ਨਾਭਾ ਨੇੜਲੇ ਪਿੰਡ ਕੌਲ ਵਿੱਚ 29 ਸਾਲਾ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ।
ਸਸਕਾਰ ਮੌਕੇ ਮ੍ਰਿਤਕ ਦੇ ਪਰਿਵਾਰ ਦੀ ਭਾਵੁਕ ਅਪੀਲ ਨੇ ਪਿੰਡ ਵਿੱਚ ਸੋਗ ਦੀ ਲਹਿਰ ਨੂੰ ਹੋਰ ਡੂੰਘਾ ਕਰ ਦਿੱਤਾ।
11 ਅਗਸਤ, 2026 – ਨਾਭਾ : ਨਾਭਾ ਨੇੜਲੇ ਪਿੰਡ ਕੌਲ ਵਿੱਚ 29 ਸਾਲਾ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਅੱਜ ਸਸਕਾਰ ਮੌਕੇ ਮ੍ਰਿਤਕ ਦੇ ਪਰਿਵਾਰ ਦੀ ਭਾਵੁਕ ਅਪੀਲ ਨੇ ਪਿੰਡ ਵਿੱਚ ਸੋਗ ਦੀ ਲਹਿਰ ਨੂੰ ਹੋਰ ਡੂੰਘਾ ਕਰ ਦਿੱਤਾ। ਮ੍ਰਿਤਕ ਦੇ ਤਾਇਆ ਮਹਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ। ਉਸ ਦੇ ਪਰਿਵਾਰ ਵਿੱਚ ਬਿਮਾਰ ਪਿਤਾ, ਪਤਨੀ ਅਤੇ ਛੋਟਾ ਬੱਚਾ ਹਨ। ਪਰਿਵਾਰ ਨੂੰ ਇਹ ਪਤਾ ਨਹੀਂ ਸੀ ਕਿ ਉਹ ਨਸ਼ੇ ਦੀ ਲਤ ਨਾਲ ਜੂਝ ਰਿਹਾ ਸੀ।
ਸਸਕਾਰ ਮੌਕੇ ਮਹਿੰਦਰ ਸਿੰਘ ਨੇ ਪਿੰਡ ਵਾਸੀਆਂ ਅਤੇ ਪੰਚਾਇਤ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਤਾਂ ਆਪਣਾ ਪੁੱਤ ਗੁਆ ਲਿਆ ਹੈ, ਪਰ ਤੁਸੀਂ ਸਾਰੇ ਮਿਲ ਕੇ ਆਪਣੇ ਬੱਚਿਆਂ ਨੂੰ ਬਚਾ ਲਵੋ। ਕਿਸੇ ਵੀ ਤਰੀਕੇ ਨਾਲ ਇਸ ਨਸ਼ੇ ਦੀ ਬੁਰਾਈ ਨੂੰ ਖ਼ਤਮ ਕਰਨ ਲਈ ਇਕੱਠੇ ਹੋਵੋ। ਪਰਿਵਾਰਕ ਮੈਂਬਰਾਂ ਮੁਤਾਬਕ ਨੌਜਵਾਨ ਸ਼ਨਿਚਰਵਾਰ ਨੂੰ ਰਾਤ ਦੀ ਸ਼ਿਫਟ ’ਤੇ ਜਾਣ ਦੀ ਗੱਲ ਕਹਿ ਕੇ ਘਰੋਂ ਨਿਕਲਿਆ ਸੀ, ਪਰ ਸਵੇਰੇ ਵਾਪਸ ਨਹੀਂ ਆਇਆ। ਉਸ ਦੀ ਪਤਨੀ ਅਤੇ ਭੈਣ ਨੇ ਭਾਲ ਸ਼ੁਰੂ ਕੀਤੀ। ਉਹ ਜਦੋਂ ਫੈਕਟਰੀ ਗਏ ਤਾਂ ਉਸ ਦੇ ਉੱਥੇ ਨਾ ਹੋਣ ਦੀ ਜਾਣਕਾਰੀ ਮਿਲੀ। ਬਾਅਦ ਵਿੱਚ ਦੁਪਹਿਰ ਕਰੀਬ 2.30 ਵਜੇ ਖੇਤ ਵਿੱਚ ਬਣੇ ਸ਼ੈੱਡ ਹੇਠੋਂ ਨੌਜਵਾਨ ਦੀ ਲਾਸ਼ ਮਿਲੀ। ਲਾਸ਼ ਕੋਲੋਂ ਸਰਿੰਜਾਂ ਅਤੇ ਕੁਝ ਗੋਲੀਆਂ ਵੀ ਮਿਲੀਆਂ।
ਮ੍ਰਿਤਕ ਦੇ ਪਿਤਾ ਕੁਝ ਸਮਾਂ ਪਹਿਲਾਂ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਣ ਕਾਰਨ ਇਲਾਜ ਅਧੀਨ ਹਨ। ਨੌਜਵਾਨ ਦੀ ਇੱਕ ਧੀ ਦੀ ਵੀ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।
ਮਾਮਲੇ ਦਾ ਪਤਾ ਕਰਾਂਗੇ: ਡੀ ਐੱਸ ਪੀ
ਡੀ ਐੱਸ ਪੀ ਗੁਰਿੰਦਰ ਸਿੰਘ ਬੱਲ ਨੇ ਕਿਹਾ ਕਿ ਉਹ ਮਾਮਲੇ ਦਾ ਪਤਾ ਕਰਨਗੇ। ਇਸ ਸਬੰਧੀ ਜਾਣਕਾਰੀ ਲਈ ਸਦਰ ਥਾਣੇ ਦੇ ਐੱਸ ਐੱਚ ਓ ਨਾਲ ਸੰਪਰਕ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।
ਪੰਜਾਬੀ ਟ੍ਰਿਬਯੂਨ