ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿੱਚ ਰਚਿਆ ਇਤਿਹਾਸ; ਪੁਰਸ਼ਾਂ ਦੇ ਸਾਬਰੇ ਵਰਗ ਵਿੱਚ ਪੂਰੇ ਪੋਡੀਅਮ ’ਤੇ ਕਬਜ਼ਾ
11 ਅਗਸਤ, 2026 – ਲਾਗੋਸ : ਭਾਰਤੀ ਅੰਡਰ-23 ਤਲਵਾਰਬਾਜ਼ੀ ਟੀਮ ਨੇ ਰਾਸ਼ਟਰਮੰਡਲ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚਦਿਆਂ ਪੁਰਸ਼ ਅਤੇ ਮਹਿਲਾ ਵਿਅਕਤੀਗਤ ਮੁਕਾਬਲਿਆਂ ਵਿੱਚ 4 ਸੋਨੇ, 4 ਚਾਂਦੀ ਅਤੇ 9 ਕਾਂਸੇ ਦੇ ਤਗ਼ਮਿਆਂ ਸਮੇਤ ਕੁੱਲ 17 ਤਗ਼ਮੇ ਜਿੱਤੇ ਹਨ। ਭਾਰਤੀ ਟੀਮ ਨੇ ਸਾਬਰੇ, ਫੌਇਲ ਅਤੇ ਏਪੀ ਵਰਗਾਂ ਦੇ ਸਾਰੇ 6 ਵਿਅਕਤੀਗਤ ਮੁਕਾਬਲਿਆਂ ਵਿੱਚ ਤਗ਼ਮੇ ਜਿੱਤ ਕੇ ਦਬਦਬਾ ਕਾਇਮ ਕੀਤਾ।
ਪੁਰਸ਼ਾਂ ਦੇ ਸਾਬਰ ਮੁਕਾਬਲੇ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਾਰੇ ਤਗ਼ਮੇ ਆਪਣੇ ਨਾਂ ਕੀਤੇ। ਇਸੇ ਤਰ੍ਹਾਂ ਨਿਖਿਲ ਵਾਘ ਨੇ ਸੋਨੇ, ਲਕਸ਼ੈ ਨੇ ਚਾਂਦੀ, ਜਦਕਿ ਅਸ਼ਵਨੀ ਆਰਿਆ ਅਤੇ ਲੈਸ਼ਰਾਮ ਮੋਰਾਂਬਾ ਨੇ ਸਾਂਝੇ ਤੌਰ ’ਤੇ ਕਾਂਸੇ ਦੇ ਤਗ਼ਮੇ ਜਿੱਤੇ। ਪੁਰਸ਼ ਫੌਇਲ ਵਿੱਚ ਤੇਜਸ ਪਾਟਿਲ ਨੇ ਚਾਂਦੀ ਅਤੇ ਹੇਮਾਸ਼ ਸਨਾਸਮ ਨੇ ਕਾਂਸੇ ਦਾ ਤਗ਼ਮਾ ਆਪਣੇ ਨਾਂ ਕੀਤਾ। ਪੁਰਸ਼ ਏਪੀ ਵਿੱਚ ਲੋਕੇਸ਼ ਵੇਮਾਨੀ ਨੇ ਚਾਂਦੀ, ਸ਼ੌਰਿਆ ਅਸ਼ਵਨੀ ਅਤੇ ਗੌਡਵਿਨ ਅੰਬਕੇਸ ਨੇ ਕਾਂਸੇ ਦੇ ਤਗ਼ਮੇ ਜਿੱਤੇ। ਮਹਿਲਾ ਫੌਇਲ ਵਿੱਚ ਜੋਇਸ ਆਸ਼ਿਤਾ ਨੇ ਸੋਨੇ ਅਤੇ ਕਨਗਲਕਸ਼ਮੀ ਨੇ ਚਾਂਦੀ ਦਾ ਤਗ਼ਮਾ ਜਿੱਤਿਆ।
ਇਸੇ ਤਰ੍ਹਾਂ ਮਹਿਲਾ ਏਪੀ ਮੁਕਾਬਲੇ ਵਿੱਚ ਪ੍ਰਾਚੀ ਲੋਹਾਨ ਨੇ ਸੋਨੇ ਜਦਕਿ ਨਿਵੇਦਿਆ ਨਾਇਰ ਅਤੇ ਅਨੁਪ੍ਰੀਆ ਨੇ ਕਾਂਸੀ ਦੇ ਤਗ਼ਮੇ ਜਿੱਤੇ। ਇਸ ਤੋਂ ਇਲਾਵਾ ਮਹਿਲਾ ਸਾਬਰੇ ਵਿੱਚ ਜੈਫਰਲਿਨ ਨੇ ਸੋਨੇ, ਆਖਰੀ ਨੇ ਚਾਂਦੀ ਅਤੇ ਸ਼੍ਰੇਆ ਗੁਪਤਾ ਨੇ ਕਾਂਸੇ ਦਾ ਤਗ਼ਮਾ ਆਪਣੇ ਨਾਂ ਕੀਤਾ।
ਫੈਂਸਿੰਗ ਐਸੋਸੀਏਸ਼ਨ ਆਫ ਇੰਡੀਆ ਦੇ ਸਕੱਤਰ ਜਨਰਲ ਰਾਜੀਵ ਮਹਿਤਾ ਨੇ ਕਿਹਾ ਕਿ ਖਿਡਾਰੀਆਂ ਨੂੰ ਮੁਕਾਬਲਾ ਕਰਨ ਲਈ ਹੋਰ ਮੌਕੇ ਦਿੱਤੇ ਜਾਣਗੇ ਤਾਂ ਜੋ ਉਹ ਸੀਨੀਅਰ ਮੁਕਾਬਲਿਆਂ ਲਈ ਤਿਆਰ ਹੋ ਸਕਣ।
ਪੰਜਾਬੀ ਟ੍ਰਿਬਯੂਨ