ਸੜਕਾਂ ‘ਤੇ ਉਤਰੇ ਲੋਕ, ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
ਵੱਖ–ਵੱਖ ਸ਼ਹਿਰਾਂ ‘ਚ ਬਿਜਲੀ ਸਕੰਟ ਹੋਣ ਕਾਰਨ ਲੋਕਾਂ ‘ਚ ਰੋਸ ਨਜ਼ਰ ਆ ਰਿਹਾ ਹੈ। ਅੰਮ੍ਰਿਤਸਰ ਦੇ ਲੋਕਾਂ ਨੇ ਕਿਹਾ ਕਿ ਸਰਕਾਰ ਫੇਲ੍ਹ ਸਾਬਤ ਹੋਈ
28 ਜੁਲਾਈ, 2026 – ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪੂਰਬੀ ਹਲਕੇ ਅਧੀਨ ਆਉਂਦੇ ਜੋੜਾ ਫਾਟਕ ਇਲਾਕੇ ਵਿੱਚ ਪਿਛਲੇ ਦੋ ਦਿਨਾਂ ਤੋਂ ਬਿਜਲੀ ਸਪਲਾਈ ਬੰਦ ਹੋਣ ਕਾਰਨ ਲੋਕਾਂ ਦਾ ਗੁੱਸਾ ਫੁੱਟ ਪਿਆ। ਭਾਰੀ ਗਰਮੀ ਅਤੇ ਪਾਣੀ ਦੀ ਕਮੀ ਨਾਲ ਪਰੇਸ਼ਾਨ ਇਲਾਕਾ ਨਿਵਾਸੀਆਂ ਨੇ ਸੜਕ ‘ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਾਂਗਰਸੀ ਆਗੂ ਅਤੇ ਸਾਬਕਾ ਇੰਪਰੂਵਮੈਂਟ ਟਰੱਸਟ ਚੇਅਰਮੈਨ ਦਿਨੇਸ਼ ਬੱਸੀ ਵੀ ਲੋਕਾਂ ਦੇ ਸਮਰਥਨ ਵਿੱਚ ਧਰਨੇ ‘ਤੇ ਬੈਠ ਗਏ।
ਭਾਰੀ ਗਰਮੀ ਵਿੱਚ ਬਿਜਲੀ ਨਾ ਹੋਣ ਕਰਕੇ ਇਲਾਕਾ ਵਾਸੀਆਂ ਨੇ ਪਰਿਵਾਰਾਂ ਸਮੇਤ ਧਰਨਾ ਲਗਾ ਕੇ ਸਰਕਾਰ ਅਤੇ ਬਿਜਲੀ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਨਾ ਤਾਂ ਬਿਜਲੀ ਸਪਲਾਈ ਬਹਾਲ ਕੀਤੀ ਗਈ ਅਤੇ ਨਾ ਹੀ ਅਧਿਕਾਰੀਆਂ ਵੱਲੋਂ ਕੋਈ ਸਪੱਸ਼ਟ ਜਵਾਬ ਦਿੱਤਾ ਗਿਆ।
ਪਰਿਵਾਰਾਂ ਸਣੇ ਧਰਨੇ ‘ਤੇ ਬੈਠੇ ਲੋਕ
ਧਰਨੇ ਵਿੱਚ ਸ਼ਾਮਲ ਲੋਕਾਂ ਨੇ ਦੱਸਿਆ ਕਿ ‘ਪਾਣੀ ਦੀ ਸਪਲਾਈ ਵੀ ਬਿਜਲੀ ਨਾ ਹੋਣ ਕਾਰਨ ਪ੍ਰਭਾਵਿਤ ਹੈ, ਜਿਸ ਨਾਲ ਘਰਾਂ ਵਿੱਚ ਰੋਜ਼ਾਨਾ ਦੇ ਕੰਮਕਾਜ ਕਰਨਾ ਵੀ ਮੁਸ਼ਕਲ ਹੋ ਗਿਆ ਹੈ। ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਮਜ਼ਦੂਰੀ ਕਰਕੇ ਘਰ ਪਰਤਣ ਵਾਲੇ ਲੋਕਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਸ਼ਿਕਾਇਤ ਨੰਬਰਾਂ ‘ਤੇ ਸੰਪਰਕ ਕੀਤਾ, ਪਰ ਕਿਸੇ ਨੇ ਵੀ ਇਹ ਨਹੀਂ ਦੱਸਿਆ ਕਿ ਬਿਜਲੀ ਕਦੋਂ ਤੱਕ ਬਹਾਲ ਹੋਵੇਗੀ।‘
ਕਾਂਗਰਸ ਨੇ ਸਾਧੇ ਨਿਸ਼ਾਨੇ
ਇਸ ਮੌਕੇ ਕਾਂਗਰਸੀ ਆਗੂ ਦਿਨੇਸ਼ ਬੱਸੀ ਵੀ ਧਰਨੇ ਵਿੱਚ ਪਹੁੰਚੇ ਅਤੇ ਪੰਜਾਬ ਸਰਕਾਰ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ‘ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿੱਚ ਨਾਕਾਮ ਰਹੀ ਹੈ ਅਤੇ ਲੋਕਾਂ ਦਾ ਸਰਕਾਰ ‘ਤੇ ਵਿਸ਼ਵਾਸ ਟੁੱਟ ਚੁੱਕਾ ਹੈ। ਦਿਨੇਸ਼ ਬੱਸੀ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਫੋਨ ਰਾਹੀਂ ਬਿਜਲੀ ਸਪਲਾਈ ਜਲਦ ਬਹਾਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ, ਪਰ ਲੋਕ ਹੁਣ ਸਿਰਫ਼ ਵਾਅਦਿਆਂ ‘ਤੇ ਵਿਸ਼ਵਾਸ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਹਰ ਘਰ ਵਿੱਚ ਬਿਜਲੀ ਨਹੀਂ ਪਹੁੰਚਦੀ, ਉਦੋਂ ਤੱਕ ਧਰਨਾ ਜਾਰੀ ਰਹੇਗਾ।‘
ਦਿਨੇਸ਼ ਬੱਸੀ ਨੇ ਵਿਧਾਇਕ ਜੀਵਨਜੋਤ ਕੌਰ ਨੂੰ ਅਪੀਲ ਕਰਦਿਆਂ ਕਿਹਾ ਕਿ ‘ਆਪਣੇ ਬਾਕੀ ਰਹਿੰਦੇ ਕਾਰਜਕਾਲ ਦੌਰਾਨ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਤਾਂ ਜੋ ਲੋਕ ਉਨ੍ਹਾਂ ਨੂੰ ਚੰਗੇ ਕੰਮਾਂ ਲਈ ਯਾਦ ਰੱਖਣ। ਇਲਾਕੇ ਦੇ ਲੋਕ ਮਿਹਨਤ–ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ, ਪਰ ਅੱਜ ਉਨ੍ਹਾਂ ਨੂੰ ਆਪਣੇ ਕੰਮ–ਧੰਦੇ ਛੱਡ ਕੇ ਧਰਨੇ ‘ਤੇ ਬੈਠਣਾ ਪਿਆ ਹੈ।ਇਲਾਕੇ ਦੇ ਜ਼ਿਆਦਾਤਰ ਕੌਂਸਲਰ ਲੋਕਾਂ ਦੇ ਵਿਚਕਾਰ ਨਹੀਂ ਪਹੁੰਚੇ ਅਤੇ ਸਿਰਫ਼ ਇੱਕ ਕਾਂਗਰਸੀ ਕੌਂਸਲਰ ਹੀ ਧਰਨੇ ਵਿੱਚ ਸ਼ਾਮਲ ਹੋਇਆ।‘
ਲੋਕਾਂ ਨੇ ਕੀਤਾ ਵਿਰੋਧ
ਧਰਨੇ ਵਿੱਚ ਸ਼ਾਮਲ ਇਲਾਕਾ ਨਿਵਾਸੀ ਰੋਹਿਤ ਕੁਮਾਰ ਨੇ ਦੱਸਿਆ ਕਿ ‘ਸਵੇਰ ਤੋਂ ਹੀ ਬਿਜਲੀ ਬੰਦ ਹੈ ਅਤੇ ਭਾਰੀ ਗਰਮੀ ਵਿੱਚ ਲੋਕਾਂ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਰਸੂਲਪੁਰ, ਕਲਰ, ਕ੍ਰਿਸ਼ਨਾ ਨਗਰ, ਹੁਕਮਪੁਰਾ ਅਤੇ ਮੇਲੇ ਵਾਲਾ ਚੌਂਕ ਸਮੇਤ ਕਈ ਇਲਾਕਿਆਂ ਵਿੱਚ ਵੀ ਲੰਬੇ ਸਮੇਂ ਤੋਂ ਬਿਜਲੀ ਸਪਲਾਈ ਪ੍ਰਭਾਵਿਤ ਹੈ। ਲੋਕਾਂ ਨੇ ਮਜਬੂਰੀ ਵਿੱਚ ਸੜਕਾਂ ‘ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤਾ ਹੈ ਅਤੇ ਜਦੋਂ ਤੱਕ ਬਿਜਲੀ ਸਪਲਾਈ ਪੂਰੀ ਤਰ੍ਹਾਂ ਬਹਾਲ ਨਹੀਂ ਹੁੰਦੀ, ਉਦੋਂ ਤੱਕ ਧਰਨਾ ਜਾਰੀ ਰਹੇਗਾ।‘
ETV BHARAT