ਸੀਐਮ ਦੀ ਫਗਵਾੜਾ ਫੇਰੀ ਦੇ ਵਿਰੋਧ ਦਾ ਐਲਾਨ !
ਕਪੂਰਥਲਾ ਵਿੱਚ ਗੰਨਾ ਕਿਸਾਨਾਂ ਵੱਲੋਂ ਬਕਾਏ ਦੀ ਮੰਗ ਨੂੰ ਲੈ ਕੇ ਮਾਨ ਸਰਕਾਰ ਨੂੰ ਚਿਤਾਵਨੀ ਦਿੱਤੀ ਅਤੇ ਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਹੈ।
12 ਅਗਸਤ, 2026 – ਕਪੂਰਥਲਾ: ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਗੰਨਾ ਕਿਸਾਨਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ।
ਸੀਐਮ ਦੀ ਫਗਵਾੜਾ ਫੇਰੀ ਦੇ ਵਿਰੋਧ ਦਾ ਐਲਾਨ
ਉਨ੍ਹਾਂ ਕਿਹਾ ਕਿ “ਜੇਕਰ ਕਿਸਾਨਾਂ ਦੀਆਂ ਲਟਕਦੀਆਂ ਮੰਗਾਂ ਤੁਰੰਤ ਸਵੀਕਾਰ ਨਹੀਂ ਕੀਤੀਆਂ ਗਈਆਂ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ 13 ਅਗਸਤ ਨੂੰ ਫਗਵਾੜਾ ਫੇਰੀ ਦਾ ਸਖ਼ਤ ਵਿਰੋਧ ਹੋਵੇਗਾ। ਅਸੀਂ ਮੁੱਖ ਮੰਤਰੀ ਨੂੰ ਫਗਵਾੜਾ ਵਿੱਚ ਦਾਖਲ ਨਹੀਂ ਹੋਣ ਦੇਵਾਂਗੇ ਅਤੇ ਸ਼ਹਿਰ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਨੂੰ ਪੂਰੀ ਤਰ੍ਹਾਂ ਜਾਮ ਕੀਤਾ ਜਾਵੇਗਾ।”
“ਸਾਡਾ 28 ਕਰੋੜ ਦੇ ਲਗਭਗ ਗੰਨੇ ਦਾ ਬਕਾਇਆ ਫਗਵਾੜਾ ਮਿੱਲ ਵੱਲ ਖੜ੍ਹਾ ਹੈ। ਇਸ ਸਬੰਧ ਵਿੱਚ ਕਪੂਰਥਲਾ ਡੀਸੀ ਨੂੰ ਮੰਗ ਪੱਤਰ ਦਿੱਤਾ ਹੈ। ਜੇ ਸਾਡੀ ਮੰਗ ਵੱਲ ਧਿਆਨ ਨਾ ਦਿੱਤਾ ਤਾਂ 13 ਅਗਸਤ ਨੂੰ ਫਗਵਾੜਾ ਵਿਖੇ ਸੀਐਮ ਮਾਨ ਦੀ ਫੇਰੀ ਦਾ ਵਿਰੋਧ ਕੀਤਾ ਜਾਵੇਗਾ। ਸਾਰੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਸੀਐਮ ਨੂੰ ਫਗਵਾੜਾ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।”– ਮਨਜੀਤ ਸਿੰਘ ਰਾਏ,ਸੂਬਾ ਪ੍ਰਧਾਨ,ਭਾਰਤੀ ਕਿਸਾਨ ਯੂਨੀਅਨ (ਦੋਆਬਾ)
20 ਅਗਸਤ ਤੋਂ ਅਣਮਿੱਥੇ ਸਮੇਂ ਲਈ ਧਰਨੇ ਦੀ ਚਿਤਾਵਨੀ
ਮਨਜੀਤ ਸਿੰਘ ਰਾਏ ਨੇ ਅੱਗੇ ਕਿਹਾ ਕਿ “ਜੇਕਰ ਸਰਕਾਰ ਇਸ ਦੇ ਬਾਵਜੂਦ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ 20 ਅਗਸਤ ਤੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਜਾਵੇਗਾ, ਜਿਸ ਵਿੱਚ ਅੰਮ੍ਰਿਤਸਰ–ਦਿੱਲੀ ਰਾਸ਼ਟਰੀ ਰਾਜਮਾਰਗ ਅਤੇ ਫਗਵਾੜਾ ਵਿੱਚ ਮੁੱਖ ਚੌਰਾਹੇ ਨੂੰ ਪੂਰੀ ਤਰ੍ਹਾਂ ਜਾਮ ਕੀਤਾ ਜਾਵੇਗਾ। ਇਸ ਸਮੇਂ ਦੌਰਾਨ ਹੋਣ ਵਾਲੇ ਕਿਸੇ ਵੀ ਆਵਾਜਾਈ ਵਿਘਨ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।”
ਬਕਾਏ ਲਈ ਡੀਸੀ ਨੂੰ ਦਿੱਤਾ ਮੰਗ ਪੱਤਰ
ਕਿਸਾਨ ਆਗੂ ਨੇ ਦੱਸਿਆ ਕਿ “ਗੰਨਾ ਕਿਸਾਨਾਂ ਦੇ ਕਰੋੜਾਂ ਰੁਪਏ ਦੇ ਬਕਾਏ ਜਾਰੀ ਕਰਨ ਦੀ ਮੰਗ ਕਰਦੇ ਹੋਏ ਮੰਗਾਂ ਦਾ ਇੱਕ ਮੰਗ ਪੱਤਰ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ ਹੈ। 2021-22 ਸੀਜ਼ਨ ਲਈ ਲਗਭਗ ₹27.85 ਕਰੋੜ ਅਤੇ 2025-26 ਸੀਜ਼ਨ ਲਈ ਲਗਭਗ ₹18 ਕਰੋੜ ਬਕਾਇਆ ਹਨ।”
ਮੰਗਾਂ ਵੱਲ ਧਿਆਨ ਦੇਣ ਦੀ ਅਪੀਲ
ਉਨ੍ਹਾਂ ਮੰਗ ਕੀਤੀ ਕਿ “ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਲਈ ਬਕਾਇਆ ਭੁਗਤਾਨ ਤੁਰੰਤ ਜਾਰੀ ਕਰੇ ਅਤੇ ਗੰਨਾ ਉਤਪਾਦਕਾਂ ਦੀਆਂ ਹੋਰ ਲੰਬਿਤ ਮੰਗਾਂ ਨੂੰ ਜਲਦੀ ਹੱਲ ਕਰੇ।” ਕਿਸਾਨ ਯੂਨੀਅਨ ਨੇ ਸਪੱਸ਼ਟ ਕੀਤਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਅੰਦੋਲਨ ਤੇਜ਼ ਕੀਤਾ ਜਾਵੇਗਾ।”
ETV BHARAT