ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਨਸਾ ਸਥਿਤ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਦੇ ਕੰਟਰੈਕਟ ਆਧਾਰਿਤ ਅਧਿਆਪਕਾਂ ਨੇ ਕਾਲਜ ਬੰਦ ਕਰ ਕੇ ਮੁਜ਼ਾਹਰਾ ਕੀਤਾ। ਅਧਿਆਪਕਾਂ ਵੱਲੋਂ ਇਹ ਧਰਨਾ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਲਈ ਲਾਇਆ ਗਿਆ ਸੀ।
10 ਸਤੰਬਰ, 2026 – ਮਾਨਸਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਨਸਾ ਸਥਿਤ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਦੇ ਕੰਟਰੈਕਟ ਆਧਾਰਿਤ ਅਧਿਆਪਕਾਂ ਨੇ ਕਾਲਜ ਬੰਦ ਕਰ ਕੇ ਮੁਜ਼ਾਹਰਾ ਕੀਤਾ। ਅਧਿਆਪਕਾਂ ਵੱਲੋਂ ਇਹ ਧਰਨਾ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਲਈ ਲਾਇਆ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਹ ਲੰਮੇ ਸਮੇਂ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਹਨ, ਪ੍ਰੰਤੂ ਉਨ੍ਹਾਂ ਨੂੰ ਅੱਜ ਤੱਕ ਰੈਗੂਲਰ ਨਹੀਂ ਕੀਤਾ ਗਿਆ।
ਜਥੇਬੰਦੀ ਦੀ ਆਗੂ ਪ੍ਰੋ. ਮਨਦੀਪ ਕੌਰ ਨੇ ਦੱਸਿਆ ਕਿ 18 ਅਗਸਤ ਤੋਂ ਯੂਨੀਵਰਸਿਟੀ ਕੈਂਪਸ ਵਿੱਚ ਆਪਣੀਆਂ ਮੰਗਾਂ ਲਈ ਧਰਨਾ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਉਹ 15-20 ਸਾਲਾਂ ਤੋਂ ਠੇਕਾ ਆਧਾਰਿਤ ’ਤੇ ਭਰਤੀ ਹੋ ਕੇ ਨਿਗੂਣੀਆਂ ਤਨਖ਼ਾਹਾਂ ’ਤੇ ਸੰਤਾਪ ਹੰਢਾਅ ਰਹੇ ਹਨ ਜਦੋਂਕਿ ਯੂ ਜੀ ਸੀ ਰੈਗੂਲੇਸ਼ਨ 2018 ਅਨੁਸਾਰ ਕੰਟਰੈਕਟਰ ਅਧਿਆਪਕਾਂ ਨੂੰ ਰੈਗੂਲਰ ਸਹਾਇਕ ਪ੍ਰੋਫੈਸਰ ਦੇ ਬਰਾਬਰ ਤਨਖ਼ਾਹ ਦੇਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਨਵੰਬਰ 2022 ਵਿੱਚ ਇਹ ਰੈਗੂਲੇਸ਼ਨ ਸਿੰਡੀਕੇਟ ਵਿੱਚ ਪਾਸ ਕਰ ਕੇ ਲਾਗੂ ਕੀਤਾ ਗਿਆ, ਪਰ ਇਸ ਰੈਗੂਲੇਸ਼ਨ ਅਨੁਸਾਰ ਕੰਟਰੈਕਟ ਅਧਿਆਪਕਾਂ ਲਈ ਨਿਰਧਾਰਿਤ ਪੇਅ ਸਕੇਲ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਰੈਗੂਲੇਸ਼ਨ ਦੇ ਆਧਾਰ ’ਤੇ ਹੀ ਅਦਾਲਤ ਵਿੱਚ ਪੇਅ ਸਕੇਲ ਦਾ ਕੇਸ ਜਿੱਤ ਚੁੱਕੇ ਹਨ ਪਰ ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਇਸ ਫ਼ੈਸਲੇ ਨੂੰ ਲਾਗੂ ਨਾ ਕਰ ਕੇ ਧ੍ਰੋਹ ਕਮਾਇਆ ਜਾ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇ ਹੱਕੀ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ।
ਇਸ ਮੌਕੇ ਡਾ. ਬੱਲਮ ਲੀਂਬਾ ਪ੍ਰੋ. ਹਰਜੀਤ ਸਿੰਘ, ਪ੍ਰੋ. ਸੁਚਰੀਤ ਕੌਰ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ।
ਤਪਾ ਮੰਡੀ (ਸੀ ਮਾਰਕੰਡਾ): ਯੂਨੀਵਰਸਿਟੀ ਕਾਲਜ ਢਿੱਲਵਾਂ ਦੀ ਪੁਕਟਾ ਯੂਨੀਅਨ ਦੀ ਇਕਾਈ ਨੇ ਅੱਜ ਕਾਲਜ ਨੂੰ ਮੁਕੰਮਲ ਤੌਰ ’ਤੇ ਬੰਦ ਕੀਤਾ। ਕਾਲਜ ਇਕਾਈ ਦੇ ਪ੍ਰਧਾਨ ਡਾ. ਸੋਨੀਆ ਅਗਰਵਾਲ ਨੇ ਦੱਸਿਆ ਕਿ ਸਾਰੇ ਅਧਿਆਪਕ ਯੂ ਜੀ ਸੀ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਪਰ ਉਨ੍ਹਾਂ ਨੂੰ ਯੂ ਜੀ ਸੀ ਦੇ ਨਿਯਮਾਂ ਅਨੁਸਾਰ ਤਨਖ਼ਾਹ ਨਹੀਂ ਦਿੱਤੀ ਜਾ ਰਹੀ। ਪ੍ਰੋ. ਮਨਜੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਯੂ ਜੀ ਸੀ ਦੇ 2018 ਦੇ ਨਿਯਮਾਂ ਵਿੱਚ ਸਪਸ਼ਟ ਲਿਖਿਆ ਹੈ ਕਿ ਕੰਟਰੈਕਟ ਅਧਿਆਪਕਾਂ ਨੂੰ ਰੈਗੂਲਰ ਅਧਿਆਪਕਾਂ ਦੇ ਬਰਾਬਰ ਤਨਖ਼ਾਹ ਦਿੱਤੀ ਜਾਵੇ। ਜੇ ਯੂਨੀਵਰਸਿਟੀ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਵਿਚ ਕਾਲਜਾਂ ਨੂੰ ਮੁਕੰਮਲ ਤੌਰ ’ਤੇ ਬੰਦ ਕੀਤਾ ਜਾਵੇਗਾ। ਇਸ ਦੌਰਾਨ ਡਾ. ਬ੍ਰਜੇਸ਼ ਪਾਠਕ, ਪ੍ਰੋ. ਅਨੂ ਬਾਲਾ, ਪ੍ਰੋ. ਅੰਮ੍ਰਿਤਪਾਲ ਕੌਰ, ਪ੍ਰੋ. ਜੌਨੀ ਲਾਲ, ਪ੍ਰੋ. ਜਸਵੰਤ ਸਿੰਘ, ਪ੍ਰੋ. ਗੁਰਪ੍ਰੀਤ ਸਿੰਘ ਅਤੇ ਵਿਦਿਆਰਥੀ ਸ਼ਾਮਲ ਸਨ। ਇਸ ਬੰਦ ਨੂੰ ਕਾਲਜ ਦੇ ਗੈਸਟ ਫੈਕਲਟੀ ਅਤੇ ਪੀ ਟੀ ਏ ਅਧਿਆਪਕਾਂ ਵੱਲੋਂ ਵੀ ਸਮਰਥਨ ਦਿੱਤਾ ਗਿਆ।
ਬਠਿੰਡਾ (ਮਨੋਜ ਸ਼ਰਮਾ): ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਖ-ਵੱਖ ਕਾਂਸਟੀਚੁਐਂਟ ਕਾਲਜਾਂ, ਨੇਬਰਹੁੱਡ ਕੈਂਪਸਾਂ ਅਤੇ ਖੇਤਰੀ ਕੇਂਦਰਾਂ ਵਿੱਚ ਸੇਵਾਵਾਂ ਨਿਭਾਅ ਰਹੇ ਕੰਟਰੈਕਟ ਅਧਿਆਪਕਾਂ ਦਾ ਸੰਘਰਸ਼ ਲਗਾਤਾਰ ਮਘਦਾ ਜਾ ਰਿਹਾ ਹੈ। ਖੇਤਰੀ ਕੇਂਦਰ ਬਠਿੰਡਾ ਦੇ ਕੰਟਰੈਕਟ ਅਧਿਆਪਕਾਂ ਡਾ. ਮਨਦੀਪ ਕੌਰ, ਪ੍ਰੋ. ਅਰਸ਼ਪ੍ਰੀਤ ਕੌਰ, ਡਾ. ਰਵਿੰਦਰ ਸਿੰਘ, ਡਾ. ਕੰਵਲ ਜਗਜੀਤ ਸਿੰਘ, ਡਾ. ਅੰਜਨਾ ਅਤੇ ਪ੍ਰੋ. ਅਰੁਣ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਹੋਈ ਸੀ। ਉਹ ਲੰਮੇ ਸਮੇਂ ਤੋਂ ਰੈਗੂਲਰ ਅਧਿਆਪਕਾਂ ਵਾਂਗ ਅਧਿਆਪਨ ਅਤੇ ਹੋਰ ਸਹਿ-ਵਿਦਿਅਕ ਕਾਰਜ ਨਿਭਾਅ ਰਹੇ ਹਨ, ਪਰ ਉਨ੍ਹਾਂ ਨੂੰ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ।
ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਨਵੰਬਰ 2022 ਵਿੱਚ ਯੂ ਜੀ ਸੀ ਰੈਗੂਲੇਸ਼ਨ-2018 ਨੂੰ ਸਿੰਡੀਕੇਟ ਵਿੱਚ ਮਨਜ਼ੂਰੀ ਦਿੱਤੀ ਸੀ। ਵੱਖ-ਵੱਖ ਅਧਿਆਪਕ ਵਰਗਾਂ ’ਤੇ ਇਹ ਲਾਗੂ ਹੋਣ ਦੇ ਬਾਵਜੂਦ ਕੰਟਰੈਕਟ ਅਧਿਆਪਕਾਂ ਨੂੰ ਇਸ ਦਾ ਲਾਭ ਨਹੀਂ ਦਿੱਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗਾਂ ਤੁਰੰਤ ਮੰਨਣ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਕਿ ਮਸਲਾ ਹੱਲ ਨਾ ਹੋਇਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਯੂ ਜੀ ਸੀ ਸਕੇਲਾਂ ਤਹਿਤ ਤਨਖ਼ਾਹਾਂ ਦੀ ਮੰਗ
ਬਰਨਾਲਾ (ਪਰਸ਼ੋਤਮ ਬੱਲੀ): ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ ਦੇ ਸੱਦੇ ’ਤੇ ਇੱਥੇ ਯੂਨੀਵਰਸਿਟੀ ਕਾਂਸਟੀਚੁਐਂਟ ਕਾਲਜ ਬਰਨਾਲਾ ਦਾ ਮੇਨ ਗੇਟ ਬੰਦ ਕਰ ਕੇ ਅਧਿਆਪਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. ਲਵਪ੍ਰੀਤ ਸਿੰਘ, ਡਾ. ਸੁਖਰਾਜ ਸਿੰਘ ਤੇ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਕਾਂਸਟੀਚੂਐਂਟ ਕਾਲਜ ਮਾਲਵੇ ਦੇ ਪੇਂਡੂ ਖੇਤਰਾਂ ਵਿੱਚ ਮਿਆਰੀ ਤੇ ਉਚੇਰੀ ਸਿੱਖਿਆ ਪ੍ਰਦਾਨ ਕਰ ਰਹੇ ਹਨ ਪਰ ਯੂਨੀਵਰਸਿਟੀ ਪ੍ਰਸ਼ਾਸਨ ਇਨ੍ਹਾਂ ਕਾਲਜਾਂ ਨਾਲ ਮਤਰੇਆ ਸਲੂਕ ਕਰ ਰਿਹਾ ਹੈ। ਇਨ੍ਹਾਂ ਕਾਲਜਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵੀ ਸੱਖਣਾ ਰੱਖਿਆ ਜਾਂਦਾ ਹੈ ਅਤੇ ਫੀਸਾਂ ਵਿੱਚ ਬਣਦਾ ਕਾਲਜ ਦਾ ਹਿੱਸਾ ਵੀ ਦਿੱਤਾ ਨਹੀਂ ਜਾਂਦਾ। ਅਦਾਲਤੀ ਹੁਕਮਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਅਧਿਆਪਕਾਂ ਕਿਹਾ ਕਿ ਸਰਕਾਰਾਂ ਅਤੇ ਪ੍ਰਸ਼ਾਸਨ ਵੱਲੋਂ ਯੂ ਜੀ ਸੀ ਨਿਯਮਾਂ ਨੂੰ ਛਿੱਕੇ ਟੰਗ ਕੇ ਘੱਟ ਤਨਖ਼ਾਹਾਂ ਉੱਪਰ ਸੋਸ਼ਣ ਕੀਤਾ ਜਾ ਰਿਹਾ ਹੈ। ਆਗੂਆਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਅਧਿਆਪਕਾਂ ਪ੍ਰੋ. ਹਰਕੰਵਲਜੀਤ ਸਿੰਘ, ਡਾ. ਗਗਨਦੀਪ ਕੌਰ, ਡਾ. ਜਸਵਿੰਦਰ ਕੌਰ, ਡਾ. ਪੂਜਾ ਗਰਗ ਆਦਿ ਵੀ ਹਾਜ਼ਰ ਸਨ।
ਪੰਜਾਬੀ ਟ੍ਰਿਬਯੂਨ