• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Authors
  • Contact Us

The Punjab Pulse

Centre for Socio-Cultural Studies

  • Areas of Study
    • Maharaja Ranjit Singh
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General

‘ਕੈਨੇਡਾ ਡ੍ਰੀਮ’ ਹੁਣ ਪਹਿਲਾਂ ਵਰਗਾ ਨਹੀਂ? ਵਿਦਿਆਰਥੀਆਂ ਲਈ PR ਲੈਣੀ ਹੋਈ ਔਖੀ

August 14, 2026 By News Bureau

Share

ਕੈਨੇਡਾ ਦੀਆਂ ਨਵੀਆਂ ਨੀਤੀਆਂ ਦਾ ਪੰਜਾਬੀ ਵਿਦਿਆਰਥੀਆਂ ’ਤੇ ਕਿੰਨਾ ਅਸਰ? ਕਿਹੜੀ ਪੜ੍ਹਾਈ ਅਤੇ ਹੁਨਰ ਹੁਣ ਵਧੇਰੇ ਅਹਿਮ? ਪੱਤਰਕਾਰ ਕੰਵਲਜੀਤ ਕੌਰ ਦੀ ਰਿਪੋਰਟ।

14 ਅਗਸਤ, 2026 – ਚੰਡੀਗੜ੍ਹ: ਕਦੇ ਪੰਜਾਬ ਦੇ ਨੌਜਵਾਨਾਂ ਲਈ ਕੈਨੇਡਾ ਜਾਣ ਦਾ ਸਭ ਤੋਂ ਆਮ ਰਸਤਾ ਪੜ੍ਹਾਈ ਲਈ ਸਟੱਡੀ ਵੀਜ਼ਾ ਲੈਣਾ, ਫਿਰ ਉੱਥੇ ਕੰਮ ਦਾ ਤਜਰਬਾ ਹਾਸਲ ਕਰਨਾ ਅਤੇ ਆਖ਼ਰ ਵਿੱਚ ਪੱਕੀ ਰਿਹਾਇਸ਼ (PR-Permanent Residency) ਲੈਣਾ ਹੁੰਦਾ ਸੀ। ਪਰ, ਹੁਣ ਕੈਨੇਡਾ ਦੀ ਬਦਲ ਰਹੀ ਇਮੀਗ੍ਰੇਸ਼ਨ ਨੀਤੀ ਨੇ ਇਹ ਪੂਰਾ ਰਸਤਾ ਪਹਿਲਾਂ ਨਾਲੋਂ ਕਾਫ਼ੀ ਔਖਾ ਅਤੇ ਮੁਕਾਬਲੇ ਵਾਲਾ ਬਣਾ ਦਿੱਤਾ ਹੈ।

5 ਅਗਸਤ ਦੇ ਕੈਨੇਡੀਅਨ ਤਜਰਬਾ ਸ਼੍ਰੇਣੀ (CEC) ਦੇ ਡਰਾਅ ਵਿੱਚ 516 CRS (Comprehensive Ranking System) ਅੰਕਾਂ ਦੀ ਹੱਦ ਨੇ ਦਿਖਾ ਦਿੱਤਾ ਕਿ ਕੈਨੇਡਾ ਵਿੱਚ ਕੰਮ ਦਾ ਤਜਰਬਾ ਹੋਣ ਦੇ ਬਾਵਜੂਦ ਪੀਆਰ ਲੈਣਾ ਹੁਣ ਸੌਖਾ ਨਹੀਂ ਰਿਹਾ। ਇਮੀਗ੍ਰੇਸ਼ਨ ਨੀਤੀ ਵਿੱਚ ਹੋ ਰਹੇ ਬਦਲਾਅ ਨੇ ਪੰਜਾਬੀ ਵਿਦਿਆਰਥੀਆਂ ਸਾਹਮਣੇ ਵੀ ਕਈ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ।

ਇਸ ਰਿਪੋਰਟ ਵਿੱਚ ਅਸੀਂ ਤੱਥਾਂ ਦੇ ਅਧਾਰ ’ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੈਨੇਡਾ ਦੀਆਂ ਨਵੀਆਂ ਨੀਤੀਆਂ ਦਾ ਪੰਜਾਬੀ ਵਿਦਿਆਰਥੀਆਂ ’ਤੇ ਕਿੰਨਾ ਅਸਰ ਪਿਆ ਹੈ? ਕਿਹੜੀ ਪੜ੍ਹਾਈ ਅਤੇ ਕਿਹੜੇ ਹੁਨਰ ਹੁਣ ਵਧੇਰੇ ਮਹੱਤਵਪੂਰਨ ਹਨ? ਫ਼੍ਰੈਂਚ ਭਾਸ਼ਾ ਅਤੇ ਸੂਬਾਈ ਨਾਮਜ਼ਦਗੀ ਵਰਗੇ ਰਸਤੇ ਕਿਉਂ ਅਹਿਮ ਹੋ ਰਹੇ ਹਨ ਅਤੇ ਸਭ ਤੋਂ ਵੱਡਾ ਸਵਾਲ- ਕੀ ਪੰਜਾਬ ਦਾ ‘ਕੈਨੇਡਾ ਡ੍ਰੀਮ’ ਹੁਣ ਪਹਿਲਾਂ ਵਰਗਾ ਨਹੀਂ ਰਿਹਾ?

516 CRS ਨੇ ਬਦਲੀ ਪੀਆਰ ਦੀ ਦੌੜ

ਕੈਨੇਡਾ ਵਿੱਚ ਪੜ੍ਹਾਈ ਤੋਂ ਬਾਅਦ ਪੀਆਰ ਲੈਣ ਦੀ ਉਮੀਦ ਰੱਖਣ ਵਾਲੇ ਪੰਜਾਬੀ ਨੌਜਵਾਨਾਂ ਲਈ 5 ਅਗਸਤ, 2026 ਦਾ ਐਕਸਪ੍ਰੈੱਸ ਐਂਟਰੀ ਡਰਾਅ ਅਹਿਮ ਰਿਹਾ। ਇਸ ਡਰਾਅ ਵਿੱਚ ਕੈਨੇਡਾ ਵਿੱਚ ਕੰਮ ਦਾ ਤਜਰਬਾ ਰੱਖਣ ਵਾਲੇ 3,000 ਲੋਕਾਂ ਨੂੰ ਪੀਆਰ ਲਈ ਅਰਜ਼ੀ ਦੇਣ ਦਾ ਮੌਕਾ ਮਿਲਿਆ। ਪਰ, ਇਸ ਲਈ ਘੱਟੋ-ਘੱਟ 516 CRS ਅੰਕ ਹੋਣੇ ਜ਼ਰੂਰੀ ਸਨ। ਇਸ ਦਾ ਇਹ ਮਤਲਬ ਨਹੀਂ ਕਿ 516 ਤੋਂ ਘੱਟ ਅੰਕ ਵਾਲੇ ਹਰ ਵਿਅਕਤੀ ਨੂੰ ਪੀਆਰ ਨਹੀਂ ਮਿਲ ਸਕਦੀ। 516 ਅੰਕ ਸਿਰਫ਼ ਇਸ ਡਰਾਅ ਦੀ ਹੱਦ ਸੀ। ਅਗਲੇ ਡਰਾਅ ਵਿੱਚ ਇਹ ਹੱਦ ਵੱਧ ਜਾਂ ਘੱਟ ਹੋ ਸਕਦੀ ਹੈ। ਪਰ 516 ਦਾ ਉੱਚਾ ਅੰਕ ਇਹ ਜ਼ਰੂਰ ਦੱਸਦਾ ਹੈ ਕਿ ਪੀਆਰ ਲਈ ਉਮੀਦਵਾਰਾਂ ਵਿਚਕਾਰ ਮੁਕਾਬਲਾ ਵਧ ਗਿਆ ਹੈ।

ਐਕਸਪ੍ਰੈੱਸ ਐਂਟਰੀ ਦੇ ਅੰਕੜਿਆਂ ਤੋਂ ਵੀ ਇਹ ਗੱਲ ਸਮਝ ਆਉਂਦੀ ਹੈ। 3 ਅਗਸਤ ਨੂੰ 501 ਤੋਂ 600 ਅੰਕਾਂ ਵਾਲੇ 19,705 ਉਮੀਦਵਾਰ ਪੀਆਰ ਦੀ ਦੌੜ ਵਿੱਚ ਸਨ। 19 ਜੁਲਾਈ ਨੂੰ ਇਹ ਗਿਣਤੀ 18,133 ਸੀ। ਮਤਲਬ ਸਿਰਫ਼ ਦੋ ਹਫ਼ਤਿਆਂ ਵਿੱਚ ਇਸ ਅੰਕ-ਸ਼੍ਰੇਣੀ ਵਿੱਚ 1,572 ਉਮੀਦਵਾਰ ਵਧ ਗਏ। ਇਸ ਦਾ ਮਤਲਬ ਹੈ ਕਿ 500 ਤੋਂ ਵੱਧ ਅੰਕ ਵਾਲੇ ਉਮੀਦਵਾਰਾਂ ਵਿੱਚ ਵੀ ਹੁਣ ਪੀਆਰ ਲਈ ਮੁਕਾਬਲਾ ਕਾਫ਼ੀ ਵਧ ਗਿਆ ਹੈ।

ਕੈਨੇਡਾ ਵਿੱਚ ਕਿੰਨੇ ਪੰਜਾਬੀ ਵਿਦਿਆਰਥੀ ?

ਕੈਨੇਡਾ ਸਰਕਾਰ ਪੰਜਾਬ ਜਾਂ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਵੱਖਰੇ ਤੌਰ ’ਤੇ ਦਰਜ ਨਹੀਂ ਕਰਦੀ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਵਿਦਿਆਰਥੀਆਂ ਦਾ ਅੰਕੜਾ ਮੁੱਖ ਤੌਰ ’ਤੇ ਉਨ੍ਹਾਂ ਦੀ ਨਾਗਰਿਕਤਾ ਦੇ ਅਧਾਰ ’ਤੇ ਰੱਖਦਾ ਹੈ। ਇਸ ਲਈ ਕੈਨੇਡਾ ਵਿੱਚ ਇਸ ਸਮੇਂ ਕਿੰਨੇ ਪੰਜਾਬੀ ਵਿਦਿਆਰਥੀ ਹਨ, ਇਸ ਦਾ ਸਿੱਧਾ ਸਰਕਾਰੀ ਅੰਕੜਾ ਉਪਲਬਧ ਨਹੀਂ ਹੈ। ਹਾਲਾਂਕਿ ਭਾਰਤ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਵੱਡੀ ਰਹੀ ਹੈ।

2023 ਵਿੱਚ 5.33 ਲੱਖ ਭਾਰਤੀ ਨਾਗਰਿਕਾਂ ਕੋਲ ਕੈਨੇਡਾ ਦਾ ਸਟੱਡੀ ਪਰਮਿਟ ਸੀ। ਇਹ ਕੁੱਲ ਸਟੱਡੀ ਪਰਮਿਟ ਧਾਰਕਾਂ ਦਾ ਲਗਭਗ 40.6 ਫ਼ੀਸਦੀ ਸੀ। ਸਤੰਬਰ 2024 ਤੱਕ ਇਹ ਗਿਣਤੀ 5.10 ਲੱਖ ਰਹੀ। ਇਸ ਦੇ ਨਾਲ ਹੀ ਕੈਨੇਡਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਕੁੱਲ ਗਿਣਤੀ ਵਿੱਚ ਵੀ ਕਮੀ ਆਈ ਹੈ। 2024 ਦੇ ਅੰਤ ਵਿੱਚ ਲਗਭਗ 9.29 ਲੱਖ ਸਟੱਡੀ ਪਰਮਿਟ ਧਾਰਕ ਸਨ, ਜੋ ਸਤੰਬਰ 2025 ਤੱਕ ਘਟ ਕੇ ਲਗਭਗ 7.25 ਲੱਖ ਰਹਿ ਗਏ। ਇਹ ਅੰਕੜੇ ਦੱਸਦੇ ਹਨ ਕਿ ਕੈਨੇਡਾ ਦੀਆਂ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਅਤੇ ਸਟੱਡੀ ਪਰਮਿਟਾਂ ’ਤੇ ਲਾਈਆਂ ਗਈਆਂ ਪਾਬੰਦੀਆਂ ਦਾ ਭਾਰਤੀ ਵਿਦਿਆਰਥੀਆਂ ’ਤੇ ਵੀ ਅਸਰ ਪਿਆ ਹੈ। ਇਸ ਵਿੱਚ ਪੰਜਾਬ ਤੋਂ ਜਾਣ ਵਾਲੇ ਵਿਦਿਆਰਥੀ ਵੀ ਸ਼ਾਮਲ ਹਨ।

ਕੈਨੇਡਾ ਨੇ ਇਮੀਗ੍ਰੇਸ਼ਨ ਨੀਤੀ ਕਿਉਂ ਬਦਲੀ?

ਇਮੀਗ੍ਰੇਸ਼ਨ ਕੰਸਲਟੈਂਟ ਅਤੇ ਕੈਨੇਡਾ ਇਮੀਗ੍ਰੇਸ਼ਨ ਮਾਹਿਰ ਬਲਜਿੰਦਰ ਸਿੰਘ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਦੱਸਿਆ ਕਿ, “ਕੈਨੇਡਾ ਦੀ ਨਵੀਂ ਨੀਤੀ ਦਾ ਮਕਸਦ ਸਿਰਫ਼ ਵਿਦਿਆਰਥੀਆਂ ਦੀ ਗਿਣਤੀ ਘਟਾਉਣਾ ਨਹੀਂ ਹੈ। ਸਰਕਾਰ ਦਾ ਮਕਸਦ ਦੇਸ਼ ਵਿੱਚ ਆਰਜ਼ੀ ਤੌਰ ’ਤੇ ਰਹਿ ਰਹੇ ਲੋਕਾਂ ਦੀ ਗਿਣਤੀ ਨੂੰ ਇੱਕ ਟਿਕਾਊ ਪੱਧਰ ’ਤੇ ਲਿਆਉਣਾ ਵੀ ਹੈ।”

ਉਨ੍ਹਾਂ ਦੱਸਿਆ ਕਿ, IRCC ਮੁਤਾਬਕ ਵਿਦਿਆਰਥੀਆਂ ਅਤੇ ਆਰਜ਼ੀ ਕਾਮਿਆਂ ਦੀ ਵਧਦੀ ਗਿਣਤੀ ਕਾਰਨ ਘਰਾਂ, ਬੁਨਿਆਦੀ ਢਾਂਚੇ ਅਤੇ ਸਰਕਾਰੀ ਸੇਵਾਵਾਂ ’ਤੇ ਦਬਾਅ ਵਧਿਆ। ਇਸ ਲਈ ਕੈਨੇਡਾ ਸਰਕਾਰ ਹੁਣ ਆਰਜ਼ੀ ਵਸਨੀਕਾਂ ਦੀ ਗਿਣਤੀ ਨੂੰ ਦੇਸ਼ ਦੀ ਸਮਰੱਥਾ ਨਾਲ ਜੋੜ ਕੇ ਦੇਖ ਰਹੀ ਹੈ।

ਨਵੀਂ ਇਮੀਗ੍ਰੇਸ਼ਨ ਨੀਤੀ ਦੇ ਮੁੱਖ ਟੀਚੇ ਕੀ ਹਨ?

ਕੈਨੇਡਾ ਦਾ ਟੀਚਾ 2027 ਦੇ ਅੰਤ ਤੱਕ ਆਰਜ਼ੀ ਵਸਨੀਕਾਂ ਦੀ ਗਿਣਤੀ ਨੂੰ ਕੁੱਲ ਅਬਾਦੀ ਦੇ 5 ਫ਼ੀਸਦੀ ਤੋਂ ਹੇਠਾਂ ਲਿਆਉਣਾ ਹੈ। ਬਲਜਿੰਦਰ ਸਿੰਘ ਮੁਤਾਬਕ ਕੈਨੇਡਾ ਨੇ 2026 ਲਈ ਨਵੇਂ ਆਰਜ਼ੀ ਵਸਨੀਕਾਂ ਦਾ ਟੀਚਾ 3.85 ਲੱਖ ਰੱਖਿਆ ਹੈ। ਇਸ ਵਿੱਚ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ 1.55 ਲੱਖ ਦਾ ਟੀਚਾ ਹੈ। 2026 ਵਿੱਚ ਕੁੱਲ 4.08 ਲੱਖ ਸਟੱਡੀ ਪਰਮਿਟ ਜਾਰੀ ਕਰਨ ਦਾ ਟੀਚਾ ਹੈ। ਇਸ ਵਿੱਚ ਮੌਜੂਦਾ ਵਿਦਿਆਰਥੀਆਂ ਦੇ ਪਰਮਿਟ ਵਧਾਉਣਾ ਵੀ ਸ਼ਾਮਲ ਹੈ।

CRS ਨੀਤੀ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ’ਤੇ ਅਸਰ

ਕੈਨੇਡਾ ਦੇ ਨਾਗਰਿਕ ਅਤੇ ਇਮੀਗ੍ਰੇਸ਼ਨ ਮਾਹਿਰ ਕਰਨਜੀਤ ਸਿੰਘ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਦੱਸਿਆ ਕਿ, “CRS (Comprehensive Ranking System) ਇੱਕ ਅੰਕ–ਅਧਾਰਿਤ ਪ੍ਰਣਾਲੀ ਹੈ। ਇਸ ਰਾਹੀਂ ਪੀਆਰ ਲਈ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਦੀ ਯੋਗਤਾ ਦੇਖੀ ਜਾਂਦੀ ਹੈ।” ਇਸ ਵਿੱਚ ਪੜ੍ਹਾਈ, ਉਮਰ ਅਤੇ ਕੰਮ ਦੇ ਤਜਰਬੇ ਵਰਗੀਆਂ ਵੱਖ-ਵੱਖ ਗੱਲਾਂ ਦੇ ਆਧਾਰ ’ਤੇ ਅੰਕ ਮਿਲਦੇ ਹਨ। ਇਨ੍ਹਾਂ ਸਾਰੇ ਅੰਕਾਂ ਨੂੰ ਜੋੜ ਕੇ ਉਮੀਦਵਾਰ ਦਾ CRS ਸਕੋਰ ਬਣਦਾ ਹੈ।

ਕਰਨਜੀਤ ਸਿੰਘ ਮੁਤਾਬਕ, ‘ਜਦੋਂ ਕੈਨੇਡਾ ਸਰਕਾਰ ਨੇ 3 ਸਾਲਾਂ ਲਈ ਸਟੱਡੀ ਵੀਜ਼ਿਆਂ ’ਤੇ ਸੀਮਾ ਲਗਾਈ ਤਾਂ ਇਸ ਦਾ ਭਾਰਤੀ ਵਿਦਿਆਰਥੀਆਂ ’ਤੇ ਵੱਡਾ ਅਸਰ ਪਿਆ। ਪਹਿਲਾਂ ਆਸਟ੍ਰੇਲੀਆ, ਨਿਊਜ਼ੀਲੈਂਡ, ਯੂ.ਕੇ. ਅਤੇ ਅਮਰੀਕਾ ਦੇ ਮੁਕਾਬਲੇ ਕੈਨੇਡਾ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਸੀ। ਇਸ ਦਾ ਇੱਕ ਵੱਡਾ ਕਾਰਨ ਇਹ ਸੀ ਕਿ ਪੜ੍ਹਾਈ ਤੋਂ ਬਾਅਦ ਪੀਆਰ ਲੈਣਾ ਮੁਕਾਬਲਤਨ ਆਸਾਨ ਮੰਨਿਆ ਜਾਂਦਾ ਸੀ।‘

ਪਹਿਲਾਂ CRS ਦੀ ਹੱਦ 400 ਤੋਂ 460 ਦੇ ਵਿਚਕਾਰ ਆਉਂਦੀ ਸੀ। ਪਰ ਪਿਛਲੇ ਕਾਫ਼ੀ ਸਮੇਂ ਤੋਂ ਇਹ ਹੱਦ ਵਧ ਕੇ 510 ਤੋਂ 520 ਦੇ ਵਿਚਕਾਰ ਚੱਲ ਰਹੀ ਹੈ। ਇਸ ਦਾ ਮਤਲਬ ਇਹ ਹੈ ਕਿ ਹੁਣ ਸਿਰਫ਼ ਡਿਪਲੋਮਾ ਕਰਨ ਵਾਲੇ ਵਿਦਿਆਰਥੀਆਂ ਲਈ ਪੀਆਰ ਲੈਣਾ ਕਾਫ਼ੀ ਔਖਾ ਹੋ ਸਕਦਾ ਹੈ। ਅਜਿਹੇ ਵਿਦਿਆਰਥੀਆਂ ਨੂੰ ਆਪਣੇ ਪੀਆਰ ਦੇ ਮੌਕੇ ਵਧਾਉਣ ਲਈ ਬੈਚਲਰ ਡਿਗਰੀ ਕਰਨ ਦੀ ਲੋੜ ਪੈ ਸਕਦੀ ਹੈ।–ਕਰਨਜੀਤ ਸਿੰਘ,ਕੈਨੇਡਾ ਦੇ ਨਾਗਰਿਕ ਅਤੇ ਇਮੀਗ੍ਰੇਸ਼ਨ ਮਾਹਿਰ

ਜਿਹੜੇ ਵਿਦਿਆਰਥੀ ਪਹਿਲਾਂ ਡਿਪਲੋਮਾ ਕਰ ਚੁੱਕੇ ਹਨ ਜਾਂ ਜਿਨ੍ਹਾਂ ਦਾ ਡਿਪਲੋਮਾ ਹੁਣੇ ਖ਼ਤਮ ਹੋਇਆ ਹੈ ਅਤੇ ਉਹ (PGWP) ਪੀਜੀਡਬਲਯੂਪੀ ’ਤੇ ਹਨ, ਉਨ੍ਹਾਂ ਕੋਲ ਦੋ ਵਿਕਲਪ ਹਨ। ਉਨ੍ਹਾਂ ਲਈ ਇੱਕ ਬਿਹਤਰ ਰਾਹ ਇਹ ਹੈ ਕਿ ਉਹ ਆਪਣਾ ਵਰਕ ਪਰਮਿਟ ਖ਼ਤਮ ਹੋਣ ਦੀ ਉਡੀਕ ਕਰਨ ਦੀ ਬਜਾਏ, ਪਹਿਲਾਂ ਹੀ ਬੈਚਲਰ ਡਿਗਰੀ ਵਿੱਚ ਦਾਖ਼ਲਾ ਲੈਣ। ਡਿਗਰੀ ਨਾਲ ਉਨ੍ਹਾਂ ਦੇ ਅੰਕ ਵਧ ਸਕਦੇ ਹਨ। ਇਸ ਦੇ ਨਾਲ, ਉਮਰ ਦੇ ਵੀ ਪੂਰੇ ਅੰਕ ਮਿਲਦੇ ਹਨ। ਇਸ ਲਈ ਸਮੇਂ ਸਿਰ ਫ਼ੈਸਲਾ ਕਰਨਾ ਮਹੱਤਵਪੂਰਨ ਹੈ।

ਕੈਨੇਡਾ ਵਿੱਚ ਅਜਿਹੀ ਸਥਿਤੀ ਕਿਉਂ ਬਣੀ ?

ਕਰਨਜੀਤ ਸਿੰਘ ਮੁਤਾਬਕ ਕੈਨੇਡਾ ਵਿੱਚ ਮੌਜੂਦਾ ਹਲਾਤਾਂ ਦਾ ਇੱਕ ਵੱਡਾ ਕਾਰਨ ਭਾਰਤ ਵਿੱਚ ਸਰਕਾਰੀ ਨੌਕਰੀਆਂ ਅਤੇ ਚੰਗੇ ਮੌਕਿਆਂ ਦੀ ਘਾਟ ਹੈ। ਇਸ ਕਾਰਨ ਵੱਡੀ ਗਿਣਤੀ ਵਿੱਚ ਨੌਜਵਾਨ ਕੈਨੇਡਾ ਚਲੇ ਗਏ। ਉਨ੍ਹਾਂ ਮੁਤਾਬਕ ਕੁਝ ਅਜਿਹੇ ਮਾਮਲੇ ਵੀ ਸਾਹਮਣੇ ਆਏ, ਜਿੱਥੇ ਯੋਗਤਾ ਨਾ ਬਣਨ ਦੇ ਬਾਵਜੂਦ ਲੋਕਾਂ ਨੇ ਨਕਲੀ ਵਿਆਹ ਜਾਂ ਹੋਰ ਤਰੀਕਿਆਂ ਨਾਲ ਕੈਨੇਡਾ ਜਾਣ ਦੀ ਕੋਸ਼ਿਸ਼ ਕੀਤੀ। ਪਰ, ਕੈਨੇਡਾ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ ਵਧਣ ਨਾਲ ਉੱਥੇ ਨੌਕਰੀਆਂ ਅਤੇ ਹੋਰ ਸਹੂਲਤਾਂ ’ਤੇ ਦਬਾਅ ਵਧਿਆ। ਇਸ ਕਰਕੇ ਸਰਕਾਰ ਨੇ ਇਮੀਗ੍ਰੇਸ਼ਨ ਨਿਯਮ ਸਖ਼ਤ ਕਰਨੇ ਸ਼ੁਰੂ ਕੀਤੇ। ਉਨ੍ਹਾਂ ਮੁਤਾਬਕ ਇਸ ਸਖ਼ਤੀ ਦਾ ਸਭ ਤੋਂ ਵੱਧ ਅਸਰ ਉਨ੍ਹਾਂ 80 ਫ਼ੀਸਦੀ ਬੱਚਿਆਂ ’ਤੇ ਪੈ ਰਿਹਾ ਹੈ, ਜੋ ਸਿਰਫ਼ ਡਿਪਲੋਮਾ ਕਰਨ ਲਈ ਕੈਨੇਡਾ ਗਏ ਸਨ। ਦੂਜੇ ਪਾਸੇ, ਜਿਨ੍ਹਾਂ ਕੋਲ ਡਿਗਰੀ ਅਤੇ ਚੰਗੇ ਹੁਨਰ ਹਨ, ਉਨ੍ਹਾਂ ਦੀ ਮੰਗ ਅਜੇ ਵੀ ਹੈ।

ਕਰਨਜੀਤ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇ ਨਿਯਮ ਇਸੇ ਤਰ੍ਹਾਂ ਸਖ਼ਤ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਹਲਾਤ ਹੋਰ ਔਖੇ ਹੋ ਸਕਦੇ ਹਨ। ਜਿਨ੍ਹਾਂ ਲੋਕਾਂ ਦਾ CRS ਸਕੋਰ ਪੂਰਾ ਨਹੀਂ ਹੋਵੇਗਾ, ਉਨ੍ਹਾਂ ਲਈ ਕੈਨੇਡਾ ਵਿੱਚ ਕਾਨੂੰਨੀ ਤੌਰ ’ਤੇ ਰਹਿਣਾ ਮੁਸ਼ਕਲ ਹੋ ਸਕਦਾ ਹੈ ਅਤੇ ਸਰਕਾਰ ਉਨ੍ਹਾਂ ਨੂੰ ਭਾਰਤ ਵਾਪਸ ਭੇਜ ਸਕਦੀ ਹੈ। ਔਖੇ ਹਲਾਤ ਕਾਰਨ ਹੁਣ ਕੁਝ ਲੋਕ ਖੁਦ ਵੀ ਕੈਨੇਡਾ ਛੱਡ ਕੇ ਵਾਪਸ ਆ ਰਹੇ ਹਨ।

ਕੈਨੇਡਾ ਜਾਣਾ ਹੁਣ ਰੁਝਾਨ ਜਾਂ ਮਜਬੂਰੀ?

ਕਰਨਜੀਤ ਸਿੰਘ ਮੁਤਾਬਕ, ਪਹਿਲਾਂ ਕੈਨੇਡਾ ਜਾਣਾ ਬਿਹਤਰ ਮੌਕਿਆਂ ਅਤੇ ਚੰਗੇ ਭਵਿੱਖ ਦੀ ਭਾਲ ਨਾਲ ਜੁੜਿਆ ਇੱਕ ਰੁਝਾਨ ਸੀ। ਪਰ, ਹੁਣ ਭਾਰਤ ਵਿੱਚ ਰਹਿਣ ਲਈ ਢੁਕਵਾਂ ਮਾਹੌਲ ਨਾ ਹੋਣਾ, ਵਧਦਾ ਨਸਲਵਾਦ, ਆਪਸੀ ਨਫ਼ਰਤ ਅਤੇ ਭ੍ਰਿਸ਼ਟਾਚਾਰ ਵਰਗੀਆਂ ਸਮੱਸਿਆਵਾਂ ਕਾਰਨ ਵਿਦੇਸ਼ ਜਾਣਾ ਕਈ ਲੋਕਾਂ ਲਈ ਮਜਬੂਰੀ ਵੀ ਬਣ ਗਿਆ ਹੈ।

ਉਨ੍ਹਾਂ ਮੁਤਾਬਕ ਇਸ ਕਾਰਨ ਵੱਡੀ ਗਿਣਤੀ ਵਿੱਚ ਲੋਕ ਵਿਦੇਸ਼ਾਂ ਵੱਲ ਜਾ ਰਹੇ ਹਨ। ਕੈਨੇਡਾ ਵਰਗੇ ‘ਫਾਈਵ ਆਈਜ਼’ ਦੇਸ਼ਾਂ ਵਿੱਚ ਇਮੀਗ੍ਰੇਸ਼ਨ ਅਰਜ਼ੀਆਂ ਦੀ ਗਿਣਤੀ ਬਹੁਤ ਵਧ ਗਈ ਹੈ। ਉਨ੍ਹਾਂ ਇਸ ਸਥਿਤੀ ਦੀ ਤੁਲਨਾ ਇੱਕ ਪੂਰੀ ਤਰ੍ਹਾਂ ਭਰੀ ਹੋਈ ਪਾਣੀ ਦੀ ਬੋਤਲ ਨਾਲ ਕੀਤੀ, ਜਿਸ ਵਿੱਚ ਹੋਰ ਪਾਣੀ ਪਾਉਣ ਲਈ ਜਗ੍ਹਾ ਨਹੀਂ ਬਚਦੀ। ਅਜਿਹੇ ਹਲਾਤ ਵਿੱਚ ਨਵੇਂ ਆਉਣ ਵਾਲੇ ਵਿਦਿਆਰਥੀਆਂ ਅਤੇ ਲੋਕਾਂ ਨੂੰ ਘਰ, ਨੌਕਰੀ ਅਤੇ ਸੁਰੱਖਿਆ ਦੇਣਾ ਸਰਕਾਰ ਲਈ ਵੱਡੀ ਚੁਣੌਤੀ ਬਣ ਜਾਂਦਾ ਹੈ। ਇਸ ਲਈ ਇਮੀਗ੍ਰੇਸ਼ਨ ਨਿਯਮਾਂ ਵਿੱਚ ਕੀਤੀ ਜਾ ਰਹੀ ਸਖ਼ਤੀ ਨੂੰ ਅਬਾਦੀ ਅਤੇ ਸਰਕਾਰੀ ਸਹੂਲਤਾਂ ਨੂੰ ਸੰਭਾਲਣ ਦੀ ਕੋਸ਼ਿਸ਼ ਵਜੋਂ ਵੀ ਦੇਖਿਆ ਜਾ ਸਕਦਾ ਹੈ।

ਪੀਆਰ ਲਈ ਕਿਹੜੇ ਰਸਤੇ ਹੋ ਸਕਦੇ ਹਨ?

ਇਮੀਗ੍ਰੇਸ਼ਨ ਕੰਸਲਟੈਂਟ ਅਤੇ ਕੈਨੇਡਾ ਇਮੀਗ੍ਰੇਸ਼ਨ ਮਾਹਿਰ ਬਲਜਿੰਦਰ ਸਿੰਘ ਮੁਤਾਬਕ, ਜਿਹੜੇ ਲੋਕ ਕੈਨੇਡਾ ਵਿੱਚ ਪੀਆਰ ਲੈਣਾ ਚਾਹੁੰਦੇ ਹਨ, ਉਨ੍ਹਾਂ ਲਈ ਫ਼੍ਰੈਂਚ ਭਾਸ਼ਾ ਸਿੱਖਣਾ ਇੱਕ ਮਹੱਤਵਪੂਰਨ ਰਸਤਾ ਬਣ ਸਕਦਾ ਹੈ। ਫ਼੍ਰੈਂਚ ਭਾਸ਼ਾ ਜਾਣਨ ਨਾਲ ਪੀਆਰ ਲਈ ਲੋੜੀਂਦੇ CRS ਅੰਕਾਂ ਦੀ ਹੱਦ ਕਾਫ਼ੀ ਘੱਟ ਹੋ ਸਕਦੀ ਹੈ। ਉਨ੍ਹਾਂ ਮੁਤਾਬਕ ਇਹ ਹੱਦ ਲਗਭਗ 390 ਤੋਂ 420 ਦੇ ਵਿਚਕਾਰ ਆ ਸਕਦੀ ਹੈ। ਇਸ ਤੋਂ ਇਲਾਵਾ, ਐਕਸਪ੍ਰੈੱਸ ਐਂਟਰੀ ਵਿੱਚ ਫ਼੍ਰੈਂਚ ਜਾਣਨ ਵਾਲਿਆਂ ਨੂੰ 50 ਵਾਧੂ ਅੰਕ ਵੀ ਮਿਲਦੇ ਹਨ।

ਕੈਨੇਡਾ ਵਿੱਚ ਇਸ ਸਮੇਂ ਕੁਝ ਖਾਸ ਖੇਤਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਮੰਗ ਵੀ ਜ਼ਿਆਦਾ ਹੈ। ਇਨ੍ਹਾਂ ਵਿੱਚ ਸਿਹਤ ਸੰਭਾਲ, ਸਮਾਜਿਕ ਸੇਵਾਵਾਂ ਅਤੇ ਹੱਥੀਂ ਕੰਮ ਕਰਨ ਵਾਲੇ ਕਿੱਤੇ ਸ਼ਾਮਲ ਹਨ। ਪਲੰਬਰ, ਕਾਰਪੈਂਟਰ, ਵੈਲਡਰ, ਇਲੈਕਟ੍ਰੀਸ਼ੀਅਨ ਅਤੇ ਟਰਾਂਸਪੋਰਟ ਖੇਤਰ ਵਿੱਚ ਡਰਾਈਵਰਾਂ ਦੀ ਵੀ ਮੰਗ ਹੈ। ਇਸ ਤੋਂ ਇਲਾਵਾ, STEM, ਭਾਵ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਅਤੇ ਮੈਥ ਦੇ ਖੇਤਰਾਂ ਅਤੇ ਖੇਤੀਬਾੜੀ ਵਿੱਚ ਵੀ ਮੌਕੇ ਹਨ। ਸੂਬਿਆਂ ਦੀ ਗੱਲ ਕਰੀਏ ਤਾਂ ਬਲਜਿੰਦਰ ਸਿੰਘ ਮੁਤਾਬਕ, ਅਲਬਰਟਾ, ਸਕੈਚਵਨ ਅਤੇ ਮੈਨੀਟੋਬਾ ਪੀਆਰ ਲਈ ਚੰਗੇ ਵਿਕਲਪ ਮੰਨੇ ਜਾਂਦੇ ਹਨ। ਉਨ੍ਹਾਂ ਮੁਤਾਬਕ ‘ਅਟਲਾਂਟਿਕ ਪ੍ਰੋਗਰਾਮ’ ਰਾਹੀਂ ਨੌਕਰੀ ਮਿਲਣਾ ਆਸਾਨ ਹੋ ਸਕਦਾ ਹੈ। ਪਰ ਸ਼ੁਰੂਆਤ ਵਿੱਚ ਉੱਥੇ ਪੱਕੇ ਤੌਰ ’ਤੇ ਰਹਿਣ ਲਈ ਸੈਟਲ ਹੋਣਾ ਕੁਝ ਔਖਾ ਹੋ ਸਕਦਾ ਹੈ। ਪੀਆਰ ਲਈ ਅਰਜ਼ੀ ਦੇਣ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜੇ ਲੋੜ ਹੋਵੇ ਤਾਂ ਅੰਗਰੇਜ਼ੀ ਦਾ ਸਕੋਰ, ਜਿਵੇਂ ਆਈਲੈਟਸ, ਸੁਧਾਰ ਕੇ CLB 9 ਤੱਕ ਲੈ ਕੇ ਜਾਣਾ ਚਾਹੀਦਾ ਹੈ।

ਇਸ ਤੋਂ ਇਲਾਵਾ, ਆਪਣੀ ਪੜ੍ਹਾਈ ਅਤੇ ਕੰਮ ਦੇ ਤਜਰਬੇ ਨੂੰ ਇੱਕ-ਦੂਜੇ ਨਾਲ ਜੋੜਨਾ ਵੀ ਮਹੱਤਵਪੂਰਨ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਪੀਆਰ ਲਈ ਅਰਜ਼ੀ ਦੇਣ ਤੋਂ ਪਹਿਲਾਂ ਇਹ ਦੇਖਿਆ ਜਾਵੇ ਕਿ ਕੈਨੇਡਾ ਦੇ ਕਿਹੜੇ ਇਲਾਕੇ ਵਿੱਚ ਤੁਹਾਡੇ ਹੁਨਰ ਵਾਲੇ ਲੋਕਾਂ ਦੀ ਘਾਟ ਹੈ। ਉਸੇ ਖੇਤਰ ਵਿੱਚ ਨੌਕਰੀ ਨੂੰ ਨਿਸ਼ਾਨਾ ਬਣਾਉਣ ਨਾਲ ਪੀਆਰ ਦੇ ਮੌਕੇ ਵਧ ਸਕਦੇ ਹਨ।

ਪੰਜਾਬੀਆਂ ਲਈ ਕੈਨੇਡਾ ਪਹਿਲੀ ਪਸੰਦ ਤੋਂ ਚੁਣੌਤੀ ਤੱਕ

2023 ਤੋਂ ਕੈਨੇਡਾ ਵਿੱਚ ਰਹਿ ਰਹੀ ਪੰਜਾਬੀ ਵਿਦਿਆਰਥਣ ਅਨਮੋਲਦੀਪ ਕੌਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ, ਕੈਨੇਡਾ ਨਾਲ ਪੰਜਾਬ ਦਾ ਰਿਸ਼ਤਾ ਸਿਰਫ਼ ਪੜ੍ਹਾਈ ਤੱਕ ਸੀਮਤ ਨਹੀਂ ਹੈ। ਉਨ੍ਹਾਂ ਮੁਤਾਬਕ ਪੰਜਾਬੀਆਂ ਲਈ ਕੈਨੇਡਾ ਸਿਰਫ਼ ਇੱਕ ਦੇਸ਼ ਨਹੀਂ, ਸਗੋਂ ‘ਮਿੰਨੀ ਪੰਜਾਬ’ ਵੀ ਹੈ। ਉੱਥੇ ਪਹਿਲਾਂ ਤੋਂ ਵੱਡਾ ਪੰਜਾਬੀ ਭਾਈਚਾਰਾ ਮੌਜੂਦ ਹੈ। ਗੁਰਦੁਆਰੇ, ਪੰਜਾਬੀ ਖਾਣਾ ਅਤੇ ਪੰਜਾਬੀ ਭਾਸ਼ਾ ਵਰਗੀਆਂ ਚੀਜ਼ਾਂ ਕਾਰਨ ਉੱਥੇ ਪੰਜਾਬੀਆਂ ਨੂੰ ਆਪਣਾ ਮਹੌਲ ਮਹਿਸੂਸ ਹੁੰਦਾ ਹੈ।

ਇਸ ਤੋਂ ਇਲਾਵਾ, ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਮਿਲਣਾ ਅਤੇ ਪਹਿਲਾਂ ਪੀਆਰ ਲੈਣ ਦੀ ਪ੍ਰਕਿਰਿਆ ਮੁਕਾਬਲਤਨ ਸੌਖਾ ਹੋਣਾ ਵੀ ਕੈਨੇਡਾ ਨੂੰ ਪੰਜਾਬੀਆਂ ਦੀ ਪਹਿਲੀ ਪਸੰਦ ਬਣਾਉਣ ਦੇ ਵੱਡੇ ਕਾਰਨ ਰਹੇ ਹਨ। ਪਰ ਅਨਮੋਲਦੀਪ ਕੌਰ ਮੁਤਾਬਕ ਹੁਣ ਸਥਿਤੀ ਪਹਿਲਾਂ ਵਰਗੀ ਨਹੀਂ ਰਹੀ। ਕੈਨੇਡਾ ਵਿੱਚ ਰਹਿਣ ਅਤੇ ਉੱਥੇ ਪੱਕੇ ਤੌਰ ’ਤੇ ਵੱਸਣ ਦਾ ਸੁਪਨਾ ਲਗਾਤਾਰ ਬਦਲ ਰਿਹਾ ਹੈ। ਹਾਲ ਹੀ ਵਿੱਚ, ਨਿਯਮਾਂ ਦੀ ਸਖ਼ਤੀ, ਜਿਵੇਂ ਕੁਝ ਖਾਸ ਪਬਲਿਕ–ਪ੍ਰਾਈਵੇਟ ਕਾਲਜਾਂ ਦੇ ਵਿਦਿਆਰਥੀਆਂ ਦੇ ਪੀਜੀਡਬਲਯੂਪੀ ਰੱਦ ਹੋਣ ਵਰਗੇ ਮਾਮਲਿਆਂ ਕਾਰਨ ਕੈਨੇਡਾ ਵਿੱਚ ਸੜਕਾਂ ’ਤੇ ਪ੍ਰਦਰਸ਼ਨ ਵੀ ਹੋ ਰਹੇ ਹਨ। ਇਸ ਦੇ ਨਾਲ ਹੀ, ਸਾਲ 2026 ਵਿੱਚ ਹਜ਼ਾਰਾਂ ਭਾਰਤੀਆਂ ਨੂੰ ਦੇਸ਼ ਨਿਕਾਲੇ ਦੇ ਨੋਟਿਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਲਈ ਪੰਜਾਬ ਦੇ ਨੌਜਵਾਨਾਂ ਲਈ ਕੈਨੇਡਾ ਦਾ ਰਸਤਾ ਹੁਣ ਪਹਿਲਾਂ ਵਰਗਾ ਸਿੱਧਾ ਨਹੀਂ ਰਿਹਾ। ਪੜ੍ਹਾਈ ਤੋਂ ਬਾਅਦ ਪੀਆਰ ਹਾਸਲ ਕਰਨ ਲਈ ਹੁਣ ਸਿਰਫ਼ ਕੈਨੇਡਾ ਪਹੁੰਚ ਜਾਣਾ ਕਾਫ਼ੀ ਨਹੀਂ। ਵਧੀਆ ਪੜ੍ਹਾਈ, ਉਮਰ, ਕੰਮ ਦਾ ਤਜਰਬਾ, ਭਾਸ਼ਾ ਦੇ ਅੰਕ, ਸਹੀ ਹੁਨਰ ਅਤੇ ਸੂਬੇ ਦੀ ਚੋਣ ਵਰਗੀਆਂ ਕਈ ਗੱਲਾਂ ਹੁਣ ਪੀਆਰ ਦੀ ਦੌੜ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

ETV BHARAT


Share

Filed Under: News

Primary Sidebar

Mahraja Ranjit Singh Portal

Maharaja Ranjit Singh is an icon of Punjab and Punjabis. He is also called Sher-e-Punjab (Lion of Punjab) in view of the respect that is due to him for his bravery and visionary leadership which led to the creation of the Sikh Empire (Sarkaar-e-Khalsa). The Punjab Pulse has dedicated a portal to the study of the Maharaja with the view to understand his life and identify his strengths for emulation in our culture and traditions. The study will emcompass his life, his reign, his associates, his family and all other aspects pertaining to the Sikh Empire.

Go to the Portal

More to See

Sri Guru Granth Sahib

August 24, 2025 By Jaibans Singh

15-Year-Old Wins 4 Gold Medals at Junior Swimming Championship in Sangrur

August 14, 2026 By News Bureau

Fazilka: ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪਾਕਿਸਤਾਨੀ ਡਰੋਨ ਅਤੇ ਹਥਿਆਰ ਬਰਾਮਦ

August 14, 2026 By News Bureau

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Featured Video

More Posts from this Category

Footer

Text Widget

This is an example of a text widget which can be used to describe a particular service. You can also use other widgets in this location.

Examples of widgets that can be placed here in the footer are a calendar, latest tweets, recent comments, recent posts, search form, tag cloud or more.

Sample Link.

Recent

  • Drug Overdose Suspected : 2 Men Found Dead in Bathinda with Syringes in Arms 
  • 15-Year-Old Wins 4 Gold Medals at Junior Swimming Championship in Sangrur
  • Fazilka: ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪਾਕਿਸਤਾਨੀ ਡਰੋਨ ਅਤੇ ਹਥਿਆਰ ਬਰਾਮਦ
  • ਕਪਾਹ ਦੀ ਫਸਲ ਤੋਂ ਨਿਰਾਸ਼ ਹੋਏ ਕਿਸਾਨਾਂ ਨੇ ਮੂੰਗਫਲੀ ਵੱਲ ਕੀਤਾ ਰੁਖ
  • ਕਰੋੜਾਂ ਦੀ ਜ਼ਮੀਨ ਦਾ ਰਿਕਾਰਡ ‘ਚੋਰੀ’: 4 ਪਿੰਡਾਂ ਦੀਆਂ ਫਾਈਲਾਂ ਅਜੇ ਵੀ ਲਾਪਤਾ

Search

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Copyright © 2026 · The Punjab Pulse

Developed by Web Apps Interactive