ਮਹੀਨੇ ਤੋਂ ਜ਼ਮੀਨਾਂ ਦੀਆਂ ਰਜਿਸਟਰੀਆਂ, ਇੰਤਕਾਲ ਅਤੇ ਹੋਰ ਕੰਮ ਨਾ ਹੋਣ ਕਾਰਨ ਲੋਕ ਪਰੇਸ਼ਾਨ
03 ਸਤੰਬਰ, 2026 – ਧਰਮਕੋਟ : ਇੱਥੋਂ ਦੀ ਤਹਿਸੀਲ ਅਧਿਕਾਰੀਆਂ ਤੋਂ ਸੱਖਣੀ ਹੋਣ ਸਦਕਾ ਲੋਕਾਂ ਦੇ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਤਹਿਸੀਲ ਵਿੱਚ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੇ ਤਬਾਦਲੇ ਹੋਣ ਤੋਂ ਬਾਅਦ ਅਹੁਦੇ ਖ਼ਾਲੀ ਚੱਲ ਰਹੇ ਹਨ। ਸਰਕਾਰ ਵੱਲੋਂ ਇੱਥੇ ਨਵੇਂ ਅਧਿਕਾਰੀਆਂ ਦੀਆਂ ਨਿਯੁਕਤੀਆਂ ਵਿੱਚ ਕੀਤੀ ਜਾ ਰਹੀ ਦੇਰੀ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ। ਕੋਟ ਈਸੇ ਖਾਂ ਦੇ ਨਾਇਬ ਤਹਿਸੀਲਦਾਰ ਦੀ ਇੱਥੇ ਆਰਜ਼ੀ ਡਿਊਟੀ ਜ਼ਰੂਰ ਲਗਾਈ ਗਈ ਹੈ, ਪਰ ਉਹ ਵੋਟਾਂ ਦੀ ਸੁਧਾਈ ਦੇ ਕੰਮ ਵਿੱਚ ਰੁੱਝੇ ਹੋਣ ਸਦਕਾ ਆਪਣੀ ਡਿਊਟੀ ਕਰਨ ਤੋਂ ਅਸਮਰਥ ਜਾਪ ਰਹੇ ਹਨ। ਲਗਾਤਾਰ ਮਾਲ ਅਫ਼ਸਰਾਂ ਦੀ ਹੜਤਾਲ ਚੱਲਣ ਤੋਂ ਬਾਅਦ ਲੰਘੇ ਸੋਮਵਾਰ ਤੋਂ ਤਹਿਸੀਲਾਂ ਵਿੱਚ ਕੰਮਕਾਜ ਸ਼ੁਰੂ ਹੋਏ ਸਨ, ਪਰ ਇੱਥੋਂ ਦੀ ਤਹਿਸੀਲ ਵਿੱਚ ਅਜੇ ਵੀ ਅਣ-ਐਲਾਨੀ ਹੜਤਾਲ ਦਿਖਾਈ ਦੇ ਰਹੀ ਹੈ।
ਇੱਥੋਂ ਦੇ ਤਹਿਸੀਲਦਾਰ ਦੇ ਮੁੱਖ ਰੀਡਰ ਉੱਤੇ ਵੀ ਇੱਕ ਪੁਰਾਣੇ ਕੇਸ ਨੂੰ ਲੈ ਕੇ ਅਦਾਲਤੀ ਹੁਕਮਾਂ ਤਹਿਤ ਮਾਮਲਾ ਦਰਜ ਹੋਇਆ ਹੈ, ਇਸ ਲਈ ਉਸ ਦੀ ਜਗ੍ਹਾਂ ਵੀ ਸਬ-ਤਹਿਸੀਲ ਕੋਟ ਈਸੇ ਖਾਂ ਦੇ ਰੀਡਰ ਦੀ ਇੱਥੇ ਆਰਜ਼ੀ ਡਿਊਟੀ ਲਗਾਈ ਗਈ ਹੈ।
ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦਾ ਕਹਿਣਾ ਸੀ ਕਿ ਧਰਮਕੋਟ ਨੂੰ ਪੂਰੀ ਤਹਿਸੀਲ ਦਾ ਦਰਜਾ ਉਨ੍ਹਾਂ ਦੇ ਮਰਹੂਮ ਪਿਤਾ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਬਦੌਲਤ ਮਿਲਿਆ ਸੀ। ਅਕਾਲੀ ਸਰਕਾਰ ਦੌਰਾਨ ਇੱਥੇ ਨਵੀਂ ਤਹਿਸੀਲ ਦਾ ਨਿਰਮਾਣ ਕੀਤਾ ਗਿਆ ਸੀ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਆਲੀਸ਼ਾਨ ਇਮਾਰਤ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਤਹਿਸੀਲ ਦਫ਼ਤਰ ਪੂਰੀ ਤਰ੍ਹਾਂ ਚਿੱਟਾ ਹਾਥੀ ਬਣ ਚੁੱਕਾ ਹੈ।
ਲੰਘੇ ਇੱਕ ਮਹੀਨੇ ਤੋਂ ਜ਼ਮੀਨਾਂ ਦੀਆਂ ਰਜਿਸਟਰੀਆਂ, ਇੰਤਕਾਲ ਅਤੇ ਹੋਰ ਕੰਮਕਾਜ ਠੱਪ ਪਏ ਹਨ। ਉਨ੍ਹਾਂ ਕਿਹਾ ਕਿ ਤਹਿਸੀਲ ਦਫ਼ਤਰਾਂ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ, ਲੇਕਿਨ ਦਾਅਵਿਆਂ ਦੇ ਬਾਵਜੂਦ ਸਭ ਤੋਂ ਵੱਧ ਭ੍ਰਿਸ਼ਟਾਚਾਰ ਤਹਿਸੀਲਾਂ ਵਿੱਚ ਦਿਖਾਈ ਦਿੰਦਾ ਹੈ। ਅਕਾਲੀ ਆਗੂ ਨੇ ਸਰਕਾਰ ਪਾਸੋਂ ਧਰਮਕੋਟ ਤਹਿਸੀਲ ਦੇ ਕੰਮਕਾਜ ਵਿੱਚ ਸੁਧਾਰ ਦੀ ਮੰਗ ਕੀਤੀ ਹੈ।
ਇਸ ਮਾਮਲੇ ਸਬੰਧੀ ਧਰਮਕੋਟ ਦੇ ਐੱਸ.ਡੀ.ਐੱਮ. (SDM) ਗੁਰਵਿੰਦਰ ਸਿੰਘ ਜੌਹਲ ਹੁਰਾਂ ਦਾ ਕਹਿਣਾ ਸੀ ਕਿ ਤਹਿਸੀਲ ਦੇ ਕੰਮਕਾਜ ਲਈ ਆਰਜ਼ੀ ਪ੍ਰਬੰਧ ਕੀਤੇ ਗਏ ਹਨ, ਪਰ ਅਧਿਕਾਰੀ ਵੋਟ ਸੁਧਾਈ ਮਾਮਲੇ ਵਿੱਚ ਰੁੱਝੇ ਹੋਣ ਸਦਕਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਗਲੇ ਹਫ਼ਤੇ ਤੱਕ ਇੱਥੇ ਨਵੇਂ ਤਹਿਸੀਲਦਾਰ ਦੀ ਨਿਯੁਕਤੀ ਹੋ ਜਾਵੇਗੀ।
ਵਿਦਿਆਰਥੀਆਂ ਵੀ ਹੋ ਰਹੇ ਖੱਜਲ-ਖ਼ੁਆਰ
ਤਹਿਸੀਲ ਵਿੱਚ ਅਧਿਕਾਰੀਆਂ ਦੀ ਘਾਟ ਦਾ ਸਭ ਤੋਂ ਵੱਧ ਅਸਰ ਵਿਦਿਆਰਥੀਆਂ ਵਿੱਚ ਦੇਖਣ ਨੂੰ ਮਿਲ ਰਿਹਾ ਸੀ। ਲੰਘੇ ਤਿੰਨ ਮਹੀਨਿਆਂ ਤੋਂ ਵਿਦਿਆਰਥੀ ਆਪਣੇ ਵਜ਼ੀਫ਼ਿਆਂ ਲਈ ਲੋੜੀਂਦੇ ‘ਪੰਜਾਬ ਵਾਸੀ’ (ਰਿਹਾਇਸ਼ੀ) ਅਤੇ ਜਾਤੀ ਸਰਟੀਫ਼ਿਕੇਟਾਂ ਆਦਿ ਲਈ ਖੱਜਲ-ਖ਼ੁਆਰ ਹੋ ਰਹੇ ਹਨ।
ਪੰਜਾਬੀ ਟ੍ਰਿਬਯੂਨ