ਫੁੱਟਬਾਲ ਤੇ ਹਾਕੀ ਸਮੇਤ ਵੱਖ–ਵੱਖ ਖੇਡ ਮੁਕਾਬਲੇ ਕਰਵਾਏ
ਜਲੰਧਰ ’ਚ BSF ਨੇ ਮਨਾਇਆ ਰਾਸ਼ਟਰੀ ਖੇਡ ਦਿਵਸ ਮਨਾਇਆ। ਇਸ ਦੌਰਾਨ ਫੁੱਟਬਾਲ ਅਤੇ ਹਾਕੀ ਸਮੇਤ ਵੱਖ–ਵੱਖ ਖੇਡ ਮੁਕਾਬਲੇ ਕਰਵਾਏ ਗਏ।
31 ਅਗਸਤ, 2026 – ਜਲੰਧਰ: ਭਾਰਤ ਦੇ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੀ ਜਯੰਤੀ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ-2026 ਦੇ ਮੌਕੇ ’ਤੇ ਬਾਰਡਰ ਸਕਿਓਰਿਟੀ ਫੋਰਸ (BSF) ਪੰਜਾਬ ਵੱਲੋਂ ਫਰੰਟੀਅਰ ਹੈੱਡਕੁਆਰਟਰ, ਜਲੰਧਰ ਵਿਖੇ ਵੱਖ-ਵੱਖ ਖੇਡ ਗਤੀਵਿਧੀਆਂ ਅਤੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ BSF ਦੇ ਅਧਿਕਾਰੀਆਂ, ਜਵਾਨਾਂ,ਵਿਦਿਆਰਥੀਆਂ ਅਤੇ ਖੇਡ ਪ੍ਰੇਮੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਰਾਸ਼ਟਰੀ ਖੇਡ ਦਿਵਸ ਦਾ ਮੁੱਖ ਉਦੇਸ਼ ਲੋਕਾਂ, ਖਾਸ ਕਰਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨਾ, ਸਰੀਰਕ ਤੰਦਰੁਸਤੀ ਪ੍ਰਤੀ ਜਾਗਰੂਕ ਕਰਨਾ ਅਤੇ ਖੇਡਾਂ ਰਾਹੀਂ ਅਨੁਸ਼ਾਸਨ ਤੇ ਟੀਮ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ। ਇਸੇ ਉਦੇਸ਼ ਤਹਿਤ BSF ਪੰਜਾਬ ਵੱਲੋਂ ਜਲੰਧਰ ਵਿੱਚ ਖੇਡਾਂ ਨਾਲ ਸਬੰਧਤ ਕਈ ਗਤੀਵਿਧੀਆਂ ਕਰਵਾਈਆਂ ਗਈਆਂ।
BSF ਅਤੇ ਖਾਲਸਾ ਕਾਲਜ ਵਿਚਕਾਰ ਦੋਸਤਾਨਾ ਫੁੱਟਬਾਲ ਮੈਚ
ਸਮਾਗਮ ਦੌਰਾਨ BSF ਪੰਜਾਬ ਫਰੰਟੀਅਰ ਦੀ ਫੁੱਟਬਾਲ ਟੀਮ ਅਤੇ ਖਾਲਸਾ ਕਾਲਜ, ਜਲੰਧਰ ਦੀ ਟੀਮ ਵਿਚਕਾਰ ਦੋਸਤਾਨਾ ਫੁੱਟਬਾਲ ਮੈਚ ਕਰਵਾਇਆ ਗਿਆ। ਮੈਚ ਦੌਰਾਨ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਪੂਰੇ ਜੋਸ਼ ਅਤੇ ਖੇਡ ਭਾਵਨਾ ਨਾਲ ਪ੍ਰਦਰਸ਼ਨ ਕੀਤਾ। ਮੁਕਾਬਲੇ ਨੇ ਖਿਡਾਰੀਆਂ ਵਿੱਚ ਆਪਸੀ ਤਾਲਮੇਲ ਅਤੇ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ।
ਹਾਕੀ ਮੈਚ ਨੇ ਵੀ ਵਧਾਇਆ ਉਤਸ਼ਾਹ
ਇਸ ਤੋਂ ਇਲਾਵਾ BSF ਹਾਕੀ ਟੀਮ ਅਤੇ ਆਲ ਇੰਡੀਆ ਪੁਲਿਸ ਸਪੋਰਟਸ ਕੰਟਰੋਲ ਬੋਰਡ ਦੀ ਟੀਮ ਵਿਚਕਾਰ ਹਾਕੀ ਮੈਚ ਕਰਵਾਇਆ ਗਿਆ। ਇਹ ਮੁਕਾਬਲਾ BSF ਦੇ ਅਸ਼ਵਨੀ ਸਟੇਡੀਅਮ ਸਥਿਤ ਐਸਟ੍ਰੋ-ਟਰਫ ਮੈਦਾਨ ਵਿੱਚ ਹੋਇਆ। ਹਾਕੀ ਮੈਚ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਖੇਡ ਹੁਨਰ, ਤੇਜ਼ੀ, ਤਾਲਮੇਲ ਅਤੇ ਟੀਮ ਭਾਵਨਾ ਦਾ ਪ੍ਰਦਰਸ਼ਨ ਕੀਤਾ। ਮੈਚ ਨੂੰ ਦੇਖਣ ਲਈ ਖੇਡ ਪ੍ਰੇਮੀਆਂ ਵਿੱਚ ਵੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।
BSF ਸਕੂਲ ਦੇ ਵਿਦਿਆਰਥੀਆਂ ਨੇ ਵੀ ਲਿਆ ਹਿੱਸਾ
ਰਾਸ਼ਟਰੀ ਖੇਡ ਦਿਵਸ ਦੇ ਮੌਕੇ BSF ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਵਿੱਚ ਵੀ ਵਿਦਿਆਰਥੀਆਂ ਲਈ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ ਫੁੱਟਬਾਲ, ਬਾਸਕਟਬਾਲ ਅਤੇ ਵਾਲੀਬਾਲ ਸਮੇਤ ਕਈ ਖੇਡ ਗਤੀਵਿਧੀਆਂ ਸ਼ਾਮਲ ਸਨ। ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਨਿਯਮਿਤ ਸਰੀਰਕ ਕਸਰਤ ਅਤੇ ਤੰਦਰੁਸਤ ਜੀਵਨਸ਼ੈਲੀ ਲਈ ਪ੍ਰੇਰਿਤ ਕਰਨਾ ਸੀ। ਖੇਡਾਂ ਨੂੰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਮਹੱਤਵਪੂਰਨ ਹਿੱਸਾ ਦੱਸਦਿਆਂ ਉਨ੍ਹਾਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ।
ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਵੀ ਲਿਆ ਹਿੱਸਾ
ਸਮਾਗਮ ਵਿੱਚ BSF ਦੇ ਸੀਨੀਅਰ ਅਧਿਕਾਰੀਆਂ ਨੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਉਤਸ਼ਾਹਪੂਰਵਕ ਸ਼ਮੂਲੀਅਤ ਕੀਤੀ। ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਦੀ ਮੌਜੂਦਗੀ ਨੇ ਪੂਰੇ ਸਮਾਗਮ ਨੂੰ ਹੋਰ ਰੌਣਕਦਾਰ ਬਣਾਇਆ। ਇਸ ਦੌਰਾਨ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਦਰਸ਼ਕਾਂ ਵੱਲੋਂ ਵੀ ਉਤਸ਼ਾਹਪੂਰਵਕ ਸਮਰਥਨ ਦਿੱਤਾ ਗਿਆ। BSF ਵੱਲੋਂ ਕਰਵਾਈਆਂ ਗਈਆਂ ਇਨ੍ਹਾਂ ਖੇਡ ਗਤੀਵਿਧੀਆਂ ਰਾਹੀਂ ਇਹ ਸੁਨੇਹਾ ਦਿੱਤਾ ਗਿਆ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਲਈ ਹੀ ਨਹੀਂ, ਸਗੋਂ ਅਨੁਸ਼ਾਸਨ, ਟੀਮ ਭਾਵਨਾ, ਆਤਮ-ਵਿਸ਼ਵਾਸ ਅਤੇ ਸਿਹਤਮੰਦ ਜੀਵਨਸ਼ੈਲੀ ਦੇ ਨਿਰਮਾਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਰਾਸ਼ਟਰੀ ਖੇਡ ਦਿਵਸ ਮੌਕੇ ਕਰਵਾਏ ਗਏ ਇਹ ਮੁਕਾਬਲੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਰਾਲਾ ਸਾਬਤ ਹੋਏ।
ETV BHARAT