ਮਜ਼ਦੂਰਾਂ ਦੀ ਉਜਰਤ ਕਾਨੂੰਨ ਤਹਿਤ ਲਾਗੂ ਕਰਨ ਤੇ ਹੋਰ ਮੰਗਾਂ ਮੰਨਣ ਦੀ ਅਪੀਲ
07 ਜੁਲਾਈ, 2026 – ਸੰਗਰੂਰ : ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਭੱਠਾ ਮਜ਼ਦੂਰਾਂ ਨੇ ਜ਼ਿਲ੍ਹਾ ਪ੍ਰਧਾਨ ਦਿਲਵਰ ਖਾਂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੱਕਾ ਮੋਰਚਾ ਲਾ ਦਿੱਤਾ। ਮੋਰਚੇ ’ਚ ਪੁੱਜੇ ਭੱਠਾ ਮਜ਼ਦੂਰਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਕਿਰਤ ਵਿਭਾਗ ਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟਾਇਆ।
ਇਸ ਮੌਕੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਨੀਟੂ ਨੇ ਕਿਹਾ ਕਿ ਭੱਠਾ ਮਜ਼ਦੂਰ ਲੰਮੇ ਸਮੇਂ ਤੋਂ ਕਾਨੂੰਨੀ ਉਜਰਤ ਅਤੇ ਹੋਰ ਮੰਗਾਂ ਮੰਨਵਾਉਣ ਲਈ ਸੰਘਰਸ਼ ਕਰ ਰਹੇ ਹਨ ਪਰ ਕਿਰਤ ਵਿਭਾਗ ਵੱਲੋਂ ਭੱਠਾ ਮਾਲਕਾਂ ਨਾਲ ਮਿਲੀਭੁਗਤ ਕਰ ਕੇ ਮਾਮਲੇ ਨੂੰ ਲਗਾਤਾਰ ਲਟਕਾਇਆ ਜਾ ਰਿਹਾ ਹੈ। ਅੱਜ ਤੱਕ ਨਾ ਤਾਂ ਕਾਨੂੰਨੀ ਰੇਟ ਲਾਗੂ ਕੀਤੇ ਗਏ ਹਨ ਅਤੇ ਨਾ ਹੀ ਮਜ਼ਦੂਰਾਂ ਦੀਆਂ ਹੋਰ ਜਾਇਜ਼ ਮੰਗਾਂ ਮੰਨੀਆਂ ਗਈਆਂ। ਆਗੂਆਂ ਨੇ ਦੋਸ਼ ਲਾਇਆ ਕਿ ਭੱਠਾ ਮਾਲਕ ਕਿਰਤ ਵਿਭਾਗ ਵੱਲੋਂ ਨਿਰਧਾਰਤ ਰੇਟ ਲਿਸਟ ਤੋਂ ਘੱਟ ਉਜਰਤ ਦੇ ਕੇ ਕੋਡ ਔਨ ਵੇਜਿਜ਼ 2019 ਦੀ ਖੁੱਲ੍ਹੇਆਮ ਉਲੰਘਣਾ ਕਰ ਰਹੇ ਹਨ।
ਭੱਠਿਆਂ ’ਤੇ ਮਜ਼ਦੂਰਾਂ ਨੂੰ ਪੀਣ ਵਾਲਾ ਸਾਫ਼ ਪਾਣੀ, ਪਖਾਨੇ ਅਤੇ ਹੋਰ ਬੁਨਿਆਦੀ ਸਹੂਲਤਾਂ ਵੀ ਉਪਲਬਧ ਨਹੀਂ ਕਰਵਾਈਆਂ ਜਾ ਰਹੀਆਂ। ਕਿਰਤ ਵਿਭਾਗ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਵਾਏ, ਪਰ ਵਿਭਾਗ ਦੀ ਚੁੱਪੀ ਕਾਰਨ ਮਜ਼ਦੂਰਾਂ ਦਾ ਸ਼ੋਸ਼ਣ ਲਗਾਤਾਰ ਜਾਰੀ ਹੈ।
ਆਗੂਆਂ ਨੇ ਕਿਹਾ ਕਿ ਮਜ਼ਦੂਰ ਸਿਰਫ਼ ਆਪਣੀ ਕਾਨੂੰਨੀ ਉਜਰਤ ਦਾ ਲਿਖਤੀ ਇਕਰਾਰਨਾਮਾ ਚਾਹੁੰਦੇ ਹਨ ਪਰ ਪ੍ਰਸ਼ਾਸਨ ਵੱਲੋਂ ਇਸ ਜਾਇਜ਼ ਮੰਗ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੇ ਰੋਸ ਵਜੋਂ ਮਜ਼ਦੂਰਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ।
ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਮਜ਼ਦੂਰਾਂ ਦੀਆਂ ਮੰਗਾਂ ਲਿਖਤੀ ਰੂਪ ਵਿੱਚ ਮੰਨੀਆਂ ਨਹੀਂ ਕੀਤੀਆਂ ਜਾਂਦੀਆਂ ਅਤੇ ਕਾਨੂੰਨੀ ਉਜਰਤ ਲਾਗੂ ਕਰਨ ਸਬੰਧੀ ਠੋਸ ਭਰੋਸਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਇਹ ਪੱਕਾ ਮੋਰਚਾ ਜਾਰੀ ਰਹੇਗਾ। ਇਸ ਮੌਕੇ ਸੋਨੂੰ ਖਾਂ ਜ਼ਿਲ੍ਹਾ ਪ੍ਰਧਾਨ ਮਾਨਸਾ, ਜਗਤਾਰ ਸਿੰਘ ਬਠਿੰਡਾ, ਜਸਵੀਰ ਖਾਂ ਬਰਨਾਲਾ, ਸਰਾਜ ਖਾਂ ਪਾਤੜਾਂ, ਪਰਗਟ ਸਿੰਘ, ਗੁਰਸੇਵਕ ਸਿੰਘ, ਬਸ਼ੀਰ ਖਾਂ, ਗੁਰਜੰਟ ਸਿੰਘ, ਅਜੈਬ ਸਿੰਘ, ਮਿੱਠੂ ਸਿੰਘ, ਬੂਟਾ ਖਾਂ, ਮੇਜਰ ਸਿੰਘ, ਯੂਸਫ ਖਾਂ, ਮੰਗਾ ਖਾਂ, ਬੂਟਾ ਸਿੰਘ ਆਦਿ ਮੌਜੂਦ ਸਨ।
ਪੰਜਾਬੀ ਟ੍ਰਿਬਯੂਨ