10 ਮੀਟਰ ਏਅਰ ਰਾਈਫਲ ਦੇ ਵਿਅਕਤੀਗਤ ਵਰਗ ਵਿੱਚ ਹਿਮਾਂਸ਼ੂ ਨੇ ਚਾਂਦੀ ਅਤੇ ਰੁਦਰਾਕਸ਼ ਨੇ ਕਾਂਸੇ ਤੇ ਤਗ਼ਮੇ ਜਿੱਤੇ
22 ਸਤੰਬਰ, 2026 – ਨਾਗੋਆ : ਭਾਰਤੀ ਨਿਸ਼ਾਨੇਬਾਜ਼ਾਂ ਨੇ ਅੱਜ ਏਸ਼ਿਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਤਿੰਨ ਤਗ਼ਮੇ ਆਪਣੇ ਨਾਂ ਕੀਤੇ। ਵਿਅਕਤੀਗਤ ਮੁਕਾਬਲੇ ਵਿੱਚ ਨੌਜਵਾਨ ਨਿਸ਼ਾਨੇਬਾਜ਼ ਹਿਮਾਂਸ਼ੂ ਢਿੱਲੋਂ ਨੇ ਚਾਂਦੀ ਅਤੇ ਰੁਦਰਾਕਸ਼ ਪਾਟਿਲ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਇਨ੍ਹਾਂ ਦੋਵਾਂ ਨੇ 18 ਸਾਲਾ ਪਾਰਥ ਮਾਨੇ ਨਾਲ ਮਿਲ ਕੇ ਟੀਮ ਮੁਕਾਬਲੇ ਵਿੱਚ ਵੀ ਚਾਂਦੀ ਦਾ ਤਗ਼ਮਾ ਦੇਸ਼ ਦੀ ਝੋਲੀ ਪਾਇਆ। ਭਾਰਤ ਦੇ ਨਿਸ਼ਾਨੇਬਾਜ਼ੀ ਵਿੱਚ ਹੁਣ ਕੁੱਲ ਪੰਜ ਤਗ਼ਮੇ ਹੋ ਗਏ ਹਨ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇਸ ਪ੍ਰਾਪਤੀ ਨੇ ਤਗ਼ਮੇ ਜਿੱਤਣ ਵਾਲੇ ਨਿਸ਼ਾਨੇਬਾਜ਼ਾਂ ਨੂੰ ਵਧਾਈ ਦਿੱਤੀ ਹੈ।
ਵਿਅਕਤੀਗਤ ਫਾਈਨਲ ਵਿੱਚ ਚੀਨ ਦੇ ਪੈਰਿਸ ਓਲੰਪਿਕ ਚੈਂਪੀਅਨ ਸ਼ੇਂਗ ਲਿਹਾਓ ਨੇ 254.2 ਅੰਕਾਂ ਦੇ ਨਵੇਂ ਏਸ਼ਿਆਈ ਰਿਕਾਰਡ ਨਾਲ ਸੋਨ ਤਗ਼ਮਾ ਜਿੱਤਿਆ। ਅੱਜ ਆਪਣਾ 21ਵਾਂ ਜਨਮ ਦਿਨ ਮਨਾ ਰਹੇ ਹਿਮਾਂਸ਼ੂ ਨੇ 252.4 ਅੰਕਾਂ ਨਾਲ ਚਾਂਦੀ ਅਤੇ ਸਾਬਕਾ ਵਿਸ਼ਵ ਚੈਂਪੀਅਨ ਰੁਦਰਾਕਸ਼ ਨੇ 230.9 ਅੰਕਾਂ ਨਾਲ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਸ਼ੁਰੂਆਤੀ ਗੇੜਾਂ ਵਿੱਚ ਰੁਦਰਾਕਸ਼ ਚੀਨੀ ਖਿਡਾਰੀ ਤੋਂ ਅੱਗੇ ਸੀ, ਪਰ ਐਲੀਮੀਨੇਸ਼ਨ ਰਾਊਂਡ ਵਿੱਚ ਉਸ ਦਾ ਇੱਕ ਨਿਸ਼ਾਨਾ 9.7 ’ਤੇ ਲੱਗਣ ਕਾਰਨ ਹਿਮਾਂਸ਼ੂ (10.6 ਅੰਕ) ਉਸ ਤੋਂ ਅੱਗੇ ਨਿਕਲ ਗਿਆ ਅਤੇ ਅੰਤ ਵਿੱਚ ਰੁਦਰਾਕਸ਼ ਨੂੰ ਕਾਂਸੇ ਨਾਲ ਸਬਰ ਕਰਨਾ ਪਿਆ।
ਇਸ ਤੋਂ ਪਹਿਲਾਂ ਟੀਮ ਮੁਕਾਬਲੇ ਵਿੱਚ ਚੀਨ ਦੀ ਟੀਮ ਨੇ 1899.0 ਅੰਕਾਂ ਨਾਲ ਆਪਣਾ ਹੀ ਪੁਰਾਣਾ ਵਿਸ਼ਵ ਰਿਕਾਰਡ (1898.4) ਤੋੜਦਿਆਂ ਸੋਨ ਤਗ਼ਮਾ ਜਿੱਤਿਆ। ਭਾਰਤੀ ਟੀਮ ਨੇ 1890.1 ਅੰਕਾਂ ਨਾਲ ਚਾਂਦੀ ਅਤੇ ਦੱਖਣੀ ਕੋਰੀਆ ਨੇ 1884.2 ਅੰਕਾਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤੀ ਟੀਮ ਵੱਲੋਂ ਕੁਆਲੀਫੀਕੇਸ਼ਨ ਵਿੱਚ ਰੁਦਰਾਕਸ਼ ਨੇ 631.8, ਹਿਮਾਂਸ਼ੂ ਨੇ 630.0 ਅਤੇ ਪਾਰਥ ਮਾਨੇ ਨੇ 628.3 ਅੰਕ ਹਾਸਲ ਕੀਤੇ।
Asian Games: ਸੁਚਿਕਾ ਤਰਿਆਲ ਨੇ Mixed Martial Arts ਵਿੱਚ ਰਚਿਆ ਇਤਿਹਾਸ, ਜਿੱਤਿਆ ਦੇਸ਼ ਦਾ ਪਹਿਲਾ ਤਗ਼ਮਾ
ਸੁਚਿਕਾ ਨੇ 60 ਕਿਲੋ ਭਾਰ ਵਰਗ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ; ਮੁਕਾਬਲਾ ਬਰਾਬਰ ਰਹਿਣ ਮਗਰੋਂ ਘੱਟ ਵਜ਼ਨ ਦੇ ਆਧਾਰ ’ਤੇ ਵਿਰੋਧੀ ਖਿਡਾਰਨ ਨੂੰ ਜੇਤੂ ਐਲਾਨਿਆ
22 ਸਤੰਬਰ, 2026 – ਨਾਗੋਆ : ਭਾਰਤ ਦੀ ਸੁਚਿਕਾ ਤਰਿਆਲ ਨੇ ਏਸ਼ਿਆਈ ਖੇਡਾਂ ਵਿੱਚ ਪਹਿਲੀ ਵਾਰ ਸ਼ਾਮਲ ਕੀਤੇ ਗਏ ‘ਮਿਕਸਡ ਮਾਰਸ਼ਲ ਆਰਟਸ’ ਮੁਕਾਬਲੇ ਵਿੱਚ ਦੇਸ਼ ਨੂੰ ਪਹਿਲਾ ਕਾਂਸੇ ਦਾ ਤਗ਼ਮਾ ਦਿਵਾਇਆ ਹੈ। 60 ਕਿਲੋ ਭਾਰ ਵਰਗ ਦੇ ਰੋਮਾਂਚਕ ਸੈਮੀ ਫਾਈਨਲ ਵਿੱਚ ਸੁਚਿਕਾ ਦਾ ਮੁਕਾਬਲਾ ਸਿੰਗਾਪੁਰ ਦੀ ਹੁਈ ਹੂਨ ਟੀਓ ਨਾਲ ਬਰਾਬਰ ਰਿਹਾ।
ਹਾਲਾਂਕਿ, ਨਿਯਮਾਂ ਅਨੁਸਾਰ ਸਿੰਗਾਪੁਰੀ ਖਿਡਾਰਨ ਦਾ ਵਜ਼ਨ ਸੁਚਿਕਾ ਨਾਲੋਂ ਘੱਟ ਹੋਣ ਕਰ ਕੇ ਉਸ ਨੂੰ ਜੇਤੂ ਐਲਾਨਿਆ ਗਿਆ, ਜਿਸ ਮਗਰੋਂ ਸੁਚਿਕਾ ਨੂੰ ਕਾਂਸੇ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ। ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਪਿੰਡ ਕਿਲੋਈ ਦੀ 36 ਸਾਲਾ ਸੁਚਿਕਾ ਇਸ ਫ਼ੈਸਲੇ ਤੋਂ ਬਹੁਤ ਨਿਰਾਸ਼ ਹੋਈ ਅਤੇ ਮੈਟ ’ਤੇ ਹੀ ਰੋ ਪਈ। ਸੈਮੀ ਫਾਈਨਲ ਮੁਕਾਬਲਾ ਬੇਹੱਦ ਫਸਵਾਂ ਰਿਹਾ।
ਦੋਵੇਂ ਰਾਊਂਡ ਬਰਾਬਰ ਰਹਿਣ ਮਗਰੋਂ ਇੱਕ ਮਿੰਟ ਦਾ ਓਵਰਟਾਈਮ ਦਿੱਤਾ ਗਿਆ, ਜਿਸ ਵਿੱਚ ਜੱਜਾਂ ਨੇ ਟੀਓ ਨੂੰ ਜੇਤੂ ਐਲਾਨ ਦਿੱਤਾ। ਭਾਰਤੀ ਟੀਮ ਨੇ ਇਸ ਫ਼ੈਸਲੇ ਨੂੰ ਚੁਣੌਤੀ ਦਿੱਤੀ। ਐੱਮ ਐੱਮ ਏ ਫੈਡਰੇਸ਼ਨ ਦੇ ਪ੍ਰਧਾਨ ਨਿਖਿਲ ਕੁੰਦਰ ਨੇ ਦੱਸਿਆ ਕਿ ਜੱਜਾਂ ਨੇ ਮੈਚ ਦੇਖ ਕੇ ਇਸ ਨੂੰ ਡਰਾਅ ਕਰਾਰ ਦਿੱਤਾ। ਇਸ ਮਗਰੋਂ ਕੌਮਾਂਤਰੀ ਨਿਯਮਾਂ ਮੁਤਾਬਕ ਸਵੇਰੇ ਤੋਲੇ ਗਏ ਵਜ਼ਨ ਨੂੰ ਆਧਾਰ ਬਣਾਇਆ ਗਿਆ। ਟੀਓ ਦਾ ਵਜ਼ਨ (58.5 ਕਿਲੋ) ਸੁਚਿਕਾ (59.2 ਕਿਲੋ) ਨਾਲੋਂ 700 ਗ੍ਰਾਮ ਘੱਟ ਸੀ, ਜਿਸ ਕਰ ਕੇ ਉਸ ਨੂੰ ਫਾਈਨਲ ਵਿੱਚ ਭੇਜ ਦਿੱਤਾ ਗਿਆ।
ਪੰਜਾਬੀ ਟ੍ਰਿਬਯੂਨ