ਇਹ ਲੁੱਟ ਦੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
31 ਅਗਸਤ, 2026 – ਗੁਰਦਾਸਪੁਰ: ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ਅਤੇ ਚੋਰ ਲੁਟੇਰੇ ਇੰਨੇ ਬੇਖੌਫ ਹੋ ਚੁੱਕੇ ਹਨ ਕਿ ਘਰ ਅੰਦਰ ਬੈਠੇ ਲੋਕਾਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਰਹੇ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਘਰ ਅੰਦਰ ਬੈਠੀ ਇਕ ਬਜ਼ੁਰਗ ਮਹਿਲਾਂ ਦੀਆਂ ਵਾਲੀਆਂ ਝਪਟ ਕੇ ਨੌਜਵਾਨ ਫਰਾਰ ਹੋ ਗਿਆ। ਇਹ ਲੁੱਟ ਦੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਘਰ ਅੰਦਰ ਦਾਖਲ ਹੋ ਕੇ ਕੀਤੀ ਲੁੱਟ
ਥਾਣਾ ਧਾਲੀਵਾਲ ਪਿੰਡ ਕੋਟ ਸੰਤੋਖ ਰਾਏ ਇੱਕ ਬਜ਼ੁਰਗ ਮਹਿਲਾ ਆਪਣੇ ਘਰ ਦੇ ਵਿੱਚ ਬੈਠੀ ਹੋਈ ਸੀ ਅਤੇ ਇੱਕ ਨੌਜਵਾਨ ਮੂੰਹ ਉੱਤੇ ਕੱਪੜਾ ਲਪੇਟ ਘਰ ਅੰਦਰ ਦਾਖਲ ਹੋਇਆ, ਉਸ ਨੇ ਆ ਕੇ ਬਜ਼ੁਰਗ ਔਰਤ ਦੇ ਪੈਰੀ ਹੱਥ ਲਾਏ ਅਤੇ ਦੋਨੋਂ ਕੰਨਾਂ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਿਆ। ਇਸ ਘਟਨਾ ਦੌਰਾਨ ਨੌਜਵਾਨ ਦਾ ਸਾਥੀ ਘਰ ਦੇ ਬਾਹਰ ਮੋਟਰਸਾਈਕਲ ਲੈ ਕੇ ਖੜਾ ਹੋਇਆ ਸੀ। ਰੌਲਾ ਪੈਣ ਉੱਤੇ ਬਜ਼ੁਰਗ ਮਹਿਲਾ ਦਾ ਲੜਕਾ ਅਮਰੀਕ ਸਿੰਘ ਅਤੇ ਕੁਝ ਲੋਕ ਉਹਨਾਂ ਦੇ ਪਿੱਛੇ ਗਏ ਪਰ ਉਹ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ।
“ਮੇਰੇ ਮਾਤਾ ਜੀ ਘਰ ਵਿੱਚ ਬੈਠੇ ਹੋਏ ਹਨ ਮੈਂ ਬਾਹਰ ਕੰਮ ਕਰ ਰਿਹਾ ਸੀ। 2 ਨੌਜਵਾਨ ਮੋਟਰਸਾਈਕਲ ਉੱਤੇ ਆਏ, ਜਿਨ੍ਹਾਂ ਵਿੱਚੋਂ ਇੱਕ ਘਰ ਦੇ ਅੰਦਰ ਦਾਖਲ ਹੋਇਆ ਅਤੇ ਉਸ ਨੇ ਮੇਰੇ ਮਾਤਾ ਜੀ ਦੇ ਕੰਨਾ ਦੀਆਂ ਵਾਲੀਆਂ ਝਪਟ ਲਈਆਂ ਅਤੇ ਫਰਾਰ ਹੋ ਗਿਆ। ਅਸੀਂ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੇ ਮੰਗ ਕਰਦੇ ਹਾਂ। ਇਲਾਕੇ ਦੇ ਲੋਕ ਆਪਣੇ ਆਪ ਨੂੰ ਸੁਰੱਖਿਆ ਮਹਿਸੂਸ ਨਹੀਂ ਕਰ ਰਹੇ ਹਨ ਕੋਈ ਵੀ ਵਾਰਦਾਤ ਹੋ ਸਕਦੀ ਹੈ।”– ਅਮਰੀਕ ਸਿੰਘ, ਪੀੜਤ ਪਰਿਵਾਰ
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਨੂੰ ਫੋਨ ਕੀਤਾ ਅਤੇ ਥਾਣਾ ਧਾਲੀਵਾਲ ਦੇ ਐਸਐਚਓ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਉੱਤੇ ਪਹੁੰਚੇ, ਜਿੱਥੇ ਉਹਨਾਂ ਨੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਅਤੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ। ਪੁਲਿਸ ਨੇ ਝਟਪਟਮਾਰਾਂ ਨੂੰ ਛੇਤੀ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਬਜ਼ੁਰਗ ਮਹਿਲਾ ਦੇ ਲੜਕੇ ਅਮਰੀਕ ਸਿੰਘ ਅਤੇ ਸਾਬਕਾ ਸਰਪੰਚ ਲਖਵਿੰਦਰ ਸਿੰਘ ਨੇ ਦੱਸਿਆ ਕਿ “ਦਿਨ ਦਿਹਾੜੇ ਅਜਿਹੀਆਂ ਘਟਨਾਵਾਂ ਹੋਣਾ ਵੱਡਾ ਸਵਾਲ ਖੜ੍ਹਾ ਕਰਦੀਆਂ ਹਨ।”
ETV BHARAT