ਸਫਾਈ ਨਾ ਹੋਣ ਨੂੰ ਲੈ ਕੇ ਪੰਜਾਬ ‘ਚ ਲੋਕਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਹੱਲ ਦੀ ਮੰਗ ਕਰ ਰਹੇ ।
01 ਅਗਸਤ, 2026 – ਲੁਧਿਆਣਾ/ਅੰਮ੍ਰਿਤਸਰ/ਜਲੰਧਰ: ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਸਫਾਈ ਕਰਮਚਾਰੀਆਂ ਦੀ ਹੜਤਾਲ ਦਾ ਅਸਰ ਹੁਣ ਸੜਕਾਂ ’ਤੇ ਵਿਖਾਈ ਦੇਣ ਲੱਗਾ ਹੈ ਘਰਾਂ ਤੋਂ ਭਾਵੇਂ ਕੂੜੇ ਦੇ ਢੇਰ ਜ਼ਰੂਰ ਚੁੱਕੇ ਜਾ ਰਹੇ ਹਨ ਪਰ ਇਹ ਢੇਰ ਹੁਣ ਸੜਕਾਂ ’ਤੇ ਵਿਖਾਈ ਦੇਣ ਲੱਗੇ ਹਨ। ਖਾਸ ਕਰਕੇ ਜਿੱਥੇ ਕੂੜੇ ਦੇ ਡੰਪ ਹਨ ਉੱਥੇ ਕੂੜੇ ਦੇ ਢੇਰ ਲੱਗ ਗਏ ਹਨ ਜਿਸ ਕਰਕੇ ਨੇੜੇ ਤੇੜੇ ਰਹਿਣ ਵਾਲੇ ਲੋਕ ਪਰੇਸ਼ਾਨ ਹੋ ਰਹੇ ਹਨ। ਹਲਾਤ ਇਹ ਬਣੇ ਹੋਏ ਹਨ ਕਿ ਕੂੜੇ ਦੇ ਢੇਰਾਂ ਦੇ ਚੱਲਦਿਆਂ ਲੋਕ ਬਦਬੂ ਦੇ ਸਾਏ ਵਿੱਚ ਜੀਅ ਰਹੇ ਹਨ। ਸਾਡੀ ਟੀਮ ਵੱਲੋਂ ਲੁਧਿਆਣਾ ਦੇ ਕੈਂਪ ਇਲਾਕੇ ਦਾ ਜਾਇਜ਼ਾ ਲਿਆ ਗਿਆ ਜਿੱਥੇ ਸੜਕ ’ਤੇ ਕੂੜੇ ਦੇ ਢੇਰ ਲੱਗਣ ਕਰਕੇ ਇੱਕ ਪਾਸੇ ਦੀ ਸੜਕ ਹੀ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਹੈ ਇੱਥੇ ਕੂੜੇ ਦਾ ਡੰਪ ਸੀ ਜਿੱਥੋਂ ਕਈ ਦਿਨਾਂ ਤੋਂ ਸਫਾਈ ਕਰਮਚਾਰੀ ਕੂੜਾ ਚੁੱਕਣ ਹੀ ਨਹੀਂ ਆਏ।
ਪਰੇਸ਼ਾਨ ਲੋਕ ਮੰਗ ਰਹੇ ਹੱਲ ਦੀ ਮੰਗ
ਲੁਧਿਆਣਾ ਬੱਸ ਸਟੈਂਡ ਦੇ ਨੇੜੇ ਕੈਂਪ ਇਲਾਕੇ ਦੇ ਨੇੜੇ ਤੇੜੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ “ਪਿਛਲੇ ਤਿੰਨ ਚਾਰ ਦਿਨ ਤੋਂ ਇੱਥੇ ਇਹੀ ਹਲਾਤ ਬਣੇ ਹੋਏ ਹਨ। ਨਾ ਹੀ ਕੋਈ ਗ੍ਰਾਹਕ ਆ ਰਿਹਾ ਹੈ। ਦੁਕਾਨਦਾਰ ਖਾਲੀ ਮੁੜ ਜਾਂਦੇ ਹਨ। ਮੀਂਹਾਂ ਦਾ ਮੌਸਮ ਚੱਲ ਰਿਹਾ ਹੈ ਅਤੇ ਇੱਥੇ ਬਿਮਾਰੀਆਂ ਫੈਲਣ ਦਾ ਖਤਰਾ ਹੈ। ਇੱਕ ਮੀਂਹ ਹੋਰ ਆ ਗਿਆ ਤਾਂ ਹਲਾਤ ਇੱਥੇ ਵੱਧ ਤੋਂ ਬਦਤਰ ਹੋ ਜਾਣਗੇ। ਲੋਕ ਨਰਕ ਦੇ ਵਿੱਚ ਰਹਿਣ ਲਈ ਉਹ ਮਜ਼ਬੂਰ ਹੋ ਰਹੇ ਹਨ। ਬਦਬੂ ਫੈਲ ਰਹੀ ਹੈ ਜਿਸ ਕਰਕੇ ਨੇੜੇ ਤੇੜੇ ਦੇ ਲੋਕ ਤਾਂ ਪਰੇਸ਼ਾਨ ਹੈ ਹੀ ਜਿਨਾਂ ਲੋਕਾਂ ਦੀਆਂ ਸੜਕ ’ਤੇ ਦੁਕਾਨਾਂ ਹਨ ਉੱਥੇ ਤਿੰਨ ਚਾਰ ਦਿਨ ਤੋਂ ਗਾਹਕ ਵੀ ਨਹੀਂ ਆ ਰਹੇ। ਖਾਲੀ ਵਾਪਸ ਮੁੜਨਾ ਪੈ ਰਿਹਾ ਹੈ। ਕੂੜੇ ਦੇ ਢੇਰ ਪੂਰੇ ਸੜਕ ’ਤੇ ਲੱਗੇ ਹੋਏ ਹਨ ਜਿਸ ਕਰਕੇ ਸੜਕ ਤੋਂ ਲੰਘਣ ਵਾਲਿਆਂ ਨੂੰ ਆਪਣਾ ਰਸਤਾ ਤੱਕ ਬਦਲਣਾ ਪੈ ਰਿਹਾ।”
ਇਲਾਕੇ ਦਾ ਕੌਂਸਲਰ ਕੀ ਬੋਲਿਆ ?
ਇਸ ਸਬੰਧੀ ਅਸੀਂ ਇਲਾਕੇ ਦੇ ਕੌਂਸਲਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਦਫ਼ਤਰ ਦੇ ਵਿੱਚ ਮੌਜੂਦ ਨਹੀਂ ਸੀ ਜਦੋਂ ਫੋਨ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ “ਉਹ ਕਿਸੇ ਕੰਮ ’ਤੇ ਬਾਹਰ ਆਏ ਹੋਏ ਹਨ। ਸਫਾਈ ਕਰਮਚਾਰੀਆਂ ਦੀ ਹੜਤਾਲ ਚੱਲ ਰਹੀ ਹੈ ਜਿਸ ਕਰਕੇ ਸਾਨੂੰ ਪਿੱਛੋਂ ਹੀ ਮੁਸ਼ਕਿਲਾਂ ਆ ਰਹੀਆਂ ਹਨ। ਸਾਡੀ ਮਜਬੂਰੀ ਹੈ ਕਿਉਂਕਿ ਕੋਈ ਵੀ ਨਹੀਂ ਆ ਰਿਹਾ ਹੈ ਜਿਸ ਕਰਕੇ ਕੂੜੇ ਦੇ ਢੇਰ ਲੱਗ ਗਏ ਹਨ ਪਰ ਅਸੀਂ ਖੁਦ ਚਾਹੁੰਦੇ ਹਾਂ ਕਿ ਇਹ ਮਸਲਾ ਜਲਦੀ ਹੱਲ ਹੋਵੇ। ਜੋ ਉਨ੍ਹਾਂ ਦੀਆਂ ਜਾਇਜ਼ ਮੰਗਾਂ ਹਨ ਉਨ੍ਹਾਂ ਦਾ ਨਿਬੇੜਾ ਹੋਵੇ। ਸਫਾਈ ਕਰਮਚਾਰੀਆਂ ਦੀਆਂ ਮੰਗਾਂ ਦੇ ਨਾਲ ਕੁਝ ਹੋਰ ਲੋਕ ਵੀ ਜੁੜ ਗਏ ਹਨ।”
ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦਾ ਕੂੜੇ ਦੀ ਸਮੱਸਿਆ ’ਤੇ ਜਵਾਬ
ਦੱਸ ਦਦੀਏ ਕਿ ਬਰਨਾਲਾ ਘਟਨਾ ਤੋਂ ਬਾਅਦ ਸਫਾਈ ਕਾਮਿਆਂ ਵੱਲੋਂ ਹੜਤਾਲ ਕੀਤੀ ਗਈ ਹੈ। ਉਨ੍ਹਾਂ ਵੱਲੋਂ ਇਸ ਦੇ ਨਾਲ ਹੀ ਕਈ ਮੰਗਾਂ ਸ਼ਾਮਲ ਕੀਤੀਆਂ ਗਈਆਂ ਹਨ। ਇਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਅੱਜ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ “ਦੋ ਦਿਨਾਂ ਦੇ ਵਿੱਚ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ ਕਿਉਂਕਿ ਆਮ ਲੋਕ ਇਸ ਤੋਂ ਕਾਫੀ ਪਰੇਸ਼ਾਨ ਹੋ ਰਹੇ ਹਨ। ਇਸ ਮਸਲੇ ’ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਿਸੇ ਦੀ ਮੰਗ ਹੈ ਉਸਦੀ ਵੀ ਪੂਰੀ ਹੋਣੀ ਚਾਹੀਦੀ ਹੈ ਅਤੇ ਸ਼ਹਿਰ ਵੀ ਸਾਫ ਹੋਣਾ ਚਾਹੀਦਾ ਹੈ। ਜੋ ਅਧਿਕਾਰੀ ਆਪਣੀ ਡਿਊਟੀ ਤੋਂ ਭੱਜ ਰਹੇ ਹਨ। ਉਹ ਆਪਣੀ ਡਿਊਟੀ ਤੋਂ ਨਹੀਂ ਭੱਜਣਗੇ। ਸਾਡੀ ਪਾਰਟੀ ਵੱਲੋਂ ਹਰ ਵਰਗ ਦਾ ਧਿਆਨ ਰੱਖਿਆ ਜਾ ਰਿਹਾ।”
ਰਾਜਾ ਵੜਿੰਗ ਦਾ ਵਿਧਾਇਕ ਨੂੰ ਆਇਆ ਫੋਨ ?
ਇਸ ਮੌਕੇ ਉਨ੍ਹਾਂ ਰਾਜਾ ਵੜਿੰਗ ਵੱਲੋਂ 40 ਵਿਧਾਇਕਾਂ ਦੇ ਸੰਪਰਕ ’ਤੇ ਬੋਲਦੇ ਹੋਏ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਰਾਜਾ ਵੜਿੰਗ ਦਾ ਫੋਨ ਆਇਆ ਸੀ ਅਤੇ ਮੈਂ ਰਾਜਾ ਬੜਿੰਗ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਲੁਧਿਆਣਾ ਸੀਟ ਤੋਂ ਲੜਨ ਦਾ ਸੱਦਾ ਦਿੱਤਾ ਹੈ।
ਅੰਮ੍ਰਿਤਸਰ ਕੇਂਦਰੀ ਤੋਂ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਕੀ ਬੋਲੇ ?
ਉਨ੍ਹਾਂ ਕਿਹਾ ਕਿ “ਪੰਜਾਬ ਸਰਕਾਰ ਕਰਮਚਾਰੀਆਂ ਦੇ ਮੁੱਦਿਆਂ ਪ੍ਰਤੀ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ ਅਤੇ ਵੱਖ–ਵੱਖ ਮੰਤਰੀ ਯੂਨੀਅਨਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਨ। ਬਹੁਗਿਣਤੀ ਯੂਨੀਅਨਾਂ ਸਰਕਾਰ ਦੇ ਪ੍ਰਸਤਾਵ ਨਾਲ ਸਹਿਮਤ ਹੋ ਚੁੱਕੀਆਂ ਹਨ ਅਤੇ ਸਿਰਫ਼ ਕੁਝ ਮੰਗਾਂ ‘ਤੇ ਹਾਲੇ ਵੀ ਵਿਚਾਰ ਜਾਰੀ ਹੈ। ਸਰਕਾਰ ਨੇ ਪਹਿਲਾਂ ਵੀ ਬਿਜਲੀ ਮੁਲਾਜ਼ਮਾਂ, ਮਨਰੇਗਾ ਕਰਮਚਾਰੀਆਂ ਅਤੇ ਮਹੱਲਾ ਕਲੀਨਿਕਾਂ ਦੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਗੱਲਬਾਤ ਰਾਹੀਂ ਸੁਲਝਾਈਆਂ ਹਨ ਅਤੇ ਉਮੀਦ ਹੈ ਕਿ ਸਫਾਈ ਕਰਮਚਾਰੀਆਂ ਦਾ ਮਾਮਲਾ ਵੀ ਜਲਦ ਹੱਲ ਹੋ ਜਾਵੇਗਾ।”
ਸਫਾਈ ਕਰਮਚਾਰੀਆਂ ਦੀਆਂ ਮੰਨੀਆਂ ਮੰਗਾਂ ?
ਉਨ੍ਹਾਂ ਦੱਸਿਆ ਕਿ “ਸਰਕਾਰ ਨੇ ਸਫਾਈ ਕਰਮਚਾਰੀਆਂ ਦੀਆਂ ਕਈ ਅਹਿਮ ਮੰਗਾਂ ਮੰਨ ਲਈਆਂ ਹਨ। ਇਸ ਤਹਿਤ ਤਿੰਨ ਸਾਲ ਤੋਂ ਆਊਟਸੋਰਸ ਕਰਮਚਾਰੀਆਂ ਨੂੰ ਕੰਟ੍ਰੈਕਟ ‘ਤੇ ਲਿਆਂਦਾ ਜਾਵੇਗਾ, ਜਦਕਿ ਪੰਜ ਸਾਲ ਤੋਂ ਕੰਟ੍ਰੈਕਟ ‘ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੰਟ੍ਰੈਕਟ ਕਰਮਚਾਰੀਆਂ ਦੀ ਤਨਖ਼ਾਹ 10,500 ਰੁਪਏ ਤੋਂ ਵਧਾ ਕੇ 20,520 ਰੁਪਏ ਕਰ ਦਿੱਤੀ ਗਈ ਹੈ। ਸਰਕਾਰ ਲੋਕ ਭਲਾਈ ਲਈ ਮੁਫ਼ਤ ਬਿਜਲੀ, ਸਿਹਤ ਸਹੂਲਤਾਂ, 10 ਲੱਖ ਰੁਪਏ ਦੇ ਸਿਹਤ ਬੀਮੇ, ਰਾਸ਼ਨ ਕਾਰਡਾਂ ਅਤੇ ਹੋਰ ਸਮਾਜਿਕ ਭਲਾਈ ਯੋਜਨਾਵਾਂ ਰਾਹੀਂ ਵੀ ਆਮ ਲੋਕਾਂ ਨੂੰ ਰਾਹਤ ਦੇ ਰਹੀ ਹੈ।”
ਸਤਿਕਾਰ ਐਕਟ ਨੂੰ ਲੈ ਕੇ ਇੰਦਰਬੀਰ ਨਿੱਜਰ ਦਾ ਬਿਆਨ
ਅਕਾਲ ਤਖ਼ਤ ਸਾਹਿਬ ਵੱਲੋਂ ਸਤਿਕਾਰ ਐਕਟ ਨੂੰ ਲੈ ਕੇ ਦਿੱਤੇ ਬਿਆਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਨਿੱਜਰ ਨੇ ਕਿਹਾ ਕਿ “ਇਸ ਮਾਮਲੇ ‘ਤੇ ਫ਼ੈਸਲਾ ਸਰਕਾਰ ਨੇ ਕਰਨਾ ਹੈ, ਪਰ ਉਹ ਚਾਹੁੰਦੇ ਹਨ ਕਿ ਇਹ ਮੁੱਦਾ ਆਪਸੀ ਸਹਿਮਤੀ ਨਾਲ ਜਲਦੀ ਹੱਲ ਹੋਵੇ। ਅਕਾਲ ਤਖ਼ਤ ਸਾਹਿਬ ਦਾ ਰੁਤਬਾ ਸਭ ਲਈ ਸਤਿਕਾਰਯੋਗ ਹੈ ਅਤੇ ਇਸ ਮਾਮਲੇ ‘ਤੇ ਉਹ ਹੋਰ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ।”
ਕੈਬਨਿਟ ਮੰਤਰੀ ਮੋਹਿੰਦਰ ਭਗਤ ਦਾ ਬਿਆਨ
ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ “ਰਾਜ ਸਰਕਾਰ ਸਫਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਰ੍ਹਾਂ ਗੰਭੀਰ ਹੈ। ਸਰਕਾਰ ਅਤੇ ਕਰਮਚਾਰੀਆਂ ਵਿਚਕਾਰ ਲਗਾਤਾਰ ਸਕਾਰਾਤਮਕ ਗੱਲਬਾਤ ਜਾਰੀ ਹੈ।ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਭੱਤਿਆਂ ਵਿੱਚ ਇਤਿਹਾਸਕ ਵਾਧਾ ਕੀਤਾ ਗਿਆ ਹੈ, ਜਿਸ ਕਾਰਨ ਸਫਾਈ ਕਰਮਚਾਰੀ ਕਮਿਸ਼ਨ ਨੇ ਹੜਤਾਲ ਨਾ ਕਰਨ ਦਾ ਫੈਸਲਾ ਕੀਤਾ ਹੈ।”
ਸਫਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ‘ਤੇ ਬੋਲੇ ਮੰਤਰੀ
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੋਹਿੰਦਰ ਭਗਤ ਨੇ ਕਿਹਾ ਕਿ “ਪਿਛਲੇ ਕੁਝ ਦਿਨਾਂ ਤੋਂ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਕਾਰਨ ਆਮ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਤੋਂ ਸਰਕਾਰ ਪੂਰੀ ਤਰ੍ਹਾਂ ਜਾਣੂ ਹੈ। ਇਸ ਸਬੰਧੀ ਜਲੰਧਰ ਅਤੇ ਪੰਜਾਬ ਸਫਾਈ ਕਮਿਸ਼ਨ ਦੇ ਚੇਅਰਮੈਨ ਨੇ ਚੰਡੀਗੜ੍ਹ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕੀਤੀ ਹੈ। ਪੰਜਾਬ ਸਰਕਾਰ ਵੱਖ–ਵੱਖ ਕਰਮਚਾਰੀ ਯੂਨੀਅਨਾਂ ਨਾਲ ਲਗਾਤਾਰ ਸੰਵਾਦ ਕਰ ਰਹੀ ਹੈ ਤਾਂ ਜੋ ਹਰ ਵਰਗ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਕੱਢਿਆ ਜਾ ਸਕੇ।”
ਸਰਕਾਰ ਹਮੇਸ਼ਾ ਕਰਮਚਾਰੀਆਂ ਦੇ ਨਾਲ ਖੜ੍ਹੀ ਹੈ: ਮੋਹਿੰਦਰ ਭਗਤ
ਮੋਹਿੰਦਰ ਭਗਤ ਨੇ ਕਿਹਾ ਕਿ “ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਹਮੇਸ਼ਾ ਕਰਮਚਾਰੀਆਂ ਦੇ ਨਾਲ ਖੜ੍ਹੀ ਰਹੀ ਹੈ। ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਸਰਕਾਰ ਨੇ ਸਫਾਈ ਕਰਮਚਾਰੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੇ ਰੋਜ਼ਾਨਾ ਵੇਤਨ ਅਤੇ ਭੱਤਿਆਂ ਵਿੱਚ 107 ਰੁਪਏ ਤੋਂ ਵਧਾ ਕੇ ਸਿੱਧੇ 205 ਰੁਪਏ ਤੱਕ ਦਾ ਵਾਧਾ ਕੀਤਾ ਹੈ। ਇਸ ਫੈਸਲੇ ਨਾਲ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਤਾਇਨਾਤ ਹਜ਼ਾਰਾਂ ਸਫਾਈ ਕਰਮਚਾਰੀਆਂ ਨੂੰ ਸਿੱਧਾ ਲਾਭ ਮਿਲਿਆ ਹੈ ਅਤੇ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਆਇਆ ਹੈ।”
‘ਗੱਲਬਾਤ ਰਾਹੀਂ ਹੋਵੇਗਾ ਮੰਗਾਂ ਦਾ ਹੱਲ‘
ਮੋਹਿੰਦਰ ਭਗਤ ਨੇ ਸਪੱਸ਼ਟ ਕੀਤਾ ਕਿ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗਰੇਵਾਲ ਅਤੇ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਆਪਣੀਆਂ ਜਾਇਜ਼ ਮੰਗਾਂ ਦਾ ਹੱਲ ਗੱਲਬਾਤ ਰਾਹੀਂ ਚਾਹੁੰਦੇ ਹਨ। ਇਸ ਲਈ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਹੜਤਾਲ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਰਵੱਈਆ ਹਮੇਸ਼ਾ ਸਕਾਰਾਤਮਕ ਰਿਹਾ ਹੈ ਅਤੇ ਕਰਮਚਾਰੀਆਂ ਲਈ ਸਰਕਾਰ ਦੇ ਦਰਵਾਜ਼ੇ ਹਰ ਸਮੇਂ ਖੁੱਲ੍ਹੇ ਹਨ।
ETV BHARAT