ਅਚਾਨਕ ਕਿਉਂ ਵਧੇ ਰੇਟ ਅਤੇ ਮੰਗ ? ਵਿਸ਼ੇਸ਼ ਰਿਪੋਰਟ
ਮੱਕੀ ਦੀ ਪ੍ਰਤੀ ਕੁਇੰਟਲ ਕੀਮਤ ਇਸ ਸਮੇਂ ਤਿਨ ਹਜ਼ਾਰ ਰੁਪਏ ਦੇ ਲੱਗਭਗ ਪਹੁੰਚ ਚੁੱਕੀ ਹੈ।
31 ਅਗਸਤ, 2026 – ਬਠਿੰਡਾ: ਦੇਸ਼ ਭਰ ਵਿੱਚ ਈਥਾਨੌਲ ਦਾ ਮੁੱਦਾ ਬੁਰੀ ਤਰ੍ਹਾਂ ਗਰਮਾਇਆ ਹੋਇਆ ਹੈ। ਈਥਾਨੌਲ ਵਿੱਚ ਗੰਨੇ ਦਾ ਇਸਤੇਮਾਲ ਹੋਣ ਕਾਰਨ ਜਿੱਥੇ ਪਹਿਲਾਂ ਖੰਡ ਦੇ ਰੇਟ ਅਸਮਾਨੀ ਚੜ੍ਹੇ ਸਨ ਉੱਥੇ ਹੀ ਹੁਣ ਮੱਕੀ ਦੇ ਭਾਅ ਵੀ ਲਗਾਤਾਰ ਵੱਧ ਰਹੇ ਹਨ। ਜਿਸ ਕਾਰਨ ਪੋਲਟਰੀ ਅਤੇ ਪਸ਼ੂ ਫੀਡ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਲਗਾਤਾਰ ਵੱਧ ਰਹੀਆਂ ਕੀਮਤਾਂ ਕਾਰਨ ਪੋਲਟਰੀ ਕਾਰੋਬਾਰ ਨਾਲ ਜੁੜੇ ਹੋਏ ਲੋਕ ਪਰੇਸ਼ਾਨ ਹੋ ਰਹੇ ਹਨ। ਮੀਟ ਅਤੇ ਅੰਡੇ ਦੀਆਂ ਕੀਮਤਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਦੂਸਰੇ ਪਾਸੇ ਦੁੱਧ ਦੀਆਂ ਕੀਮਤਾਂ ਸਰਕਾਰ ਵੱਲੋਂ ਤੈਅ ਕੀਤੇ ਜਾਣ ਕਾਰਨ ਪਸ਼ੂ ਪਾਲਕ ਪਰੇਸ਼ਾਨ ਨਜ਼ਰ ਆ ਰਹੇ ਹਨ।
ਮੱਕੀ ਪੈਦਾਵਾਰ ਵਿੱਚ ਵਾਧਾ
ਖੇਤੀਬਾੜੀ ਮੰਤਰਾਲੇ ਦੇ ਅੰਕੜਿਆਂ ਮੁਤਾਬਕ ‘ਦੇਸ਼ ਵਿੱਚ ਮੱਕੀ ਦਾ ਉਤਪਾਦਨ 2020-21 ਵਿੱਚ 316.47 ਲੱਖ ਟਨ ਸੀ, ਜੋ 2021-22 ਵਿੱਚ 337.30 ਲੱਖ ਟਨ, 2022-23 ਵਿੱਚ 380.85 ਲੱਖ ਟਨ ਅਤੇ 2023-24 ਵਿੱਚ ਕਰੀਬ 376.65 ਲੱਖ ਟਨ ਰਿਹਾ। 2024-25 ਵਿੱਚ ਮੱਕੀ ਦਾ ਅੰਤਿਮ ਉਤਪਾਦਨ 434.09 ਲੱਖ ਟਨ ਹੋਇਆ ਸੀ। ਇਸ ਤੋਂ ਬਾਅਦ 2025-26 ਵਿੱਚ ਮੱਕੀ ਦਾ ਉਤਪਾਦਨ 550.93 ਲੱਖ ਟਨ (55.09 ਮਿਲੀਅਨ ਟਨ) ਦੇ ਰਿਕਾਰਡ ਪੱਧਰ ਤੱਕ ਪਹੁੰਚ ਗਿਆ ਹੈ। ਪਿਛਲੇ ਸਾਲ ਦੇ 434.09 ਲੱਖ ਟਨ ਨਾਲੋਂ ਕਰੀਬ 11.68 ਮਿਲੀਅਨ ਟਨ ਵੱਧ ਪੈਦਾਵਾਰ ਹੋਈ ਹੈ ਅਤੇ ਮੱਕੀ ਦੀ ਪੈਦਾਵਾਰ ਵਿੱਚ 27 ਫੀਸਦੀ ਵਾਧਾ ਵੇਖਣ ਨੂੰ ਮਿਲਿਆ ਹੈ।‘
‘ਪੈਦਾਵਾਰ ਵਧੀ, ਪਰ ਮੰਗ ਉਸ ਤੋਂ ਵੀ ਤੇਜ਼ੀ ਨਾਲ ਵਧੀ‘
ਭਾਵੇਂ ਦੇਸ਼ ਭਰ ਵਿੱਚ ਮੱਕੀ ਦੀ ਪੈਦਾਵਾਰ ਲਗਾਤਾਰ ਵਧੀ ਹੈ ਪਰ ਦੂਸਰੇ ਪਾਸੇ ਮੱਕੀ ਦੀਆਂ ਕੀਮਤਾਂ ਵਿੱਚ ਵੀ ਵੱਡਾ ਉਛਾਲ ਵੇਖਣ ਨੂੰ ਮਿਲ ਰਿਹਾ ਹੈ। ਮੱਕੀ ਦੀ ਕੀਮਤ ਵਧਣ ਪਿੱਛੇ ਸਭ ਤੋਂ ਵੱਡਾ ਕਾਰਨ ਈਥਾਨੌਲ ਉਦਯੋਗ ਨੂੰ ਮੰਨਿਆ ਜਾ ਰਿਹਾ ਕਿਉਂਕਿ ਇਸ ਲਈ ਮੱਕੀ ਦੀ ਵੱਡੀ ਮਾਤਰਾ ਵਿੱਚ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰੀ ਅੰਕੜਿਆਂ ਮੁਤਾਬਕ Ethanol Supply Year 2025-26 ਵਿੱਚ ਲਗਭਗ 125.78 ਲੱਖ ਟਨ ਮੱਕੀ ਈਥਨੌਲ ਬਣਾਉਣ ਲਈ ਵਰਤੇ ਜਾਣ ਦੀ ਸੰਭਾਵਨਾ ਹੈ।
‘400 ਤੋਂ 500 ਰੁਪਏ ਪ੍ਰਤੀ ਕੁਇੰਟਲ ਵੱਧ ਵਿਕ ਰਹੀ ਮੱਕੀ‘
ਮੱਕੀ ਦੀ ਈਥਾਨੌਲ ਲਈ ਵਧਦੀ ਖਪਤ ਕਾਰਨ ਇਸ ਦਾ ਸਿੱਧਾ ਅਸਰ ਪੋਲਟਰੀ ਅਤੇ ਪਸ਼ੂ ਫੀਡ ਉਦਯੋਗ ਤੇ ਵੇਖਣ ਨੂੰ ਮਿਲ ਰਿਹਾ ਹੈ। ਈਥਨੌਲ ਪਲਾਂਟ ਵੱਡੀ ਮਾਤਰਾ ਵਿੱਚ ਮੱਕੀ ਖਰੀਦ ਰਹੇ ਹਨ। ਪਿਛਲੇ ਤਿੰਨ ਸਾਲਾਂ ਵਿੱਚ ਮੱਕੀ ਐਮਐਸਪੀ ਤੋਂ ਕਰੀਬ 400 ਤੋਂ 500 ਰੁਪਏ ਪ੍ਰਤੀ ਕੁਇੰਟਲ ਵੱਧ ਵਿਕ ਰਹੀ ਹੈ। ਪਿਛਲੇ ਚਾਰ ਸਾਲਾਂ ਵਿੱਚ ਮੱਕੀ ਅਤੇ ਕੇਂਦਰ ਸਰਕਾਰ ਵੱਲੋਂ ਤੈਅ ਕੀਤੀ ਗਈ ਐਮਐਸਪੀ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਅੰਕੜੇ ਇਸ ਪ੍ਰਕਾਰ ਹਨ।
ਕਿਹੜੇ ਸੂਬੇ ਸਭ ਤੋਂ ਵੱਡੇ ਉਤਪਾਦਕ?
ਭਾਰਤ ਵਿੱਚ ਮੱਕੀ ਦੀ ਪੈਦਾਵਾਰ ਮੁੱਖ ਤੌਰ ਉੱਤੇ ਮੱਧ ਪ੍ਰਦੇਸ਼, ਕਰਨਾਟਕ, ਬਿਹਾਰ, ਮਹਾਰਾਸ਼ਟਰ, ਤੇਲੰਗਾਨਾ, ਪੱਛਮੀ ਬੰਗਾਲ, ਰਾਜਸਥਾਨ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਹੁੰਦੀ ਹੈ।
‘ਪੋਲਟਰੀ ਅਤੇ ਡੇਅਰੀ ਫਾਰਮਿੰਗ ਬੁਰੀ ਤਰ੍ਹਾਂ ਪ੍ਰਭਾਵਿਤ‘
ਦੁਧਾਰੂ ਪਸ਼ੂਆਂ ਲਈ ਫੀਡ ਤਿਆਰ ਕਰਨ ਵਾਲੇ ਸਤੀਸ਼ ਕੁਮਾਰ ਬੱਬੂ ਦਾ ਕਹਿਣਾ ਹੈ ਕਿ, ‘ਈਥਨੌਲ ਕਾਰਨ ਮੱਕੀ ਦੀ ਡਿਮਾਂਡ ਵਧ ਗਈ ਹੈ, ਜਿਸ ਕਾਰਨ ਕੀਮਤਾਂ ਵਿੱਚ ਲਗਾਤਾਰ ਉਛਾਲ ਵੇਖਣ ਨੂੰ ਮਿਲ ਰਿਹਾ ਹੈ। ਜਿਹੜੀ ਮੱਕੀ 2000 ਤੋਂ 2200 ਪ੍ਰਤੀ ਕੁਇੰਟਲ ਮਿਲਦੀ ਸੀ ਉਹ ਹੁਣ ਮਾਰਕੀਟ ਵਿੱਚ 2600 ਤੋਂ 3000 ਪ੍ਰਤੀ ਕੁਇੰਟਲ ਤੱਕ ਕੁਆਲਿਟੀ ਦੇ ਹਿਸਾਬ ਨਾਲ ਮਿਲ ਰਹੀ ਹੈ। ਜਿਸ ਕਾਰਨ ਡੇਅਰੀ ਫਾਰਮਿੰਗ ਲਈ ਤਿਆਰ ਕੀਤੀ ਜਾਣ ਵਾਲੀ ਫੀਡ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਕਿਉਂਕਿ ਮੱਕੀ ਦੀ ਕੀਮਤ ਵਧਣ ਨਾਲ ਫੀਡ ਦੀਆਂ ਕੀਮਤਾਂ ਵਿੱਚ ਵੀ 20 ਤੋਂ 30% ਦਾ ਵਾਧਾ ਕਰਨਾ ਪਿਆ ਹੈ।‘
ਹੁਣ ਡੇਅਰੀ ਫਾਰਮਿੰਗ ਦਾ ਕੰਮ ਕਰਨ ਵਾਲਿਆਂ ਵੱਲੋਂ ਫੀਡ ਤਿਆਰ ਕਰਨ ਸਮੇਂ ਮੱਕੀ ਦੀ ਮਾਤਰਾ ਘੱਟ ਵੱਧ ਕਰਵਾਈ ਜਾ ਰਹੀ ਹੈ। ਕਰੀਬ 500 ਤੋਂ 600 ਰੁਪਏ ਦਾ ਅੰਤਰ ਪ੍ਰਤੀ ਕੁਇੰਟਲ ਮਗਰ ਪੈਣ ਕਾਰਨ ਗਾਹਕ ਹੁਣ ਫੀਡ ਵਿੱਚ ਮੱਕੀ ਦੀ ਮਾਤਰਾ ਘੱਟ ਵੱਧ ਕਰਵਾ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਮੱਕੀ ਦੇ ਭਾਅ ਨੂੰ ਕੰਟਰੋਲ ਕਰੇ ਤਾਂ ਜੋ ਇਸ ਖੇਤਰ ਨਾਲ ਜੁੜੇ ਹੋਏ ਹੋਰ ਕਾਰੋਬਾਰ ਪ੍ਰਭਾਵਿਤ ਨਾ ਹੋਣ ਕਿਉਂਕਿ ਜੇਕਰ ਫੀਡ ਦੀਆਂ ਕੀਮਤਾਂ ਵਧਣਗੀਆਂ ਤਾਂ ਡੇਅਰੀ ਫਾਰਮਿੰਗ ਦਾ ਧੰਦਾ ਵੀ ਪ੍ਰਭਾਵਿਤ ਹੋਵੇਗਾ। – ਸਤੀਸ਼ ਕੁਮਾਰ ਬੱਬੂ, ਡੇਅਰੀ ਕਾਰੋਬਾਰੀ
‘ਮੱਕੀ ਦੀਆਂ ਕੀਮਤਾਂ ਵਿੱਚ ਹੋਰ ਉਛਾਲ ਦੀ ਸੰਭਾਵਨਾ‘
ਪੋਲਟਰੀ ਲਈ ਫੀਡ ਤਿਆਰ ਕਰਨ ਵਾਲੇ ਪਵਨ ਤਾਇਲ ਦਾ ਕਹਿਣਾ ਹੈ ਕਿ, ‘ਮੱਕੀ ਦੀ ਪੈਦਾਵਾਰ ਵਿੱਚ ਭਾਵੇਂ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਇਸ ਦੀਆਂ ਕੀਮਤਾਂ ਵਿੱਚ ਵੀ ਲਗਾਤਾਰ ਉਛਾਲ ਵੇਖਣ ਨੂੰ ਮਿਲ ਰਿਹਾ ਹੈ। ਜਿਸ ਪਿੱਛੇ ਵੱਡਾ ਕਾਰਨ ਈਥਾਨੌਲ ਵਿੱਚ ਮੱਕੀ ਦੀ ਵਰਤੋਂ ਵਧਣ ਹੈ। ਇਸ ਤੋਂ ਇਲਾਵਾ ਪਿਛਲੇ ਸਮੇਂ ਮਿਡਲ ਈਸਟ ਵਿੱਚ ਲੱਗੀ ਜੰਗ ਦੌਰਾਨ ਟਰਾਂਸਪੋਰਟ ਦੇ ਪਾੜੇ ਵਿੱਚ ਵਾਧਾ ਵੀ ਕੀਮਤਾਂ ਵਧਣ ਦੇ ਮੁੱਖ ਕਾਰਨ ਵਿੱਚ ਸ਼ੁਮਾਰ ਹੈ। ਪੋਲਟਰੀ ਦੀ ਫੀਡ ਤਿਆਰ ਕਰਨ ਵਿੱਚ ਮੱਕੀ ਦਾ ਅਹਿਮ ਰੋਲ ਹੁੰਦਾ ਹੈ। ਮੱਕੀ ਦੇ ਭਾਅ ਵਧਣ ਕਾਰਨ ਸਾਡੇ ਵੱਲੋਂ ਵੀ 15 ਤੋਂ 20% ਪੋਲਟਰੀ ਦੀ ਫੀਡ ਦੇ ਭਾਅ ਵਿੱਚ ਵਾਧਾ ਕੀਤਾ ਗਿਆ। ਆਉਣ ਵਾਲੇ ਸਮੇਂ ਵਿੱਚ ਰੇਟ ਘਟਣ ਦੀ ਸੰਭਾਵਨਾ ਬਹੁਤ ਘੱਟ ਹੈ ਅਤੇ ਹੋ ਸਕਦਾ ਹੈ ਕਿ ਆਉਂਦੇ ਦਿਨਾਂ ਵਿੱਚ ਮੱਕੀ ਦੀਆਂ ਕੀਮਤਾਂ ਵਿੱਚ ਹੋਰ ਉਛਾਲ ਵੇਖਣ ਨੂੰ ਮਿਲੇ ਹਨ।‘
‘ਡੇਅਰੀ ਫਾਰਮਿੰਗ ਕਰਨ ਵਾਲੇ ਨਿਰਾਸ਼‘
ਡੇਅਰੀ ਫਾਰਮਿੰਗ ਕਰਨ ਵਾਲੇ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ, ‘ ਮੇਰੇ ਕੋਲ 7 ਤੋਂ 8 ਪਸ਼ੂ ਹਨ, ਜਿਨ੍ਹਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਚੱਲਦਾ ਹੈ। ਪਿਛਲੇ ਦਿਨੀ ਮੱਕੀ ਦੀਆਂ ਕੀਮਤਾਂ ਵਧਣ ਕਾਰਨ ਪਸ਼ੂਆਂ ਲਈ ਤਿਆਰ ਕੀਤੀ ਜਾਣ ਵਾਲੀ ਫੀਡ ਦੀਆਂ ਕੀਮਤਾਂ ਵਿੱਚ ਵੀ ਵੱਡਾ ਉਛਾਲ ਵੇਖਣ ਨੂੰ ਮਿਲਿਆ ਹੈ। ਪ੍ਰਤੀ ਕੁਇੰਟਲ 700 ਤੋਂ 800 ਰੁਪਏ ਪਸ਼ੂਆਂ ਦੀ ਫੀਡ ਵਿੱਚ ਵਾਧਾ ਕੀਤਾ ਗਿਆ। ਇੱਕ ਮਹੀਨੇ ਵਿੱਚ ਸੱਤ ਤੋਂ ਅੱਠ ਪਸ਼ੂਆਂ ਲਈ ਪੰਜ ਤੋਂ ਛੇ ਕੁਇੰਟਲ ਫੀਡ ਲੋੜ ਪੈਂਦੀ ਹੈ, ਜਿਸ ਕਾਰਨ ਪ੍ਰਤੀ ਮਹੀਨਾ ਕਰੀਬ ਪੰਜ ਤੋਂ 6 ਹਜਾਰ ਰੁਪਏ ਵੱਧ ਖਰਚਣੇ ਪੈ ਰਹੇ ਹਨ।‘
ਇੱਕ ਪਾਸੇ ਦੁੱਧ ਦੀਆਂ ਕੀਮਤਾਂ ਨਹੀਂ ਵੱਧ ਰਹੀਆਂ ਹਨ ਅਤੇ ਦੂਜੇ ਪਾਸੇ ਫੀਡ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਹੁਣ ਫੀਡ ਵਿੱਚ ਮੱਕੀ ਦੀ ਮਾਤਰਾ ਘਟਾ ਕੇ ਆਪਣਾ ਖਰਚਾ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੇਕਰ ਆਉਂਦੇ ਦਿਨਾਂ ਵਿੱਚ ਇਹੀ ਹਾਲਾਤ ਰਹੇ ਤਾਂ ਡੇਅਰੀ ਫਾਰਮਿੰਗ ਦਾ ਕੰਮ ਛੱਡ ਕੇ ਕੋਈ ਹੋਰ ਕੰਮ ਵੇਖਣਾ ਪਵੇਗਾ।- ਹਰਪ੍ਰੀਤ ਸਿੰਘ, ਡੇਅਰੀ ਕਾਰੋਬਾਰੀ
‘ਪੋਲਟਰੀ ਕਾਰੋਬਾਰੀ ਪਰੇਸ਼ਾਨ‘
ਦੂਜੇ ਪਾਸੇ ਪੋਲਟਰੀ ਕਾਰੋਬਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ, ‘ਪੋਲਟਰੀ ਫੀਡ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਚਲਦੇ ਪੋਲਟਰੀ ਦੇ ਕਾਰੋਬਾਰ ਵਿੱਚ ਵੀ ਵੱਡਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਅੰਡੇ ਅਤੇ ਮੀਟ ਦੇ ਭਾਅ ਵਿੱਚ 15 ਤੋਂ 20% ਤੱਕ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਪੋਲਟਰੀ ਕਾਰੋਬਾਰ ਵਿੱਚ ਪਹਿਲਾਂ ਹੀ ਪੈਦਾਵਾਰ ਦੀ ਵੱਡੀ ਸਮੱਸਿਆ ਗਰਮੀ ਕਾਰਨ ਵੇਖਣ ਨੂੰ ਮਿਲ ਰਹੀ ਸੀ ਕਿਉਂਕਿ ਮੁਰਗੀਆਂ ਦਾ ਵਾਧਾ ਨਹੀਂ ਹੋ ਰਿਹਾ ਸੀ ਪਰ ਹੁਣ ਫੀਡ ਦੀਆਂ ਕੀਮਤਾਂ ਵਿੱਚ ਵਾਧੇ ਨੇ ਇੱਕ ਵਾਰ ਫਿਰ ਪੋਲਟਰੀ ਕਾਰੋਬਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕੀਮਤਾਂ ਵਿੱਚ ਲਗਾਤਾਰ ਉਛਾਲ ਵੇਖਣ ਨੂੰ ਮਿਲਿਆ ਹੈ, ਰੋਜ਼ਾਨਾਂ ਕੀਮਤਾਂ ਵਿੱਚ ਉਤਰਾ ਚੜਾ ਵੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਪੋਲਟਰੀ ਕਾਰੋਬਾਰੀ ਚਿੰਤਤ ਨਜ਼ਰ ਆ ਰਹੇ ਹਨ।‘
‘ਕਾਰੋਬਾਰੀ ਅਤੇ ਆਮ ਆਦਮੀ ਨੂੰ ਮਾਰ‘
ਮਾਹਰ ਗੁਰਦੀਪ ਸਿੰਘ ਨਾਲ ਜਦੋਂ ਫੋਨ ਉੱਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ, ‘ਮੱਕੀ ਦੀਆਂ ਕੀਮਤਾਂ ਵਧਣ ਨਾਲ ਇਕੱਲੇ ਪੋਲਟਰੀ ਅਤੇ ਪਸ਼ੂਆਂ ਲਈ ਤਿਆਰ ਹੋਣ ਵਾਲੀ ਫੀਡ ਦਾ ਕਾਰੋਬਾਰ ਪ੍ਰਭਾਵਿਤ ਨਹੀਂ ਹੋਵੇਗਾ। ਇਸ ਨਾਲ ਆਮ ਮਨੁੱਖ ਜੋ ਮੱਕੀ ਦੇ ਆਟੇ ਦੀ ਵਰਤੋਂ ਸਰਦ ਰੁੱਤ ਵਿੱਚ ਕਰਦਾ ਸੀ, ਉਸ ਲਈ ਵੀ ਇੱਕ ਚਿੰਤਾ ਖੜੀ ਹੋ ਗਈ ਹੈ। ਈਥਾਨੌਲ ਬਣਾਉਣ ਲਈ ਪਹਿਲਾਂ ਸਰਕਾਰ ਵੱਲੋਂ ਵੱਡੇ ਪੱਧਰ ਉੱਤੇ ਸ਼ੂਗਰ ਮਿੱਲਾਂ ਵਿੱਚ ਇਸ ਪਲਾਂਟ ਲਗਾਏ, ਜਿਸ ਕਾਰਨ ਖੰਡ ਦੀ ਪੈਦਾਵਰ ਘਟੀ ਅਤੇ ਅੱਜ ਉਸਦੀਆਂ ਕੀਮਤਾਂ ਲਗਭਗ ਦੁੱਗਣੀਆਂ ਹੋ ਗਈਆਂ ਹਨ।‘
ਹੁਣ ਇਹੀ ਹਾਲਾਤ ਮੱਕੀ ਦੇ ਹਨ ਅਤੇ ਮੱਕੀ ਦੀ ਪੈਦਾਵਾਰ ਭਾਵੇਂ ਲਗਾਤਾਰ ਵੱਧ ਰਹੀ ਹੈ ਪਰ ਈਥਾਨੌਲ ਵਿੱਚ ਇਸ ਦੀ ਵਰਤੋਂ ਵਧਣ ਕਾਰਨ ਆਉਂਦੇ ਸਮੇਂ ਵਿੱਚ ਮੱਕੀ ਤੋਂ ਤਿਆਰ ਹੋਣ ਵਾਲੀਆਂ ਵੱਖ ਵੱਖ ਤਰ੍ਹਾਂ ਦੀ ਫੀਡ ਦੀਆਂ ਕੀਮਤਾਂ ਵਿੱਚ ਜਿੱਥੇ ਵਾਧਾ ਦੇਖਣ ਨੂੰ ਮਿਲੇਗਾ ਉੱਥੇ ਹੀ ਸਰਦ ਰੁੱਤ ਵਿੱਚ ਲੋਕ ਹੁਣ ਮੱਕੀ ਦਾ ਆਟੇ ਨੂੰ ਤਰਸਣਗੇ।-ਮਾਹਰ ਗੁਰਦੀਪ ਸਿੰਘ
‘ਸਰਕਾਰ ਕਰੇ ਡੂੰਘਾ ਵਿਚਾਰ‘
ਗੁਰਦੀਪ ਸਿੰਘ ਨੇ ਕਿਹਾ ਕਿ, ‘ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਉਨ੍ਹਾਂ ਵਿੱਚ ਲਗਾਤਾਰ ਵਾਧਾ ਕਰ ਰਹੀ ਹੈ। ਜਿਸ ਨਾਲ ਆਮ ਮਨੁੱਖੀ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਿਦੇਸ਼ੀ ਮੁੰਦਰਾ ਬਚਾਉਣ ਦੇ ਚੱਕਰ ਵਿੱਚ ਈਥਾਨੌਲ ਤਿਆਰ ਕਰਨ ਲਈ ਮੱਕੀ ਦੀ ਵਰਤੋਂ ਕਰ ਰਹੀ ਹੈ ਉਸ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਤਾਂ ਜੋ ਪੋਲਟਰੀ ਅਤੇ ਪਸ਼ੂਆਂ ਦੀ ਫੀਡ ਦੇ ਨਾਲ ਨਾਲ ਆਮ ਮਨੁੱਖ ਪ੍ਰਭਾਵਿਤ ਨਾ ਹੋਵੇ।‘
ETV BHARAT