ਸਰਕਾਰ ’ਤੇ ਬਣਦਾ ਡੀ ਏ ਨਾ ਦੇਣ ਦੇ ਦੋਸ਼
22 ਸਤੰਬਰ, 2026 – ਤਪਾ ਮੰਡੀ : ਸਾਂਝੀ ਤਾਲਮੇਲ ਕਮੇਟੀ ਵੱਲੋਂ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਰਿਹਾਇਸ਼ਾਂ ਅਤੇ ਦਫ਼ਤਰਾਂ ਦੇ ਘਿਰਾਓ ਦੀ ਲੜੀ ਵਿੱਚ ਅੱਜ ਸੈਂਕੜੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਡੀ ਸੀ ਕੰਪਲੈਕਸ ਬਰਨਾਲਾ ਵਿੱਚ ਰੈਲੀ ਕਰਨ ਉਪਰੰਤ ਮਾਰਚ ਕਰਦੇ ਹੋਏ ਮੈਂਬਰ ਪਾਰਲੀਮੈਂਟ ਮੀਤ ਹੇਅਰ ਦੀ ਰਿਹਾਇਸ਼ ਦਾ ਸੰਕੇਤਕ ਘਿਰਾਓ ਕਰਕੇ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ।
ਮੁਲਾਜ਼ਮ ਅਤੇ ਪੈਨਸ਼ਨਰਜ਼ ਸਰਕਾਰ ਵੱਲੋਂ ਐਲਾਨੇ 8% ਮਹਿੰਗਾਈ ਭੱਤੇ ਤੋਂ ਸੰਤੁਸ਼ਟ ਨਜ਼ਰ ਨਹੀਂ ਆਏ। ਮੁਲਾਜ਼ਮਾਂ ਅਤੇ ਪੈਨਸ਼ਨਰ ਆਗੂਆਂ ਤਰਸੇਮ ਭੱਠਲ, ਦਰਸ਼ਨ ਚੀਮਾ, ਬਲਜਿੰਦਰ ਪ੍ਰਭੂ, ਮੋਹਣ ਸਿੰਘ ਛੰਨਾਂ, ਗੁਰਲਾਭ ਸਿੰਘ ਮੌੜ, ਪ੍ਰਿੰਸੀਪਲ ਕੌਰ ਸਿੰਘ, ਕੇਵਲ ਸਿੰਘ ਇੰਜੀਨੀਅਰ, ਜੁਗਰਾਜ ਸਿੰਘ ਰਾਮਾ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਮਹਿੰਗਾਈ ਭੱਤੇ ਦੀ ਥਾਂ ਜਥੇਬੰਦੀ ਵੱਲੋਂ ਭੇਜੇ ਮੰਗ ਪੱਤਰ ਵਿੱਚ ਦਰਜ ਸਾਰੀਆਂ ਮੰਗਾਂ ਦਾ ਹੱਲ ਕੀਤਾ ਜਾਵੇ।
ਸਥਾਨਕ ਡੀਸੀ ਕੰਪਲੈਕਸ ‘ਚ ਇਕੱਠੇ ਹੋਏ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਮਿਡ ਡੇਅ ਮੀਲ ਵਰਕਰ, ਆਸ਼ਾ ਵਰਕਰ, ਆਂਗਣਵਾੜੀ ਵਰਕਰਾਂ, ਮਾਣ ਭੱਤਾ ਵਰਕਰਾਂ ਨੂੰ ਘੱਟੋ ਘੱਟ ਉਜਰਤਾਂ ਦੇ ਘੇਰੇ ਵਿੱਚ ਲਿਆਂਦਾ ਜਾਵੇ, ਠੇਕਾ ਕੰਟਰੈਕਟ ਆਊਟਸੋਰਸ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ, ਕੰਪਿਉਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ, 15-01-2015 17-07-2020 ਦੇ ਮੁਲਾਜ਼ਮ ਵਿਰੋਧੀ ਪੱਤਰ ਰੱਦ ਕੀਤੇ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਕੱਟੇ ਭੱਤੇ ਬਹਾਲ ਕੀਤੇ ਜਾਣ, ਪੈਨਸ਼ਨਰਾਂ ਲਈ 2.59 ਦਾ ਗੁਣਾਂਕ ਲਾਗੂ ਕੀਤਾ ਜਾਵੇ, ਅਦਾਲਤੀ ਫੈਸਲੇ ਜਨਰਲਾਈਜ਼ ਕੀਤੇ ਜਾਣ।
ਇਸ ਮੌਕੇ ਬੁਲਾਰਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੀਆਂ ਲਗਾਈਆਂ ਗੈਰ ਵਿੱਦਿਅਕ ਡਿਊਟੀਆਂ, ਰਾਸ਼ਨ ਕਾਰਡ ਵੈਰੀਫਿਕੇਸ਼ਨ ਵਿੱਚ ਲਗਾਈਆਂ ਡਿਊਟੀਆਂ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਅਫ਼ਸਰਾਂ ਵੱਲੋਂ ਜਾਰੀ ਕੀਤੇ ਗਏ ਨੋਟਿਸ ਰੱਦ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਨੇ ਅਧਿਆਪਕਾਂ ਦੀ ਰਾਸ਼ਨ ਕਾਰਡ ਵੈਰੀਫਿਕੇਸ਼ਨ ਵਿੱਚ ਡਿਊਟੀ ਅਤੇ ਨੋਟਿਸ ਰੱਦ ਨਾ ਕੀਤਾ ਤਾਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਪੰਜਾਬੀ ਟ੍ਰਿਬਯੂਨ