ਚੋਣ ਰੰਜਿਸ਼ ਨੂੰ ਲੈਕੇ ਹੋਈ ਫਾਇਰਿੰਗ ਵਿੱਚ ਮੌਜੂਦਾ MC ਨੇ ਦਮ ਤੋੜ ਦਿੱਤਾ। ਕਾਰ ਸਵਾਰ ਅਣਪਛਾਤਿਆਂ ਵੱਲੋਂ ਫਾਇਰਿੰਗ ਕੀਤੀ ਗਈ।
31 ਅਗਸਤ, 2026 – ਫ਼ਿਰੋਜ਼ਪੁਰ: ਜ਼ਿਲ੍ਹੇ ਦੇ ਸਰਹੱਦੀ ਕਸਬਾ ਮਮਦੋਟ ਵਿੱਚ ਵੱਡੀ ਵਾਰਦਾਤ ਲੰਘੇ ਦਿਨ ਦੇਰ ਸ਼ਾਮ ਵਾਪਰੀ ਹੈ। ਜਾਣਕਾਰੀ ਮੁਤਾਬਕ ਕਾਰ ਸਵਾਰ ਦੋ ਨੌਜਵਾਨਾਂ ’ਤੇ ਦੂਜੀ ਕਾਰ ਵਿੱਚ ਸਵਾਰ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ। ਗੋਲੀਬਾਰੀ ਵਿੱਚ ਮੌਜੂਦਾ ਐਮਸੀ ਗੁਰਪ੍ਰੀਤ ਸਿੰਘ ਉਰਫ਼ ਗੋਪੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਫ਼ਿਰੋਜ਼ਪੁਰ ਲਿਜਾਇਆ ਗਿਆ, ਪਰ ਹਸਪਤਾਲ ਪਹੁੰਚਣ ’ਤੇ ਉਸਦੀ ਮੌਤ ਹੋ ਗਈ। ਉਸ ਦਾ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ।
‘ਮ੍ਰਿਤਕ ਨਿਰਵਿਰੋਧ ਚੁਣਿਆ ਗਿਆ ਸੀ ਐਮਸੀ‘
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਗੋਪੀ ਕੁਝ ਮਹੀਨੇ ਪਹਿਲਾਂ ਹੋਈਆਂ ਮਮਦੋਟ ਨਗਰ ਪੰਚਾਇਤ ਚੋਣਾਂ ਵਿੱਚ ਨਿਰਵਿਰੋਧ ਐਮਸੀ ਚੁਣਿਆ ਗਿਆ ਸੀ ਅਤੇ ਚੋਣ ਰੰਜਿਸ਼ ਦੇ ਚੱਲਦਿਆਂ ਹੀ ਉਸ ਦਾ ਕਤਲ ਕੀਤਾ ਗਿਆ ਹੈ। ਜ਼ਖ਼ਮੀਆਂ ਨੂੰ ਵਾਰਦਾਤ ਮਗਰੋਂ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਦੇ ਡਾਕਟਰ ਮੁਤਾਬਕ ਬੀਤੀ ਰਾਤ ਕਰੀਬ 8 ਵਜੇ ਦੋ ਗੋਲੀ ਲੱਗੇ ਵਿਅਕਤੀਆਂ ਨੂੰ ਹਸਪਤਾਲ ਲਿਆਂਦਾ ਗਿਆ, ਜਿਨ੍ਹਾਂ ਵਿੱਚੋਂ ਗੁਰਪ੍ਰੀਤ ਸਿੰਘ ਦੀ ਹਾਲਤ ਬਹੁਤ ਗੰਭੀਰ ਸੀ ਅਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਦੂਜੇ ਜ਼ਖ਼ਮੀ ਨੂੰ ਗੰਭੀਰ ਹਾਲਤ ਦੇ ਮੱਦੇਨਜ਼ਰ ਉੱਚ ਪੱਧਰੀ ਇਲਾਜ ਲਈ ਰੈਫਰ ਕਰ ਦਿੱਤਾ ਗਿਆ।
‘ਇੱਕ ਦੀ ਮੌਤ,ਇੱਕ ਗੰਭੀਰ ਜ਼ਖ਼ਮੀ‘
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ, ‘ਹਮਲਾਵਰ ਕਾਰ ਵਿੱਚ ਸਵਾਰ ਹੋ ਕੇ ਆਏ ਸਨ ਅਤੇ ਉਨ੍ਹਾਂ ਨੇ ਰਸਤੇ ਵਿੱਚ ਕਾਰ ਸਵਾਰ ਐਮਸੀ ਗੁਰਪ੍ਰੀਤ ਗੋਪੀ ਅਤੇ ਉਸ ਦੇ ਇੱਕ ਹੋਰ ਸਾਥੀ ਹਰਪ੍ਰੀਤ ਸਿੰਘ ਉੱਤੇ ਫਾਇਰਿਗ ਕਰ ਦਿੱਤੀ। ਵਾਰਦਾਤ ਦੌਰਾਨ ਨੇੜੇ ਮੌਜੂਦ ਮੋਟਰਸਾਈਕਲ ਸਵਾਰਾਂ ਨੂੰ ਵੀ ਗੋਲੀਆਂ ਨਾਲ ਨਿਸ਼ਾਨਾ ਬਣਾਇਆ ਗਿਆ ਪਰ ਉਨ੍ਹਾਂ ਦਾ ਬਚਾਅ ਹੋ ਗਿਆ। ਅਚਾਨਕ ਹੋਈ ਫਾਇਰਿੰਗ ਵਿੱਚ ਗੁਰਪ੍ਰੀਤ ਗੋਪੀ ਦੀ ਮੌਤ ਹੋ ਗਈ, ਜਦੋਂ ਕਿ ਹਰਪ੍ਰੀਤ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।‘
ਪਤਾ ਚੱਲਿਆ ਹੈ ਕਿ ਇਹ ਵਾਰਦਾਤ ਚੋਣ ਰੰਜਿਸ਼ ਦਾ ਨਤੀਜਾ ਹੈ। ਦੋਵਾਂ ਧਿਰਾਂ ਵਿਚਾਲੇ ਆਪਸੀ ਰੰਜਿਸ਼ ਚੱਲਦੀ ਆ ਰਹੀ ਸੀ। ਹਮਲਾਵਰਾਂ ਦੀ ਪਛਾਣ ਹੋ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।-ਐਸਐਸਪੀ ਭੁਪਿੰਦਰ ਸਿੰਘ
‘ਕਾਨੂੰਨ ਮੁਤਾਬਕ ਕਾਰਵਾਈ‘
ਐਸਐਸਪੀ ਭੁਪਿੰਦਰ ਸਿੰਘ ਨੇ ਅੱਗੇ ਆਖਿਆ ਕਿ, ‘ਮੁਲਜ਼ਮਾਂ ਦੀ ਪਛਾਣ ਹੋ ਗਈ ਹੈ ਅਤੇ ਮਾਮਲੇ ਦੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਮੁਲਜ਼ਮਾਂ ਦੇ ਨਾਮ ਉਜਾਗਰ ਨਹੀਂ ਕੀਤੇ ਜਾ ਸਕਦੇ ਪਰ ਜਲਦ ਹੀ ਮੁਲਜ਼ਮਾਂ ਨੂੰ ਉਨ੍ਹਾਂ ਦੇ ਅੰਜਾਮ ਤੱਕ ਪੁਲਿਸ ਪਹੁੰਚਾ ਦੇਵੇਗੀ। ਕਾਨੂੰਨ ਮੁਤਾਬਕ ਸਾਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।‘
ETV BHARAT