ਸੂਬੇ ਦੀ ਇੱਕ ਖਿਡਾਰਨ ਨੇ ਵੀ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਵਿੱਚ ਬਣਾਈ ਥਾਂ
11 ਅਗਸਤ, 2026 – ਜਲੰਧਰ : ਆਗਾਮੀ ਜੂਨੀਅਰ ਏਸ਼ੀਆ ਕੱਪ ਲਈ ਪੰਜਾਬ ਦੇ ਚਾਰ ਹਾਕੀ ਖਿਡਾਰੀਆਂ ਨੂੰ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਵਿੱਚ ਚੁਣਿਆ ਗਿਆ ਹੈ, ਜਦੋਂ ਕਿ ਸੂਬੇ ਦੀ ਇੱਕ ਖਿਡਾਰਨ ਨੇ ਵੀ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਵਿੱਚ ਜਗ੍ਹਾ ਬਣਾਈ ਹੈ।
ਪੁਰਸ਼ਾਂ ਅਤੇ ਮਹਿਲਾਵਾਂ ਦੋਵਾਂ ਲਈ ਜੂਨੀਅਰ ਏਸ਼ੀਆ ਕੱਪ ਚੀਨ ਵਿੱਚ 30 ਅਗਸਤ ਤੋਂ 13 ਸਤੰਬਰ ਦੇ ਵਿਚਕਾਰ ਆਯੋਜਿਤ ਕੀਤਾ ਜਾਵੇਗਾ।
ਖਿਡਾਰੀਆਂ ਦੀ ਇਸ ਚੋਣ ਬਾਰੇ ਜਾਣਕਾਰੀ ਦਿੰਦਿਆਂ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪਵਾਰ ਨੇ ਦੱਸਿਆ ਕਿ ਪ੍ਰਭਦੀਪ ਸਿੰਘ (ਮਿੱਠਾਪੁਰ), ਮਨਮੀਤ ਸਿੰਘ ਰਾਏ (ਖੁਸਰੋਪੁਰ), ਲਵਨੂਰ ਸਿੰਘ (ਪੀ ਏ ਪੀ ਜਲੰਧਰ) ਅਤੇ ਗੁਰਸੇਵਕ ਸਿੰਘ (ਰਾਉਂਡ ਗਲਾਸ ਅਕੈਡਮੀ) ਨੂੰ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਲਈ ਚੁਣਿਆ ਗਿਆ ਹੈ।
ਉੱਥੇ ਹੀ ਬਠਿੰਡਾ ਦੀ ਸੁਖਵੀਰ ਕੌਰ ਨੂੰ ਵੀ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਲਈ ਚੁਣਿਆ ਗਿਆ ਹੈ।
ਕੋਹਲੀ ਅਤੇ ਪਵਾਰ ਨੇ ਚੁਣੇ ਗਏ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਆਗਾਮੀ ਜੂਨੀਅਰ ਏਸ਼ੀਆ ਕੱਪ ਵਿੱਚ ਭਾਰਤੀ ਜੂਨੀਅਰ ਟੀਮਾਂ ਦੀ ਸਫਲਤਾ ਦੀ ਕਾਮਨਾ ਕੀਤੀ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਪੰਜਾਬ ਦੇ ਖਿਡਾਰੀ ਇਸ ਖੇਡ ਵਿੱਚ ਕੀਮਤੀ ਯੋਗਦਾਨ ਪਾਉਣਗੇ ਅਤੇ ਦੇਸ਼ ਤੇ ਸੂਬੇ ਦਾ ਨਾਂ ਰੋਸ਼ਨ ਕਰਨਗੇ।
ਪੰਜਾਬੀ ਟ੍ਰਿਬਯੂਨ