ਹੁਣ ਇਸ ਤਰੀਕ ਤੱਕ ਹੋਣਗੇ ਵੱਡੇ ਬਦਲਾਅ, ਜਾਣੋ ਹੁਣ ਕਦੋਂ ਆਵੇਗੀ ਫਾਈਨਲ ਲਿਸਟ
ਚੋਣ ਕਮਿਸ਼ਨ ਨੇ ਪੰਜਾਬ ਦੀ ਮੰਗ ’ਤੇ ਵੋਟਰ ਸੂਚੀ ਸੁਧਾਈ ਦੀ ਸਮਾਂ–ਸਾਰਣੀ ’ਚ ਫੇਰਬਦਲ ਕੀਤਾ ਗਿਆ ਹੈ।
16 ਜੁਲਾਈ, 2026 – ਚੰਡੀਗੜ੍ਹ: ਪੰਜਾਬ ਦੇ ਲੋਕਾਂ ਅਤੇ ਸਿਆਸੀ ਹਲਕਿਆਂ ਲਈ ਇੱਕ ਅਹਿਮ ਖ਼ਬਰ ਹੈ। ਭਾਰਤ ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰੀਵਿਜ਼ਨ ਦੇ ਸ਼ੈਡਿਊਲ ਵਿੱਚ ਵੱਡਾ ਫੇਰਬਦਲ ਕਰ ਦਿੱਤਾ ਹੈ। ਪਹਿਲਾਂ ਜਾਰੀ ਕੀਤੇ ਗਏ ਸ਼ੈਡਿਊਲ ਵਿੱਚ ਬਦਲਾਅ ਕਰਦਿਆਂ ਹੁਣ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਚੋਣ ਅਫ਼ਸਰ ਵੱਲੋਂ ਭੇਜੇ ਗਏ ਵਿਸ਼ੇਸ਼ ਪੱਤਰ ਤੋਂ ਬਾਅਦ ਚੋਣ ਕਮਿਸ਼ਨ ਨੇ ਇਹ ਫੈਸਲਾ ਲਿਆ ਹੈ। ਜੇਕਰ ਤੁਸੀਂ ਵੀ ਆਪਣੀ ਵੋਟ ਬਣਵਾਉਣੀ ਹੈ ਜਾਂ ਉਸ ਵਿੱਚ ਕੋਈ ਸੁਧਾਰ ਕਰਵਾਉਣਾ ਹੈ, ਤਾਂ ਤੁਹਾਡੇ ਲਈ ਇਹ ਨਵੀਆਂ ਤਰੀਕਾਂ ਜਾਣਨਾ ਬੇਹੱਦ ਜ਼ਰੂਰੀ ਹੈ।
ਪੁਰਾਣਾ ਬਨਾਮ ਨਵਾਂ ਸ਼ੈਡਿਊਲ: ਜਾਣੋ ਕੀ ਹੋਇਆ ਬਦਲਾਅ
ਪਹਿਲਾਂ ਦੇ ਮੁਕਾਬਲੇ ਹੁਣ ਵੋਟਾਂ ਦੀ ਸੁਧਾਈ ਪ੍ਰਕਿਰਿਆ ਨੂੰ ਨਵੇਂ ਸਿਰੇ ਤੋਂ ਵਿਉਂਤਿਆ ਗਿਆ ਹੈ। ਹੇਠਾਂ ਦਿੱਤੇ ਵੇਰਵਿਆਂ ਤੋਂ ਤੁਸੀਂ ਸੌਖਿਆਂ ਸਮਝ ਸਕਦੇ ਹੋ ਕਿ ਪਹਿਲਾਂ ਨਾਲੋਂ ਹੁਣ ਕੀ ਬਦਲਿਆ ਹੈ:
| ਗਤੀਵਿਧੀ | ਪੁਰਾਣੀ ਮਿਤੀ | ਨਵੀਂ ਮਿਤੀ |
| BLOs ਵੱਲੋਂ ਘਰ-ਘਰ ਜਾ ਕੇ ਵੇਰੀਫਿਕੇਸ਼ਨ | 25 ਜੂਨ ਤੋਂ 24 ਜੁਲਾਈ 2026 | 25 ਜੂਨ ਤੋਂ 3 ਅਗਸਤ 2026 |
| ਪੋਲਿੰਗ ਸਟੇਸ਼ਨਾਂ ਦਾ ਪੁਨਰ-ਗਠਨ | 24 ਜੁਲਾਈ 2026 ਤੱਕ | 3 ਅਗਸਤ 2026 ਤੱਕ |
| ਵੋਟਰ ਸੂਚੀ ਦੀ ਡਰਾਫਟ ਪ੍ਰਕਾਸ਼ਨਾ | 3 ਅਗਸਤ 2026 | 13 ਅਗਸਤ 2026 |
| ਦਾਅਵੇ ਅਤੇ ਇਤਰਾਜ਼ | 3 ਅਗਸਤ ਤੋਂ 02 ਸਤੰਬਰ 2026 | 13 ਅਗਸਤ ਤੋਂ 12 ਸਤੰਬਰ 2026 |
| ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ | 3 ਅਗਸਤ ਤੋਂ 28 ਸਤੰਬਰ 2026 | 13 ਅਗਸਤ ਤੋਂ 8 ਅਕਤੂਬਰ 2026 |
| ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ | 1 ਅਕਤੂਬਰ 2026 | 12 ਅਕਤੂਬਰ 2026 |
1 ਅਕਤੂਬਰ 2026 ਹੋਵੇਗੀ ਯੋਗਤਾ ਦੀ ਮਿਤੀ
ਚੋਣ ਕਮਿਸ਼ਨ ਮੁਤਾਬਕ ਇਸ ਵੋਟਰ ਸੂਚੀ ਸੁਧਾਈ ਲਈ ਯੋਗਤਾ ਦੀ ਮਿਤੀ 1 ਅਕਤੂਬਰ 2026 ਰੱਖੀ ਗਈ ਹੈ। ਇਸ ਦਾ ਮਤਲਬ ਹੈ ਕਿ ਜਿਹੜੇ ਨੌਜਵਾਨ 1 ਅਕਤੂਬਰ 2026 ਤੱਕ 18 ਸਾਲ ਦੀ ਉਮਰ ਪੂਰੀ ਕਰ ਰਹੇ ਹਨ, ਉਹ ਆਪਣੀ ਨਵੀਂ ਵੋਟ ਬਣਵਾਉਣ ਦੇ ਯੋਗ ਹੋਣਗੇ।
ਸਿਆਸੀ ਪਾਰਟੀਆਂ ਨੂੰ ਲਿਖਤੀ ਰੂਪ ਵਿੱਚ ਦਿੱਤੀ ਜਾਵੇਗੀ ਜਾਣਕਾਰੀ
ਚੋਣ ਕਮਿਸ਼ਨ ਦੇ ਅੰਡਰ ਸੈਕਟਰੀ ਸੰਦੀਪ ਕੁਮਾਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ – ਇਸ ਬਦਲੇ ਹੋਏ ਸ਼ੈਡਿਊਲ ਬਾਰੇ ਪੰਜਾਬ ਦੀਆਂ ਸਮੂਹ ਰਜਿਸਟਰਡ ਸਿਆਸੀ ਪਾਰਟੀਆਂ ਨੂੰ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਜਾਵੇ। ਇਸ ਦੇ ਨਾਲ ਹੀ ਆਮ ਜਨਤਾ ਦੀ ਜਾਗਰੂਕਤਾ ਲਈ ਮੀਡੀਆ ਰਾਹੀਂ ਇਸ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ਤਾਂ ਜੋ ਕੋਈ ਵੀ ਯੋਗ ਵੋਟਰ ਆਪਣੀ ਵੋਟ ਬਣਾਉਣ ਤੋਂ ਵਾਂਝਾ ਨਾ ਰਹਿ ਜਾਵੇ।
ਹੋਰ ਕਿਹੜੇ ਸੂਬਿਆਂ ਦਾ ਸ਼ੈਡਿਊਲ ਬਦਲਿਆ?
ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਨਾਲ-ਨਾਲ ਦਿੱਲੀ, ਹਰਿਆਣਾ, ਆਂਧਰ ਪ੍ਰਦੇਸ਼, ਤੇਲੰਗਾਨਾ ਅਤੇ ਕਰਨਾਟਕ ਵਰਗੇ ਹੋਰ ਵੀ ਕਈ ਪ੍ਰਮੁੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੀ SIR-2026 ਦਾ ਸ਼ੈਡਿਊਲ ਬਦਲਿਆ ਗਿਆ ਹੈ। ਚੋਣ ਕਮਿਸ਼ਨ ਦੇ ਤਾਜ਼ਾ ਫੈਸਲੇ ਮੁਤਾਬਕ, ਦਿੱਲੀ ਅਤੇ ਕਰਨਾਟਕ ਵਿੱਚ ਹੁਣ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ 7 ਅਕਤੂਬਰ ਦੀ ਬਜਾਏ 19 ਅਕਤੂਬਰ 2026 ਨੂੰ ਕੀਤੀ ਜਾਵੇਗੀ। ਇਸੇ ਤਰ੍ਹਾਂ ਆਂਧਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਵੋਟਰ ਸੂਚੀਆਂ ਦੀ ਫਾਈਨਲ ਲਿਸਟ ਹੁਣ 3 ਅਕਤੂਬਰ 2026 ਨੂੰ ਸਾਹਮਣੇ ਆਵੇਗੀ, ਜਦੋਂ ਕਿ ਤੇਲੰਗਾਨਾ ਵਿੱਚ ਡਰਾਫਟ ਵੋਟਰ ਸੂਚੀ ਦੀ ਪ੍ਰਕਾਸ਼ਨਾ 10 ਅਗਸਤ ਅਤੇ ਅੰਤਿਮ ਵੋਟਰ ਸੂਚੀ 12 ਅਕਤੂਬਰ 2026 ਨੂੰ ਜਾਰੀ ਕੀਤੀ ਜਾਵੇਗੀ। ਇਨ੍ਹਾਂ ਸਾਰੇ ਸੂਬਿਆਂ ਵਿੱਚ ਬੂਥ ਲੈਵਲ ਅਫ਼ਸਰਾਂ ਵੱਲੋਂ ਘਰ-ਘਰ ਜਾ ਕੇ ਕੀਤੀ ਜਾਣ ਵਾਲੀ ਵੈਰੀਫਿਕੇਸ਼ਨ ਦੀਆਂ ਆਖ਼ਰੀ ਤਰੀਕਾਂ ਨੂੰ ਵੀ ਕੁਝ ਦਿਨਾਂ ਲਈ ਅੱਗੇ ਵਧਾ ਦਿੱਤਾ ਗਿਆ ਹੈ ਤਾਂ ਜੋ ਵੋਟਰ ਸੂਚੀਆਂ ਨੂੰ ਪੂਰੀ ਤਰ੍ਹਾਂ ਸਹੀ ਅਤੇ ਪਾਰਦਰਸ਼ੀ ਬਣਾਇਆ ਜਾ ਸਕੇ।
ETV BHARAT
ਚੰਡੀਗੜ੍ਹ ਵਿੱਚ SIR ਦਾ ਦੂਜਾ ਪੜਾਅ ਪੂਰਾ, 87 ਫ਼ੀਸਦੀ ਗਣਨਾ ਫਾਰਮ ਜਮ੍ਹਾਂ, 21 ਜੁਲਾਈ ਨੂੰ ਜਾਰੀ ਹੋਵੇਗੀ ਡਰਾਫਟ ਵੋਟਰ ਸੂਚੀ
ਵਿਸ਼ੇਸ਼ ਤੀਬਰ ਸੋਧ ਦਾ ਦੂਜਾ ਪੜਾਅ ਚੰਡੀਗੜ੍ਹ ਵਿੱਚ ਮੁਕੰਮਲ ਹੋ ਗਿਆ ਹੈ ਸੀਈਓ ਪ੍ਰੇਰਣਾ ਪੁਰੀ ਨੇ ਜਾਣਕਾਰੀ ਸਾਂਝੀ ਕੀਤੀ ਹੈ।
ਚੰਡੀਗੜ੍ਹ: ਸਿਟੀ ਬਿਊਟੀਫਲ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (Special Intensive Revision-2026) ਦਾ ਦੂਜਾ ਪੜਾਅ ਮੁਕੰਮਲ ਹੋ ਗਿਆ ਹੈ। ਮੁੱਖ ਚੋਣ ਅਧਿਕਾਰੀ (CEO) ਪ੍ਰੇਰਣਾ ਪੂਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ 15 ਜੂਨ ਤੋਂ 14 ਜੁਲਾਈ ਤੱਕ ਚੱਲੇ ਇਸ ਪੜਾਅ ਦੌਰਾਨ ਚੋਣ ਵਿਭਾਗ ਨੇ ਵੱਡੇ ਪੱਧਰ ‘ਤੇ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ ਅਤੇ ਵਿਸ਼ੇਸ਼ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ।
‘ਹੈਲਪ ਡੈਸਕ ਵੀ ਚਲਾਇਆ‘
ਪ੍ਰੇਰਣਾ ਪੁਰੀ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਕੁੱਲ 5,16,522 ਵੋਟਰਾਂ ਨੂੰ ਗਣਨਾ ਫਾਰਮ ਵੰਡੇ ਗਏ ਸਨ ਅਤੇ ਵਿਭਾਗ ਵੱਲੋਂ 100 ਫ਼ੀਸਦੀ ਵੋਟਰਾਂ ਤੱਕ ਫਾਰਮ ਪਹੁੰਚਾਏ ਗਏ। ਇਹ ਯਕੀਨੀ ਬਣਾਉਣ ਲਈ ਕਿ ਕੋਈ ਵੀ ਯੋਗ ਵੋਟਰ ਨਾ ਰਹਿ ਜਾਵੇ, ਬੂਥ ਲੈਵਲ ਅਧਿਕਾਰੀਆਂ (BLOs) ਨੇ ਹਰ ਘਰ ਵਿੱਚ ਤਿੰਨ-ਤਿੰਨ ਵਾਰ ਦੌਰਾ ਕੀਤਾ। ਇਸ ਦੇ ਨਾਲ ਹੀ ਪੋਲਿੰਗ ਸਟੇਸ਼ਨਾਂ ‘ਤੇ ਵਿਸ਼ੇਸ਼ ਕੈਂਪ ਲਗਾਏ ਗਏ ਅਤੇ ਲੋਕਾਂ ਦੀ ਸਹਾਇਤਾ ਲਈ 24 ਘੰਟੇ, ਸੱਤੋਂ ਦਿਨ ਹੈਲਪ ਡੈਸਕ ਵੀ ਚਲਾਇਆ ਗਿਆ। ਉਨ੍ਹਾਂ ਦੱਸਿਆ ਕਿ ਮੁਹਿੰਮ ਦੌਰਾਨ 87 ਫ਼ੀਸਦੀ ਗਣਨਾ ਫਾਰਮ ਇਕੱਠੇ ਕਰ ਲਏ ਗਏ ਹਨ, ਜਦਕਿ 3 ਲੱਖ 75 ਹਜ਼ਾਰ ਤੋਂ ਵੱਧ ਵੋਟਰਾਂ ਦੀ ਮੈਪਿੰਗ ਵੀ ਪੂਰੀ ਹੋ ਚੁੱਕੀ ਹੈ। ਇਸ ਪੂਰੀ ਪ੍ਰਕਿਰਿਆ ਵਿੱਚ 1,780 ਬੂਥ ਲੈਵਲ ਏਜੰਟ (BLA) ਨੇ ਵੀ ਸਰਗਰਮ ਭੂਮਿਕਾ ਨਿਭਾਈ।
ETV BHARAT