਵਲ ਤੱਕ ਪਹੁੰਚਿਆ ਸੀ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਬੰਨ੍ਹਾਂ ਨੂੰ ਕਰੀਬ ਸਾਢੇ ਤਿੰਨ ਤੋਂ ਚਾਰ ਫੁੱਟ ਤੱਕ ਉੱਚਾ ਅਤੇ ਮਜ਼ਬੂਤ ਕੀਤਾ ਗਿਆ ਹੈ। ਇਸ ਵਾਰ ਵੀ ਪ੍ਰਸ਼ਾਸਨ ਦਾ ਟੀਚਾ ਮੋਗਾ ਜ਼ਿਲ੍ਹੇ ਨੂੰ ਹੜ੍ਹ ਦੇ ਖ਼ਤਰੇ ਤੋਂ ਸੁਰੱਖਿਅਤ ਰੱਖਣਾ ਹੈ।”
ਪਿੰਡ ਬੱਸੀਆਂ, ਭੈਣੀ, ਮੇਰੂਵਾਲਾ, ਦੋਲੇਵਾਲਾ ਅਤੇ ਗੱਦੀ ਜੱਟਾਂ ਸਮੇਤ ਹੋਰ ਸੰਵੇਦਨਸ਼ੀਲ ਇਲਾਕਿਆਂ ਵਿੱਚ ਮਨਰੇਗਾ ਤਹਿਤ ਫਲੱਡ ਪ੍ਰੋਟੈਕਸ਼ਨ ਦੇ ਕੰਮ ਕਰਵਾਏ ਗਏ ਹਨ ਅਤੇ ਬਾਕੀ ਰਹਿੰਦੇ ਕੰਮ ਵੀ ਜਾਰੀ ਹਨ। ਮੋਗਾ ਜ਼ਿਲ੍ਹੇ ਵਿੱਚ ਕੁੱਲ 20 ਡਰੇਨਾਂ ਹਨ। ਇਨ੍ਹਾਂ ਵਿੱਚੋਂ 7 ਡਰੇਨਾਂ ਦੀ ਸਫ਼ਾਈ ਵਿਭਾਗੀ ਮਸ਼ੀਨਰੀ ਰਾਹੀਂ ਮੁਕੰਮਲ ਹੋ ਚੁੱਕੀ ਹੈ, ਜਦਕਿ ਬਾਕੀ ਡਰੇਨਾਂ ’ਤੇ ਕੰਮ ਜਾਰੀ ਹੈ। ਇਸ ਤੋਂ ਇਲਾਵਾ ਨਾਨ-ਪਲਾਨ ਸਕੀਮ ਤਹਿਤ ਵੀ ਕਈ ਡਰੇਨਾਂ ਦੀ ਸਫ਼ਾਈ ਪੂਰੀ ਹੋ ਚੁੱਕੀ ਹੈ ਅਤੇ ਬਾਕੀਆਂ ਲਈ ਟੈਂਡਰ ਪ੍ਰਕਿਰਿਆ ਅੰਤਿਮ ਪੜਾਅ ਵਿੱਚ ਹੈ, ਜਿਸ ਤੋਂ ਬਾਅਦ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।- ਗੁਰਜਿੰਦਰ ਸਿੰਘ,ਐਕਸੀਅਨ
ਪ੍ਰਸ਼ਾਸਨ ਦੀ ਦਰਿਆਈ ਇਲਾਕਿਆਂ ਨੇੜੇ ਰਹਿਣ ਵਾਲੇ ਲੋਕਾਂ ਨੂੰ ਅਪੀਲ
ਪ੍ਰਸ਼ਾਸਨ ਨੇ ਦਰਿਆਈ ਇਲਾਕਿਆਂ ਅਤੇ ਬੰਨ੍ਹਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਸ਼ੂਆਂ ਨੂੰ ਬੰਨ੍ਹਾਂ ’ਤੇ ਕਿੱਲੇ ਗੱਡ ਕੇ ਨਾ ਬੰਨ੍ਹਣ, ਸਗੋਂ ਸੁਰੱਖਿਅਤ ਥਾਵਾਂ ’ਤੇ ਰੱਖਣ। ਮਾਨਸੂਨ ਦੌਰਾਨ ਹੜ੍ਹ ਦੀ ਸੰਭਾਵਨਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਇਸ ਲਈ ਲੋਕ ਸਾਵਧਾਨ ਰਹਿਣ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ।
“ਜੇਕਰ ਹੜ੍ਹ ਵਰਗੀ ਸਥਿਤੀ ਬਣਦੀ ਹੈ ਤਾਂ ਪ੍ਰਭਾਵਿਤ ਲੋਕਾਂ ਲਈ ਰਹਿਣ, ਖਾਣ-ਪੀਣ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਾ ਪੂਰਾ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ। ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਦੀ ਲੋੜ ਨਹੀਂ ਹੈ। ਹੜ੍ਹ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੇ 30 ਹਜ਼ਾਰ ਖਾਲੀ ਸੀਮੈਂਟ ਵਾਲੇ ਗੱਟੇ, 4 ਹਜ਼ਾਰ ਮਿੱਟੀ ਨਾਲ ਭਰੇ ਗੱਟੇ, 500 ਵੱਡੇ ਜੰਬੋ ਬੈਗ ਅਤੇ 200 ਵਾਇਰ ਕਰੇਟ ਤਿਆਰ ਰੱਖੇ ਹਨ। ਵਾਇਰ ਕਰੇਟਾਂ ਦੀ ਖਰੀਦ ਪ੍ਰਕਿਰਿਆ ਵੀ ਪੂਰੀ ਹੋ ਚੁੱਕੀ ਹੈ ਅਤੇ ਇੱਕ ਹਫ਼ਤੇ ਦੇ ਅੰਦਰ ਇਹਨਾਂ ਨੂੰ ਭਰ ਕੇ ਲੋੜ ਅਨੁਸਾਰ ਵਰਤੋਂ ਲਈ ਤਿਆਰ ਕਰ ਦਿੱਤਾ ਜਾਵੇਗਾ।”-ਗੁਰਜਿੰਦਰ ਸਿੰਘ, ਪ੍ਰਸ਼ਾਸਨਿਕ ਅਧਿਕਾਰੀ
ਇਸ ਤੋਂ ਇਲਾਵਾ ਜਗਰਾਉਂ ਖੇਤਰ ਦੇ ਬਹਾਦਰਕੇ, ਸ਼ੇਰੇਵਾਲਾ ਅਤੇ ਬਾਗੀਆਂ ਇਲਾਕਿਆਂ ਵਿੱਚ ਵੀ ਬੰਨ੍ਹ ਦੀ ਉਚਾਈ ਲਗਭਗ ਦੋ ਫੁੱਟ ਵਧਾ ਦਿੱਤੀ ਗਈ ਹੈ। ਜੇਕਰ ਇਸ ਥਾਂ ਬੰਨ੍ਹ ਟੁੱਟਦਾ ਤਾਂ ਇਸ ਦਾ ਸਿੱਧਾ ਅਸਰ ਮੋਗਾ ਦੇ ਧਰਮਕੋਟ ਖੇਤਰ ’ਤੇ ਪੈ ਸਕਦਾ ਸੀ। ਹੁਣ ਇਹ ਕੰਮ ਵੀ ਪੂਰੀ ਤਰ੍ਹਾਂ ਮੁਕੰਮਲ ਕਰ ਲਿਆ ਗਿਆ ਹੈ। ਅੰਤ ਵਿੱਚ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ਤੋਂ ਬਚਣ, ਘਬਰਾਉਣ ਦੀ ਬਜਾਏ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ਪ੍ਰਸ਼ਾਸਨ ਹਰ ਹਾਲਤ ਵਿੱਚ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਹੈ।
ETV BHARAT