ਪਾਵਰਕੌਮ ਐਂਡ ਟਰਾਂਸਕੋ ਤਾਲਮੇਲ ਕਮੇਟੀ ਪੰਜਾਬ ਵੱਲੋਂ ਅੱਜ ਪਾਵਰਕੌਮ ਦੇ ਸਟੋਰ ਵਿੱਚ ਕੰਮ ਕਰਦੇ ਕੱਚੇ ਕਾਮਿਆਂ ਨੇ ਗੇਟ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਵਰਕੌਮ ਦੇ ਚੇਅਰਮੈਨ ਦੀ ਅਰਥੀ ਫੂਕੀ।
10 ਸਤੰਬਰ, 2026 – ਬਰਨਾਲਾ : ਪਾਵਰਕੌਮ ਐਂਡ ਟਰਾਂਸਕੋ ਤਾਲਮੇਲ ਕਮੇਟੀ ਪੰਜਾਬ ਵੱਲੋਂ ਅੱਜ ਪਾਵਰਕੌਮ ਦੇ ਸਟੋਰ ਵਿੱਚ ਕੰਮ ਕਰਦੇ ਕੱਚੇ ਕਾਮਿਆਂ ਨੇ ਗੇਟ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਵਰਕੌਮ ਦੇ ਚੇਅਰਮੈਨ ਦੀ ਅਰਥੀ ਫੂਕੀ।
ਸਟੋਰ ਆਊਟ ਸੋਰਸਿੰਗ ਵਰਕਰ ਯੂਨੀਅਨ ਪਾਵਰਕੌਮ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ 13 ਅਗਸਤ ਨੂੰ ਪਾਵਰਕੌਮ ਦੇ ਚੇਅਰਮੈਨ ਬਸੰਤ ਗਰਗ ਨਾਲ ਹੋਈ ਮੀਟਿੰਗ ਵਿੱਚ ਫ਼ੈਸਲਾ ਹੋਇਆ ਸੀ ਕਿ ਵਿਭਾਗੀ ਸਟੋਰਾਂ ਵਿੱਚ ਕੰਮ ਕਰਦੇ ਕੱਚੇ ਕਾਮਿਆਂ ਨੂੰ 10 ਦਿਨਾਂ ਦੇ ਅੰਦਰ-ਅੰਦਰ ਨੋਟੀਫਿਕੇਸ਼ਨ ਜਾਰੀ ਕਰ ਕੇ ਮਹਿਕਮੇ ਵਿੱਚ ਬਾਕੀ ਕੈਟੇਗਿਰੀਆਂ ਵਾਂਗ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ ਪਰ ਅੱਜ 25 ਦਿਨ ਬੀਤਣ ਦੇ ਬਾਵਜੂਦ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ।
ਜਥੇਬੰਦੀ ਦੇ ਸੂਬਾ ਜਰਨਲ ਸਕੱਤਰ ਮਨਦੀਪ ਸਿੰਘ ਸੰਧੂ ਨੇ ਕਿਹਾ ਕਿ ਪਾਵਰਕੌਮ ਚੇਅਰਮੈਨ ਜਥੇਬੰਦੀ ਨਾਲ ਵਾਅਦਾ ਕਰ ਕੇ ਹੁਣ ਟਾਲ-ਮਟੋਲ ਕਰ ਰਹੇ ਹਨ। ਇਸੇ ਕਾਰਨ ਅੱਜ ਸਟੋਰਾਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਵਰਕੌਮ ਦੇ ਚੇਅਰਮੈਨ ਬਸੰਤ ਗਰਗ ਦੇ ਪੁਤਲੇ ਫੂਕੇ ਗਏ ਹਨ। ਜੇ ਆਉਣ ਵਾਲੇ ਦਿਨਾਂ ਵਿੱਚ ਸਟੋਰਾਂ ਵਿੱਚ ਕੰਮ ਕਰਦੇ ਕੱਚੇ ਕਾਮਿਆਂ ਨੂੰ ਕੀਤੇ ਵਾਅਦੇ ਅਨੁਸਾਰ ਨਿਯੁਕਤੀ ਪੱਤਰ ਜਾਰੀ ਨਾ ਕੀਤੇ ਤਾਂ ਸਮੁੱਚੇ ਪੰਜਾਬ ਦੇ ਸਟੋਰਾਂ ਵਿੱਚ ਕੰਮ ਬੰਦ ਕੀਤਾ ਜਾਵੇਗਾ।
ਮੀਤ ਪ੍ਰਧਾਨ ਅਮਰ ਸਿੰਘ ਅਤੇ ਸਹਾਇਕ ਸਕੱਤਰ ਜਗਸੀਰ ਸਿੰਘ ਨੇ ਵੀ ਪਾਵਰਕੌਮ ਮਨੈਜਮੈਟ ਨੂੰ ਕਾਮਿਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਇਸ ਮੌਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਮਨੈਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਪੰਜਾਬੀ ਟ੍ਰਿਬਯੂਨ