ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋ ਰਹੀ ਸੰਗਤ
8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦਾ ਉਮੜਿਆ ਸੈਲਾਬ।
07 ਅਗਸਤ, 2026 – ਅੰਮ੍ਰਿਤਸਰ: ਅੱਠਵੇਂ ਪਾਤਸ਼ਾਹ, ਬਾਲ ਰੂਪ ਵਿੱਚ ਮਨੁੱਖਤਾ ਦੀ ਸੇਵਾ ਅਤੇ ਦਇਆ ਦਾ ਸੰਦੇਸ਼ ਦੇਣ ਵਾਲੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਅਤੇ ਭਗਤੀ ਦਾ ਅਦਭੁੱਤ ਮਾਹੌਲ ਵੇਖਣ ਨੂੰ ਮਿਲਿਆ। ਸਵੇਰ ਤੋਂ ਹੀ ਪੰਜਾਬ ਸਣੇ ਦੇਸ਼ ਅਤੇ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੀਆਂ ਅਤੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਜੀ ਦੇ ਘਰ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ‘ਬਾਲ ਗੁਰੂ’ ਜਾਂ ਫਿਰ ‘ਬਾਲਾ ਪ੍ਰੀਤਮ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
ਸੰਗਤਾਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਗੁਰਪੁਰਬ ਮੌਕੇ ਸਾਰਾ ਪਰਿਸਰ ਧਾਰਮਿਕ ਰੰਗਾਂ ਵਿੱਚ ਰੰਗਿਆ ਹੋਇਆ ਨਜ਼ਰ ਆਇਆ ਅਤੇ ਹਰ ਪਾਸੇ “ਵਾਹਿਗੁਰੂ” ਦੇ ਜਾਪ ਨਾਲ ਮਾਹੌਲ ਗੂੰਜਦਾ ਰਿਹਾ।
ਰਾਤ ਨੂੰ ਹੋਵੇਗੀ ਵਿਸ਼ੇਸ਼ ਦੀਪਮਾਲਾ ਤੇ ਆਤਿਸ਼ਬਾਜ਼ੀ
ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਗੁਰਿੰਦਰ ਸਿੰਘ ਦੇਵੀਦਾਸਪੁਰਾ ਨੇ ਸਮੂਹ ਸੰਗਤਾਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੰਦਿਆ ਕਿਹਾ ਕਿ, “ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਮਨੁੱਖਤਾ ਦੀ ਸੇਵਾ, ਨਿਮਰਤਾ ਅਤੇ ਪਰਉਪਕਾਰ ਦਾ ਸੰਦੇਸ਼ ਦਿੱਤਾ, ਜਿਸ ਤੋਂ ਸਾਨੂੰ ਸਦਾ ਪ੍ਰੇਰਣਾ ਲੈਣੀ ਚਾਹੀਦੀ ਹੈ।” ਉਨ੍ਹਾਂ ਦੱਸਿਆ ਕਿ, ਗੁਰਪੁਰਬ ਮੌਕੇ ਰਾਤ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸ਼ੇਸ਼ ਦੀਪਮਾਲਾ ਕੀਤੀ ਜਾਵੇਗੀ ਅਤੇ ਆਤਿਸ਼ਬਾਜ਼ੀ ਰਾਹੀਂ ਇਸ ਪਾਵਨ ਦਿਹਾੜੇ ਦੀ ਖੁਸ਼ੀ ਮਨਾਈ ਜਾਵੇਗੀ।
ਵੱਡੀ ਗਿਣਤੀ ਵਿੱਚ ਸੰਗਤ ਹੋ ਰਹੀ ਨਤਮਸਤਕ
ਗੁਰਪੁਰਬ ਦੇ ਇਸ ਪਾਵਨ ਅਵਸਰ ‘ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਰਹੀਆਂ ਹਨ। ਦੇਸ਼ਾਂ-ਵਿਦੇਸ਼ਾਂ ਤੋਂ ਆਈਆਂ ਸੰਗਤਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਸਮੂਹ ਮਨੁੱਖਤਾ ਦੀ ਚੜ੍ਹਦੀ ਕਲਾ ਅਤੇ ਅਮਨ-ਸ਼ਾਂਤੀ ਲਈ ਅਰਦਾਸ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਨਮੋਹਕ ਦ੍ਰਿਸ਼ ਅਤੇ ਰਾਤ ਦੀ ਦੀਪਮਾਲਾ ਇਸ ਪਾਵਨ ਦਿਹਾੜੇ ਦੀ ਸ਼ੋਭਾ ਨੂੰ ਹੋਰ ਵੀ ਵਧਾਏਗੀ।
ETV BHARAT