ਘਰਾਂ ‘ਚ ਵਿਛੇ ਸੱਥਰ, ਸਰਕਾਰ ਦੇ ਦਾਅਵੇ ਉੱਤੇ ਸਵਾਲ
ਨਸ਼ੇ ਦੇ ਦੈਂਤ ਨੇ ਪੰਜਾਬ ਵਿੱਚ ਦੋ ਹੋਰ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ।
18 ਜੁਲਾਈ, 2026 – ਮਾਨਸਾ: ਜ਼ਿਲ੍ਹਾ ਮਾਨਸਾ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ ਹੋਈ ਹੈ। ਜਾਣਕਾਰੀ ਮੁਤਾਬਕ ਮਾਨਸਾ ਦੇ ਵਾਰਡ ਨੰਬਰ 21 ਵਿੱਚ ਨੌਜਵਾਨ ਹਰਪ੍ਰੀਤ ਸਿੰਘ ਵੱਲੋਂ ਬੀਤੀ ਰਾਤ ਨਸ਼ੇ ਦਾ ਟੀਕਾ ਲਾਇਆ ਗਿਆ ਅਤੇ ਓਵਰਡੋਜ਼ ਕਾਨ ਉਸ ਦੀ ਮੌਤ ਹੋ ਗਈ। ਇਸ ਤਰ੍ਹਾਂ ਦੀ ਦੂਜੀ ਘਟਨਾ ਮਾਨਸਾ ਦੇ ਪਿੰਡ ਖਿਆਲਾ ਮਲਕੀਤ ਸਿੰਘ ਵਿਖੇ ਵਾਪਰੀ ਜਿੱਥੇ 24 ਸਾਲ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਜਾਨ ਚਲੀ ਗਈ। ਦੋਵਾਂ ਦੀ ਮ੍ਰਿਤਕ ਦੇਹ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਲਿਆਂਦਾ ਗਿਆ ਸੀ।
‘ਸਰਕਾਰ ਤੁਰੰਤ ਨਸ਼ਾ ਤਸਕਰਾਂ ‘ਤੇ ਕਾਰਵਾਈ ਕਰੇ‘
ਮਾਨਸਾ ਸ਼ਹਿਰ ਦੇ ਮ੍ਰਿਤਕ ਨੌਜਵਾਨ ਹਰਪ੍ਰੀਤ ਸਿੰਘ ਦੀ ਮਾਤਾ ਨੇ ਰੋਂਦੇ ਹੋਏ ਕਿਹਾ ਕਿ, ‘ਸ਼ਹਿਰ ਵਿੱਚ ਸ਼ਰੇਆਮ ਨਸ਼ੇ ਦੀ ਵਿਕਰੀ ਹੋ ਰਹੀ ਹੈ ਅਤੇ ਉਨ੍ਹਾਂ ਦੇ ਪੁੱਤ ਦੀ ਅੱਜ ਨਸ਼ੇ ਦੇ ਕਾਰਨ ਮੌਤ ਹੋਈ ਹੈ। ਉਨ੍ਹਾਂ ਪੰਜਾਬ ਪੁਲਿਸ ਤੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਮ੍ਰਿਤਕ ਨੌਜਵਾਨ ਦੀ ਪਤਨੀ ਨੇ ਵੀ ਨਸ਼ਾ ਤਸਕਰਾਂ ਉੱਤੇ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਸ਼ਰੇਆਮ ਨਸ਼ਾ ਤਸਕਰ ਸ਼ਹਿਰ ਵਿੱਚ ਨਸ਼ਾ ਵੇਚ ਰਹੇ ਹਨ ਪਰ ਪੁਲਿਸ ਦੀ ਪਕੜ ਤੋਂ ਦੂਰ ਹਨ। ਰੋਜ਼ਾਨਾਂ ਹੀ ਨੌਜਵਾਨ ਨਸ਼ੇ ਦੇ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਨੇ ਅਤੇ ਅਜਿਹੀਆਂ ਮੌਤਾਂ ਨੂੰ ਰੋਕਣਾ ਸਰਕਾਰ ਦਾ ਕੰਮ ਹੈ। ਸਰਕਾਰ ਤੁਰੰਤ ਨਸ਼ਾ ਤਸਕਰਾਂ ‘ਤੇ ਕਾਰਵਾਈ ਕਰੇ।‘
‘ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ‘
ਖਿਆਲ ਪਿੰਡ ਵਿੱਚ ਨਸ਼ੇ ਦੇ ਨਾਲ ਹੋਈ ਮੌਤ ਦੇ ਮਾਮਲੇ ਵਿੱਚ ਮ੍ਰਿਤਕ ਨੌਜਵਾਨ ਮਲਕੀਤ ਸਿੰਘ ਦੇ ਚਾਚਾ ਪ੍ਰਗਟ ਸਿੰਘ ਨੇ ਦੱਸਿਆ ਕਿ ਨਸ਼ੇ ਦੀ ਸ਼ਰੇਆਮ ਵਿਕਰੀ ਹੋ ਰਹੀ ਹੈ ਅਤੇ ਅੱਜ ਉਨ੍ਹਾਂ ਦਾ ਭਤੀਜਾ ਵੀ ਨਸ਼ੇ ਦੇ ਕਾਰਨ ਮੌਤ ਦੇ ਮੂੰਹ ਵਿੱਚ ਜਾ ਪਹੁੰਚਿਆ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਤੁਰੰਤ ਨਸ਼ਾ ਤਸਕਰਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਅਮਲੀ ਰੂਪ ਦੇ ਵਿੱਚ ਲਾਗੂ ਕਰਕੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ।
‘ਕਾਗਜ਼ੀ ਦਾਅਵਿਆਂ ਦੀ ਸੱਚਾਈ ਆਈ ਸਾਹਮਣੇ‘
ਸਮਾਜ ਸੇਵੀ ਪਰਮਿੰਦਰ ਝੋਟਾ ਨੇ ਆਖਿਆ ਕਿ, ‘ਪੰਜਾਬ ਸਰਕਾਰ ਨੇ ਨਸ਼ੇ ਉੱਤੇ ਲਗਾਮ ਦਾ ਐਲਾਨ ਕਾਗਜ਼ਾਂ ਵਿੱਚ ਬਹੁਤ ਸਮਾਂ ਪਹਿਲਾਂ ਦਾ ਕੀਤਾ ਹੋਇਆ ਹੈ ਪਰ ਅਸਲ ਵਿੱਚ ਲੋਕਾਂ ਦੇ ਪੁੱਤ ਲਗਾਤਾਰ ਮਰ ਰਹੇ ਹਨ। ਗਲ਼ੀ ਗਲ਼ੀ ਨਸ਼ਾ ਉਪਲੱਬਧ ਹੈ ਪਰ ਪੁਲਿਸ ਅਤੇ ਸਰਕਾਰ ਨੂੰ ਕੁੱਝ ਵੀ ਵਿਖਾਈ ਨਹੀਂ ਦੇ ਰਿਹਾ। ਪੰਜਾਬ ਪੁਲਿਸ ਅਤੇ ਸਰਕਾਰ ਨੂੰ ਕਾਗਜ਼ੀ ਦਾਅਵਿਆਂ ਵਿੱਚੋਂ ਬਾਹਰ ਨਿਕਲ ਕੇ ਅਸਲ ਵਿੱਚ ਨਸ਼ਾ ਤਸਕਰਾਂ ਉੱਤੇ ਲਗਾਮ ਕੱਸਣੀ ਚਾਹੀਦੀ ਹੈ।‘
ETV BHARAT