ਮੀਟਿੰਗ ਦਾ ਸਥਾਨ ਬਦਲਣ ’ਤੇ ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵਿਚ ਰੋਸ
02 ਸਤੰਬਰ, 2026 – ਚੰਡੀਗੜ੍ਹ : PWD Workers Protest: ਪਹਿਲਾਂ ਮੀਟਿੰਗ ਦੀ ਤਰੀਕ ਤੇ ਸਮਾਂ ਦਿੱਤਾ, ਫੇਰ ਸਥਾਨ ਬਦਲ ਦਿੱਤਾ ਤੇ ਫਿਰ ਆਏ ਹੀ ਨਹੀਂ ਮੁੱਖ ਕਾਰਜਕਾਰੀ ਅਫਸਰ! ਇਹ ਵਾਕਿਆ ਅੱਜ ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਨਾਲ ਵਾਪਰਿਆ।
ਯੂਨੀਅਨ ਦੇ ਜਨਰਲ ਸਕੱਤਰ ਫੁੰਮਣ ਸਿੰਘ ਕਾਠਗੜ੍ਹ ਨੇ ਦੱਸਿਆ ਕਿ 18 ਅਗਸਤ ਦੇ ਸੀਵਰੇਜ ਬੋਰਡ ਚੰਡੀਗੜ੍ਹ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਦਿੱਤੇ ਗਏ ਰੋਸ ਧਰਨੇ ਦੇ ਸਬੰਧ ਵਿੱਚ ਅੱਜ ਇੱਕ ਸਤੰਬਰ ਨੂੰ ਮੁੱਖ ਕਾਰਜਕਾਰੀ ਅਫਸਰ ਵੱਲੋਂ ਮਿਉਂਸਿਪਲ ਭਵਨ ਸੈਕਟਰ 35-ਏ ਵਿਚ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ। ਐਨ ਮੌਕੇ ਉੱਤੇ ਮੀਟਿੰਗ ਦਾ ਸਥਾਨ ਬਦਲ ਕੇ ਸੈਕਟਰ 27-ਏ ਸੀਵਰੇਜ ਬੋਰਡ ਦਫਤਰ ਕਰ ਦਿੱਤਾ ਗਿਆ। ਮੀਟਿੰਗ ਦੇ ਸ਼ੁਰੂ ਵਿੱਚ ਇੰਜਨੀਅਰ-ਇਨ-ਚੀਫ ਵੱਲੋਂ ਦੱਸਿਆ ਗਿਆ ਕਿ ਮੁੱਖ ਕਾਰਜਕਾਰੀ ਅਫਸਰ ਕੁਝ ਸਮਾਂ ਲੇਟ ਹੋ ਸਕਦੇ ਹਨ। ਡੇਢ ਦੋ ਘੰਟੇ ਉਡੀਕਣ ਦੇ ਬਾਵਜੂਦ ਵੀ ਮੁੱਖ ਕਾਰਜਕਾਰੀ ਅਫਸਰ ਮੀਟਿੰਗ ਕਰਨ ਲਈ ਆਏ ਹੀ ਨਹੀਂ। ਫਿਰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਇੰਜੀਨੀਅਰ-ਇਨ-ਚੀਫ ਵੱਲੋਂ ਮੀਟਿੰਗ ਦੌਰਾਨ ਕੋਈ ਠੋਸ ਜਵਾਬ ਨਾ ਦੇਣ ‘ਤੇ ਜਥੇਬੰਦੀ ਨੇ ਮੀਟਿੰਗ ਦਾ ਵਾਕਆਊਟ ਕੀਤਾ ਅਤੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ।
ਜਥੇਬੰਦੀ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਸੰਘਰਸ਼ ਦੀ ਅਗਲੀ ਕੜੀ ਵਜੋਂ 22 ਅਤੇ 23 ਸਤੰਬਰ ਨੂੰ ਮੁੱਖ ਦਫਤਰ ਅੱਗੇ ਭੁੱਖ ਹੜਤਾਲ ਕੀਤੀ ਜਾਏਗੀ ਅਤੇ 24 ਸਤੰਬਰ 2026 ਨੂੰ ਮੁੱਖ ਦਫਤਰ ਸੀਵਰੇਜ ਬੋਰਡ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ।
ਸੋ ਮੀਟਿੰਗ ਦੇ ਕੇ ਸਮਾਂ ਤੇ ਸਥਾਨ ਬਦਲਣਾ ਅਤੇ ਫਿਰ ਮੀਟਿੰਗ ਕਰਨੀ ਹੀ ਨਹੀਂ, ਇਹ ਸਰਕਾਰ ਦਾ ਤਾਂ ਦਸਤੂਰ ਬਣ ਚੁੱਕਾ ਹੀ ਸੀ ਪਰ ਹੁਣ ਅਫਸਰ ਵੀ ਮੰਤਰੀਆਂ-ਸੰਤਰੀਆਂ ਦੀ ਲੀਹ ਉਤੇ ਚੱਲ ਪਏ ਹਨ।
ਪੰਜਾਬੀ ਟ੍ਰਿਬਯੂਨ